ਹੱਥ ਮਿਲਾਉਣ ਦੀ ਰਵਾਇਤ ਦੇਸ਼ ਦੇ ਸਿਆਸੀ ਵਿਕਾਸ ਦਾ ਪ੍ਰਤੀਕ

Monday, Jul 08, 2024 - 01:50 PM (IST)

ਇਹ ਇਕ ਮਹੱਤਵਪੂਰਨ ਮੌਕਾ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦ ’ਚ ਇਕ-ਦੂਜੇ ਨਾਲ ਹੱਥ ਮਿਲਾਇਆ। ਇਹ ਪਿਛਲੇ ਹਫਤੇ ਸਪੀਕਰ ਓਮ ਬਿਰਲਾ ਦੀ ਚੋਣ ਦੇ ਬਾਅਦ ਹੋਇਆ ਸੀ। ਹੱਥ ਮਿਲਾਉਣ ਦੀ ਰਵਾਇਤ ਦੇਸ਼ ਦੇ ਸਿਆਸੀ ਵਿਕਾਸ ਦਾ ਪ੍ਰਤੀਕ ਹੈ। ਇਹ ਰਵਾਇਤ ਇਕ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ। ਇਹ ਸੰਸਦ ਦੇ ਸ਼ੁਰੂਆਤੀ ਦਿਨਾਂ ਤੋਂ ਚਲੀ ਆ ਰਹੀ ਹੈ। ਉਨ੍ਹਾਂ ਦੇ ਵਿਚਾਰਕ ਮਤਭੇਦਾਂ ਦੇ ਬਾਵਜੂਦ ਇਹ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੇ ਦਰਮਿਆਨ ਲੋੜੀਂਦੇ ਸਹਿਯੋਗ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਦੀ ਰਸਮੀ ਮਾਨਤਾ ਨੂੰ ਦਰਸਾਇਆ।

ਕਾਂਗਰਸ ਪਾਰਟੀ ਦੇ ਅੰਦਰ ਨਵੀਂ ਸਰਗਰਮੀ ਹੋਵੇਗੀ ਅਤੇ ਆਪਣੀ ਨਵੀਂ ਭੂਮਿਕਾ ’ਚ ਰਾਹੁਲ ਲਈ ਵੰਗਾਰਾਂ ਹੋਣਗੀਆਂ। ਮੋਦੀ ਦੇ ਰਾਜ ਦੇ 10 ਸਾਲ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਹੈ। ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਅਗਵਾਈ ਫਿਰ ਤੋਂ ਸੰਭਾਲ ਲਈ ਹੈ ਅਤੇ ਮੋਦੀ ਦੀ ਭਾਜਪਾ ਦੇ ਵਿਰੁੱਧ ਚੋਟੀ ਦੇ ਸਿਆਸੀ ਦਾਅਵੇਦਾਰ ਵਜੋਂ ਖੜ੍ਹੇ ਹਨ। ਇਹ ਪਾਰਟੀ ਲਈ ਇਕ ਮਹੱਤਵਪੂਰਨ ਪਲ ਹੈ ਜਿਸ ’ਚ ਕਾਇਆਕਲਪ ਦੀਆਂ ਉੱਚੀਆਂ ਆਸਾਂ ਹਨ। ਉਹ ਇਕ ਸੰਗਠਿਤ ਵਿਰੋਧੀ ਧਿਰ ਦਾ ਨਿਰਮਾਣ ਕਰ ਰਹੇ ਸਨ ਜੋ ਮੋਦੀ ਦੀ ਭਾਜਪਾ ਲਈ ਵੱਧ ਮਜ਼ਬੂਤ ਚੁਣੌਤੀ ਪੇਸ਼ ਕਰ ਸਕਦੀ ਹੈ। ਇਕ ਅਣਇੱਛੁਕ ਨੇਤਾ ਤੋਂ ਇਕ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਦੀ ਤਬਦੀਲੀ ਉਨ੍ਹਾਂ ਦੇ ਸਿਆਸੀ ਵਿਕਾਸ ਨੂੰ ਦਰਸਾਉਂਦੀ ਹੈ।

2 ਮਹੀਨਿਆਂ ਦੀ ਭਾਰਤ ਜੋੜੋ ਪੈਦਲ ਯਾਤਰਾ ਸ਼ੁਰੂ ਕਰਨ ਦੇ ਬਾਅਦ ਉਨ੍ਹਾਂ ਦੀ ਹਰਮਨਪਿਆਰਤਾ ਵਧ ਗਈ ਜਿਸ ਕਾਰਨ ਕਾਂਗਰਸ ਨੇ 2024 ’ਚ 2019 ’ਚ ਜਿੱਤੀਆਂ ਗਈਆਂ ਸੀਟਾਂ ਨਾਲੋਂ ਦੁੱਗਣੀਆਂ ਸੀਟਾਂ ਹਾਸਲ ਕੀਤੀਆਂ। ਇਸ ਦਾ ਮਕਸਦ ਲੋਕਾਂ ਨਾਲ ਜੁੜਨਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ਇਕ ਹੋਰ ਯਾਤਰਾ ਕੀਤੀ। ਰਾਹੁਲ ਗਾਂਧੀ ਦੀ ਸਿਆਸੀ ਯਾਤਰਾ ਜੋ 2004 ’ਚ ਅਮੇਠੀ ਤੋਂ ਸੰਸਦ ਮੈਂਬਰ ਬਣਨ ਦੇ ਨਾਲ ਸ਼ੁਰੂ ਹੋਈ ਸੀ, ਉਨ੍ਹਾਂ ਦੇ ਲਚਕੀਲੇਪਨ ਦਾ ਸਬੂਤ ਹੈ।

ਪਿਛਲੇ 2 ਦਹਾਕਿਆਂ ’ਚ ਉਨ੍ਹਾਂ ਨੇ ਕਈ ਵੰਗਾਰਾਂ, ਆਲੋਚਨਾਵਾਂ ਅਤੇ ਖੁੰਝੇ ਹੋਏ ਮੌਕਿਆਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਕੁਝ ਸਾਲਾਂ ਤੱਕ ਪਾਰਟੀ ਪ੍ਰਧਾਨ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੀ ਸਿਆਸੀ ਯਾਤਰਾ ਉਨ੍ਹਾਂ ਦੀ ਅਗਵਾਈ ਦੇ ਗੁਣਾਂ ਬਾਰੇ ਸ਼ੱਕ ਅਤੇ ਆਲੋਚਨਾ ਨਾਲ ਭਰੀ ਰਹੀ। ਹਾਲਾਂਕਿ, ਉਹ ਮਜ਼ਬੂਤ ਅਤੇ ਦ੍ਰਿੜ੍ਹ ਬਣੇ ਰਹੇ ਅਤੇ ਪੀ. ਐੱਮ. ਮੋਦੀ ਦੇ ਭਰੋਸੇਯੋਗ ਵਿਰੋਧੀ ਬਣ ਗਏ। ਮਹੱਤਵਪੂਰਨ ਅਹੁਦਿਆਂ ’ਤੇ ਰਹਿਣ ਦੇ ਬਾਵਜੂਦ, ਰਾਹੁਲ ਮਹੱਤਵਪੂਰਨ ਸਮੇਂ ’ਤੇ ਗਾਇਬ ਹੋ ਜਾਂਦੇ ਹਨ। ਉਨ੍ਹਾਂ ਨੇ ਯੂ. ਪੀ. ਏ. ਦੇ 10 ਸਾਲਾਂ ਦੌਰਾਨ ਕੈਬਨਿਟ ਮੰਤਰੀ ਵਜੋਂ ਕੰਮ ਨਾ ਕਰਨ ਦਾ ਫੈਸਲਾ ਕੀਤਾ, ਇਸ ਦੀ ਬਜਾਏ ਪਾਰਟੀ ’ਤੇ ਧਿਆਨ ਕੇਂਦ੍ਰਿਤ ਕੀਤਾ। ਮਜ਼ਾਕ ਦੇ ਬਾਵਜੂਦ, ਉਹ ਆਪਣੇ ਪਿਤਾ ਰਾਜੀਵ ਗਾਂਧੀ ਅਤੇ ਆਪਣੀ ਮਾਂ ਸੋਨੀਆ ਗਾਂਧੀ ਦੇ ਨਕਸ਼ੇ-ਕਦਮ ’ਤੇ ਚੱਲਦੇ ਹੋਏ ਅੱਜ ਵਿਰੋਧੀ ਧਿਰ ਦੇ ਨੇਤਾ ਬਣ ਗਏ।

18ਵੀਂ ਲੋਕ ਸਭਾ ਦੇ ਸੰਖੇਪਤ ਉਦਘਾਟਨੀ ਸੈਸ਼ਨ ਦੌਰਾਨ, ਰਾਹੁਲ ਨੇ ਇਕ ਭਰੋਸੇਯੋਗ ਵਿਰੋਧੀ ਧਿਰ ਦੇ ਨੇਤਾ ਵਜੋਂ ਕੰਮ ਕੀਤਾ। ਉਨ੍ਹਾਂ ਨੇ ਮਣੀਪੁਰ ਦੀ ਹਾਲਤ, ਅਗਨੀਪੱਥ ਯੋਜਨਾ, ਨੀਟ ਪ੍ਰੀਖਿਆ ਅਤੇ ਸੰਵਿਧਾਨ ਸਮੇਤ ਕਈ ਮੁੱਦਿਆਂ ’ਤੇ ਮੋਦੀ ਸਰਕਾਰ ’ਤੇ ਹਮਲਾ ਕੀਤਾ। ਇਸ ਦੇ ਇਲਾਵਾ, ਮੌਜੂਦਾ ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਵੱਧ ਮਹੱਤਵਪੂਰਨ ਹਾਜ਼ਰੀ ਹੈ। 543 ਮੈਂਬਰਾਂ ਵਾਲੇ ਸਦਨ ’ਚ ਐੱਨ. ਡੀ. ਏ. ਦੇ 292 ਮੈਂਬਰਾਂ ਦੀ ਤੁਲਨਾ ’ਚ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਬਲਾਕ ’ਚ 234 ਮੈਂਬਰ ਅਤੇ 3 ਆਜ਼ਾਦ ਸੰਸਦ ਮੈਂਬਰਾਂ ਦਾ ਸਮਰਥਨ ਹੈ।

ਅਣਉਚਿਤ ਗਿਣਤੀ ਦੇ ਕਾਰਨ ਕਾਂਗਰਸ ਵਿਰੋਧੀ ਪਾਰਟੀ ਦਾ ਦਰਜਾ ਹਾਸਲ ਨਹੀਂ ਕਰ ਸਕੀ। ਰਾਹੁਲ ਦੇ ਕਈ ਹਮਲਿਆਂ ਨੇ ਭਾਜਪਾ ਨੂੰ ਵੀ ਹਿਲਾ ਕੇ ਰੱਖ ਦਿੱਤਾ, ਜਦੋਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਕਈ ਲੋਕ ਹਿੰਦੂ ਨਹੀਂ ਹਨ ਤਾਂ ਭਾਜਪਾ ਨੇ ਵੀ ਮੋੜਵਾਂ ਵਾਰ ਕੀਤਾ। ਉਨ੍ਹਾਂ ਦੇ ਉਦਘਾਟਨੀ ਭਾਸ਼ਣ ਨੇ ਦੋਵਾਂ ਧਿਰਾਂ ਦਰਮਿਆਨ ਇਕ ਵੱਡਾ ਟਕਰਾਅ ਸ਼ੁਰੂ ਕਰ ਦਿੱਤਾ।

ਪਹਿਲੇ ਸੈਸ਼ਨ ਦੇ ਅਖੀਰ ’ਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਦੇ ਮਤੇ ਦਾ ਜਵਾਬ ਦਿੱਤਾ। ਉਨ੍ਹਾਂ ਨੇ ਰਾਹੁਲ ਗਾਂਧੀ-ਜੋ ਹੁਣ ਵਿਰੋਧੀ ਧਿਰ ਦੇ ਨੇਤਾ ਹਨ-ਨੂੰ ‘ਬਾਲਕ ਬੁੱਧੀ’ ਦੇ ਰੂਪ ’ਚ ਵਰਣਿਤ ਕੀਤਾ, ਜਿਸ ਦਾ ਭਾਵ ਹੈ ਕਿ ਉਹ ਇਕ ਬੱਚੇ ਵਾਂਗ ਦਿਮਾਗ ਵਾਲੇ ਬਾਲਗ ਵਿਅਕਤੀ ਹਨ। ਮੋਦੀ ਵੱਲੋਂ ਇਸ ਸ਼ਬਦ ਦੀ ਵਰਤੋਂ ਰਾਹੁਲ ਦੀ ਅਗਵਾਈ ਸ਼ੈਲੀ ਲਈ ਇਕ ਨਿਰਾਦਰਯੋਗ ਸੰਦਰਭ ਸੀ ਜਿਸ ਦਾ ਭਾਵ ਹੈ ਕਿ ਉਹ ਪਰਿਪੱਕ ਨਹੀਂ ਹਨ ਅਤੇ ਉਨ੍ਹਾਂ ’ਚ ਇਕ ਸਿਆਸੀ ਆਗੂ ਵਜੋਂ ਲੋੜੀਂਦੀ ਸਿਆਣਪ ਦੀ ਘਾਟ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ‘‘ਇਸ ਵਿਅਕਤੀ ਨੇ ਮੈਨੂੰ ਮਾਰਿਆ, ਉਸ ਵਿਅਕਤੀ ਨੇ ਮੈਨੂੰ ਮਾਰਿਆ, ਮੈਨੂੰ ਇੱਥੇ ਮਾਰਿਆ ਗਿਆ, ਮੈਨੂੰ ਉੱਥੇ ਮਾਰਿਆ ਗਿਆ...ਇਹ ਨਾਟਕ ਹਮਦਰਦੀ ਹਾਸਲ ਕਰਨ ਲਈ ਖੇਡਿਆ ਜਾ ਰਿਹਾ ਹੈ।’’

ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਕੋਲ ਹੁਣ ਨਵੀਆਂ ਜ਼ਿੰਮੇਵਾਰੀਆਂ ਹਨ ਜੋ ਭਾਰਤੀ ਸਿਆਸਤ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ, ਮਹੱਤਵਪੂਰਨ ਮੁੱਦਿਆਂ ਨੂੰ ਉਠਾਉਣ, ਵਿਰੋਧੀ ਧਿਰ ਨੂੰ ਇਕਜੁੱਟ ਰੱਖਣ ਅਤੇ ਆਪਣੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਸੰਸਦੀ ਨਿਯਮਾਂ ਅਤੇ ਵਿਨਿਯਮਾਂ ’ਚ ਨਿਪੁੰਨਤਾ ਹਾਸਲ ਕਰਨੀ ਹੋਵੇਗੀ ਅਤੇ ਵਿਰੋਧੀ ਧਿਰ ਦੀ ਅਸਰਦਾਇਕ ਢੰਗ ਨਾਲ ਪ੍ਰਤੀਨਿਧਤਾ ਕਰਨ ਲਈ ਵਿਵਹਾਰਕ ਸੰਚਾਰ ਹੁਨਰ ਵਿਕਸਿਤ ਕਰਨਾ ਹੋਵੇਗਾ। ਇਨ੍ਹਾਂ ਜ਼ਿੰਮੇਵਾਰੀਆਂ ਦਾ ਭਾਰ ਮਹੱਤਵਪੂਰਨ ਹੈ ਅਤੇ ਇਹ ਭਾਰਤੀ ਸਿਆਸਤ ਦੇ ਭਵਿੱਖ ਨੂੰ ਆਕਾਰ ਦੇਵੇਗਾ। ਉਹ ਲੋਕ ਲੇਖਾ ਕਮੇਟੀ ਦੇ ਮੁਖੀ ਵੀ ਬਣ ਸਕਦੇ ਹਨ, ਇਹ ਅਹੁਦਾ ਆਮ ਤੌਰ ’ਤੇ ਸੰਸਦ ’ਚ ਵਿਰੋਧੀ ਧਿਰ ਨੂੰ ਦਿੱਤਾ ਜਾਂਦਾ ਹੈ। ਇਸ ਨਾਲ ਉਨ੍ਹਾਂ ਨੂੰ ਹੋਰ ਸੰਸਦੀ ਕਮੇਟੀਆਂ ਲਈ ਮੈਂਬਰਾਂ ਦੀ ਚੋਣ ਕਰਨ ਅਤੇ ਭਾਰਤ ਦੇ ਕੁਝ ਸਭ ਤੋਂ ਪ੍ਰਭਾਵਸ਼ਾਲੀ ਸਿਵਲ ਸੇਵਕਾਂ ਨੂੰ ਚੁਣਨ ’ਚ ਹਿੱਸਾ ਲੈਣ ਦਾ ਮੌਕਾ ਮਿਲੇਗਾ।

ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਨੇ ਮੋਦੀ ਅਤੇ ਨਵੇਂ ਸਪੀਕਰ ਓਮ ਬਿਰਲਾ ਨੂੰ ਵੰਗਾਰਿਆ। ਉਨ੍ਹਾਂ ਨੇ ਸਪੀਕਰ ਨੂੰ ਕਿਹਾ, ‘‘ਅਸਲੀ ਸਵਾਲ ਇਹ ਨਹੀਂ ਹੈ ਕਿ ਸਦਨ ਕਿੰਨੀ ਚੰਗੀ ਤਰ੍ਹਾਂ ਚੱਲ ਰਿਹਾ ਹੈ ਸਗੋਂ ਇਹ ਹੈ ਕਿ ਕੀ ਇਹ ਚੱਲ ਰਿਹਾ ਹੈ ਅਤੇ ਲੋਕਾਂ ਦੀ ਆਵਾਜ਼ ਕਿੰਨੀ ਸੁਣੀ ਜਾ ਰਹੀ ਹੈ।’’ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਦਰਮਿਆਨ ਚੱਲ ਰਹੀ ਲੜਾਈ ਸੰਸਦੀ ਸੈਸ਼ਨਾਂ ਤੋਂ ਪਰ੍ਹੇ ਵੀ ਜਾਰੀ ਰਹਿਣ ਦੀ ਆਸ ਹੈ। ਇਹ ਲੜਾਈ ਸੰਸਦ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ’ਤੇ ਹੋਵੇਗੀ। ਰਾਹੁਲ ਸੰਸਦ ’ਚ ਪਹਿਲੇ ਪੰਨੇ ’ਤੇ ਧਿਆਨ ਖਿੱਚਣ ’ਚ ਕਾਮਯਾਬ ਰਹੇ ਹਨ ਅਤੇ ਉਨ੍ਹਾਂ ਨੇ ਚੰਗੀ ਸ਼ੁਰੂਆਤ ਕੀਤੀ ਹੈ।

ਕਲਿਆਣੀ ਸ਼ੰਕਰ


Tanu

Content Editor

Related News