ਧੀਆਂ ਦਾ ਰੁਤਬਾ ਤਾਂ ਵਧਿਆ ਪਰ ਕਿੰਨੀਆਂ ਸੁਰੱਖਿਅਤ

05/22/2024 4:18:10 PM

ਭਾਰਤੀ ਸਮਾਜ ’ਚ ਧੀਆਂ ਨੂੰ ਸ਼ਕਤੀ ਦੇ ਰੂਪ ’ਚ ਪੂਜਿਆ ਜਾਂਦਾ ਹੈ। ਕੋਈ ਵੀ ਸ਼ੁੱਭ ਕਾਰਜ ਕੰਨਿਆ ਪੂਜਣ ਤੋਂ ਸ਼ੁਰੂ ਹੁੰਦਾ ਹੈ ਪਰ ਉਸੇ ਭਾਰਤ ’ਚ ਕਿਸੇ ਸਮੇਂ ਧੀਆਂ ਨੂੰ ਨਾ ਪੜ੍ਹਾਇਆ ਜਾਂਦਾ ਸੀ, ਨਾ ਨੌਕਰੀ ਕਰਨ ਦਿੱਤੀ ਜਾਂਦੀ ਸੀ, ਸਿਰਫ ਸੁੱਖ-ਦੁੱਖ ’ਚ ਆਪਣੇ ਸਹੁਰੇ ਘਰ ਰਹਿਣ ਦੀ ਸਿੱਖਿਆ ਦੇ ਕੇ ਘਰ ਤੋਂ ਵਿਦਾ ਕਰ ਦਿੱਤਾ ਜਾਂਦਾ ਸੀ ਪਰ ਅੱਜ ਵਕਤ ਦਾ ਪਹੀਆ ਇਸ ਕਦਰ ਘੁੰਮਿਆ ਹੈ ਕਿ ਧੀਆਂ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਸਮਾਜ ਦਾ ਅਜਿਹਾ ਕੋਈ ਖੇਤਰ ਨਹੀਂ ਹੈ ਜਿਸ ’ਚ ਧੀਆਂ ਨੇ ਆਪਣੀ ਕਾਬਲੀਅਤ ਦੇ ਝੰਡੇ ਨਾ ਗੱਡੇ ਹੋਣ। ਚਹੁੰ ਪਾਸੇ ਧੀਆਂ ਦੀ ਬਿਹਤਰੀ ਦਾ ਝੰਡਾ ਉਚਾਈਆਂ ਨੂੰ ਛੋਹ ਰਿਹਾ ਹੈ। ਭਾਵੇਂ ਖੇਡ ਦਾ ਮੈਦਾਨ ਹੋਵੇ ਜਾਂ ਫੌਜ ਦੇ ਯੁੱਧ ਦਾ ਮੈਦਾਨ ਜਾਂ ਸਿੱਖਿਆ ਦਾ ਮੰਦਰ, ਸਕੂਲ ਜਾਂ ਹੱਥਾਂ ’ਚ ਗੱਡੀਆਂ ਦੇ ਸਟੇਅਰਿੰਗ ਜਾਂ ਸਿਆਸਤ ਜਾਂ ਕਾਰੋਬਾਰੀ ਜਗਤ, ਹਰ ਇਕ ਦਿਸ਼ਾ ’ਚ ਧੀਆਂ ਨਵੀਆਂ ਮੰਜ਼ਿਲਾਂ ਸਰ ਕਰ ਰਹੀਆਂ ਹਨ।

ਅੱਜ ਦੇ ਦੌਰ ’ਚ ਧੀਆਂ ਦਾ ਸਿਆਸਤ ਤੋਂ ਲੈ ਕੇ ਪ੍ਰਸ਼ਾਸਨ ਤੱਕ ’ਚ ਰੁਤਬਾ ਹੈ। ਉਹ ਆਪਣੀ ਕਾਰਜਕੁਸ਼ਲਤਾ ਨਾਲ ਸੂਬੇ, ਪਰਿਵਾਰ ਅਤੇ ਸਮਾਜ ਦਾ ਨਾਂ ਰੋਸ਼ਨ ਕਰ ਰਹੀਆਂ ਹਨ ਪਰ ਇਸੇ ਸਿੱਕੇ ਦੇ ਦੂਜੇ ਪਹਿਲੂ ’ਤੇ ਗੌਰ ਕਰੀਏ ਤਾਂ ਸਮਾਜ ’ਚ ਬੇਟੀਆਂ ਅਤੇ ਔਰਤਾਂ ਪ੍ਰਤੀ ਅਪਰਾਧ ਦਿਨ ਦੁੱਗਣੀ, ਰਾਤ ਚੌਗੁਣੀ ਰਫਤਾਰ ਨਾਲ ਵਧਦੇ ਜਾ ਰਹੇ ਹਨ, ਭਾਵੇਂ ਜਬਰ-ਜ਼ਨਾਹ ਹੋਵੇ, ਹਿੰਸਾ, ਤਸ਼ੱਦਦ ਜਾਂ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਹੋਣ। ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ’ਚ ਕੋਈ ਨਾ ਕੋਈ ਘਟਨਾ ਦੇਖਣ ਨੂੰ ਮਿਲ ਜਾਂਦੀ ਹੈ। ਸਾਰੇ ਕਾਨੂੰਨਾਂ ਅਤੇ ਤਰੀਕਿਆਂ ਨੂੰ ਅਪਣਾਉਣ ਪਿੱਛੋਂ ਵੀ ਅਸੀਂ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧ ਰੋਕਣ ’ਚ ਅਸਫਲ ਰਹੇ ਹਾਂ, ਇਸ ਲਈ ਜ਼ਰੂਰੀ ਹੈ ਕਿ ਸਮੱਸਿਆ ਦਾ ਹੱਲ ਕਰਨ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਆਖਿਰ ਇਨ੍ਹਾਂ ਅਪਰਾਧਾਂ ਦਾ ਮੂਲ ਕਾਰਨ ਕੀ ਹੈ? ਇਸ ਦੇ ਕਈ ਕਾਰਨ ਹੋ ਸਕਦੇ ਹਨ, ਅਦਾਲਤ ’ਚ ਔਰਤਾਂ ਖਿਲਾਫ ਅਪਰਾਧ ਦੇ ਮਾਮਲਿਆਂ ਦਾ ਲੰਬੇ ਸਮੇਂ ਤੱਕ ਪੈਂਡਿੰਗ ਪਏ ਰਹਿਣਾ, ਸਜ਼ਾ ਦਿੱਤੇ ਜਾਣ ਦੀ ਦਰ ’ਚ ਕਮੀ, ਜਾਂਚ ਕਰਨ ਵਾਲੇ ਅਧਿਕਾਰੀਆਂ ਵਲੋਂ ਔਰਤਾਂ ਨਾਲ ਚੰਗਾ ਵਤੀਰਾ ਨਾ ਕੀਤਾ ਜਾਣਾ ਭਾਵ ਔਰਤਾਂ ਨੂੰ ਪੀੜਤ ਨਹੀਂ, ਸਗੋਂ ਅਪਰਾਧੀ ਦੀ ਨਜ਼ਰ ਨਾਲ ਦੇਖਣਾ ਆਦਿ।

ਕੁਝ ਤਰੀਕੇ ਅਪਣਾ ਕੇ ਔਰਤਾਂ ਖਿਲਾਫ ਹੋਣ ਵਾਲੀ ਹਿੰਸਾ ’ਤੇ ਕਾਫੀ ਹੱਦ ਤੱਕ ਰੋਕ ਲਾਈ ਜਾ ਸਕਦੀ ਹੈ। ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਸਰਕਾਰ ਵਲੋਂ ਸਾਰੇ ਪੱਧਰਾਂ ’ਤੇ ਔਰਤਾਂ ਦੀ ਪ੍ਰਤੀਨਿਧਤਾ ਨੂੰ ਉਤਸ਼ਾਹਿਤ ਕੀਤਾ ਜਾਵੇ, ਫਾਸਟ ਟ੍ਰੈਕ ਕੋਰਟਾਂ ਦੀ ਸਥਾਪਨਾ ਕੀਤੀ ਜਾਵੇ, ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਖਿਲਾਫ ਆਵਾਜ਼ ਉਠਾਉਣ ਵਾਲੀਆਂ ਸੰਸਥਾਵਾਂ ਨੂੰ ਮਜ਼ਬੂਤ ਬਣਾਇਆ ਜਾਵੇ, ਔਰਤਾਂ ਦੇ ਥਾਣਿਆਂ ਦੀ ਗਿਣਤੀ ਦੇ ਨਾਲ-ਨਾਲ ਮਹਿਲਾ ਪੁਲਸ ਅਧਿਕਾਰੀਆਂ ਦੀ ਗਿਣਤੀ ਨੂੰ ਵਧਾਇਆ ਜਾਵੇ ਅਤੇ ਹੈਲਪਲਾਈਨ ਨੰਬਰ, ਫੋਰੈਂਸਿਕ ਲੈਬ ਦੀ ਸਥਾਪਨਾ, ਪਬਲਿਕ ਟਰਾਂਸਪੋਰਟ ’ਚ ਸੀ. ਸੀ. ਟੀ. ਵੀ. ਅਤੇ ਪੈਨਿਕ ਬਟਨ ਵਰਗੀਆਂ ਵਿਵਸਥਾਵਾਂ ਕੀਤੀਆਂ ਤਾਂ ਗਈਆਂ ਹਨ ਪਰ ਘਟਨਾ ਹੋਣ ’ਤੇ ਇਹ ਸਦਾ ਬੰਦ ਹੀ ਦੇਖੇ ਜਾਂਦੇ ਹਨ।

ਸਭ ਤੋਂ ਵੱਧ ਕੇ ਸਮਾਜ ਦੀ ਮਾਨਸਿਕਤਾ ’ਚ ਬਦਲਾਅ ਲਿਆਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧੀਆਂ ਦੇ ਵਧਦੇ ਰੁਤਬੇ ਨੂੰ ਦੇਖਦੇ 2015 ’ਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਸ਼ੁਰੂਆਤ ਹਰਿਆਣਾ ਦੇ ਪਾਨੀਪਤ ਤੋਂ ਕੀਤੀ ਸੀ ਤਾਂ ਕਿ ਦੇਸ਼ ’ਚ ਕੋਈ ਵੀ ਧੀ ਅਜਿਹੀ ਨਾ ਹੋਵੇ ਜੋ ਅਸਿੱਖਿਅਤ ਰਹਿ ਸਕੇ। ਜਦ ਕਦੀ ਵੀ ਕੋਈ ਨਤੀਜਾ ਐਲਾਨਿਆ ਜਾਂਦਾ ਹੈ ਤਾਂ ਅਖਬਾਰਾਂ ’ਚ ਪੜ੍ਹਨ ਨੂੰ ਮਿਲਦਾ ਹੈ ਕਿ ਕਿਸਾਨ ਦੀ ਬੇਟੀ ਜਾਂ ਦੁਕਾਨਦਾਰ ਦੀ ਬੇਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਇਸ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਸਾਰੀਆਂ ਔਰਤਾਂ ਨੂੰ ਸਿੱਖਿਅਤ ਕੀਤਾ ਜਾਵੇ, ਜਿਸ ਨਾਲ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਅਤੇ ਆਤਮਨਿਰਭਰ ਬਣ ਸਕਣ।

ਉਹ ਲੜਾਈ ਜੋ ਔਰਤ ਦੀ ਇੱਜ਼ਤ ਦੇ ਅਸਲੀ ਸਨਮਾਨ ਲਈ ਲੜੀ ਜਾਣੀ ਹੈ, ਉਸ ਲਈ ਅਜੇ ਮੀਲਾਂ ਦਾ ਸਫਰ ਤੈਅ ਕਰਨਾ ਹੈ ਅਤੇ ਅਸੀਂ ਇਹ ਤਦ ਹੀ ਤੈਅ ਕਰ ਸਕਾਂਗੇ, ਜਦ ਔਰਤਾਂ ਆਪਣੇ ਨਾਲ ਹੋਣ ਵਾਲੇ ਅਪਰਾਧਾਂ ਨੂੰ ਸਹਿਣਾ ਛੱਡ ਕੇ ਉਨ੍ਹਾਂ ਖਿਲਾਫ ਆਵਾਜ਼ ਉਠਾਉਣ ਅਤੇ ਆਪਣੀ ਸ਼ਾਨ ਨਾਲ ਕੋਈ ਸਮਝੌਤਾ ਨਾ ਕਰਨ। ਤਦ ਹੀ ਅਜਿਹੇ ਅਪਰਾਧਾਂ ’ਤੇ ਰੋਕ ਲਾਈ ਜਾ ਸਕਦੀ ਹੈ। ਸਾਡਾ ਸਮਾਜ ਆਦਰਸ਼ਾਂ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਵਾਲਾ ਸਮਾਜ ਹੈ। ਇਸ ਸਮਾਜ ’ਚ ਸਰਕਾਰ ਤੋਂ ਵੱਧ ਸੰਸਕਾਰ ਪ੍ਰਭਾਵ ਰੱਖਦੇ ਹਨ ਇਸ ਲਈ ਪਰਿਵਾਰ ’ਚ ਚੰਗੇ ਸੰਸਕਾਰ ਦੇ ਕੇ ਅਪਰਾਧਾਂ ਨੂੰ ਰੋਕਿਆ ਜਾ ਸਕਦਾ ਹੈ।

ਅਜਿਹੇ ਘਿਨਾਉਣੇ ਅਪਰਾਧਾਂ ਦੇ ਹੋਣ ਪਿੱਛੇ ਨਸ਼ਾ ਵੀ ਇਕ ਵੱਡਾ ਕਾਰਨ ਹੈ। ਨਸ਼ੇ ’ਚ ਧੁੱਤ ਵਿਅਕਤੀ ਬਿਨਾਂ ਸੁੱਧ-ਬੁੱਧ ਦੇ ਅਜਿਹਾ ਖਤਰਨਾਕ ਕਦਮ ਚੁੱਕ ਲੈਂਦਾ ਹੈ, ਜਿਸ ਦਾ ਖਦਸ਼ਾ ਖੁਦ ਉਸ ਨੂੰ ਵੀ ਨਹੀਂ ਹੁੰਦਾ ਅਤੇ ਸਾਹਮਣੇ ਵਾਲੇ ਦੀ ਜ਼ਿੰਦਗੀ ਸੰਕਟ ’ਚ ਪੈ ਜਾਂਦੀ ਹੈ। ਔਰਤਾਂ ਪ੍ਰਤੀ ਸੁਰੱਖਿਆ ਯਕੀਨੀ ਬਣਾਉਣੀ ਪਵੇਗੀ। ਔਰਤਾਂ ਘਰ-ਪਿੰਡ ’ਚ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੀਆਂ ਤਾਂ ਆਖਿਰ ਕਿੱਥੇ ਜਾਣਗੀਆਂ।

ਪ੍ਰੋ. ਮਨੋਜ ਡੋਗਰਾ
 


Tanu

Content Editor

Related News