ਭਾਰਤ ਨੂੰ ਟਰੰਪ ਦੀਆਂ ਮਿੱਠੀਆਂ ਗੋਲੀਆਂ

07/12/2020 3:44:29 AM

ਡਾ. ਵੇਦਪ੍ਰਤਾਪ ਵੈਦਿਕ

ਭਾਰਤ ਪ੍ਰਤੀ ਅਮਰੀਕੀ ਨੀਤੀ ਵੀ ਅਜੀਬ ਹੈ। ਇਕ ਪਾਸੇ ਉਹ ਸਾਨੂੰ ਚੀਨ ਦੇ ਵਿਰੁੱਧ ਉਕਸਾ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਮਦਦ ਦੀਆਂ ਚੂਸਨੀਆਂ ਲਟਕਾ ਰਿਹਾ ਹੈ ਅਤੇ ਦੂਸਰੇ ਪਾਸੇ ਅਮਰੀਕਾ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਅਮਰੀਕੀ ਸਰਕਾਰ ਨੇ ਹੁਣ ਇਕ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਉਨ੍ਹਾਂ ਸਾਰੇ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾਣਗੇ, ਜੋ ਅੱਜਕਲ ਆਨਲਾਈਨ ਸਿੱਖਿਆ ਲੈ ਰਹੇ ਹਨ। ਅਮਰੀਕਾ ’ਚ ਕੋਰੋਨਾ ਨੇ ਇੰਨਾ ਭਿਆਨਕ ਰੂਪ ਧਾਰਨ ਕੀਤਾ ਹੈ ਕਿ ਲੱਗਭਗ ਸਾਰੀਆਂ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਨੂੰ ਘਰ ਬੈਠ ਕੇ ਇੰਟਰਨੈੱਟ ਰਾਹੀਂ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਅਮਰੀਕਾ ’ਚ ਭਾਰਤ ਦੇ 2 ਲੱਖ ਵਿਦਿਆਰਥੀ ਹਨ। ਜੇਕਰ ਉਨ੍ਹਾਂ ਦੇ ਵੀਜ਼ੇ ਰੱਦ ਹੋ ਗਏ ਤਾਂ ਉਨ੍ਹਾਂ ਸਾਰਿਆਂ ਨੂੰ ਤੁਰੰਤ ਭਾਰਤ ਆਉਣਾ ਪਵੇਗਾ। ਟਰੰਪ ਪ੍ਰਸ਼ਾਸਨ ਕੋਲੋਂ ਪੁੱਛੋ ਕਿ ਇਨ੍ਹਾਂ ਲੱਖਾਂ ਲੋਕਾਂ ਨੂੰ ਭਾਰਤ ਕੌਣ ਲਿਆਵੇਗਾ? ਜੋ ਵਿਦਿਆਰਥੀ ਤਾਲਾਬੰਦੀ ਤੋਂ ਪਹਿਲਾਂ ਛੁੱਟੀਆਂ ’ਚ ਭਾਰਤ ਆ ਗਏ ਸਨ, ਕੀ ਉਹ ਅਮਰੀਕਾ ਜਾ ਕੇ ਆਪਣਾ ਡੋਰਾ-ਡੰਡਾ ਸਮੇਟ ਕੇ ਫਿਰ ਭਾਰਤ ਆਉਣਗੇ?

ਇਨ੍ਹਾਂ ਭਾਰਤੀ ਵਿਦਿਆਰਥੀਆਂ ਦੇ ਸਿਰ ’ਤੇ ਤਾਂ ਟਰੰਪ ਨੇ ਤਲਵਾਰ ਲਟਕਾ ਦਿੱਤੀ ਹੈ, ਉਸ ਤੋਂ ਪਹਿਲਾਂ ਉਨ੍ਹਾਂ ਨੇ ਐੱਚ-1ਬੀ ਵੀਜ਼ਾ ਵੀ ਰੱਦ ਕਰ ਦਿੱਤੇ ਸਨ। ਇਹ ਸਭ ਉਨ੍ਹਾਂ ਨੇ ਕਿਉਂ ਕੀਤਾ? ਇਕ ਪਾਸੇ ਤਾਂ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਯਾਰੀ ਗੰਢਦੇ ਹਨ ਅਤੇ ਦੂਸਰੇ ਪਾਸੇ ਉਹ ਭਾਰਤੀਆਂ ’ਤੇ ਤੇਜ਼ਾਬ ਛਿੜਕਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ ਦਾ ਮੂਲ ਕਾਰਣ ਹੈ, ਉਨ੍ਹਾਂ ਦੀ ਚੋਣ, ਜੋ ਨਵੰਬਰ ’ਚ ਹੋਣ ਵਾਲੀ ਹੈ। ਉਸ ’ਚ ਉਨ੍ਹਾਂ ਨੂੰ ਆਪਣੀ ਬੇੜੀ ਡੁੱਬਦੀ ਨਜ਼ਰ ਆ ਰਹੀ ਹੈ। ਉਹ ਅਮਰੀਕੀ ਵੋਟਰਾਂ ਨੂੰ ਇਹ ਸੰਦੇਸ਼ ਦੇਣਾ ਚਾਹੰੁਦੇ ਹਨ ਕਿ ਭਾਰਤੀਆਂ ਨੂੰ ਭਜਾ ਕੇ ਉਹ ਅਮਰੀਕੀ ਲੋਕਾਂ ਲਈ ਰੋਜ਼ਗਾਰ ਸੁਰੱਖਿਅਤ ਕਰ ਰਹੇ ਹਨ। ਇਹ ਠੀਕ ਹੈ ਕਿ ਅਮਰੀਕਾ ’ਚ ਵਸੇ ਹੋਏ ਵਿਦੇਸ਼ੀਆਂ ’ਚ ਭਾਰਤੀ ਲੋਕ ਸਭ ਤੋਂ ਵੱਧ ਪੜ੍ਹਿਆ-ਲਿਖਿਆ ਅਤੇ ਰੱਜਿਆ-ਪੁੱਜਿਆ ਭਾਈਚਾਰਾ ਹੈ ਪਰ ਿੲਹ ਵੀ ਸੱਚ ਹੈ ਕਿ ਅਮਰੀਕਾ ਦੀ ਖੁਸ਼ਹਾਲੀ ’ਚ ਉਨ੍ਹਾਂ ਦਾ ਯੋਗਦਾਨ ਸਾਰੇ ਪ੍ਰਵਾਸੀਆਂ ਤੋਂ ਸਭ ਤੋਂ ਵੱਧ ਹੈ। ਜੇਕਰ ਸਾਰੇ ਭਾਰਤਵੰਸ਼ੀ ਅਮਰੀਕਾ ’ਚੋਂ ਨਿਕਲ ਆਉਣ ਦਾ ਫੈਸਲਾ ਕਰ ਲੈਣ ਤਾਂ ਅਮਰੀਕਾ ਆਪਣੇ ਗੋਡਿਆਂ ਦੇ ਭਾਰ ਰੀਂਗਣ ਲੱਗੇਗਾ। ਇਸ ਲਈ ਅਮਰੀਕਾ ਦੇ 136 ਕਾਂਗਰਸਮੈਨ ਅਤੇ 30 ਸੈਨੇਟਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਸੰਭਲਣ ਦੀ ਚਿਤਾਵਨੀ ਦਿੱਤੀ ਹੈ ਅਤੇ ਪੁੱਛਿਆ ਹੈ ਕਿ ਇਸ ਕੋੋਰੋਨਾ ਕਾਲ ’ਚ ਕੀ ਟਰੰਪ ਯੂਨੀਵਰਸਿਟੀਆਂ ’ਚ ਕਲਾਸਾਂ ਲਾਉਣ ਲਈ ਉਨ੍ਹਾਂ ਨੂੰ ਮਜਬੂਰ ਕਰਨਗੇ। ਕਈ ਯੂਨੀਵਰਸਿਟੀਆਂ ਨੇ ਇਸ ਸਰਕਾਰੀ ਧੱਕੇਸ਼ਾਹੀ ਦੇ ਵਿਰੁੱਧ ਅਦਾਲਤਾਂ ਦੀ ਸ਼ਰਨ ਲਈ ਹੈ। ਜੇਕਰ ਉਨ੍ਹਾਂ ਨੂੰ ਰਾਹਤ ਨਾ ਮਿਲੀ ਤਾਂ ਵਿਦੇਸ਼ੀ ਵਿਦਿਆਰਥੀਆਂ ਤੋਂ ਪ੍ਰਾਪਤ 45 ਬਿਲੀਅਨ ਡਾਲਰ ਦਾ ਨੁਕਸਾਨ ਉਨ੍ਹਾਂ ਨੂੰ ਭੁਗਤਣਾ ਪਵੇਗਾ। ਟਰੰਪ ਕੀ ਕਰੇ? ਉਹ ਇਨ੍ਹਾਂ ਯੂਨੀਵਰਸਿਟੀਆਂ ਦੀ ਚਿੰਤਾ ਕਰੇ ਜਾਂ ਉਹ ਆਪਣੀ ਕੁਰਸੀ ਬਚਾਵੇ। ਉਸ ਦੀ ਕੁਰਸੀ ਤਾਂ ਕੋਵਿਡ-19 ਨੇ ਹੀ ਹਿਲਾ ਕੇ ਰੱਖੀ ਹੈ। ਭਾਰਤ ਸਰਕਾਰ ਟਰੰਪ ਦੇ ਇਸ ਬੇਢੰਗੇ ਕਦਮ ਦਾ ਵਿਰੋਧ ਸ਼ਾਇਦ ਇਸ ਲਈ ਨਹੀਂ ਕਰੇਗੀ ਕਿ ਸਾਡੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਅਮਰੀਕੀ ਨੇਤਾ ਹਰ ਦੂਸਰੇ ਦਿਨ ਚੀਨ-ਵਿਰੋਧੀ ਮਿੱਠੀਆਂ ਗੋਲੀਆਂ ਦੇ ਕੇ ਟਿਕਾਉਂਦੇ ਰਹਿੰਦੇ ਹਨ।


Bharat Thapa

Content Editor

Related News