ਬ੍ਰਿਟੇਨ ਅਤੇ ਯੂਰਪ ਵਿਚਾਲੇ ਹੋਈ ਬਾਏ-ਬਾਏ, ਫਿਰ ਵੀ ਦੋਵੇਂ ਭਰਾ-ਭਰਾ

02/01/2020 1:30:36 AM

ਲੰਡਨ ਤੋਂ ਕ੍ਰਿਸ਼ਨ ਭਾਟੀਆ

ਬ੍ਰਿਟੇਨ ਨੇ ਯੂੂਰਪ ਛੱਡ ਦਿੱਤਾ ਹੈ। ਸ਼ੁੱਕਰਵਾਰ 31 ਜਨਵਰੀ ਵਿਸ਼ਵ ਇਤਿਹਾਸ ਦਾ ਇਕ ਅਜਿਹਾ ਦਿਨ ਰਹੇਗਾ, ਜਿਸ ਨੂੰ ਯਾਦ ਕਰ ਕੇ ਆਉਣ ਵਾਲਾ ਸਮਾਂ ਕਿਸੇ ਤਰਕਸੰਗਤ ਸਿੱਟੇ ’ਤੇ ਨਹੀਂ ਪਹੁੰਚ ਸਕੇਗਾ ਕਿ ਆਖਿਰ ਅਜਿਹਾ ਵੀ ਕੀ ਸੀ ਕਿ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੂੰ ਅਲਵਿਦਾ ਕਹਿਣ ’ਤੇ ਮਜਬੂਰ ਹੋਣਾ ਪਿਆ। 47 ਸਾਲ ਪਹਿਲਾਂ ਪਹਿਲੀ ਜਨਵਰੀ 1973 ਨੂੰ ਯੂਰਪੀਅਨ ਯੂਨੀਅਨ ਨੇ ਬ੍ਰਿਟੇਨ ਨੂੰ ਆਪਣੇ ਉਸ ਸੰਘ ਵਿਚ ਸ਼ਾਮਿਲ ਕੀਤਾ ਸੀ, ਜਿਸ ਨੂੰ ਉਦੋਂ ਯੂਰਪੀਅਨ ਕਾਮਨ ਮਾਰਕੀਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਦੋਂ ਉਸ ਸੰਘ ਦੀ ਗਿਣਤੀ ਸਿਰਫ 6 ਸੀ। ਹੌਲੀ-ਹੌਲੀ ਕੁਝ ਹੋਰ ਦੇਸ਼ ਨਾਲ ਮਿਲਦੇ ਗਏ, ਕਾਰਵਾਂ ਵਧਦਾ ਗਿਆ ਅਤੇ ਮੈਂਬਰਾਂ ਦੀ ਗਿਣਤੀ 28 ਤਕ ਜਾ ਪਹੁੰਚੀ। ਵਿਚਾਲੇ ਜਿਹੇ ਦੋ-ਤਿੰਨ ਹਮਸਫਰ ਦੇਸ਼ ਸਾਥ ਛੱਡ ਗਏ ਪਰ ਸੰਸਥਾ ਦੇ ਰੂਪ ਵਿਚ ਯੂਰਪੀਅਨ ਯੂਨੀਅਨ ਦਾ ਪ੍ਰਭਾਵ ਲਗਾਤਾਰ ਵਧਦਾ ਚਲਾ ਗਿਆ ਅਤੇ ਅੱਜ ਉਹ ਵਿਸ਼ਵ ਦੇ ਸਭ ਤੋਂ ਵੱਡੇ ਸਿਆਸੀ ਅਤੇ ਵਪਾਰਕ ਸੰਗਠਨ ਦੇ ਤੌਰ ’ਤੇ ਇਕ ਪ੍ਰਬਲ ਸ਼ਕਤੀ ਬਣ ਕੇ ਖੜ੍ਹਾ ਹੋਇਆ ਹੈ।

ਮਿਲਣਾ-ਵਿਛੜਨਾ ਦੋਵੇਂ ਅਨੋਖੇ ਢੰਗ ਨਾਲ

ਬ੍ਰਿਟੇਨ ਦਾ ਯੂਰਪੀਅਨ ਯੂਨੀਅਨ ਵਿਚ ਸ਼ਾਮਿਲ ਹੋਣਾ ਅਤੇ ਉਸ ਤੋਂ ਜੁਦਾ ਹੋ ਜਾਣਾ, ਦੋਵੇਂ ਕਿਰਿਆਵਾਂ ਅਤਿਅੰਤ ਅਨੋਖੇ ਅੰਦਾਜ਼ ਵਿਚ ਹੋਈਆਂ ਹਨ। 1970 ਦੇ ਦਹਾਕੇ ਦੇ ਸ਼ੁਰੂ ਵਿਚ ਬ੍ਰਿਟੇਨ ਨੇ ਦੋ ਵਾਰ ਇਸ ਦਾ ਮੈਂਬਰ ਬਣਨ ਦਾ ਯਤਨ ਕੀਤਾ, ਜੋ ਅਸਫਲ ਰਿਹਾ। ਮੁੱਖ ਕਾਰਣ ਸੀ ਬ੍ਰਿਟੇਨ ਪ੍ਰਤੀ ਯੂਰਪ ਦੀ ਰਸਮੀ ਬੇਰੁਖ਼ੀ। ਸਾਲਾਂ ਤੋਂ ਦੋਵੇਂ ਭਿਆਨਕ ਜੰਗ ਕਰਦੇ ਚੱਲੇ ਆ ਰਹੇ ਸਨ। ਉਨ੍ਹਾਂ ਦੀ ਇਹੋ ਅੰਦਰੂਨੀ ਦੁਸ਼ਮਣੀ ਹੀ ਦੂਜੀ ਸੰਸਾਰ ਜੰਗ ਦਾ ਕਾਰਣ ਬਣੀ। ਜ਼ਿਆਦਾਤਰ ਯੂਰਪੀਅਨ ਲੋਕ ਅੰਗਰੇਜ਼ਾਂ ਨੂੰ ਦਿਲੋਂ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਅੰਗਰੇਜ਼ਾਂ ਦੇ ਦਿਲ ਵਿਚ ਯੂਰਪ ਦੇ ਲੋਕਾਂ ਪ੍ਰਤੀ ਕੋਈ ਖਾਸ ਮੁਹੱਬਤ ਸੀ, ਬੇਸ਼ੱਕ ਦੋਹਾਂ ਵਿਚ ਹੀ ਬੇਸ਼ੁਮਾਰ ਸਮਾਨਤਾਵਾਂ ਸਨ, ਜਿਵੇਂ ਕਿ ਭੂਗੋਲਿਕ ਨੇੜਤਾ, ਇਕ ਹੀ ਧਰਮ ਈਸਾਈ ਮਤ, ਰਹਿਣ-ਸਹਿਣ, ਰੀਤੀ-ਰਿਵਾਜ, ਹਰੇਕ ਯੂਰਪੀਅਨ ਦੇਸ਼ ਦੀ ਵੱਖ-ਵੱਖ ਭਾਸ਼ਾ ਦੇ ਬਾਵਜੂਦ ਸਾਂਝੀ ਭਾਸ਼ਾ ਅੰਗਰੇਜ਼ੀ, ਬ੍ਰਿਟਿਸ਼ ਅਤੇ ਯੂਰਪੀਅਨ ਲੋਕਾਂ ਵਿਚਾਲੇ ਬਿਨਾਂ ਕਿਸੇ ਅੜਿੱਕੇ ਦੇ ਸ਼ਾਦੀ-ਵਿਆਹ ਆਦਿ ਅਜਿਹੀਆਂ ਹੀ ਕਿੰਨੀਆਂ ਹੀ ਰਸਮਾਂ ਤੇ ਰਿਵਾਜ ਹਨ, ਜੋ ਉਨ੍ਹਾਂ ਨੂੰ ਇਕ-ਦੂਜੇ ਤੋਂ ਦੂਰ ਰੱਖਣ ਦੀ ਬਜਾਏ ਨੇੜੇ ਲਿਆਉਣ ਵਿਚ ਸਹਾਇਕ ਬਣੇ।

ਬ੍ਰਿਟਿਸ਼ ਸਿਆਸਤਦਾਨਾਂ ਦੀ ਜ਼ਿੱਦ

ਯੂਰਪੀਅਨ ਸੰਘ ਦਾ ਮੈਂਬਰ ਬਣਨ ਦਾ ਬ੍ਰਿਟੇਨ ਨੇ ਤੀਜੀ ਵਾਰ ਯਤਨ 1973 ’ਚ ਕੀਤਾ। ਰੈਫਰੈਂਡਮ ਹੋਇਆ, 67 ਫੀਸਦੀ ਜਨਤਾ ਨੇ ਪੱਖ ’ਚ ਵੋਟ ਪਾਈ। ਕਿਹੋ ਜਿਹੀ ਤ੍ਰਾਸਦੀ ਹੈ ਕਿ ਬ੍ਰਿਟੇਨ ਨੂੰ ਹੁਣ ਯੂਰਪੀਅਨ ਯੂਨੀਅਨ ਨੂੰ ਛੱਡਣਾ ਪਿਆ ਹੈ ਤਾਂ ਮਈ 2016 ’ਚ ਹੋਏ ਰੈਫਰੈਂਡਮ ਵਿਚ ਮਾਮੂਲੀ ਵੋਟਾਂ ਦੇ ਫਰਕ ਕਾਰਣ 51 ਫੀਸਦੀ ਵੋਟਾਂ ਛੱਡਣ ਦੇ ਪੱਖ ਵਿਚ ਅਤੇ 49 ਫੀਸਦੀ ਯੂਰਪ ਦਾ ਅੰਗ ਬਣੇ ਰਹਿਣ ਦੇ ਹੱਕ ’ਚ ਪਈਆਂ। ਕਿਉਂਕਿ ਰੈਫਰੈਂਡਮ ਜਨਤਾ ਦਾ ਫੈਸਲਾ ਸੀ, ਸਰਕਾਰ ਨੂੰ ਉਸ ਨੂੰ ਸਵੀਕਾਰ ਕਰਨਾ ਪਿਆ। ਭਾਵੇਂ ਇਸ ਨੂੰ ਠੁਕਰਾਉਣ ਅਤੇ ਫਿਰ ਤੋਂ ਨਵਾਂ ਰੈਫਰੈਂਡਮ ਕਰਵਾ ਕੇ ਯੂਰਪੀਅਨ ਯੂਨੀਅਨ ਦਾ ਮੈਂਬਰ ਬਣੇ ਰਹਿਣ ਲਈ ਜਨਤਾ ਨੇ ਜ਼ਬਰਦਸਤ ਸੰਘਰਸ਼ ਕੀਤਾ, ਅੰਦੋਲਨ ਕੀਤੇ ਪਰ ਆਖਿਰ ਦੋਹਾਂ ਧਿਰਾਂ–ਬ੍ਰਿਟੇਨ ਅਤੇ ਯੂਰਪ ਨੂੰ ਜੁਦਾ ਹੋਣਾ ਪਿਆ ਅਤੇ ਉਹ ਵੀ ਕਿਸ ਕਾਰਣ? ਬ੍ਰਿਟਿਸ਼ ਸਿਆਸਤਦਾਨਾਂ ਦੇ ਇਕ ਛੋਟੇ ਜਿਹੇ ਵਰਗ, ਗਿਣਤੀ ਸਿਰਫ ਲੋਕਾਂ ਦੀ ਹੂੜਮਤ, ਜ਼ਿੱਦ ਅਤੇ ਯੂਰਪ ਵਿਰੋਧੀ ਮਾਨਸਿਕਤਾ ਦੇ ਅੱਗੇ ਝੁਕ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਰੈਫਰੈਂਡਮ ਕਰਵਾਉਣ ਲਈ ਮਜਬੂਰ ਹੋਣਾ ਪਿਆ।

ਮਨੁੱਖ ਦਾ ਮਹਾਨ ਸੁਪਨਾ

1957 ’ਚ ਯੂਰਪੀਅਨ ਯੂਨੀਅਨ ਦੀ ਸਥਾਪਨਾ ਦੇ ਰੂਪ ਵਿਚ ਮਨੁੱਖ ਦਾ ਇਕ ਮਹਾਨ ਸੁਪਨਾ ਸਾਕਾਰ ਹੋਇਆ ਸੀ। ਸ਼ਤਾਬਦੀਆਂ ਤੋਂ ਦੁਸ਼ਮਣੀ ਵਿਚ ਤਬਾਹੀ ਦੇ ਮਾਰਗ ’ਤੇ ਚੱਲਦੇ, ਜੰਗ ਅਤੇ ਲਗਾਤਾਰ ਲੜਾਈ-ਝਗੜਿਆਂ ਵਿਚ ਲੱਖਾਂ ਜਾਨਾਂ ਗੁਆ ਚੁੱਕੇ ਯੂਰਪ ਦੇ ਕੁਝ ਬੁੱਧੀਮਾਨ ਨੇਤਾਵਾਂ ਨੇ ਆਪਸ ਵਿਚ ਮਿਲ-ਜੁਲ ਕੇ ਸ਼ਾਂਤੀ ਦਾ ਰਾਹ ਅਪਣਾਉਣ ਦਾ ਨਿਸ਼ਚਾ ਕਰ ਕੇ ਇਕ ਅਜਿਹੇ ਸਮਾਜ ਦੀ ਸਿਰਜਣਾ ਕਰਨ ਦਾ ਸ਼ਲਾਘਾਯੋਗ ਕੰਮ ਕੀਤਾ, ਜਿਸ ਵਿਚ ਯੂਰਪੀ ਦੇਸ਼ਾਂ ਵਿਚ ਦੋਸਤੀ ਦਾ ਭਾਵ ਵਧੇ, ਸਰਹੱਦੀ ਬੰਧਨ ਟੁੱਟਣ, ਇਕ-ਦੂਜੇ ਦੇ ਦੇਸ਼ ਵਿਚ ਆਉਣ-ਜਾਣ ਅਤੇ ਉਥੇ ਜਾ ਕੇ ਰਹਿਣ-ਵਸਣ, ਰੋਜ਼ਗਾਰ-ਨੌਕਰੀ ’ਤੇ ਕੋਈ ਪਾਬੰਦੀ ਨਾ ਹੋਵੇ, ਨਾ ਵੀਜ਼ੇ ਦੀ ਜ਼ਰੂਰਤ ਹੋਵੇ, ਨਾ ਪਾਸਪੋਰਟ ਦੀ, ਸਭ ਉੱਤੇ ਬਰਾਬਰ ਕਾਨੂੰਨ ਲਾਗੂ ਹੋਣ, ਰਾਸ਼ਟਰੀਅਤਾ, ਜਾਤੀ, ਰੰਗ, ਧਰਮ ਦਾ ਭੇਦਭਾਵ ਨਾ ਹੋਵੇ। ਪਰ ਕੁਝ ਰੂੜੀਵਾਦੀ ਸਿਆਸਤਦਾਨਾਂ ਦੇ ਇਕ ਵਰਗ ਨੂੰ ਇਤਰਾਜ਼ ਸੀ ਕਿ ਯੂਰਪੀਅਨ ਯੂਨੀਅਨ ਦੇ ਨਿਯਮ ਅਤੇ ਕਾਨੂੰਨ ਲਾਗੂ ਹੋਣ ਨਾਲ ਬ੍ਰਿਟੇਨ ਦੀ ਆਜ਼ਾਦੀ, ਪ੍ਰਭੂਸੱਤਾ ’ਤੇ ਯੂਰਪ ਦਾ ਕਬਜ਼ਾ ਹੋ ਗਿਆ ਹੈ। ਵਪਾਰ ਅਤੇ ਇਮੀਗ੍ਰੇਸ਼ਨ ਮੁੱਦਿਆਂ ਨੂੰ ਉਨ੍ਹਾਂ ਨੇ ਕੁਝ ਇਸ ਢੰਗ ਨਾਲ ਉਛਾਲਿਆ ਕਿ ਜਨਤਾ ਵਿਚ ਇਹ ਵਿਸ਼ਵਾਸ ਬਿਠਾਇਆ ਕਿ ਇਨ੍ਹਾਂ ਖੇਤਰਾਂ ਵਿਚ ਬ੍ਰਿਟੇਨ ਨੂੰ ਯੂਰਪੀਅਨ ਕਾਨੂੰਨਾਂ ਕਾਰਣ ਨੁਕਸਾਨ ਪਹੁੰਚ ਰਿਹਾ ਹੈ।

ਫਿਰ ਮਿਲਾਂਗੇ

ਬ੍ਰਿਟੇਨ ਦੀ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਖਤਮ ਹੋਈ ਹੈ ਪਰ ਦੋਹਾਂ ਦਾ ਸਾਥ ਅਜੇ ਇਸ ਸਾਲ ਦੇ ਅਖੀਰ ਤਕ ਜਾਰੀ ਰਹੇਗਾ। ਬ੍ਰਿਟੇਨ ’ਤੇ 31 ਦਸੰਬਰ 2020 ਤਕ ਯੂਰਪੀਅਨ ਯੂਨੀਅਨ ਦੇ ਸਾਰੇ ਨਿਯਮ-ਕਾਨੂੰਨ ਲਾਗੂ ਰਹਿਣਗੇ। ਯੂਰਪੀਅਨ ਅਤੇ ਬ੍ਰਿਟਿਸ਼ ਨਾਗਰਿਕਾਂ ਦਾ ਇਕ-ਦੂਜੇ ਦੇ ਦੇਸ਼ ਵਿਚ ਵੀਜ਼ਾ, ਪਾਸਪੋਰਟ ਦੇ ਬਿਨਾਂ ਆਉਣਾ-ਜਾਣਾ ਆਦਿ ਜਾਰੀ ਰਹੇਗਾ, ਜਿਵੇਂ ਹੁਣ ਹੈ। ਆਮ ਲੋਕਾਂ ਨੂੰ ਇਸ ਜੁਦਾਈ ਤੋਂ ਖੁਸ਼ੀ ਨਹੀਂ ਹੈ। ਜੇਕਰ ਖੁਸ਼ੀ ਕਿਸੇ ਨੂੰ ਹੋਈ ਹੈ ਤਾਂ ਸਿਰਫ ਬ੍ਰੈਗਜ਼ਿਟ ਪਾਰਟੀ ਦੇ ਪ੍ਰਧਾਨ ਨਿਗੇਲ ਨੂੰ, ਜਿਨ੍ਹਾਂ ਨੇ ਬ੍ਰਿਟੇਨ ਦੀ ਯੂਰਪੀਅਨ ਮੈਂਬਰਸ਼ਿਪ ਖਤਮ ਕਰਵਾਉਣ ਲਈ ਠੋਸ ਅੰਦੋਲਨ ਚਲਾਇਆ ਹੋਇਆ ਸੀ। ਉਹ ਖ਼ੁਦ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ। ਉਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਬ੍ਰਿਟੇਨ ਯੂਰਪ ’ਚੋਂ ਨਿਕਲ ਆਇਆ ਹੈ। ਇਹ ਯੂਰਪੀਅਨ ਯੂਨੀਅਨ ਦੇ ਖਾਤਮੇ ਦੀ ਸ਼ੁਰੂਆਤ ਹੈ। ਯੂਰਪੀਅਨ ਸੰਸਦ ਵਿਚ ਬ੍ਰਿਟੇਨ ਦੇ 73 ਮੈਂਬਰ ਹਨ। ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਬ੍ਰਸੇਲਜ਼ ਵਿਚ ਯੂਰਪੀਅਨ ਸੰਸਦ ਦਾ ਵਿਸ਼ੇਸ਼ ਸਮਾਰੋਹ ਹੋਇਆ, ਜਿਸ ’ਚ ਕਈ ਮੈਂਬਰ ਇੰਨੇ ਭਾਵੁਕ ਹੋ ਗਏ ਕਿ ਆਪਣੇ ਹੰਝੂ ਨਾ ਰੋਕ ਸਕੇ। ਯੂਰਪੀਅਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਜੁਦਾਈ ਜ਼ਿਆਦਾ ਦੇਰ ਨਹੀਂ ਚੱਲਣ ਵਾਲੀ। ਮੈਨੂੰ ਆਸ ਹੈੈ ਕਿ ਬ੍ਰਿਟੇਨ ਛੇਤੀ ਹੀ ਫਿਰ ਤੋਂ ਆਣ ਮਿਲੇਗਾ।

krishanbhatia@btinternet.com


Bharat Thapa

Content Editor

Related News