ਇਹ ਕੀ ਹੋ ਰਿਹਾ ਹੈ ਇਹ ਕੀ ਕਰ ਰਹੇ ਹੋ!
Thursday, Feb 13, 2025 - 05:09 AM (IST)
![ਇਹ ਕੀ ਹੋ ਰਿਹਾ ਹੈ ਇਹ ਕੀ ਕਰ ਰਹੇ ਹੋ!](https://static.jagbani.com/multimedia/2025_2image_05_09_222246614rape.jpg)
ਭਾਰਤ ’ਚ ਕਿਹਾ ਜਾਂਦਾ ਹੈ ਕਿ ‘ਯਤ੍ਰ ਨਾਰਯਸਤੁ ਪੂਜਯੰਤੇ, ਰਮੰਤੇ ਤਤ੍ਰ ਦੇਵਤਾ:’ ਭਾਵ ਜਿਥੇ ਨਾਰੀਆਂ ਦੀ ਪੂਜਾ ਹੁੰਦੀ ਹੈ ਉਥੇ ਦੇਵਤਾ ਨਿਵਾਸ ਕਰਦੇ ਹਨ, ਪਰ ਅੱਜ ਵਾਸਨਾ ਦੇ ਭੁੱਖੇ, ਵਹਿਸ਼ੀ, ਦਰਿੰਦਿਆਂ ਵਲੋਂ ਮਾਸੂਮ ਦੁੱਧ ਪੀਂਦੀਆਂ ਬੱਚੀਆਂ ਅਤੇ ਨਾਬਾਲਿਗਾਂ ਤਕ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦਾ ਜੀਵਨ ਨਸ਼ਟ ਕੀਤਾ ਜਾ ਰਿਹਾ ਹੈ। ਇਸ ਦੀਆਂ ਸਿਰਫ 13 ਦਿਨਾਂ ਦੀਆਂ 19 ਮਿਸਾਲਾਂ ਹੇਠਾਂ ਦਰਜ ਹਨ :
* 31 ਜਨਵਰੀ ਨੂੰ ਬਲੀਆ (ਉੱਤਰ ਪ੍ਰਦੇਸ਼) ’ਚ 3 ਨਾਬਾਲਿਗਾਂ ਸਣੇ 5 ਲੋਕਾਂ ਨੂੰ ਇਕ 13 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਗੰਭੀਰ ਨਤੀਜਿਆਂ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 31 ਜਨਵਰੀ ਨੂੰ ਹੀ ਮਾਂਡਯਾ (ਕਰਨਾਟਕ) ਦੇ ਇਕ ਸਰਕਾਰੀ ਸਕੂਲ ਦੇ ਟਾਇਲਟ ’ਚ 8 ਸਾਲ ਦੀ ਬੱਚੀ ਨਾਲ 2 ਲੋਕਾਂ ਵਲੋਂ ਜਬਰ-ਜ਼ਨਾਹ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਦੇ ਦੋਸ਼ ’ਚ ਪੁਲਸ ਨੇ ਮਾਮਲਾ ਦਰਜ ਕੀਤਾ।
* 4 ਫਰਵਰੀ ਨੂੰ ਜੈਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ 11 ਸਾਲਾ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਰੂਪ ਸਿੰਘ ਬੈਰਵਾ’ ਨਾਂ ਦੇ ਵਿਅਕਤੀ ਨੂੰ ਉਮਰ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 6 ਫਰਵਰੀ ਨੂੰ ਕੋਲਕਾਤਾ ’ਚ ਇਕ 14 ਸਾਲਾ ਨਾਬਾਲਿਗਾ ਨੂੰ ਘਰ ਛੱਡਣ ਦੇ ਬਹਾਨੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਕੇ ਹੱਤਿਆ ਕਰ ਦੇਣ ਦੇ ਦੋਸ਼ ’ਚ ‘ਟੋਟੋ’ ਨਾਂ ਦੇ ਇਕ 22 ਸਾਲਾ ਈ-ਰਿਕਸ਼ਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ।
* 6 ਫਰਵਰੀ ਨੂੰ ਹੀ ਜੈਪੁਰ (ਰਾਜਸਥਾਨ) ’ਚ ਇਕ 14 ਮਹੀਨੇ ਦੀ ਮਾਸੂਮ ਬੱਚੀ ਨਾਲ ਨਸ਼ੇ ਦੀ ਹਾਲਤ ’ਚ ਜਬਰ-ਜ਼ਨਾਹ ਕਰਨ ਅਤੇ ਆਪਣੀ ਘਿਨੌਣੀ ਹਰਕਤ ਦਾ ਵੀਡੀਓ ਬਣਾਉਣ ਦੇ ਦੋਸ਼ ’ਚ ਉਸ ਦੇ ਫੁੱਫੜ ਨੂੰ ਗ੍ਰਿਫਤਾਰ ਕੀਤਾ ਗਿਆ।
* 6 ਫਰਵਰੀ ਨੂੰ ਹੀ ਅੰਬਾਲਾ (ਹਰਿਆਣਾ) ’ਚ ਐਡੀਸ਼ਨਲ ਸੈਸ਼ਨ ਜੱਜ ‘ਮਨਪਾਲ ਰਾਵਤ’ ਦੀ ਅਦਾਲਤ ਨੇ ਇਕ 6 ਸਾਲਾ ਬੱਚੀ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਆਪਣੇ ਨਾਲ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੌਜਵਾਨ ਨੂੰ 20 ਸਾਲ ਦੀ ਕੈਦ ਦੇ ਨਾਲ 10,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ।
* 6 ਫਰਵਰੀ ਨੂੰ ਹੀ ਨੂਹ (ਹਰਿਆਣਾ) ’ਚ ਪੁਲਸ ਨੇ ਇਕ 14 ਸਾਲਾ ਬਾਲੜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਨੌਜਵਾਨਾਂ ਵਿਰੁੱਧ ਰਿਪੋਰਟ ਦਰਜ ਕੀਤੀ।
* 6 ਫਰਵਰੀ ਨੂੰ ਹੀ ਕ੍ਰਿਸ਼ਣਾਗਿਰੀ ਜ਼ਿਲੇ (ਤਾਮਿਲਨਾਡੂ) ਦੇ ਸਰਕਾਰੀ ਸੈਕੰਡਰੀ ਸਕੂਲ ’ਚ 13 ਸਾਲਾ ਸਕੂਲੀ ਵਿਦਿਆਰਥਣ ਦਾ ਸਕੂਲ ਕੰਪਲੈਕਸ ਅੰਦਰ 2 ਦਿਨ ਤੱਕ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ 3 ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 7 ਫਰਵਰੀ ਨੂੰ ਇੰਦੌਰ (ਮੱਧ ਪ੍ਰਦੇਸ਼) ਦੀ ਵਿਸ਼ੇਸ਼ ਅਦਾਲਤ ਨੇ ਇਕ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ‘ਮੰਗਲ ਪਵਾਰ’ ਨੂੰ ਫਾਂਸੀ ਦੀ ਸਜ਼ਾ ਸੁਣਾਈ।
* 8 ਫਰਵਰੀ ਨੂੰ ਨਾਸਿਕ (ਮਹਾਰਾਸ਼ਟਰ) ਦੇ ਇਕ ਪ੍ਰਾਈਵੇਟ ਸਕੂਲ ’ਚ ਇਕ 13 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸਕੂਲ ਦੇ ਪ੍ਰਿੰਸੀਪਲ ‘ਤੁਕਾਰਾਮ ਗੋਵਿੰਦ ਸਾਵਲੇ’ ਅਤੇ ਇਕ ਅਧਿਆਪਕ ‘ਗੋਰਖਨਾਥ ਮਾਰੂਤੀ ਜੋਸ਼ੀ’ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਅਨੁਸਾਰ ਅਧਿਆਪਕ ਛੇਵੀਂ ਜਮਾਤ ਦੀ ਵਿਦਿਆਰਥਣ ਨੂੰ ਪ੍ਰਿੰਸੀਪਲ ਦੇ ਘਰ ਲੈ ਗਿਆ ਜਿਥੇ ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
* 8 ਫਰਵਰੀ ਨੂੰ ਹੀ ਛਤਰਪੁਰ (ਮੱਧ ਪ੍ਰਦੇਸ਼) ’ਚ ਪੁਲਸ ਨੇ ਇਕ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਵਿਨੋਦ ਅਹਿਰਵਾਰ’ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 8 ਫਰਵਰੀ ਨੂੰ ਹੀ ਰਾਜਗੜ੍ਹ (ਮੱਧ ਪ੍ਰਦੇਸ਼) ’ਚ ਅਣਪਛਾਤੇ ਦੋਸ਼ੀ ਵਲੋਂ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਗੂੰਗੀ-ਬੋਲੀ ਨਾਬਾਲਿਗ ਲੜਕੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
* 9 ਫਰਵਰੀ ਨੂੰ ਦਿੱਲੀ ’ਚ ਇਕ 62 ਸਾਲਾ ਵਿਅਕਤੀ ਨੂੰ ਇਕ 16 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 11 ਫਰਵਰੀ ਨੂੰ ਕੋਰਾਪੁਟ (ਓਡਿਸ਼ਾ) ’ਚ ‘ਓਪੇਰਾ ਸ਼ੋਅ’ ਦੇਖਣ ਗਈ ਇਕ 14 ਸਾਲਾ ਬਾਲੜੀ ਨਾਲ 4 ਨੌਜਵਾਨਾਂ ਨੇ ਜਬਰ-ਜ਼ਨਾਹ ਕਰ ਦਿੱਤਾ।
* 11 ਫਰਵਰੀ ਨੂੰ ਹੀ ਭੋਪਾਲ ’ਚ ‘ਰਾਹੁਲ ਸਾਹੂ’ ਨਾਂ ਦੇ ਡਰਾਈਵਰ ਨੂੰ ਇਕ 15 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 11 ਫਰਵਰੀ ਨੂੰ ਹੀ ਅਲਵਰ (ਰਾਜਸਥਾਨ) ਦੇ ‘ਨੌਗਾਂਵਾ’ ਪਿੰਡ ’ਚ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਅਤੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ।
* 12 ਫਰਵਰੀ ਨੂੰ ਕੇਂਦਰਪਾੜਾ (ਓਡਿਸ਼ਾ) ਦੀ ਅਦਾਲਤ ਨੇ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਅਧਿਆਪਕ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ।
* 12 ਫਰਵਰੀ ਨੂੰ ਹੀ ਸ਼ਿਵਪੁਰੀ (ਮੱਧ ਪ੍ਰਦੇਸ਼) ਵਿਚ ਇਕ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 12 ਫਰਵਰੀ ਨੂੰ ਹੀ ਇਟਾਵਾ (ਉੱਤਰ ਪ੍ਰਦੇਸ਼) ਵਿਚ ਚਾਕਲੇਟ ਦਿਵਾਉਣ ਦੇ ਬਹਾਨੇ ਇਕ 7 ਸਾਲਾ ਬੱਚੀ ਨਾਲ ਅੰਕੁਰ ਨਾਂ ਦੇ ਨੌਜਵਾਨ ਨੇ ਜਬਰ-ਜ਼ਨਾਹ ਕਰ ਦਿੱਤਾ।
ਹਾਲਾਂਕਿ ਅਦਾਲਤਾਂ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ ਪਰ ਇਹ ਬੁਰਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਲਈ ਅਜਿਹੇ ਦੋਸ਼ਾਂ ’ਚ ਸ਼ਾਮਲ ਹੋਣ ਵਾਲਿਆਂ ਨੂੰ ਵਿਸ਼ੇਸ਼ ਅਦਾਲਤਾਂ ਰਾਹੀਂ ਤੁਰੰਤ ਮੌਤ ਦੀ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੇਸ਼ ਨੂੰ ਅਜਿਹੇ ਲੋਕਾਂ ਤੋਂ ਮੁਕਤੀ ਮਿਲ ਸਕੇ।
–ਵਿਜੇ ਕੁਮਾਰ