ਅਸੀਂ ਰਾਸ਼ਟਰੀ ਹਾਂ, ਰਾਸ਼ਟਰਵਾਦੀ ਨਹੀਂ

07/23/2020 3:58:14 AM

ਡਾ. ਮਨਮੋਹਨ ਵੈਦ

ਭਾਰਤ ਅਤੇ ਵਿਸ਼ਵ ਇਕ ਨਵੇਂ ਭਾਰਤ ਦਾ ਅਨੁਭਵ ਕਰ ਰਹੇ ਹਨ ਕਿਉਂਕਿ ਭਾਰਤੀ ਵਿਦੇਸ਼ ਨੀਤੀ, ਰੱਖਿਆ ਨੀਤੀ, ਅਰਥ ਨੀਤੀਆਂ ’ਚ ਇਕ ਮੁੱਢਲਾ ਪਰਿਵਰਤਨ ਹੋਇਆ ਹੈ। ਵਿਦੇਸ਼ ਅਤੇ ਰੱਖਿਆ ਨੀਤੀ ’ਚ ਆਈਆਂ ਤਬਦੀਲੀਆਂ ਨਾਲ ਭਾਰਤੀ ਸੈਨਾ ਦਾ ਬਲ ਅਤੇ ਮਨੋਬਲ ਵਧਿਆ ਹੈ। ਦੁਨੀਆ ’ਚ ਭਾਰਤ ਦੀ ਸਾਖ ਮਜ਼ਬੂਤ ਹੋਈ ਹੈ। ਵਧੇਰੇ ਦੇਸ਼ ਭਾਰਤ ਦਾ ਸਮਰਥਨ ਕਰ ਰਹੇ ਹਨ ਅਤੇ ਸਹਿਯੋਗ ਕਰਨ ਨੂੰ ਉਤਸੁਕ ਦਿਸ ਰਹੇ ਹਨ। ਭਾਰਤ ਦੇ ਸੰਯੁਕਤ ਰਾਸ਼ਟਰ ਸੰਘ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣਨ ਨਾਲ ਵੀ ਮਹੱਤਵਪੂਰਨ 193 ਮੈਂਬਰਾਂ ’ਚੋਂ ਭਾਰਤ ਨੂੰ 184 ਦਾ ਸਮਰਥਨ ਰਿਹਾ।

ਕੌਮਾਂਤਰੀ ਯੋਗ ਦਿਵਸ ਦੇ ਭਾਰਤ ਦੇ ਪ੍ਰਸਤਾਵ ਨੂੰ ਵੀ ਸੰਯੁਕਤ ਰਾਸ਼ਟਰ ਸੰਘ ਦੇ ਸਾਰੇ ਮੈਂਬਰਾਂ ਦੀ ਪ੍ਰਵਾਨਗੀ ਮਿਲੀ। ਸੂਰਜੀ ਊਰਜਾ ਸਮੇਤ ਅਨੇਕ ਵਿਸ਼ਿਆਂ ’ਚ ਵਿਸ਼ਵ ਦੇ ਵਧੇਰੇ ਦੇਸ਼ਾਂ ਨੂੰ ਇਕਜੁੱਟ ਕਰਨ ’ਚ ਭਾਰਤ ਦੀ ਪਹਿਲ ਅਤੇ ਭੂਮਿਕਾ ਅਹਿਮ ਹੈ। ਭਾਰਤ ਦਾ ਵਧਣਾ, ਸ਼ਕਤੀਸ਼ਾਲੀ ਅਤੇ ਖੁਸ਼ਹਾਲ ਹੋਣਾ ਇਹ ਸੰਪੂਰਨ ਮਨੁੱਖਤਾ ਅਤੇ ਵਾਤਾਵਰਣ ਲਈ ਵੀ ਵਰਦਾਨ ਸਿੱਧ ਹੋਵੇਗਾ। ਕਾਰਣ ਭਾਰਤ ਦੀ ਵਿਸ਼ਵ ਦ੍ਰਿਸ਼ਟੀ ਮੁਕਾਬਲੇਬਾਜ਼ੀ ਨਹੀਂ ਗੱਲਬਾਤ, ਸੰਘਰਸ਼ ਨਹੀਂ ਤਾਲਮੇਲ ਅਤੇ ਸਿਰਫ ਮਨੁੱਖੀ ਸ੍ਰਿਸ਼ਟੀ ਨਹੀਂ, ਸਗੋਂ ਸੰਪੂਰਨ ਜਗਤ ਦਾ ਇਕਾਤਮ ਅਤੇ ਸੁਨਹਿਰੀ ਵਿਚਾਰ ਕਰਨ ਵਾਲੀ ਰਹੀ ਹੈ।

ਅਰਥ ਨੀਤੀ ’ਚ ਬਹੁਤ ਤਬਦੀਲੀਆਂ ਜ਼ਰੂਰੀ ਹਨ ਪਰ ਆਰਥਿਕ ਪਹੀਏ ਦੇ ਤੇਜ਼ ਰਫਤਾਰ ਨਾਲ ਘੁੰਮਦੇ ਰਹਿਣ ਕਾਰਣ ਅਜਿਹੀਆਂ ਮੁੱਢਲੀਆਂ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਹਨ। ਮੌਜੂਦਾ ਸਮੇਂ ’ਚ ਕੋਰੋਨਾ ਮਹਾਮਾਰੀ ਕਾਰਣ ਆਰਥਿਕ ਪਹੀਆ ਰੁਕ ਜਿਹਾ ਗਿਆ ਹੈ। ਇਸ ਮੌਕੇ ਦੀ ਵਰਤੋਂ ਕਰ ਕੇ ਭਾਰਤ ਸਰਕਾਰ ਆਰਥਿਕ ਨੀਤੀਆਂ ’ਚ ਸੁਧਾਰ ਕਰਨ ਦਾ ਇਰਾਦਾ ਦਿਖਾ ਚੁੱਕੀ ਹੈ ਪਰ 70 ਸਾਲਾਂ ਦੀ ਅਰਥਵਿਵਸਥਾ ਦਾ ਮੁੜ ਆਯੋਜਨ ਕਰਨ ਲਈ ਹਿੰਮਤ, ਦੂਰਦ੍ਰਿਸ਼ਟੀ ਅਤੇ ਫੈਸਲਾ ਲੈਣ ਦੀ ਸਮਰੱਥਾ ਲੈਣ ਦੇ ਨਾਲ-ਨਾਲ ਹੌਸਲੇ ਭਰੇ, ਸਮੁੱਚੇ ਸਮੂਹਿਕ ਯਤਨ ਦੀ ਲੋੜ ਹੈ।

ਭਾਰਤੀ ਵਿਚਾਰ ’ਚ ‘ਰਾਸ਼ਟਰਵਾਦ ਨਹੀਂ ਰਾਸ਼ਟਰੀਅਤਾ’ ਦਾ ਭਾਵ ਹੈ। ਅਸੀਂ ‘ਰਾਸ਼ਟਰਵਾਦੀ’ ਨਹੀਂ ‘ਰਾਸ਼ਟਰੀ’ ਹਾਂ।

ਇਸੇ ਕਾਰਣ ਸੰਘ ਦਾ ਨਾਂ ‘ਰਾਸ਼ਟਰਵਾਦੀ ਸਵੈਮ ਸੰਘ’ ਨਹੀਂ ਸਗੋਂ ‘ਰਾਸ਼ਟਰੀ ਸਵੈਮ ਸੇਵਕ ਸੰਘ’ ਹੈ। ਅਸੀਂ ਕੋਈ ‘ਰਾਸ਼ਟਰਵਾਦ’ ਨਹੀਂ ਲਿਆਉਣਾ ਹੈ। ਭਾਰਤ ਦੀ ਰਾਸ਼ਟਰ ਦੀ ਧਾਰਨਾ ਭਾਰਤੀ ਜੀਵਨ ਦ੍ਰਿਸ਼ਟੀ ’ਤੇ ਆਧਾਰਿਤ ਹੈ। ਇਥੇ ‘ਰਾਜ’ ਨਹੀਂ, ‘ਲੋਕ’ ਨੂੰ ਰਾਸ਼ਟਰ ਦਾ ਨਾਂ ਦਿੱਤਾ ਗਿਆ। ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ, ਅਨੇਕ ਜਾਤੀਆਂ ਦੇ ਨਾਂ ਨਾਲ ਜਾਣੇ ਜਾਣ ਵਾਲੇ, ਵੱਖ-ਵੱਖ ਦੇਵੀ-ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਭਾਰਤ ਦੇ ਸਾਰੇ ਲੋਕ ਇਸ ਅਧਿਆਤਮ ਆਧਾਰਿਤ ਇਕਾਤਮਾ, ਸੁਨਹਿਰੀ ਜੀਵਨ ਦ੍ਰਿਸ਼ਟੀ ਨੂੰ ਅਾਪਣਾ ਮੰਨਦੇ ਹਨ ਅਤੇ ਉਸੇ ਦੇ ਰਾਹੀਂ ਸੰਪੂਰਨ ਸਮਾਜ ਅਤੇ ਇਸ ਭੂਮੀ ਦੇ ਨਾਲ ਆਪਣੇ ਆਪ ਨੂੰ ਜੁੜਿਆ ਸਮਝਦੇ ਹਨ। ਆਪਣੀ ਪ੍ਰਾਚੀਨ ਆਰੀਆ ਦ੍ਰਿਸ਼ਟੀ ਨਾਲ ਸੱਚ ਨੂੰ ਦੇਖ ਕੇ ਉਸ ਨੂੰ ਮੌਜੂਦਾ ਝਰੋਖੇ ’ਚ ਢਾਲਦੇ ਹੋਏ ਆਚਰਣ ਕਰਨਾ ਹੀ ਭਾਰਤ ਦੀ ਰਾਸ਼ਟਰੀਅਤਾ ਦਾ ਪ੍ਰਗਟ ਹੋਣਾ ਹੈ। ਆਪਣੀ ਇਸ ਸਾਂਝੀ ਪਛਾਣ ਅਤੇ ਸਾਡੇ ਆਪਸੀ ਬੰਧੂ-ਭਾਵ ਦੇ ਰਿਸ਼ਤੇ ਉਜਾਗਰ ਕਰ ਕੇ ਅਪਣੱਤ ਨਾਲ ਸਮਾਜ ਨੂੰ ਦੇਣ ਦਾ ਸੰਸਕਾਰ ਜਗਾਉਣਾ ਸਾਡੇ ਰਾਸ਼ਟਰੀ ਭਾਵ ਦਾ ਜਾਗਰਣ ਕਰਨਾ ਹੈ। ਸਮਾਜ, ਜੀਵਨ ਦੇ ਹਰ ਖੇਤਰ ’ਚ ਇਸ ‘ਰਾਸ਼ਟਰਵਾਦ’ ਦਾ ਪ੍ਰਗਟ ਹੋਣਾ, ਪ੍ਰਗਟਾਵਾ ਹੋਣਾ ਹੀ ਰਾਸ਼ਟਰੀ ਮੁੜ-ਨਿਰਮਾਣ ਹੈ। ਇਹੀ ‘ਰਾਸ਼ਟਰ’ ਦੇ ਖੁਦ ਦਾ ਜਾਗਰਣ ਅਤੇ ਪ੍ਰਗਟੀਕਰਨ ਹੈ। ਰਾਸ਼ਟਰ ਦੇ ਖੁਦ ਦਾ ਪ੍ਰਗਟ ਹੋਣਾ ‘ਰਾਸ਼ਟਰਵਾਦ’ ਕਿਸੇ ਵੀ ਤਰ੍ਹਾਂ ਨਹੀਂ ਹੈ।

ਚੀਨ ਦੇ ਵਿਸਤਾਰਵਾਦੀ ਹਮਲਾਵਰ ਵਤੀਰੇ ਦੀਆਂ ਤਾਜ਼ੀਆਂ ਕੁਝ ਘਟਨਾਵਾਂ ਨੂੰ ਭਾਰਤ ਦੇ ਉੱਤਰ ਅਤੇ ਪ੍ਰਤੀਸਾਦ ਨੂੰ ਲੈ ਕੇ ਖੱਬਪੱਖੀਆਂ ਨੇ ਅਜਿਹਾ ਪ੍ਰਚਾਰ ਕੀਤਾ ਕਿ ਇਹ ਭਾਰਤ ਦਾ ਸੁਪਰ ਰਾਸ਼ਟਰਵਾਦ ਹੈ। ਦਰਅਸਲ ਖੱਬੇਪੱਖੀ ਭਾਰਤ ਦੇ ‘ਖੁਦ’ ਨੂੰ ਕਦੇ ਸਮਝ ਹੀ ਨਹੀਂ ਸਕੇ। ਮੌਜੂਦਾ ਸੰਦਰਭ ’ਚ ਜੋ ਪ੍ਰਗਟ ਹੋ ਰਿਹਾ ਹੈ ਇਹ ਕੋਈ ‘ਰਾਸ਼ਟਰਵਾਦ’ ਨਹੀਂ ਸਗੋਂ ਹੁਣ ਤੱਕ ਨਕਾਰਾ, ਦਬਾਇਆ ਗਿਆ ਭਾਰਤ ਦਾ ‘ਖੁਦ’ ਹੈ ਅਤੇ ਕਿਉਂਕਿ ਭਾਰਤ ਦਾ ਵਿਚਾਰ ਹੀ ‘ਵਸੂਧੈਵ ਕੁਟੁੰਬਕਮ’ ਵਰਤਮਾਨ ਅਤੇ ‘ਸਰਵਿਪ ਸੁਖਿਮ : ਸੰਤੁ’ ਦਾ ਰਿਹਾ ਹੈ , ਇਸ ਲਈ ਭਾਰਤ ਦੇ ਇਸ ਖੁਦ ਦੇ ਜਾਗਰਣ ਅਤੇ ਉਸਦੀ ਆਤਮਨਿਰਭਰਤਾ ਦੇ ਆਧਾਰ ’ਤੇ ਸ਼ਕਤੀ ਸੰਪੰਨ ਹੋਣ ਦੀ ਯੋਜਨਾ ਕਿਸੇ ਲਈ ਵੀ ਭੈਅ ਰੱਖਣ ਦਾ ਕਾਰਣ ਨਹੀਂ ਹੋਣੇ ਚਾਹੀਦੇ, ਕਾਰਣ ਇਹ ਭਾਰਤ ਹੈ, ਜੋ ਜਾਗ ਰਿਹਾ ਹੈ।

ਭਾਰਤ ਦੇ ਇਸ ਖੁਦ ਦੇ ਪ੍ਰਗਟੀਕਰਨ ਦਾ ਭਾਰਤ ’ਚ ਹੀ ਵਿਰੋਧ ਕੋਈ ਨਵੀਂ ਗੱਲ ਨਹੀਂ ਹੈ। ਆਜ਼ਾਦੀ ਤੋਂ ਬਾਅਦ ਜੂਨਾਗੜ੍ਹ ਰਿਆਸਤ ਦੇ ਰਲੇਵੇਂ ਦੀ ਪ੍ਰਕਿਰਿਆ ਪੂਰੀ ਕਰ ਕੇ ਭਾਰਤ ਦੇ ਤਤਕਾਲੀਨ ਗ੍ਰਹਿ ਮੰਤਰੀ ਸ਼੍ਰੀ ਵੱਲਭਭਾਈ ਪਟੇਲ ਸੋਮਨਾਥ ਗਏ। ਉਥੇ 12 ਜਯੋਤੀਲਿੰਗਾਂ ’ਚੋਂ ਇਕ ਪ੍ਰਸਿੱਧ ਸੋਮਨਾਥ ਮੰਦਰ ਦੇ ਖੰਡਰ ਦੇਖ ਕੇ ਉਨ੍ਹਾਂ ਨੂੰ ਬੜਾ ਦੁੱਖ ਹੋਇਆ। ਹੁਣ ਦੇਸ਼ ਆਜ਼ਾਦ ਹੋ ਗਿਆ ਸੀ। ਭਾਰਤ ਦੇ ਇਸ ਮਾਣ ਵਾਲੇ ਸਥਾਨ ਦੀ ਮੁੜ-ਸਥਾਪਨਾ ਦਾ ਸੰਕਲਪ ਉਨ੍ਹਾਂ ਦੇ ਮਨ ’ਚ ਜਾਗਿਆ। ਇਸ ਕਾਰਜ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਪੰਡਿਤ ਨਹਿਰੂ ਦੇ ਮੰਤਰੀ ਮੰਡਲ ਦੇ ਕੈਬਨਿਟ ਮੰਤਰੀ ਸ਼੍ਰੀ ਕਨ੍ਹਈਆ ਲਾਲ ਮੁੰਸ਼ੀ ਨੂੰ ਸੌਂਪੀ।

ਸਰਦਾਰ ਪਟੇਲ ਨੇ ਜਦੋਂ ਇਹ ਜਾਣਕਾਰੀ ਮਹਾਤਮਾ ਗਾਂਧੀ ਜੀ ਨਾਲ ਸਾਂਝੀ ਕੀਤੀ, ਤਦ ਗਾਂਧੀ ਜੀ ਨੇ ਇਸ ਦਾ ਸਮਰਥਨ ਕੀਤਾ ਪਰ ਇਸ ਕਾਰਜ ਨੂੰ ਸਰਕਾਰੀ ਪੈਸੇ ਨਾਲ ਨਹੀਂ ਸਗੋਂ ਜਨਤਾ ਵਲੋਂ ਦਿੱਤੇ ਗਏ ਪੈਸੇ ਰਾਹੀਂ ਕਰਨ ਦੀ ਸੂਚਨਾ ਦਿੱਤੀ। ਉਸ ਨੂੰ ਤੁਰੰਤ ਪ੍ਰਵਾਨ ਕੀਤਾ ਗਿਆ। ਇਸ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਆਏ ਸਨ। ਉਸ ਪ੍ਰੋਗਰਾਮ ’ਚ ਡਾ. ਰਾਜਿੰਦਰ ਪ੍ਰਸਾਦ ਦਾ ਭਾਸ਼ਣ ਵਰਨਣਯੋਗ ਹੈ ਪਰ ਪੰਡਿਤ ਨਹਿਰੂ ਨੂੰ ਇਸ ’ਤੇ ਇਤਰਾਜ਼ ਸੀ।

ਜਿਸ ਘਟਨਾ ਨੂੰ ਸਰਦਾਰ ਪਟੇਲ, ਕਨ੍ਹਈਆ ਲਾਲ ਮੁੰਸ਼ੀ, ਮਹਾਤਮਾ ਗਾਂਧੀ ਅਤੇ ਰਾਜਿੰਦਰ ਪ੍ਰਸਾਦ ਵਰਗੇ ਸੂਝਵਾਨ ਨੇਤਾ ਭਾਰਤ ਦੇ ਮਾਣ ਦੀ ਮੁੜ ਸਥਾਪਨਾ ਦੇ ਰੂਪ ’ਚ ਦੇਖਦੇ ਸਨ, ਉਸੇ ਘਟਨਾ ਦਾ ਪ੍ਰਧਾਨ ਮੰਤਰੀ ਨਹਿਰੂ ਨੇ ‘ਹਿੰਦੂ ਮੁੜ ਉਠਾਵ’ ਕਹਿ ਕੇ ਵਿਰੋਧ ਕੀਤਾ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਦੇ ਖੁਦ ਨੂੰ ਨਕਾਰਨਾ, ਉਸਦੇ ਪ੍ਰਗਟ ਹੋਣ ਦਾ ਵਿਰੋਧ ਕਰਨਾ ਇਹ ਉਦੋਂ ਵੀ ਸੀ ਪਰ ਉਸ ਸਮੇਂ ਰਾਸ਼ਟਰੀ ਵਿਚਾਰ ਦੇ ਲੋਕ, ਕਾਂਗਰਸ ’ਚ ਵੀ ਵੱਧ ਗਿਣਤੀ ’ਚ ਸਨ। ਇਸ ਲਈ ਇਹ ਕਾਰਜ ਸੰਭਵ ਹੋ ਸਕਿਆ।

ਅਜਿਹੇ ’ਚ ਸਾਡਾ ਫਰਜ਼ ਕੀ ਹੈ? ਇਸਦਾ ਸਪੱਸ਼ਟ ਅਤੇ ਸਟੀਕ ਮਾਰਗਦਰਸ਼ਨ ਕਰਨ ਵਾਲਾ ਚਿੱਤਰ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੇ 1904 ਵਿਚ ਪੇਸ਼ ‘ਸਵਦੇਸ਼ੀ ਸਮਾਜ’ ਲੇਖ ਵਿਚ ਿਖੱਚਿਆ ਗਿਆ ਹੈ। ਇਹ ਸੱਚ ਹੈ ਕਿ ਗੁਰੂਦੇਵ ਰਾਬਿੰਦਰਨਾਥ ਟੈਗੋਰ ਨੇ ਰਾਸ਼ਟਰਵਾਦ ਦਾ ਵਿਰੋਧ ਕੀਤਾ ਪਰ ਉਹ ਬਸਤੀਵਾਦ ਅਤੇ ਸੰਸਾਰ ਜੰਗ ਦੇ ਨਤੀਜਿਆਂ ਦੀ ਪਿੱਠਭੂਮੀ ’ਤੇ ਪੱਛਮ ਦੇ ਨੇਸ਼ਨ ਸਟੇਟ ਅਾਧਾਰਿਤ ‘ਰਾਸ਼ਟਰਵਾਦ’ ਦੇ ਵਿਰੁੱਧ ਸਨ। ਭਾਰਤ ਦੀ ਰਾਸ਼ਟਰੀਅਤਾ ਭਾਵ ‘ਖੁਦ’ ਦੇ ਉਹ ਕਿਵੇਂ ਪੱਖੀ ਸਨ, ਇਸਦਾ ਸਬੂਤ ‘ਸਵਦੇਸ਼ੀ ਸਮਾਜ’ ਲੇਖ ਹੈ। ਇਸ ’ਚ ਉਹ ਲਿਖਦੇ ਹਨ : ਦੇਸ਼ ਦੇ ਤਪੱਸਵੀਆਂ ਨੇ ਜਿਸ ਸ਼ਕਤੀ ਦਾ ਸੰਚਾਰ ਕੀਤਾ, ਉਹ ਬਹੁਮੁੱਲੀ ਹੈ। ਵਿਧਾਤਾ ਉਸ ਨੂੰ ਅਸਫਲ ਨਹੀਂ ਹੋਣ ਦੇਵੇਗਾ, ਇਸ ਲਈ ਉੱਚਿਤ ਸਮੇਂ ’ਤੇ ਉਸਨੇ ਇਸ ਅਚੇਤ ਭਾਰਤ ਨੂੰ ਸਖਤ ਵੇਦਨਾ ਦੇ ਕੇ ਜਾਗ੍ਰਿਤ ਕੀਤਾ ਹੈ। ਅਨੇਕਤਾ ’ਚ ਏਕਤਾ ਦੀ ਪ੍ਰਾਪਤੀ, ਵੰਨ-ਸਵੰਨਤਾ ’ਚ ਏਕੇ ਦੀ ਸਥਾਪਨਾ, ਇਹੀ ਭਾਰਤ ਦਾ ਇਕ-ਦੂਜੇ ’ਚ ਸਮਾਇਆ ਹੋਇਆ ਧਰਮ ਹੈ। ਵੰਨ-ਸਵੰਨਤਾ ਭਾਵ ਵਿਰੋੋਧ ਅਜਿਹਾ ਭਾਰਤ ਨੇ ਕਦੇ ਨਹੀਂ ਮੰਨਿਆ। ਵਿਦੇਸ਼ ਭਾਵ ਦੁਸ਼ਮਣ ਅਜਿਹੀ ਵੀ ਭਾਰਤ ਨੇ ਕਦੀ ਕਲਪਨਾ ਨਹੀਂ ਕੀਤੀ। ਉਸ ਨੂੰ ਤਿਆਗ ਕੀਤੇ ਬਿਨਾਂ, ਕਿਸੇ ਦਾ ਵਿਨਾਸ਼ ਨਾ ਕਰਦੇ ਹੋਏ ਇਕ ਵਿਆਪਕ ਵਿਵਸਥਾ ’ਚ ਸਾਰਿਆਂ ਨੂੰ ਸਥਾਨ ਦੇਣ ਦੀ ਉਸਦੀ ਇੱਛਾ ਹੈ। ਸਾਰੇ ਪੰਥਾਂ ਨੂੰ ਉਹ ਪ੍ਰਵਾਨ ਕਰਦਾ ਹੈ।

ਆਪਣੀ-ਆਪਣੀ ਥਾਂ ’ਤੇ ਹਰੇਕ ਦਾ ਮਹੱਤਵ ਉਹ ਦੇਖ ਸਕਦਾ ਹੈ। ਭਾਰਤ ਦਾ ਇਹੀ ਗੁਣ ਹੈ। ਇਸ ਲਈ ਕਿਸੇ ਵੀ ਸਮਾਜ ਨੂੰ ਅਸੀਂ ਆਪਣਾ ਵਿਰੋਧੀ ਮੰਨ ਕੇ ਭੈਅਭੀਤ ਨਹੀਂ ਹੋਵਾਂਗੇ। ਹਰੇਕ ਨਵੇਂ ਸੰਯੋਜਨ ਨਾਲ ਅੰਤ: ਅਸੀਂ ਆਪਣੇ ਵਿਸਤਾਰ ਦੀ ਹੀ ਅਾਸ ਕਰਾਂਗੇ। ਹਿੰਦੂ, ਬੋਧੀ, ਮੁਸਲਮਾਨ, ਈਸਾਈ ਭਾਰਤ ਦੀ ਭੂਮੀ ’ਤੇ ਆਪਸੀ ਜੰਗ ਕਰ ਕੇ ਮਰ ਨਹੀਂ ਜਾਣਗੇ। ਇਥੇ ਉਹ ਇਕ ਮੇਲ-ਜੋਲ ਪ੍ਰਾਪਤ ਕਰਨਗੇ ਹੀ। ਉਹ ਅਹਿੰਦੂ ਨਹੀਂ ਹੋਵੇਗਾ ਸਗੋਂ ਉਹ ਹੋਵੇਗਾ ਵਿਸ਼ੇਸ਼ ਤੌਰ ’ਤੇ ਹਿੰਦੂ। ਉਸਦਾ ਅੰਗ ਪ੍ਰਤੀ ਅੰਗ ਬੇਸ਼ੱਕ ਹੀ ਦੇਸ਼-ਵਿਦੇਸ਼ ਦਾ ਹੋਵੇ ਪਰ ਉਸਦਾ ਪ੍ਰਾਣ, ਉਸਦੀ ਆਤਮਾ ਭਾਰਤੀ ਹੋਵੇਗੀ।

ਭਾਰਤ ਦੀ ਆਤਮਾ ਨੂੰ ਜਾਗ ਕੇ ਭਾਰਤ ਦਾ ਖੁਦ ਪ੍ਰਗਟ ਕਰਨ ਦਾ ਸਮਾਂ ਆਇਆ ਹੈ। ਇਹ ਪ੍ਰਕਿਰਿਆ ਈਸ਼ਵਰ ਦੀ ਯੋਜਨਾ ਨਾਲ ਅਤੇ ਆਸ਼ੀਰਵਾਦ ਨਾਲ ਆਰੰਭ ਵੀ ਹੋ ਚੁੱਕੀ ਹੈ। ਭਾਰਤ ਦੀ ਇਸ ਆਤਮਾ ਨੂੰ ਨਕਾਰਨ ਵਾਲੇ ਤੱਥ ਭਾਵੇਂ ਜਿੰਨਾ ਵੀ ਵਿਰੋਧ ਕਰਨ, ਭਾਰਤ ਵਿਰੋਧੀ ਵਿਦੇਸ਼ੀ ਸ਼ਕਤੀਆਂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਭਾਰਤ ਦੀ ਜਨਤਾ ਦਾ ਸੰਕਲਪ ਹੁਣ ਪ੍ਰਗਟ ਹੋ ਚੁੱਕਿਆ ਹੈ। ਵਿਸ਼ਵ ਮੰਗਲ ਦੀ ਸਾਧਨਾ ਦੇ ਪੁਜਾਰੀਆਂ ਦੀ ਇਹ ਤਪੱਸਿਆ ਅਤੇ ਮਿਹਨਤ ਸਫਲ ਹੋ ਕੇ ਰਹੇਗੀ। ਭਾਰਤ ਦੇ ‘ਖੁਦ’ ਨੂੰ ਸ਼ਕਤੀ ਅਤੇ ਮਾਣ ਨਾਲ ਮੁੜ ਸਥਾਪਿਤ ਕਰਨ ਦੇ ਇਸ ਇਤਿਹਾਸਕ ਸਮੇਂ ’ਚ ਭਾਰਤ ਦੇ ਸਾਰੇ ਲੋਕ ਆਪਣੀ ਸਿਆਸਤ ਤੇ ਹੋਰ ਨਿਹਿਤ ਸਵਾਰਥ ਕਿਨਾਰੇ ’ਤੇ ਰੱਖ ਕੇ ਏਕਤਾ ਦਾ ਸਬੂਤ ਦੇਣ ਅਤੇ ਸਵਾਭਿਮਾਨ ਪੂਰਨ ਆਤਮਨਿਰਭਰ ਭਾਰਤ ਦੇ ਨਿਰਮਾਣ ਦੀ ਇਸ ਯਾਤਰਾ ’ਚ ਭਾਈਵਾਲ ਬਣਨ। ਇਹ ਆਸ ਇਸ ਰਾਸ਼ਟਰ ਦੀ ਸਾਡੇ ਸਾਰਿਆਂ ਤੋਂ ਹੈ।


Bharat Thapa

Content Editor

Related News