ਬਹਾਦਰੀ ਦੀ ਵਡਮੁੱਲੀ ਵਿਰਾਸਤ ਸਾਰਾਗੜ੍ਹੀ

09/12/2021 3:30:18 AM

ਬ੍ਰਿ. ਕੁਲਦੀਪ ਸਿੰਘ ਕਾਹਲੋਂ 
ਭਾਰਤ ਦਾ ਇਤਿਹਾਸ ਦੇਸ਼ਵਾਸੀਆਂ, ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਵੱਲੋਂ ਦੇਸ਼ ਪ੍ਰਤੀ ਜਜ਼ਬਾ, ਭਾਵਨਾ, ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਪਾਏ ਗਏ ਯੋਗਦਾਨ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਕ ਸਾਹਸ, ਦ੍ਰਿੜ੍ਹਤਾ ਅਤੇ ਆਪਣੇ ਫਰਜ਼ ਦੀ ਪਾਲਣਾ ਕਰਨ ਵਾਲੀ ਵੀਰਤਾ ਭਰਪੂਰ ਇਤਿਹਾਸਕ ਘਟਨਾ ਅਦੁੱਤੀ ਜੰਗ ਸਾਰਾਗੜ੍ਹੀ ਨਾਂ ਨਾਲ ਜਾਣੀ ਜਾਂਦੀ ਹੈ।

ਸਾਕਾ ਸਾਰਾਗੜ੍ਹੀ : 19ਵੀਂ ਸਦੀ ਦੇ ਦੂਸਰੇ ਅੱਧ ਤੱਕ ਬ੍ਰਿਟਿਸ਼ ਭਾਰਤੀ ਸਾਮਰਾਜ ਅਫਗਾਨਿਸਤਾਨ ਦੀਆਂ ਹੱਦਾਂ ਤੱਕ ਫੈਲ ਚੁੱਕਿਆ ਸੀ ਜੋ ਕਿ ਉੱਤਰ-ਪੱਛਮੀ ਫਰੰਟੀਅਰ ਸੂਬੇ-ਅਜੋਕੇ ਪਾਕਿਸਤਾਨ ’ਚ ਖੈਬਰ ਪਖਤੂਨਖਵਾ ਵਜੋਂ ਜਾਣਿਆ ਜਾਂਦਾ ਹੈ। ਇਹ ਇਲਾਕਾ ਪਠਾਨਾਂ ਤੇ ਅਫਰੀਦੀ ਆਦੀਵਾਸੀਆਂ ਦੇ ਕਬਜ਼ੇ ’ਚ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਰਵਉੱਚਤਾ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਅਕਸਰ ਬ੍ਰਿਟਿਸ਼ ਇੰਡੀਆ ਅਤੇ ਕਾਬੁਲ ਦਰਮਿਆਨ ਵਪਾਰੀਆਂ ਦੇ ਕਾਫਿਲਿਆਂ ’ਤੇ ਹਮਲੇ ਕਰਦੇ ਸਨ। ਬਰਤਾਨਵੀ ਸਰਕਾਰ ਨੇ ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਸੰਨ 1797-98 ਦਰਮਿਆਨ ‘ਤਿਰਹਾ ਮਹਿੰਮ’ ਸ਼ੁਰੂ ਕੀਤੀ।

ਸਾਲ 1896 ’ਚ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਪਠਾਨਾਂ ਨੇ ਬ੍ਰਿਟਿਸ਼ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਇਸ ਇਲਾਕੇ ’ਚ ਬਰਤਾਵਨੀ ਫੌਜ ਦੀ ਤਾਇਨਾਤੀ ਵਿਰੁੱਧ ਜੇਹਾਦ ਛੇੜ ਿਦੱਤਾ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ, 1896 ਨੂੰ 36 ਸਿੱਖ ਪਲਟਨ (ਹੁਣ 4 ਸਿੱਖ) ਨੂੰ ਸਮਾਨਾ ਰਿਜ ’ਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਬਟਾਲੀਅਨ ਹੈੱਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਲੈਫ. ਕਰਨਲ (ਕਮਾਂਡਿੰਗ ਅਫਸਰ) ਜਾਨ ਹਾਟਨ ਨੇ ਸੰਭਾਲੀ ਅਤੇ 2 ਜਨਵਰੀ, 1897 ਨੂੰ ਲੋਕਹਾਰਟ ਕਿਲੇ ’ਤੇ ਕਬਜ਼ਾ ਕਰ ਲਿਆ ਅਤੇ ਫੌਜੀ ਟੁਕੜੀਆਂ ਨੂੰ ਸਾਰਾਗੜ੍ਹੀ, ਧਾਰ ਸੰਗਰ, ਸਰਤ੍ਰੋਪ, ਕੁੰਗ ਤੇ ਗੁਲਿਸਤਾਨ ਕਿਲੇ ਤੱਕ ਫੈਲਾਅ ਦਿੱਤਾ ਜੋ ਇੱਥੋਂ ਲਗਭਗ 5 ਮੀਲ ਦੇ ਫਾਸਲੇ ’ਤੇ ਸਨ।

ਖੱਬਾ ਹਿੱਸਾ ਜੋ ਕੈਪ. ਡਬਲਿਊ. ਬੀ. ਗੋਰਡਨ ਦੀ ਕਮਾਂਡ ਹੇਠ ਸੀ, ਨੇ 8 ਜਨਵਰੀ ਨੂੰ ਪਰਚਨਾਰ ’ਤੇ ਕਬਜ਼ਾ ਕਰ ਲਿਆ ਅਤੇ ਟੁਕੜੀਆਂ ਥਾਲ ਤੇ ਸਾਧਾ ਪੋਸਟਾਂ ’ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਲੜਾਈ ਛਿੜਣ ਦੀ ਸੂਰਤ ’ਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਾਟ ਵਿਖੇ ਸੀ ਜਿਥੇ ਰੀਇਨਫੋਰਸਮੈਂਟ ਦਾ ਬੰਦੋਬਸਤ ਸੀ ਪਰ ਇਹ ਥਾਂ ਇਨ੍ਹਾਂ ਪੋਸਟਾਂ ਤੋਂ 50 ਮੀਲ ਦੀ ਦੂਰੀ ’ਤੇ ਸੀ ਜਿੱਥੇ ਪਹੁੰਚਣ ਲਈ ਲਾਂਘਾ ਦੁਸ਼ਮਣ ਦੇ ਇਲਾਕੇ ’ਚੋਂ ਸੀ।

ਸਾਰਾਗੜ੍ਹੀ ਇਕ ਛੋਟਾ ਜਿਹਾ ਪਿੰਡ ਉਰਕਜਾਇ ਕਬੀਲੇ ਦੇ ਅਧੀਨ ਸੀ। ਇਸ 6200 ਫੁੱਟ ਦੀ ਬੁਲੰਦੀ ਵਾਲੀ ਸਾਰਾਗੜ੍ਹੀ ਪੋਸਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਸਿੱਖ ਜਵਾਨਾਂ ਨੂੰ ਸੌਂਪੀ ਗਈ ਜਿਸ ’ਚ ਇਕ ਸੇਵਾਦਾਰ ਵੀ ਸ਼ਾਮਲ ਸੀ। ਇਹ ਚੌਕੀ ਲੋਕਹਾਰਟ ਅਤੇ ਗੁਲਿਸਤਾਨ ਦੇ ਕਿਲਿਆਂ ਦੇ ਦਰਮਿਆਨ ਹੋਣ ਕਾਰਨ ਇਸ ਦੀ ਬੇਹੱਦ ਮਹੱਤਤਾ ਸੀ।

27 ਅਗਸਤ ਅਤੇ 8 ਸਤੰਬਰ, 1897 ਦਰਮਿਆਨ ਉਰਕਜਾਇ ਸੰਪਰਦਾ ਦੇ ਵੱਡੀ ਗਿਣਤੀ ’ਚ ਧਾੜਵੀਆਂ ਨੇ ਖੱਬੇ ਵਿੰਗ ’ਤੇ ਧਾਵਾ ਬੋਲ ਦਿੱਤਾ ਪਰ 10 ਸਤੰਬਰ ਤੱਕ ਰੱਖਿਆ ਫੌਜੀਆਂ ਵੱਲੋਂ ਹਮਲਾ ਪਛਾੜਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ’ਚ ਜਾਣ ਲਈ ਮਜਬੂਰ ਕਰ ਦਿੱਤਾ ਪਰ ਜਲਦੀ ਹੀ 10 ਹਜ਼ਾਰ ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ ਜਿਨ੍ਹਾਂ ਦੇ ਨਾਲ ਉਰਕਜਾਇ ਵੀ ਸਨ, ਨੇ ਸਮਾਨਾ ਚੌਕੀ ’ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਜੰਗਜ਼ੂਆਂ ਨੇ ਇਨ੍ਹਾਂ ਦੇ ਹਰ ਹਮਲੇ ਨੂੰ ਅਸਫਲ ਕਰਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ।

ਸਾਰਾਗੜ੍ਹੀ ਚੌਕੀ ਦੀ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ 12 ਸਤੰਬਰ, 1897 ਨੂੰ ਲਗਭਗ 8 ਹਜ਼ਾਰ ਅਫਰੀਦੀ ਤੇ ਉਰਕਜਾਇਆਂ ਨੇ ਹਮਲਾ ਕਰ ਕੇ ਚੌਕੀ ਨੂੰ ਚਾਰ-ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਬਾਕੀ ਫੌਜ ਨਾਲ ਸੰਪਰਕ ਟੁੱਟ ਗਿਆ।

ਸਾਰਾਗੜ੍ਹੀ ਦੀ ਮਾਣਮੱਤੀ ਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ ਉਦੋਂ ਧਾਰ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ 12 ਸਤੰਬਰ ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਚੌਕੀ ਦੀ ਹਿਫਾਜ਼ਤੀ ਟੁਕੜੀ ’ਤੇ ਪਹਿਲਾ ਹਮਲਾ ਕੀਤਾ। ਰਖਵਾਲਿਆਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ ਸਿਰਫ ਪਛਾੜਿਆ ਸਗੋਂ ਸੈਂਕੜੇ ਹਮਲਾਵਰਾਂ ਨੂੰ ਮੌਤ ਦੇ ਘਾਟ ਉਤਾਰਦੇ ਚਲੇ ਗਏ। ਇਹ ਲੜਾਈ ਦਿਨ ਭਰ ਚੱਲਣ ਕਾਰਨ ਇਕ ਮੌਕਾ ਅਜਿਹਾ ਆਇਆ ਜਦੋਂ ਦੁਸ਼ਮਣ ਦੇ ਚੀਫ ਗੁਲ ਬਾਦਸ਼ਾਹ ਦੀ ਅਗਵਾਈ ’ਚ ਲਗਾਤਾਰ ਸਖਤ ਹਮਲਿਆਂ ਕਾਰਨ ਸਾਰਾਗੜ੍ਹੀ ਦੇ ਜੁਝਾਰੂਆਂ ਦੀ ਗਿਣਤੀ ਲਗਾਤਾਰ ਘਟਣੀ ਸ਼ੁਰੂ ਹੋ ਗਈ। ਰੱਖਿਅਕਾਂ ਦੇ ਮਨਸੂਬਿਆਂ ਨੂੰ ਹੋਰ ਮੁਸ਼ਕਲ ਬਣਾਉਣ ਲਈ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਗਾ ਕੇ ਧੂੰਆਂਧਾਰ ਕਰ ਦਿੱਤਾ ਜਿਸ ਦਾ ਫਾਇਦਾ ਉਠਾ ਕੇ ਧਾੜਵੀ ਪੋਸਟ ਅੰਦਰ ਘੁਸਪੈਠ ਕਰਨ ’ਚ ਕਾਮਯਾਬ ਹੋ ਗਏ ਅਤੇ ਬਾਕੀਆਂ ਨੂੰ ਅੰਦਰ ਦਾਖਲ ਕਰਨ ’ਚ ਸਹਾਈ ਹੋਏ।

ਸਾਰਾਗੜ੍ਹੀ ਪੋਸਟ ਦੇ ਕਮਾਂਡਰ ਹਵਲਦਾਰ ਈਸ਼ਰ ਸਿੰਘ ਦੀ ਦਲੇਰਾਨਾ ਤੇ ਪ੍ਰਭਾਵਸ਼ਾਲੀ ਕਮਾਨ ਹੇਠ ਜੰਗਜ਼ੂਆਂ ਨੇ ਇਹ ਮਤਾ ਪਕਾ ਲਿਆ ਕਿ ਉਹ ਆਪਣੀ ਕੌਮ ਤੇ ਪਲਟਨ ਦੀ ਉੱਚ ਕੋਟੀ ਦੀ ਪਰੰਪਰਾ ਅਨੁਸਾਰ ਸੌਂਪੇ ਹੋਏ ਕਾਰਜ ਦੀ ਸੰਪੂਰਨਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ। ਗੁਲਿਸਤਾਨ ਗੈਰੀਜਨ ਇਹ ਸਭ ਕਾਰਵਾਈਆਂ ਦੇਖਦਾ ਰਿਹਾ ਪਰ ਦੋਵਾਂ ਪੋਸਟਾਂ ’ਚ ਦੂਰੀ ਹੋਣ ਕਰ ਕੇ ਕੋਈ ਸਹਾਇਤਾ ਕਰਨ ’ਚ ਅਸਮਰੱਥ ਰਿਹਾ। ਇਸ ਤਰ੍ਹਾਂ ਬਗੈਰ ਰੀਇਨਫੋਰਸਮੈਂਟ, ਗੋਲੀ-ਸਿੱਕਾ ਤੇ ਰਾਸ਼ਨ-ਪਾਣੀ ਦੀ ਘਾਟ ਦੀ ਪ੍ਰਵਾਹ ਨਾ ਕਰਦਿਆਂ ਰਾਈਫਲ ਦੇ ਬੋਨਟ ਨਾਲ ਯੋਧੇ ਵੈਰੀਆਂ ਨੂੰ ਲਲਕਾਰਦਿਆਂ ਸਾਰੇ ਦੇ ਸਾਰੇ 22 ਅਣਖੀ ਸੂਰਮੇ ਸਾਰਾਗੜ੍ਹੀ ਪੋਸਟ ਦੀ ਰੱਖਿਆ ਕਰਦੇ ਹੋਏ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਲੜਦੇ ਹੋਏ ‘ਸਵਾ ਲਾਖ ਸੇ ਏਕ ਲੜਾਊਂ’ ਦੀਆਂ ਨਿਰੋਲ ਖਾਲਸਾਈ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਫਰਜ਼ ਨਿਭਾਉਂਦਿਆਂ ਆਪਣੇ ਕਬਜ਼ੇ ਹੇਠ ਜਿਊਂਦੇ-ਜਾਗਦਿਆਂ ਇਕ ਇੰਚ ਵੀ ਹਿੱਸਾ ਦੁਸ਼ਮਣ ਨੂੰ ਨਹੀਂ ਲੈਣ ਦਿੱਤਾ ਤੇ ਜਾਨਾਂ ਕੁਰਬਾਨ ਕਰ ਗਏ।

ਸ਼ਰਧਾਂਜਲੀ : ਇਨ੍ਹਾਂ ਸੂਰਬੀਰਾਂ ਦੀ ਚਮਤਕਾਰੀ ਬਹਾਦਰੀ ਦੇ ਅਮਿੱਟ ਕਾਰਨਾਮੇ ਨੂੰ ਸੁਣ ਕੇ ਬ੍ਰਿਟਿਸ਼ ਪਾਰਲੀਮੈਂਟ ਨੇ ਇਕਜੁੱਟ ਹੋ ਕੇ ਬਹਾਦਰ ਭਾਰਤੀ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਜਾਂਬਾਜ਼ ਬਹਾਦਰ ਸਿਪਾਹੀਆਂ ’ਚੋਂ 21 ਸ਼ਹੀਦਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ (ਮਰਨ ਉਪਰੰਤ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਅੱਜਕੱਲ ਪਰਮਵੀਰ ਚੱਕਰ ਦੇ ਬਰਾਬਰ ਹੈ। ਹਰ ਇਕ ਸ਼ਹੀਦ ਦੇ ਪਰਿਵਾਰ ਨੂੰ 50 ਏਕੜ ਜ਼ਮੀਨ ਤੇ 500 ਰੁਪਏ ਦੀ ਨਕਦੀ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਅਤੇ ਬਾਅਦ ’ਚ ਕਦੀ ਵੀ ਇੰਨੀ ਵੱਡੀ ਗਿਣਤੀ ’ਚ ਮਰਨ ਉਪਰੰਤ ਕਿਸੇ ਇਕ ਯੂਨਿਟ ਨੂੰ ਇਕੋ ਸਮੇਂ ’ਤੇ ਅਜਿਹੇ ਬਹਾਦਰੀ ਤਮਗੇ ਨਹੀਂ ਦਿੱਤੇ ਗਏ ਸਨ।

ਸਾਰਾਗੜ੍ਹੀ ਦੀ ਲੜਾਈ ਸੰਸਾਰ ਦੀਆਂ 10 ਅਜਿਹੀਆਂ ਲੜਾਈਆਂ ’ਚੋਂ ਇਕ ਹੈ ਜਿੱਥੇ ਬਹੁਤ ਹੀ ਘੱਟ ਗਿਣਤੀ ’ਚ ਬਹਾਦਰ ਫੌਜੀਆਂ ਨੇ ਦੁਸ਼ਮਣ ਦੇ ਹਜ਼ਾਰਾਂ ਦੀ ਗਿਣਤੀ ਵਾਲੇ ਧਾੜਵੀਆਂ ਨਾਲ ਟੱਕਰ ਲਈ ਪਰ ਜਿਊਂਦੇ ਜੀਅ ਦੁਸ਼ਮਣ ਨੂੰ ਚੌਕੀ ’ਤੇ ਕਬਜ਼ਾ ਨਹੀਂ ਕਰਨ ਦਿੱਤਾ। ਸਾਰਾਗੜ੍ਹੀ ਲੜਾਈ ਦਾ ਇਤਿਹਾਸ ਉਸ ਸਮੇਂ ਫਰਾਂਸ ’ਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਵਿਸ਼ਾ ਬਣ ਗਿਆ। ਯੂਨੈਸਕੋ ਵੱਲੋਂ ਸਮੂਹਿਕ ਤੌਰ ’ਤੇ ਛਪਣ ਵਾਲੀਆਂ 8 ਇਤਿਹਾਸਕ ਕਹਾਣੀਆਂ ’ਚੋਂ ਸਾਰਾਗੜ੍ਹੀ ਦਾ ਇਤਿਹਾਸ ਵੀ ਸ਼ਾਮਲ ਹੈ।

ਸਾਰਾਗੜ੍ਹੀ ਦੀ ਲੜਾਈ ਅੱਜ 12 ਸਤੰਬਰ, 2021 ਨੂੰ 125ਵੇਂ ਸਾਲ ’ਚ ਪ੍ਰਵੇਸ਼ ਕਰਨ ਜਾ ਰਹੀ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਇਸ ਨੂੰ ਕੌਮੀ ਪੱਧਰ ’ਤੇ ਅੰਮ੍ਰਿਤ ਮਹਾਉਤਸਵ ਵਜੋਂ ਮਨਾਇਆ ਜਾਵੇ ਤਾਂ ਕਿ ਤਾਲਿਬਾਨ ਅਤੇ ਜੇਹਾਦੀ ਜਥੇਬੰਦੀਆਂ ਨੂੰ ਹਲੂਣਾ ਦਿੱਤਾ ਜਾ ਸਕੇ।


Bharat Thapa

Content Editor

Related News