ਨਵੀਂ ਪੀੜ੍ਹੀ ਨੇ ਸਾਉਣ ਦੀਆਂ ਪੀਂਘਾਂ ਤੋਂ ਕੀ ਲੈਣਾ?

Tuesday, Jul 23, 2024 - 05:21 PM (IST)

ਨਵੀਂ ਪੀੜ੍ਹੀ ਨੇ ਸਾਉਣ ਦੀਆਂ ਪੀਂਘਾਂ ਤੋਂ ਕੀ ਲੈਣਾ?

ਪੈ ਗਈਆਂ ਪੀਂਘਾਂ ਸਾਉਣ ਦੀ ਰੁੱਤ ਆਈ। ਸਾਉਣ ਦੇ ਦਿਨਾਂ ’ਚ ਅਜਿਹੇ ਪਤਾ ਨਹੀਂ ਕਿੰਨੇ ਗੀਤ ਕੰਨਾਂ ’ਚ ਗੂੰਜਦੇ ਰਹਿੰਦੇ ਹਨ। ਪਿੰਡਾਂ ਵਿਚ ਸਾਰੇ ਵੱਡੇ ਰੁੱਖਾਂ ਖਾਸ ਕਰ ਕੇ ਨਿੰਮ ’ਤੇ ਖੂਬ ਪੀਂਘਾਂ ਪਾਈਆਂ ਜਾਂਦੀਆਂ ਸਨ। ਅੰਬ ਦੇ ਰੁੱਖਾਂ ਨੂੰ ਪੀਂਘ ਲਈ ਨਹੀਂ ਚੁਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਦੀ ਲੱਕੜ ਇੰਨੀ ਮਜ਼ਬੂਤ ਨਹੀਂ ਹੁੰਦੀ ਕਿ ਇਨ੍ਹਾਂ ’ਤੇ ਪੀਂਘਾਂ ਪੈ ਸਕਣ। ਨਾਰੀਅਲ ਦੇ ਰੱਸੇ ਨਾਲ ਬਣਾਈ ਪੀਂਘ ’ਤੇ ਫੱਟੀ ਲਗਾਈ ਜਾਂਦੀ ਸੀ। ਕਈ ਵਾਰ ਦੋ ਰੱਸਿਆਂ ਦੀਆਂ ਵੱਖ-ਵੱਖ ਪੀਂਘਾਂ ਪਾ ਕੇ, ਉਨ੍ਹਾਂ ’ਤੇ ਵਾਣ ਨਾਲ ਬਣੇ ਛੋਟੇ ਖਟੋਲੇ ਲਗਾ ਦਿੱਤੇ ਜਾਂਦੇ ਸਨ। ਇਨ੍ਹਾਂ ’ਤੇ ਬੈਠ ਕੇ ਛੋਟੇ ਬੱਚੇ ਵੀ ਖੂਬ ਝੂਟ ਸਕਦੇ ਸਨ। ਖਾਸ ਕਰ ਕੇ ਕੁੜੀਆਂ।

ਉੱਤਰ ਭਾਰਤ, ਖਾਸ ਤੌਰ ’ਤੇ ਬ੍ਰਜ ਪ੍ਰਦੇਸ਼ ਵਿਚ ਸਾਉਣ ਦੇ ਦਿਨਾਂ ’ਚ ਕੁੜੀਆਂ ਆਪਣੇ ਪੇਕੇ ਆਉਂਦੀਆਂ ਸਨ। ਉਹ ਖੂਬ ਝੂਟਦੀਆਂ ਸਨ। ਨਾਲ ਹੀ ਸਾਉਣ ਦੇ ਗੀਤ ਵੀ ਖੂਬ ਗਾਉਂਦੀਆਂ ਸਨ। ਹੱਥਾਂ ’ਤੇ ਮਹਿੰਦੀ, ਪੈਰਾਂ ’ਚ ਮਹਾਵਰ ਜਾਂ ਆਲਤਾ। ਤਰ੍ਹਾਂ-ਤਰ੍ਹਾਂ ਦੇ ਸ਼ਿੰਗਾਰ, ਹੱਥਾਂ ’ਚ ਹਰੀਆਂ-ਲਾਲ ਚੂੜੀਆਂ। ਬਦਲੇ ਸਮੇਂ ਨੇ ਔਰਤਾਂ ਦੇ ਸ਼ਿੰਗਾਰ ’ਚ ਬੜੀ ਤਬਦੀਲੀ ਕਰ ਦਿੱਤੀ ਹੈ ਪਰ ਸਮਾਂ ਭਾਵੇਂ ਜਿੰਨਾ ਬਦਲ ਜਾਵੇ ਸਾਉਣ ਦੀ ਮਹਿਮਾ ’ਚ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਉਣ ’ਚ ਹੀ ਤੀਜ ਆਉਂਦੀ ਹੈ। ਤੀਜ ਕੁਆਰੀਆਂ ਕੁੜੀਆਂ ਦਾ ਤਿਉਹਾਰ ਹੈ। ਇਸ ਦਿਨ ਪੀਲੀ ਮਿੱਟੀ ਨਾਲ ਗੌਰੀ ਬਣਾ ਕੇ ਉਸ ਨੂੰ ਵੀ ਪੀਂਘ ਦੀ ਫੱਟੀ ’ਤੇ ਬਿਠਾਇਆ ਜਾਂਦਾ ਸੀ। ਉਸ ਦੀ ਪੂਜਾ ਪੂੜੀ-ਪਕਵਾਨ, ਮਠਿਆਈਆਂ ਨਾਲ ਕੀਤੀ ਜਾਂਦੀ ਸੀ।

ਇਹ ਬ੍ਰਜ ਪ੍ਰਦੇਸ਼ ਦਾ ਇਕਲੌਤਾ ਤਿਉਹਾਰ ਹੈ ਜੋ ਕੁਆਰੀਆਂ ਲੜਕੀਆਂ ਨਾਲ ਜੁੜਿਆ ਹੈ। ਤੀਜ ਦੇ ਦਿਨ ਲੜਕੀਆਂ ਖੂਬ ਪੀਂਘਾਂ ਝੂਟਦੀਆਂ ਫਿਰਦੀਆਂ ਸਨ। ਅਕਸਰ ਉਨ੍ਹਾਂ ਲਈ ਨਵੇਂ ਕੱਪੜੇ ਤਿਆਰ ਕੀਤੇ ਜਾਂਦੇ ਸਨ। ਅੱਜ ਵੀ ਅਜਿਹਾ ਹੁੰਦਾ ਹੈ ਪਰ ਸ਼ਹਿਰਾਂ ’ਚ ਇਨ੍ਹੀਂ ਦਿਨੀਂ ਕੰਮ ਕਰਨ ਵਾਲੇ ਔਰਤ-ਮਰਦ 24 ਘੰਟੇ ਦੀ ਨੌਕਰੀ ਵਿਚ ਇੰਨੇ ਰੁਝੇ ਹਨ ਕਿ ਬਹੁਤ ਸਾਰੀਆਂ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਪੀਂਘਾਂ ਵੀ ਕਿਤੇ ਨਜ਼ਰ ਨਹੀਂ ਆਉਂਦੀਆਂ। ਹਾਂ, ਹੋਟਲਾਂ ਆਦਿ ’ਚ ਕਈ ਵਾਰ ਸਾਉਣ ਮਹਾਉਤਸਵ ਮਨਾਏ ਜਾਣ ਦੇ ਇਸ਼ਤਿਹਾਰ ਜ਼ਰੂਰ ਦਿਖਾਈ ਦਿੰਦੇ ਹਨ।

ਇਕ ਸਮੇਂ ਫਿਲਮਾਂ ’ਚ ਸਾਉਣ ਨੂੰ ਬੜਾ ਸੈਲੀਬ੍ਰੇਟ ਕੀਤਾ ਜਾਂਦਾ ਸੀ। ਇਸ ਨਾਲ ਜੁੜੇ ਮਧੁਰ ਗੀਤ ਬਣਾਏ ਜਾਂਦੇ ਸਨ। ਉਹ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਜਾਂਦੇ ਸਨ। ਅੱਜ ਸ਼ਾਇਦ ਹੀ ਕਿਸੇ ਹਿੰਦੀ ਫਿਲਮ ’ਚ ਸਾਉਣ ਦਾ ਉੱਲਾਸ ਦਿਸਦਾ ਹੋਵੇ। ਪਤਾ ਨਹੀਂ ਕੀ ਮੰਨ ਲਿਆ ਗਿਆ ਹੈ ਕਿ ਨਵੀਂ ਪੀੜ੍ਹੀ ਨੂੰ ਇਸ ਉੱਲਾਸ ਨਾਲ ਕੀ ਮਤਲਬ। ਇਕ ਪਾਸੇ ਇਸਤਰੀ ਵਿਚਾਰ-ਵਟਾਂਦਰੇ ਦਾ ਜ਼ੋਰ ਹੈ ਤਾਂ ਦੂਜੇ ਪਾਸੇ ਜਿਸ ਮਹੀਨੇ ਨੇ ਔਰਤਾਂ ਨੂੰ ਇੰਨਾ ਮਹੱਤਵ ਦਿੱਤਾ, ਪਤਾ ਨਹੀਂ ਕਿਉਂ ਫਿਲਮਕਾਰਾਂ ਅਤੇ ਸਮਾਜ ਦੇ ਇਕ ਵਰਗ ਨੇ ਉਸ ਨੂੰ ਭੁਲਾ ਦਿੱਤਾ ਜਾਂ ਉਸ ਦਾ ਮਹੱਤਵ ਘੱਟ ਕਰ ਦਿੱਤਾ।

ਸਾਉਣ ’ਚ ਹੀ ਰੱਖੜੀ ਦਾ ਤਿਉਹਾਰ ਆਉਂਦਾ ਹੈ। ਇਸ ਨੂੰ ਫਿਲਮਾਂ ਅਤੇ ਸੀਰੀਅਲਾਂ ਨੇ ਹੁਣ ਲੱਗਭਗ ਸਮੁੱਚਾ ਭਾਰਤੀ ਤਿਓਹਾਰ ਬਣਾ ਦਿੱਤਾ ਹੈ। ਹੁਣ ਕੰਮਕਾਜੀ ਲੜਕੀਆਂ ਨੂੰ ਇੰਨੀ ਵੇਹਲ ਨਹੀਂ ਕਿ ਉਹ ਸਾਉਣ ਦੇ ਦਿਨਾਂ ’ਚ ਪੂਰਾ ਮਹੀਨਾ ਆਪਣੇ ਪੇਕੇ ਘਰ ਰਹਿ ਸਕਣ। ਇਸ ਲਈ ਰੱਖੜੀ ਤੋਂ ਪਹਿਲਾਂ ਹੀ ਤੁਸੀਂ ਦੇਖਿਆ ਹੋਵੇਗਾ ਕਿ ਬੱਸਾਂ, ਰੇਲ ਗੱਡੀਆਂ ’ਚ ਭੀੜ ਵਧ ਜਾਂਦੀ ਹੈ। ਜਾਂ ਤਾਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀਆਂ ਹੁੰਦੀਆਂ ਹਨ ਜਾਂ ਭਰਾ ਆਪਣੀਆਂ ਭੈਣਾਂ ਕੋਲੋਂ ਰੱਖੜੀ ਬੰਨ੍ਹਵਾਉਣ ਲਈ ਉਨ੍ਹਾਂ ਕੋਲ ਜਾਂਦੇ ਹਨ। ਰੱਖੜੀ ਵਾਲੇ ਦਿਨ ਤਾਂ ਦਿੱਲੀ ਵਰਗੇ ਮਹਾਨਗਰ ’ਚ ਸੜਕਾਂ ’ਤੇ ਇੰਨੀ ਭੀੜ ਹੁੰਦੀ ਹੈ ਕਿ ਕਈ-ਕਈ ਘੰਟੇ ਟ੍ਰੈਫਿਕ ’ਚ ਫਸਣਾ ਮਾਮੂਲੀ ਜਿਹੀ ਗੱਲ ਹੈ। ਹੋਰਨਾਂ ਸ਼ਹਿਰਾਂ ਦਾ ਵੀ ਇਹੀ ਹਾਲ ਹੁੰਦਾ ਹੋਵੇਗਾ।

ਮੋਟਰਸਾਈਕਲ ਤੇਜ਼ ਰਫਤਾਰ ਨਾਲ ਭੱਜਦੇ ਨਜ਼ਰ ਆਉਂਦੇ ਹਨ। ਜਿਨ੍ਹਾਂ ’ਤੇ ਸਜੀਆਂ-ਫਬੀਆਂ ਔਰਤਾਂ ਬੈਠੀਆਂ ਹੁੰਦੀਆਂ ਹਨ। ਰੱਖੜੀ ਵਾਲੇ ਦਿਨ ਕਿਸੇ ਕੰਢੇ ਜਾਂ ਪਾਥੀਆਂ ’ਤੇ ਕਣਕ ਬੀਜ ਦਿੱਤੀ ਜਾਂਦੀ ਹੈ। ਇਨ੍ਹੀਂ ਦਿਨੀਂ ਮਿੱਟੀ ਦੇ ਕਟੋਰਿਆਂ ’ਚ ਕਣਕ ਦੇ ਬੂਟੇ ਦਿਸਦੇ ਹਨ। ਇਨ੍ਹਾਂ ਨੂੰ ਰੱਖੜੀ ਬੰਨ੍ਹਣ ਤੋਂ ਬਾਅਦ ਭਰਾਵਾਂ ਨੂੰ ਦਿੱਤਾ ਜਾਂਦਾ ਹੈ। ਕਈ ਥਾਵਾਂ ’ਤੇ ਉਨ੍ਹਾਂ ਦੇ ਕੰਨ ਦੇ ਪਿੱਛੇ ਲਾਇਆ ਜਾਂਦਾ ਹੈ। ਭਾਵ ਇਹ ਹੈ ਕਿ ਔਰਤਾਂ ਦਾ ਪੇਕਾ, ਉਨ੍ਹਾਂ ਦੇ ਭਰਾ ਵਧਣ-ਫੁਲਣ। ਉਨ੍ਹਾਂ ਨੂੰ ਢੇਰ ਸਾਰੀਆਂ ਮੁਬਾਰਕਾਂ।

ਇਸੇ ਤਰ੍ਹਾਂ ਨਰਾਤਿਆਂ ਦੇ ਸਵਾਗਤ ਦਾ ਵੀ ਤਿਓਹਾਰ ਹੈ ਅਤੇ ਖੇਤੀ ਕਿਆਰੀ ’ਚ ਸਾਡੇ ਦੇਸ਼ ਦੀਆਂ ਔਰਤਾਂ ਦੀ ਵੱਡੀ ਭੂਮਿਕਾ ਵੀ ਹੈ। ਉਹ ਘਰ ਵਿਚ ਤਾਂ ਮਿਹਨਤ ਕਰਦੀਆਂ ਹੀ ਹਨ, ਖੇਤੀ, ਕਿਆਰੀ ’ਚ ਵੀ ਹੱਥ ਵੰਡਾਉਣ ਤੋਂ ਪਿੱਛੇ ਨਹੀਂ ਰਹਿੰਦੀਆਂ। ਪਹਾੜੀ ਇਲਾਕਿਆਂ ਅਤੇ ਹਰਿਆਣਾ, ਪੰਜਾਬ ’ਚ ਅਜਿਹੀਆਂ ਔਰਤਾਂ ਦੀ ਵੱਡੀ ਗਿਣਤੀ ਦੇਖੀ ਜਾਂਦੀ ਰਹੀ ਹੈ। ਦੇਖਿਆ ਜਾਵੇ ਤਾਂ ਸਾਉਣ ਕੁੜੀਆਂ ਅਤੇ ਔਰਤਾਂ ਨੂੰ ਸੈਲੀਬ੍ਰੇਟ ਕਰਨ ਦਾ ਮਹੀਨਾ ਹੈ ਅਤੇ ਇਹ ਅੱਜ ਤੋਂ ਨਹੀਂ ਹੈ। ਰਵਾਇਤ ਅਤੇ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ। ਕਹਿੰਦੇ ਹਨ ਕਿ ਸਾਉਣ ’ਚ ਪੀਂਘ ਝੂਟਣ ਦੀ ਰਵਾਇਤ ਇਸ ਲਈ ਸ਼ੁਰੂ ਹੋਈ ਕਿ ਕਦੇ ਸ਼ਿਵ ਜੀ ਨੇ ਪਾਰਵਤੀ ਜੀ ਨੂੰ ਝੂਲਾ (ਪੀਂਘ) ਝੁਲਾਇਆ ਸੀ।

ਇਸ ਲਈ ਗੌਰੀ ਪੂਜਣ ਦੇ ਸਮੇਂ ਬਜ਼ੁਰਗ ਔਰਤਾਂ ਆਪਣੀਆਂ ਧੀਆਂ ਨੂੰ ਅਕਸਰ ਕਹਿੰਦੀਆਂ ਸੁਣੀਆਂ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਸ਼ਿਵ ਜੀ ਵਰਗਾ ਭੋਲਾ-ਭੰਡਾਰੀ ਵਰਗਾ ਪਤੀ ਮਿਲੇ। ਇਸ ਨੂੰ ਰਾਧਾ-ਕ੍ਰਿਸ਼ਨ ਨਾਲ ਵੀ ਜੋੜਿਆ ਜਾਂਦਾ ਹੈ। ਪਤੀ ਕ੍ਰਿਸ਼ਨ ਦੇ ਵਾਂਗ ਪ੍ਰੇਮ ਕਰਨ ਵਾਲਾ ਵੀ ਹੋਵੇ। ਦਰਅਸਲ ਇਹ ਲੜਕੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਹੈ ਕਿਉਂਕਿ ਜੇਕਰ ਪਤੀ ਚੰਗਾ, ਤਾਂ ਕਿਸੇ ਵੀ ਔਰਤ ਦੀ ਜ਼ਿੰਦਗੀ ਸੁਧਰ ਜਾਂਦੀ ਹੈ। ਸਾਡੇ ਇਥੇ ਔਰਤਾਂ ਦੀ ਸਭ ਤੋਂ ਵੱਡੀ ਕਾਮਨਾ ਜਾਂ ਕਹਿ ਲਈਏ ਕਿ ਇੱਛਾ ਹੀ ਰਹੀ ਹੈ ਕਿ ਉਨ੍ਹਾਂ ਦਾ ਪਤੀ ਚੰਗਾ ਹੋਵੇ ਤਾਂ ਜ਼ਿੰਦਗੀ ਠੀਕ ਤਰ੍ਹਾਂ ਚੱਲੇ।

ਪਹਿਲਾਂ ਬਹੁਤ ਸਾਰੇ ਲੋਕ ਸਾਉਣ ਨੂੰ ਬਿਰਹਾ ਦਾ ਮਹੀਨਾ ਵੀ ਕਹਿੰਦੇ ਸਨ ਕਿਉਂਕਿ ਔਰਤਾਂ ਇਸ ਮਹੀਨੇ ’ਚ ਆਪਣੇ ਪਤੀ ਤੋਂ ਦੂਰ ਰਹਿੰਦੀਆਂ ਸਨ। ਜੋ ਵੀ ਹੋਵੇ ਸਾਉਣ ਔਰਤਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਕਰੇ ਵੀ ਕਿਉਂ ਨਾ ਆਖਿਰ ਔਰਤਾਂ ਦੇ ਬਿਨਾਂ ਇਹ ਦੁਨੀਆ ਚੱਲ ਵੀ ਨਹੀਂ ਸਕਦੀ। ਉਹ ਜ਼ਿੰਦਗੀ ’ਚ ਕਈ ਭੂਮਿਕਾਵਾਂ ’ਚ ਹੁੰਦੀਆਂ ਹਨ। ਇਸ ਲਈ ਸਾਲ ’ਚ ਜੇਕਰ ਇਕ ਮਹੀਨਾ ਉਨ੍ਹਾਂ ਦੇ ਮਹੱਤਵ ਨੂੰ ਦੱਸਣ ਲਈ ਹੋਵੇ ਤਾਂ ਕੀ ਵੱਡੀ ਗੱਲ ਹੈ। ਸਾਉਣ ਦਾ ਅਰਥ ਹੀ ਹੈ ਹਰਿਆਲੀ, ਮੀਂਹ ਦੀ ਕਿਣਮਿਣ, ਪਕੌੜੇ, ਚਾਟ, ਸੇਵੀਆਂ, ਖੀਰ ਆਦਿ। ਗੀਤ-ਸੰਗੀਤ। ਤਾਂ ਚਲੋ ਮਨਾਈਏ ਸਾਉਣ। ਆਪਣੇ ਘਰ ਅਤੇ ਨੇੜੇ-ਤੇੜੇ ਦੀਆਂ ਔਰਤਾਂ-ਬੱਚੀਆਂ ਨੂੰ ਸੈਲੀਬ੍ਰੇਟ ਕਰੀਏ। ਉਨ੍ਹਾਂ ਦੇ ਮਹੱਤਵ ਨੂੰ ਪਛਾਣੀਏ।

ਸ਼ਮਾ ਸ਼ਰਮਾ


 


author

Tanu

Content Editor

Related News