ਕੀ ਅਮਰੀਕਾ ਫਿਰ ਤੋਂ ਸਿਆਸੀ ਹਿੰਸਾ ਦੇ ਯੁੱਗ ’ਚ ਦਾਖਲ ਹੋ ਰਿਹਾ ਹੈ ?

Monday, Jul 15, 2024 - 02:00 AM (IST)

ਸ਼ਨੀਵਾਰ ਦੀ ਰਾਤ ਨੂੰ ਪੈਨਸਿਲਵੇਨੀਆ ’ਚ ਗੋਲੀਆਂ ਦੀ ਵਾਛੜ ਬੇਸ਼ੱਕ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਕੰਨ ਨੂੰ ਜ਼ਖਮੀ ਕਰਦੇ ਹੋਏ ਨਿਕਲ ਗਈ ਪਰ ਇਸ ਘਟਨਾ ਨਾਲ ਅਮਰੀਕੀ ਸਿਆਸਤ ’ਚ ਸੁਰੱਖਿਆ ਦਾ ਭਰਮ ਜੋ ਦੋ ਦਹਾਕਿਆਂ ਤੋਂ ਬਣਿਆ ਹੋਇਆ ਸੀ, ਉਹ ਨਾਟਕੀ ਢੰਗ ਨਾਲ ਚਕਨਾਚੂਰ ਹੋ ਗਿਆ। ਟ੍ਰੰਪ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਪਰ ਇਹ ਹਮਲਾ ਨੇੜਿਓਂ ਹੋਇਆ।

ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਮੁਲਕ ’ਚ ਸੁਰੱਖਿਆ ’ਚ ਇੰਨੀ ਭਾਰੀ ਕੁਤਾਹੀ ਕਿਸ ਤਰ੍ਹਾਂ ਹੋ ਗਈ। ਅਜਿਹੀ ਘਟਨਾ ਨੇ 2024 ਦੀ ਰਾਸ਼ਟਰਪਤੀ ਮੁਹਿੰਮ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ ਜਿਸ ਨਾਲ ਦੇਸ਼ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਿਆ ਹੈ।

1981 ’ਚ ਜਾਨ ਹਿੰਕਲੇ ਜੂਨੀਅਰ ਵੱਲੋਂ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਗੋਲੀ ਮਾਰੇ ਜਾਣ ਦੇ ਬਾਅਦ ਤੋਂ ਕਿਸੇ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਰੁੱਧ ਹਿੰਸਾ ਦਾ ਅਜਿਹਾ ਨਾਟਕੀ ਕਾਰਾ ਨਹੀਂ ਹੋਇਆ ਹੈ।

ਇਹ ਅਮਰੀਕੀ ਇਤਿਹਾਸ ਦੇ ਇਕ ਕਾਲੇ ਦੌਰ ਦੀ ਯਾਦ ਦਿਵਾਉਂਦਾ ਹੈ ਜੋ ਅੱਧੀ ਸਦੀ ਤੋਂ ਵੀ ਪਹਿਲਾਂ ਦਾ ਹੈ, ਜਦੋਂ 2 ਕੈਨੇਡੀ ਭਰਾ-ਇਕ ਰਾਸ਼ਟਰਪਤੀ ਅਤੇ ਇਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕਾਤਲ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ। ਮੇਡਗਰ ਐਵਰਸ, ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮੈਕਲਮ ਐਕਸ ਵਰਗੇ ਨਾਗਰਿਕ ਅਧਿਕਾਰ ਨੇਤਾਵਾਂ ਨੇ ਵੀ ਸਿਆਸੀ ਹਿੰਸਾ ’ਚ ਆਪਣੀ ਜਾਨ ਗੁਆਈ।

ਅੱਜ ਦੇ ਵਾਂਗ 1960 ਦਾ ਦਹਾਕਾ ਵੀ ਤੇਜ਼ ਸਿਆਸੀ ਧਰੁਵੀਕਰਨ ਅਤੇ ਢਿੱਲੇਪਨ ਨਾਲ ਭਰਿਆ ਹੋਇਆ ਸੀ, ਜਦੋਂ ਇਕ ਬੰਦੂਕ ਅਤੇ ਉਸ ਦੀ ਵਰਤੋਂ ਕਰਨ ਲਈ ਇਕ ਵਿਅਕਤੀ ਇਤਿਹਾਸ ਦੀ ਦਿਸ਼ਾ ਬਦਲ ਸਕਦਾ ਸੀ।

ਘਟਨਾ ਦੇ ਕੁਝ ਹੀ ਘੰਟਿਆਂ ਦੇ ਅੰਦਰ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ, ‘‘ਅਮਰੀਕਾ ’ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਅਸੀਂ ਅਜਿਹੇ ਨਹੀਂ ਹੋ ਸਕਦੇ, ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’’ ਹਾਲਾਂਕਿ ਬਾਈਡੇਨ ਨੇ ਬਾਅਦ ’ਚ ਟ੍ਰੰਪ ਨਾਲ ਫੋਨ ’ਤੇ ਗੱਲ ਵੀ ਕੀਤੀ।

ਆਪਣੇ ਪਿਤਾ ਦੀ ਇਕ ਤਸਵੀਰ ਦੇ ਨਾਲ ਸੋਸ਼ਲ ਮੀਡੀਆ ’ਤੇ ਐਰਿਕ ਟ੍ਰੰਪ ਨੇ ਲਿਖਿਆ, ‘‘ਇਹ ਉਹ ਯੋਧਾ ਹੈ ਜਿਸ ਦੀ ਅਮਰੀਕਾ ਨੂੰ ਲੋੜ ਹੈ।’’

ਪੈਨਸਿਲਵੇਨੀਆ ’ਚ ਹੋਈ ਹਿੰਸਾ ਬੇਸ਼ੱਕ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਰਿਪਬਲਿਕਨ ਸੰਮੇਲਨ ’ਤੇ ਇਕ ਲੰਬਾ ਪਰਛਾਵਾਂ ਪਾਵੇਗੀ। ਸੁਰੱਖਿਆ ਪ੍ਰੋਟੋਕਾਲ ਸਖਤ ਕੀਤੇ ਜਾਣਗੇ ਅਤੇ ਸੰਮੇਲਨ ਵਾਲੀ ਥਾਂ ਦੇ ਨੇੜੇ ਵਿਰੋਧ ਵਿਖਾਵੇ ਅਤੇ ਜਵਾਬੀ ਵਿਰੋਧ ਇਕ ਨਵੀਂ ਗਿਣੀ-ਮਿੱਥੀ ਭਾਵਨਾ ਨਾਲ ਹੋ ਸਕਦੇ ਹਨ। ਟ੍ਰੰਪ ਦੀ ਰੈਲੀ ’ਚ ਸੁਰੱਖਿਆ ਦੇ ਆਪਣੇ ਸੰਚਾਲਨ ਲਈ ਅਮਰੀਕੀ ਸੀਕ੍ਰੇਟ ਸਰਵਿਸ ਨੂੰ ਵੀ ਸਖਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ।

ਕੁਝ ਰਿਪਬਲਿਕਨ ਸਿਆਸਤਦਾਨਾਂ ਨੇ ਟ੍ਰੰਪ ’ਤੇ ਹਮਲੇ ਦੇ ਲਈ ਡੈਮੋਕ੍ਰੇਟਸ ਨੂੰ ਦੋਸ਼ੀ ਠਹਿਰਾਇਆ ਹੈ, ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਵੱਲੋਂ ਅਮਰੀਕੀ ਲੋਕਤੰਤਰ ਲਈ ਪੈਦਾ ਖਤਰੇ ਬਾਰੇ ਗੰਭੀਰ ਬਿਆਨਬਾਜ਼ੀ ਕੀਤੀ ਹੈ।

ਬਾਈਡੇਨ ਮੁਹਿੰਮ ਦਾ ਕੇਂਦਰੀ ਆਧਾਰ ਇਹ ਹੈ ਕਿ ਡੋਨਾਲਡ ਟ੍ਰੰਪ ਇਕ ਸੱਤਾਵਾਦੀ ਫਾਸ਼ੀਵਾਦੀ ਹਨ, ਜਿਨ੍ਹਾਂ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਓਹੀਓ ਸੀਨੇਟਰ ਜੇਡੀ ਵੇਂਸ ਜੋ ਕਥਿਤ ਤੌਰ ’ਤੇ ਟ੍ਰੰਪ ਦੇ ਉਪ-ਰਾਸ਼ਟਰਪਤੀ ਅਹੁਦੇ ਲਈ ਸ਼ਾਰਟਲਿਸਟ ’ਚ ਹਨ, ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਇਹ ਬਿਆਨਬਾਜ਼ੀ ਸਿੱਧੀ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਵੱਲ ਲੈ ਗਈ।’’ ਓਧਰ ਸਪੀਕਰ ਮਾਇਕ ਜਾਨਸਨ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦਾ ਚੈਂਬਰ ਇਸ ਮਾਮਲੇ ਦੀ ਪੂਰੀ ਜਾਂਚ ਕਰੇਗਾ। ਹਾਲਾਂਕਿ ਜਾਂਚ ’ਚ ਦੇਰੀ ਹੋ ਸਕਦੀ ਹੈ।

ਹੁਣ ਦੇ ਲਈ ਇਕ ਗੱਲ ਸਪੱਸ਼ਟ ਹੈ ਕਿ ਚੋਣਾਂ ਦੇ ਸਾਲ ’ਚ ਅਮਰੀਕਾ ਦੀ ਸਿਆਸਤ ਨੇ ਇਕ ਨਵਾਂ ਖਤਰਨਾਕ ਮੋੜ ਲੈ ਲਿਆ ਹੈ। ਅਬ੍ਰਾਹਮ ਲਿੰਕਨ, ਵਿਲੀਅਮ ਮੈਕਿਨਲੇ, ਥਿਓਡੋਰ ਰੂਜ਼ਵੈਲਟ, ਫ੍ਰੈਂਕਲੇਨ ਡੀ. ਰੂਜ਼ਵੈਲਟ, ਜਾਨ ਐੱਫ. ਕੈਨੇਡੀ, ਰਾਬਰਟ ਐੱਫ. ਕੈਨੇਡੀ, ਜਾਰਜ ਵਾਲੇਸ, ਗੇਰਾਲਡ ਫੋਰਡ, ਰੋਨਾਲਡ ਰੀਗਨ ਤੋਂ ਲੈ ਕੇ ਹੁਣ ਡੋਨਾਲਡ ਟ੍ਰੰਪ ਤੱਕ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਸਿਆਸਤ ’ਚ ਗੋਲੀਬਾਰੀ ਦਾ ਲੰਬਾ ਇਤਿਹਾਸ ਰਿਹਾ ਹੈ।

ਟ੍ਰੰਪ ’ਤੇ ਹੋਏ ਹਮਲੇ ਦਾ ਅਮਰੀਕਾ ਅਤੇ ਉਸ ਦੇ ਸਿਆਸੀ ਵਿਚਾਰ ’ਤੇ ਕੀ ਪ੍ਰਭਾਵ ਪਵੇਗਾ, ਇਸ ਦਾ ਅੰਦਾਜ਼ਾ ਲਾਉਣਾ ਔਖਾ ਹੈ। ਟ੍ਰੰਪ ਦੇ ਆਉਣ ਦੇ ਬਾਅਦ ਅਮਰੀਕਾ ’ਚ ਹਿੰਸਾ ਵਧ ਗਈ ਸੀ। ਉੱਥੇ ਹੁਣ ਨਫਰਤ ਅਤੇ ਵੱਖਵਾਦ ਦੀ ਗੱਲ ਚੱਲ ਰਹੀ ਹੈ।

ਸ਼ੁਰੂਆਤੀ ਪ੍ਰਕਿਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਘਟਨਾਕ੍ਰਮ ਦੇ ਬਾਅਦ ਟ੍ਰੰਪ ਦੀ ਜਿੱਤ ਯਕੀਨੀ ਜਾਪ ਰਹੀ ਹੈ। ਹੱਤਿਆ ਦੀ ਕੋਸ਼ਿਸ਼ ਦੇ ਬਾਅਦ 2024 ਦੀਆਂ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟ੍ਰੰਪ ਦੇ ਜਿੱਤਣ ਦੀ ਸੰਭਾਵਨਾ ਰਿਕਾਰਡ 68 ਫੀਸਦੀ ਤੱਕ ਵਧ ਗਈ ਹੈ।

ਟ੍ਰੰਪ ’ਤੇ ਹਮਲਾ ਅਮਰੀਕਾ ਦੇ ਗੰਨ ਕਲਚਰ ਦੀ ਹੀ ਦੇਣ ਹੈ। ਉੱਥੇ ਇਕ ਤਿਹਾਈ ਲੋਕ ਹਥਿਆਰ ਰੱਖਦੇ ਹਨ। ਅਮਰੀਕਾ ’ਚ ਗੰਨ ਕਲਚਰ ਸਕੂਲਾਂ ਅਤੇ ਕਾਲਜਾਂ ’ਚ ਤਾਂ ਆਮ ਹੀ ਸੀ ਪਰ ਹੁਣ ਇਹ ਸਿਆਸਤ ’ਚ ਵੀ ਦਾਖਲ ਹੋ ਗਿਆ ਹੈ। ਇਹ ਮੰਨਣਾ ਔਖਾ ਹੈ ਕਿ ਇਸ ਘਟਨਾ ਦੇ ਬਾਅਦ ਰਿਪਬਲਿਕਨ ਗੰਨ ਕੰਟ੍ਰੋਲ ਲਈ ਕੋਈ ਕਾਨੂੰਨ ਲਿਆਉਣਗੇ। ਸਾਰੇ ਸਵਾਲਾਂ ਤੋਂ ਪਰ੍ਹੇ ਇਹ ਹਮਲਾ ਇਕ ਵਾਰ ਫਿਰ ਅਮਰੀਕਾ ਦੇ ਗੰਨ ਕਲਚਰ ਪ੍ਰਤੀ ਚਿੰਤਾ ਨੂੰ ਵਧਾਉਂਦਾ ਹੈ।
-ਵਿਜੇ ਕੁਮਾਰ


Harpreet SIngh

Content Editor

Related News