ਖੁਰਾਕ ਪਦਾਰਥਾਂ ’ਚ ਮਿਲਾਵਟ ਕਰਨ ਵਾਲੇ ਸਖਤ ਸਜ਼ਾ ਦੇ ਯੋਗ ਹਨ

Thursday, Oct 24, 2024 - 04:02 AM (IST)

ਅੱਜ ਦੇਸ਼ ’ਚ ਕਈ ਚੀਜ਼ਾਂ ’ਚ ਮਿਲਾਵਟ ਪਾਈ ਜਾ ਰਹੀ ਹੈ। ਇਥੋਂ ਤਕ ਕਿ ਸਿਹਤ ਲਈ ਜ਼ਰੂਰੀ ਦੁੱਧ, ਘਿਓ ਅਤੇ ਪਨੀਰ ਆਦਿ ਉਤਪਾਦ ਵੀ ਮਿਲਾਵਟ ਰਹਿਤ ਨਹੀਂ ਹਨ, ਜਿਨ੍ਹਾਂ ਦੀਆਂ ਇਸੇ ਮਹੀਨੇ ਦੀਆਂ 10 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 12 ਅਕਤੂਬਰ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਫੂਡ ਸੇਫਟੀ ਵਿਭਾਗ ਨੇ ਇਕ ਗੋਦਾਮ ’ਤੇ ਛਾਪਾ ਮਾਰ ਕੇ 800 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ।
* 14 ਅਕਤੂਬਰ ਨੂੰ ਲੁਧਿਆਣਾ ’ਚ ਬੀਕਾਨੇਰ ਤੋਂ ਮਠਿਆਈਆਂ ਬਣਾਉਣ ਲਈ ਮੰਗਵਾਇਆ ਗਿਆ 600 ਕਿਲੋ ਮਿਲਾਵਟੀ ਮਾਵਾ (ਖੋਇਆ) ਜ਼ਬਤ ਕੀਤਾ ਗਿਆ।
* 15 ਅਕਤੂਬਰ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ’ਚ ਗੰਗੋਹ ’ਚ 62 ਕਿਲੋ ਤਿਆਰ ਨਕਲੀ ਦੇਸੀ ਘਿਓ ਦੇ ਨਾਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 16 ਅਕਤੂਬਰ ਨੂੰ ਰੁੜਕੀ (ਉੱਤਰਾਖੰਡ) ’ਚ ਇਕ ਵਾਹਨ ’ਚੋਂ 10 ਕੁਇੰਟਲ ਨਕਲੀ ਪਨੀਰ ਜ਼ਬਤ ਕੀਤਾ ਗਿਆ।
* 17 ਅਕਤੂਬਰ ਨੂੰ ਜੈਪੁਰ ਦੇ ‘ਕੇਸ਼ਯਾਵਾਲਾ’ ਵਿਚ ਨਕਲੀ ਘਿਓ ਬਣਾਉਣ ਵਾਲੀ ਫੈਕਟਰੀ ’ਚੋਂ 954 ਕਿਲੋ ਦੇਸੀ ਘਿਓ ਦੇ ਨਾਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 18 ਅਕਤੂਬਰ ਨੂੰ ਸੀਕਰ (ਰਾਜਸਥਾਨ) ’ਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ 270 ਲਿਟਰ ਮਿਲਾਵਟੀ ਦੇਸੀ ਘਿਓ ਜ਼ਬਤ ਕੀਤਾ।
*18 ਅਕਤੂਬਰ ਨੂੰ ਹੀ ਅਲਵਰ (ਰਾਜਸਥਾਨ) ’ਚ ਫੂਡ ਸੇਫਟੀ ਵਿਭਾਗ ਨੇ 150 ਕਿਲੋ ਖਰਾਬ ਪਨੀਰ ਅਤੇ 400 ਲੀਟਰ ਮਿਲਾਵਟੀ ਦੁੱਧ ਨਸ਼ਟ ਕਰਵਾਇਆ।
* 18 ਅਕਤੂਬਰ ਨੂੰ ਹੀ ਦਿੱਲੀ ’ਚ ਫੂਡ ਸੇਫਟੀ ਵਿਭਾਗ ਨੇ ‘ਮੋਰੀ ਗੇਟ’ ਸਥਿਤ ਥੋਕ ਖੋਇਆ ਮੰਡੀ ’ਚ ਛਾਪੇਮਾਰੀ ਕਰ ਕੇ 430 ਕਿਲੋ ਮਿਲਾਵਟੀ ਖੋਇਆ ਜ਼ਬਤ ਕੀਤਾ।
* 20 ਅਕਤੂਬਰ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਬੱਸ ਰਾਹੀਂ ਇੰਦੌਰ ਭੇਜਿਆ ਗਿਆ ਮਿਲਾਵਟੀ 1000 ਕਿਲੋ ਮਾਵਾ (ਖੋਇਆ) ਜ਼ਬਤ ਕੀਤਾ ਗਿਆ।
* 20 ਅਕਤੂਬਰ ਨੂੰ ਹੀ ਬੀਕਾਨੇਰ ’ਚ 795 ਕਿਲੋ ਨਕਲੀ ਘਿਓ ਫੜਿਆ ਗਿਆ।
* 20 ਅਕਤੂਬਰ ਨੂੰ ਹੀ ਰਾਏਬਰੇਲੀ (ਉੱਤਰ ਪ੍ਰਦੇਸ਼) ’ਚ ਛਾਪੇਮਾਰੀ ਦੌਰਾਨ ਲਗਭਗ 70 ਕੁਇੰਟਲ ਸਿੰਥੈਟਿਕ ਪਨੀਰ ਅਤੇ 14 ਬੋਰੀਆਂ ਮਿਲਕ ਪਾਊਡਰ ਜ਼ਬਤ ਕੀਤਾ ਗਿਆ।
* 23 ਅਕਤੂਬਰ ਨੂੰ ਭੀਲਵਾੜਾ (ਰਾਜਸਥਾਨ) ’ਚ 1000 ਕਿਲੋ ਮਿਲਾਵਟੀ ਮਾਵਾ (ਖੋਇਆ) ਅਤੇ ਇਸ ਨਾਲ ਬਣੀਆਂ ਮਠਿਆਈਆਂ ਜ਼ਬਤ ਕੀਤੀਆਂ ਗਈਆਂ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਖਲ ਇਕ ਜਨਹਿਤ ਪਟੀਸ਼ਨ ’ਚ ਪਟੀਸ਼ਨਰ ਐਡਵੋਕੇਟ ਸੁਨੈਨਾ ਨੇ ਕਿਹਾ ਹੈ ਕਿ ਪੰਜਾਬ ’ਚ ਦੇਸੀ ਘਿਓ ਦੇ 21 ਫੀਸਦੀ ਅਤੇ ਖੋਏ ਦੇ 26 ਫੀਸਦੀ ਨਮੂਨੇ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਕਰਨ ’ਚ ਅਸਫਲ ਰਹੇ ਹਨ।
ਪਟੀਸ਼ਨਰ ਨੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਰਤ ਦੇ 70 ਫੀਸਦੀ ਤੋਂ ਵੱਧ ਦੁੱਧ ਉਤਪਾਦ ਰਾਸ਼ਟਰੀ ਖੁਰਾਕ ਸੁਰੱਖਿਆ ਮਾਪਦੰਡਾਂ ’ਤੇ ਪੂਰੇ ਨਹੀਂ ਉਤਰਦੇ ਹਨ। ਇਸ ਲਈ ਜੇ ਭਾਰਤ ਦੇ ਦੁੱਧ ਉਤਪਾਦਾਂ ਦੀ ਜਾਂਚ ਨਾ ਕੀਤੀ ਗਈ ਤਾਂ 2025 ਤੱਕ 87 ਫੀਸਦੀ ਭਾਰਤੀ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
ਪਟੀਸ਼ਨਰ ਅਨੁਸਾਰ ਵਿਗਿਆਨ ਅਤੇ ਤਕਨੀਕੀ ਮੰਤਰਾਲਾ ਦੀ ਰਿਪੋਰਟ ਅਨੁਸਾਰ 89.2 ਫੀਸਦੀ ਦੁੱਧ ਉਤਪਾਦਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਲਾਵਟ ਪਾਈ ਗਈ ਹੈ। ਇਸ ਦੇ ਪਿਛੋਕੜ ’ਚ ਪਟੀਸ਼ਨਰ ਵਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਕਿ ਸੂਬਾ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਕੇ ਦੁੱਧ ਅਤੇ ਉਸ ਤੋਂ ਬਣਨ ਵਾਲੇ ਉਤਪਾਦਾਂ ਦੀ ਰੈਗੂਲਰ ਜਾਂਚ ਯਕੀਨੀ ਕੀਤੀ ਜਾਵੇ।
ਪਟੀਸ਼ਨਰ ਅਨੁਸਾਰ ਨਕਲੀ ਦੁੱਧ ਬਣਾਉਣ ’ਚ ਡਿਟਰਜੈਂਟ, ਕਾਸਟਿਕ ਸੋਡਾ, ਸਫੈਦ ਪੇਂਟ, ਹਾਈਡ੍ਰੋਪੈਰਾਆਕਸਾਈਡ ਵਨਸਪਤੀ ਤੇਲ, ਫਰਟੀਲਾਈਜ਼ਰ ਵਰਗੇ ਖਤਰਨਾਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਪਟੀਸ਼ਨ ’ਚ ਇਸ ਮਾਮਲੇ ’ਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਉਕਤ ਪਟੀਸ਼ਨ ’ਤੇ ਸਖਤ ਰਵੱਈਆ ਅਪਣਾਉਂਦੇ ਹੋਏ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਪੰਜਾਬ ’ਚ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਦੀ ਵਿਕਰੀ ਦੀ ਵਧਦੀ ਸਮੱਸਿਆ ’ਤੇ ਕਾਬੂ ਪਾਉਣ ’ਚ ਸਰਕਾਰ ਨਾਕਾਮ ਦਿਖਾਈ ਦੇ ਰਹੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਜਿਥੇ ਮਾਣਯੋਗ ਅਦਾਲਤ ਨੇ ਇਸ ਸੰਬੰਧ ’ਚ ਸੂਬ ਸਰਕਾਰ ਤੋਂ ਜਵਾਬ ਮੰਗਿਆ ਹੈ ਉਥੇ ਸ਼ਿਵ ਸੈਨਾ ਸਮਾਜਵਾਦੀ ਵਲੋਂ ਜਲੰਧਰ ’ਚ ਸਿਵਲ ਸਰਜਨ ਦਫਤਰ ’ਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਮਠਿਆਈ ਬਣਾਉਣ ਲਈ ਸਿੰਥੈਟਿਕ ਦੁੱਧ ਅਤੇ ਘਟੀਆ ਕੁਆਲਿਟੀ ਦੇ ਪਨੀਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਮਿਲਾਵਟੀ ਦੁੱਧ ਨਾਲ ਪੇਟ ’ਚ ਮਰੋੜ, ਬਦਹਜ਼ਮੀ, ਕਬਜ਼, ਹੈਜ਼ਾ, ਚਮੜੀ ਦੇ ਰੋਗ, ਡਾਇਰੀਆ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ ਜਦਕਿ ਜ਼ਿਆਦਾ ਮਾਤਰਾ ’ਚ ਨਕਲੀ ਖੋਏ ਤੋਂ ਬਣੀ ਮਠਿਆਈ ਖਾਣ ਨਾਲ ਲੀਵਰ ਨੂੰ ਨੁਕਸਾਨ ਤੋਂ ਇਲਾਵਾ ਕੈਂਸਰ ਤਕ ਹੋ ਸਕਦਾ ਹੈ ਅਤੇ ਕਿਡਨੀਆਂ ਵੀ ਫੇਲ ਹੋ ਸਕਦੀਆਂ ਹਨ।
ਇਸ ਲਈ ਦੁੱਧ ਅਤੇ ਹੋਰ ਖੁਰਾਕ ਪਦਾਰਥਾਂ ’ਚ ਮਿਲਾਵਟ ਕਰ ਕੇ ਲੋਕਾਂ ਨੂੰ ਬੀਮਾਰ ਕਰਨ ਵਾਲੇ ਮਿਲਾਵਟਖੋਰ ਵਪਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਤਾਂ ਕਿ ਉਹ ਆਪਣੀਆਂ ਸਮਾਜ ਵਿਰੋਧੀ ਕਰਤੂਤਾਂ ਤੋਂ ਬਾਜ਼ ਆਉਣ।
–ਵਿਜੇ ਕੁਮਾਰ


Inder Prajapati

Content Editor

Related News