ਸਮਾਜਿਕ ਸਦਭਾਵਨਾ ਦੇ ਝੰਡਾਬਰਦਾਰ ਵੀਰ ਸਾਵਰਕਰ

10/25/2021 11:21:40 AM

ਅਰਜੁਨ ਰਾਮ ਮੇਘਵਾਲ (ਭਾਰੀ ਉਦਯੋਗ ਅਤੇ ਸੰਸਦੀ ਮਾਮਲੇ ਮੰਤਰੀ)
ਨਵੀਂ ਦਿੱਲੀ- ਆਜ਼ਾਦੀ ਵੀਰ ਵਿਨਾਇਕ ਦਾਮੋਦਰ ਸਾਵਰਕਰ ਦੀ ਸੰਪੂਰਨ ਜ਼ਿੰਦਗੀ ਦੇਸ਼ ਸੇਵਾ ਨੂੰ ਸਮਰਪਿਤ ਰਹੀ। ਉਨ੍ਹਾਂ ਦੀ ਸ਼ਖਸੀਅਤ ਤਿਆਗ ਅਤੇ ਸਮਰਪਣ ਦੀ ਕਹਾਣੀ ਕਹਿੰਦੀ ਹੈ। ਅੱਜ ਜਦੋਂ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਮਹਾਨਾਇਕਾਂ ਨੂੰ ਪੂਰੀ ਤਰ੍ਹਾਂ ਜਾਣਨ ਤੇ ਸਮਝਣ ਦਾ ਯਤਨ ਕਰੀਏ। ਵੀਰ ਸਾਵਰਕਰ ਇਕ ਅਜਿਹੇ ਹੀ ਮਹਾਨਾਇਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਸੰਪੂਰਨਤਾ ’ਚ ਸਮਝਣ ਦੀ ਲੋੜ ਹੈ। ਉਹ ਇਕ ਮਹਾਨ ਦੇਸ਼ਭਗਤ, ਸੁਤੰਤਰਤਾ ਸੈਨਾਨੀ, ਲੇਖਕ, ਕਵੀ, ਵਿਚਾਰਕ, ਇਤਿਹਾਸਕਾਰ ਅਤੇ ਸਮਾਜਿਕ ਸਦਭਾਵਨਾ ਦੇ ਝੰਡਾਬਰਦਾਰ ਹਨ। ਵੀਰ ਸਾਵਰਕਰ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ 1857 ਦੇ ਸੰਘਰਸ਼ ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ ਕਹਿ ਕੇ ਸੰਬੋਧਿਤ ਕੀਤਾ। ਉਹ ਪਹਿਲੇ ਅਜਿਹੇ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਸ਼ਾਸਨ ਵੱਲੋਂ 25-25 ਸਾਲ ਦੀਆਂ 2 ਕਾਲੇ ਪਾਣੀ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਵੀਰ ਸਾਵਰਕਰ ਨੇ 1911 ’ਚ ਜੋ ਆਪਣੀ ਰਿਹਾਈ ਦੀ ਮੰਗ ਕੀਤੀ, ਉਹ ਰਾਜ ਬੰਦੀਆਂ ਲਈ ਨਿਰਧਾਰਿਤ ਪ੍ਰਕਿਰਿਆ ਦੇ ਤਹਿਤ ਕੀਤੀ ਗਈ। ਅਜਿਹੀ ਮੰਗ ਸਿਰਫ ਸਾਵਰਕਰ ਵੱਲੋਂ ਨਹੀਂ ਸਗੋਂ ਉਸ ਸਮੇਂ ਦੇ ਹੋਰ ਵੀਰ ਪੁਰਸ਼ਾਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ’ਚ ਮੋਤੀਲਾਲ ਨਹਿਰੂ ਤੇ ਹੋਰਨਾਂ ਦਾ ਵੀ ਨਾਂ ਆਉਂਦਾ ਹੈ, ਤਾਂ ਕੀ ਅਸੀਂ ਉਨ੍ਹਾਂ ਨੂੰ ਆਜ਼ਾਦੀ ਦਾ ਨਾਇਕ ਮੰਨਣ ਤੋਂ ਨਾਂਹ ਕਰ ਦਿਆਂਗੇ।

1911 ਤੋਂ 1919 ਤੱਕ ਪ੍ਰਕਿਰਿਆ ਚੱਲਦੀ ਰਹੀ, ਫਿਰ 1920 ’ਚ ਮਹਾਤਮਾ ਗਾਂਧੀ ਦੇ ਸੁਝਾਅ ’ਤੇ ਵੀਰ ਸਾਵਰਕਰ ਵੱਲੋਂ ਆਪਣੀ ਰਿਹਾਈ ਲਈ ਅਪੀਲ ਪੇਸ਼ ਕੀਤੀ ਗਈ ਜਿਸ ਦਾ ਵਰਨਣ ਖੁਦ ਮਹਾਤਮਾ ਗਾਂਧੀ ਵੱਲੋਂ ਯੰਗ ਇੰਡੀਆ ਦੇ ਲੇਖਾਂ ’ਚ ਮਿਲਦਾ ਹੈ। ਇਸ ਸਭ ਦੇ ਦਰਮਿਆਨ ਵੀਰ ਸਾਵਰਕਰ ਦੀ ਸ਼ਖਸੀਅਤ ਦੇ ਕੁਝ ਹੋਰ ਪਹਿਲੂ ਵੀ ਹਨ, ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਇੱਥੇ ਜ਼ਰੂਰੀ ਜਾਪਦਾ ਹੈ। ਦਰਅਸਲ ਜੇਲ ’ਚ ਬਿਤਾਏ ਆਪਣੇ ਕਾਰਜਕਾਲ ’ਚ ਵੀਰ ਸਾਵਰਕਰ ਨੂੰ ਮਹਿਸੂਸ ਹੁੰਦਾ ਹੈ ਕਿ ਭਾਰਤੀ ਸਮਾਜ ’ਚ ਬੜੀ ਨਾਬਰਾਬਰੀ ਹੈ, ਹਿੰਦੂ ਸਮਾਜ ਵੱਖ-ਵੱਖ ਜਾਤੀਆਂ ’ਚ ਵੰਡਿਆ ਹੋਇਆ ਹੈ, ਸਮਾਜ ’ਚ ਊਚ-ਨੀਚ ਅਤੇ ਛੂਤ-ਛਾਤ ਦੀ ਭਾਵਨਾ ਤੇਜ਼ ਹੈ, ਜਿਸ ਨੂੰ ਦੂਰ ਕਰਨ ਲਈ ਕਾਰਜ ਕੀਤੇ ਜਾਣ ਦੀ ਲੋੜ ਹੈ।  6 ਜਨਵਰੀ, 1924 ਨੂੰ ਸਾਵਰਕਰ ਨੂੰ ਜੇਲ੍ਹ ਤੋਂ ਮੁਕਤੀ ਮਿਲਦੀ ਹੈ ਪਰ 10 ਮਈ 1937 ਤੱਕ ਉਨ੍ਹਾਂ ਨੂੰ ਰਨਤਾਗਿਰੀ ’ਚ ਨਜ਼ਰਬੰਦ ਰੱਖਿਆ ਜਾਂਦਾ ਹੈ। ਜੇਲ ਦੀ ਜ਼ਿੰਦਗੀ ਦੇ ਬਾਅਦ ਵੀਰ ਸਾਵਰਕਰ ਵੱਲੋਂ ਸਮਾਜਿਕ ਬਰਾਬਰੀ ਲਈ ਜੋ ਕਾਰਜ ਕੀਤੇ ਗਏ, ਉਹ ਭਾਰਤ ਨੂੰ ਮਹਾਨ ਬਣਾਉਣ ਵੱਲ ਵਧਾਉਣ ਵਾਲੇ ਹਨ। ਵੀਰ ਸਾਵਰਕਰ ਨੇ ਜਾਤੀ ਪ੍ਰਥਾ ਅਤੇ ਛੂਤ-ਛਾਤ ਦੇ ਵਿਰੁੱਧ ਇਕ ਮੁਹਿੰਮ ਚਲਾਈ। ਉਨ੍ਹਾਂ ਦਾ ਮਤ ਸੀ ਕਿ ਹਰੇਕ ਸੱਚੇ ਭਾਰਤੀ ਨੂੰ 7 ਬੇੜੀਆਂ ਤੋਂ ਮੁਕਤ ਹੋਣਾ ਪਵੇਗਾ। ਇਹ ਸੱਤ ਬੇੜੀਆਂ ਸਨ-ਵੇਦੇਤਬੰਦੀ ਭਾਵ ਵੈਦਿਕ ਸਾਹਿਤ ਨੂੰ ਕੁਝ ਕੁ ਲੋਕਾਂ ਲਈ ਸੀਮਤ ਰੱਖਣਾ, ਕਾਰੋਬਾਰਬੰਦੀ ਭਾਵ ਕਿਸੇ ਭਾਈਚਾਰੇ ਵਿਸ਼ੇਸ਼ ’ਚ ਜਨਮ ਦੇ ਕਾਰਨ ਉਸ ਭਾਈਚਾਰੇ ਦੇ ਰਵਾਇਤੀ ਕਾਰੋਬਾਰ ਨੂੰ ਜਾਰੀ ਰੱਖਣ ਦੀ ਲਾਜ਼ਮੀਅਤਾ, ਸਪਰਸ਼ਬੰਦੀ ਭਾਵ ਅਛੂਤ ਪ੍ਰਥਾ, ਸਮੁੰਦਰਬੰਦੀ ਭਾਵ ਸਮੁੰਦਰੀ ਰਸਤੇ ਰਾਹੀਂ ਵਿਦੇਸ਼ ਜਾਣ ’ਤੇ ਪਾਬੰਦੀ, ਸ਼ੁੱਧਬੰਦੀ ਭਾਵ ਹਿੰਦੂ ਧਰਮ ’ਚ ਮੁੜ ਪਰਤਣ ’ਤੇ ਰੋਕ, ਰੋਟੀਬੰਦੀ ਭਾਵ ਦੂਸਰੀ ਜਾਤੀ ਦੇ ਲੋਕਾਂ ਦੇ ਨਾਲ ਖਾਣ-ਪੀਣ ’ਤੇ ਪਾਬੰਦੀ ਅਤੇ ਬੇਟੀਬੰਦੀ ਭਾਵ ਅੰਤਰਜਾਤੀ ਵਿਆਹ ਖਤਮ ਕਰਵਾਉਣ ਸਬੰਧੀ ਅੜਚਣਾਂ।

ਵੀਰ ਸਾਵਰਕਰ ਨੇ ਇਸ ਦੌਰਾਨ ਅਖੌਤੀ ਉੱਚ ਜਾਤੀ ਦੇ ਲੋਕਾਂ ਨੂੰ ਇਹ ਸਮਝਾਉਣ ’ਚ ਸਫਲਤਾ ਹਾਸਲ ਕੀਤੀ ਕਿ ਜਿਨ੍ਹਾਂ ਨੂੰ ਤੁਸੀਂ ਨੀਚ ਸਮਝ ਰਹੇ ਹੋ, ਉਹ ਤੁਹਾਡੇ ਹੀ ਭਰਾ ਹਨ। 1929 ’ਚ ਵੀਰ ਸਾਵਰਕਰ ਨੇ ਵਿੱਠਲ ਮੰਦਰ ਦੇ ਗਰਭ ਗ੍ਰਹਿ ’ਚ ਅਛੂਤਾਂ ਨੂੰ ਦਾਖਲਾ ਦਿਵਾਉਣ ’ਚ ਸਫਲਤਾ ਹਾਸਲ ਕੀਤੀ। 1931 ’ਚ ਉਨ੍ਹਾਂ ਵੱਲੋਂ ਸਥਾਪਿਤ ਪਤਿਤ ਪਾਵਨ ਮੰਦਰ ਇਕ ਅਜਿਹੇ ਕੇਂਦਰ ਦੇ ਰੂਪ ’ਚ ਸਥਾਪਿਤ ਹੋਇਆ ਜਿੱਥੇ ਨੀਵੀਂ ਜਾਤੀ ਦੇ ਬੱਚਿਆਂ ਨੂੰ ਵੈਦਿਕ ਰਚਨਾਵਾਂ ਦਾ ਪਾਠ ਸਿਖਾਇਆ ਜਾਂਦਾ ਸੀ। ਇਸ ਮੰਦਰ ’ਚ ਵਿਸ਼ਨੂੰ ਦੀ ਮੂਰਤੀ ਦਾ ਅਭਿਸ਼ੇਕ ਵੀ ਇਨ੍ਹਾਂ ਬੱਚਿਆਂ ਵੱਲੋਂ ਮੰਤਰ ਉਚਾਰਨ ਰਾਹੀਂ ਕਰਾਇਆ ਜਾਂਦਾ ਸੀ। ਵੀਰ ਸਾਵਰਕਰ ਵੱਲੋਂ ਪਤਿਤ ਪਾਵਨ ਮੰਦਰ ’ਚ ਔਰਤਾਂ ਲਈ ਵੀ ਭਾਈਚਾਰਕ ਭੋਜ ਆਰੰਭ ਕਰਾਇਆ ਗਿਆ, ਜਦਕਿ ਇਸ ਤੋਂ ਪਹਿਲਾਂ ਔਰਤਾਂ ਨੂੰ ਭੋਜ ’ਤੇ ਨਹੀਂ ਬਿਠਾਇਆ ਜਾਂਦਾ ਸੀ। ਵੀਰ ਸਾਵਰਕਰ ਵੱਲੋਂ ਉੱਥੇ ਇਕ ਅਜਿਹਾ ਰੈਸਟੋਰੈਂਟ ਵੀ ਖੋਲ੍ਹਿਆ ਗਿਆ ਜਿੱਥੇ ਅਛੂਤ ਜਾਤੀ ਦੇ ਲੋਕ ਭੋਜਨ ਵਰਤਾਉਣ ਦਾ ਕੰਮ ਕਰਦੇ ਸਨ।

ਵੀਰ ਸਾਵਰਕਰ, ਡਾ. ਅੰਬੇਡਕਰ ਦੀ ਅੰਤਰਦ੍ਰਿਸ਼ਟੀ ਅਤੇ ਮੌਲਿਕ ਵਿਚਾਰਧਾਰਾ ਤੋਂ ਕਾਫੀ ਪ੍ਰਭਾਵਿਤ ਸਨ। ਸਾਵਰਕਰ ਸਮਾਜਿਕ ਸੁਧਾਰਾਂ, ਭਾਈਚਾਰੇ ਅਤੇ ਦਲਿਤਾਂ ਦੀ ਭਲਾਈ ਲਈ ਆਪਣੇ ਵਿਚਾਰ ਰੱਖਦੇ ਸਮੇਂ ਡਾ. ਅੰਬੇਡਕਰ ਦੀ ਰਾਏ ਦਾ ਹਵਾਲਾ ਅਕਸਰ ਦਿੰਦੇ ਹੁੰਦੇ ਸਨ। ਇਹੀ ਕਾਰਨ ਸੀ ਕਿ ਜਦੋਂ ਸਾਵਰਕਰ ਨੇ ਰਤਨਾਗਿਰੀ ’ਚ ਮੰਦਰ ਬਣਵਾਇਆ ਤਾਂ ਉਸ ਦਾ ਉਦਘਾਟਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕੋਲੋਂ ਕਰਵਾਇਆ। ਵੀਰ ਸਾਵਰਕਰ ਵਰਗੇ ਮਹਾਨ ਦੇਸ਼ਭਗਤ, ਕ੍ਰਾਂਤੀਕਾਰੀ ਅਤੇ ਸਮਾਜਿਕ ਬਰਾਬਰੀ ਦੇ ਅਗਰਦੂਤ ਨੂੰ ਘੱਟ ਕਰ ਕੇ ਮਿੱਥਣਾ ਅਤੇ ਬੇਲੋੜੇ ਦੋਸ਼ਾਂ ਰਾਹੀਂ ਉਨ੍ਹਾਂ ਦੀ ਵਿਸ਼ਾਲ ਸ਼ਖਸੀਅਤ ਨੂੰ ਖੰਡਿਤ ਕਰਨਾ ਮਹਾਪਾਪ ਵਰਗਾ ਹੋਵੇਗਾ।


DIsha

Content Editor

Related News