ਪਾਕਿਸਤਾਨ ’ਚ ਹਿੰਦੂ ਲੜਕੀਆਂ ਦੀ ਦੁਰਦਸ਼ਾ

12/27/2019 1:53:08 AM

ਲੰਡਨ ਤੋਂ ਕ੍ਰਿਸ਼ਨ ਭਾਟੀਆ

ਨਾਗਰਿਕਤਾ ਕਾਨੂੰਨ ਵਿਰੁੱਧ ਜਿਹੜੇ ਆਗੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੇ ਇਸ ਸਮੇਂ ਤੂਫਾਨ ਖੜ੍ਹਾ ਕੀਤਾ ਹੋਇਆ ਹੈ, ਉਨ੍ਹਾਂ ’ਚੋਂ ਅਜੇ ਤੱਕ ਕਿਸੇ ਨੇ ਇਹ ਵੰਗਾਰ ਪ੍ਰਵਾਨ ਨਹੀਂ ਕੀਤੀ ਕਿ ਉਹ ਲੋਕ ਮੈਦਾਨ ਵਿਚ ਉਤਰ ਕੇ ਦੱਸਣ ਕਿ ਆਖਿਰ ਇਹ ਕਾਨੂੰਨ ਹੈ ਕੀ? ਕਿਸ ’ਤੇ ਲਾਗੂ ਹੋਵੇਗਾ ਅਤੇ ਇਸ ਨਾਲ ਕਿਹੜੇ ਲੋਕ ਪ੍ਰਭਾਵਿਤ ਹੋਣਗੇ। ਉਨ੍ਹਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਇਸ ਕਾਨੂੰਨ ਤੋਂ ਕਿਸ ਨੂੰ ਖਤਰਾ ਹੈ ਅਤੇ ਇਸ ਤੋਂ ਕਿਸ ਨੂੰ ਫਾਇਦਾ ਹੋਵੇਗਾ? ਇਸ ਨੂੰ ਲੈ ਕੇ ਇਕ ਹਊਆ ਜ਼ਰੂਰ ਖੜ੍ਹਾ ਕਰ ਦਿੱਤਾ ਹੈ। ਲੋਕਾਂ ਨੂੰ ਭਰਮਾ ਕੇ, ਭੜਕਾ ਕੇ ਉਨ੍ਹਾਂ ਵਿਚ ਜਨੂੰਨੀ ਤੌਰ ’ਤੇ ਜ਼ਹਿਰ ਘੋਲ ਦਿੱਤਾ ਗਿਆ ਹੈ, ਜਿਸ ਦੇ ਦੂਸ਼ਿਤ ਪ੍ਰਭਾਵ ਮਿਟਣ-ਮਿਟਾਉਣ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ, ਜਲਦੀ ਹੀ ਕੋਈ ਆਸ ਨਹੀਂ ਹੈ।

ਓਧਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ ਦਾ ਮੂਲ ਮਕਸਦ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਉਨ੍ਹਾਂ ਪੀੜਤ ਘੱਟਗਿਣਤੀਆਂ ਦੀ ਸਹਾਇਤਾ ਕਰਨੀ ਹੈ, ਜੋ ਮੁਸੀਬਤ ਪੈਣ ’ਤੇ ਭਾਰਤ ਕੋਲੋਂ ਪਨਾਹ ਮੰਗਦੇ ਹਨ। ਮੁਸੀਬਤ ਦੇ ਮਾਰੇ ਅਜਿਹੇ ਕਰੋੜਾਂ ਲੋਕ ਕਾਨੂੰਨੀ ਅਤੇ ਗੈਰ-ਕਾਨੂੰਨੀ ਤੌਰ ’ਤੇ ਅਤੀਤ ਵਿਚ ਇਨ੍ਹਾਂ ਦੇਸ਼ਾਂ ਤੋਂ ਭਾਰਤ ਆ ਚੁੱਕੇ ਹਨ। ਕਿਹੜੀਆਂ ਹਾਲਤਾਂ ਵਿਚ ਪੀੜਤ ਲੋਕਾਂ ਨੂੰ ਮਜਬੂਰੀ ਦੀ ਹਾਲਤ ਵਿਚ ਆਪਣੇ ਘਰ-ਬਾਰ ਛੱਡ ਕੇ ਭਾਰਤ ਵਿਚ ਪਨਾਹ ਲੈਣੀ ਪਈ, ਇਸ ਨਾਲ ਸਬੰਧਤ ਅਨੇਕਾਂ ਬਿਰਤਾਂਤ ਅਸੀਂ ਪੜ੍ਹੇ ਅਤੇ ਸੁਣੇ ਹੋਣਗੇ ਪਰ ਅਸਲ ਵਿਚ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਦੁਖਦਾਈ ਰਹੀ ਹੋਵੇਗੀ, ਇਸ ਦਾ ਪੂਰਾ ਅੰਦਾਜ਼ਾ ਲਾਉਣਾ ਸੰਭਵ ਨਹੀਂ।

ਨਾਗਰਿਕਤਾ ਕਾਨੂੰਨ ਦੇ ਵਿਰੁੱਧ ਨਿਰਆਧਾਰ ਤੂਫਾਨ ਖੜ੍ਹਾ ਕਰਨ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਇਨ੍ਹਾਂ ਸ਼ਰਨਾਰਥੀਆਂ ਦੀ ਹਾਲਤ ਦਾ ਅੰਦਾਜ਼ਾ ਹੁੰਦਾ ਤਾਂ ਇਹ ਸ਼ਾਇਦ ਤਬਾਹਕੁੰਨ ਰਾਹ ਨਾ ਅਪਣਾਉਂਦੇ।

ਜੋ ਪੀੜਤ ਲੋਕ ਬਚ ਕੇ ਨਿਕਲ ਆਏ, ਉਨ੍ਹਾਂ ਨੂੰ ਤਾਂ ਇਥੇ ਸੁਰੱਖਿਆ ਮਿਲ ਗਈ ਪਰ ਜੋ ਅਜੇ ਤੱਕ ਉਨ੍ਹਾਂ ਦੇਸ਼ਾਂ ਵਿਚ ਫਸੇ ਹੋਏ ਹਨ, ਉਨ੍ਹਾਂ ਦੀ ਔਖੀ ਹਾਲਤ ਦਾ ਕਿਸੇ ਨੂੰ ਗਿਆਨ ਨਹੀਂ। ਕੁਝ ਹਫਤੇ ਹੋਏ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ’ਚੋਂ ਹਿੰਦੂ-ਸਿੱਖ ਕੁੜੀਆਂ ਦੇ ਅਗ਼ਵਾ ਅਤੇ ਮੁਸਲਿਮ ਲੜਕਿਆਂ ਨਾਲ ਉਨ੍ਹਾਂ ਦੇ ਜਬਰੀ ਵਿਆਹ ਦੀਆਂ ਇੱਕਾ-ਦੁੱਕਾ ਖਬਰਾਂ ਮਿਲੀਆਂ ਸਨ ਪਰ ਉਨ੍ਹਾਂ ਥਾਵਾਂ ਦੇ ਹਿੰਦੂ-ਸਿੱਖ ਕਿਸ ਔਖੀ ਹਾਲਤ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ, ਇਸ ਦਾ ਮੁਕੰਮਲ ਚਿਤਰਣ ਉਨ੍ਹਾਂ ਖ਼ਬਰਾਂ ’ਚੋਂ ਨਹੀਂ ਹੁੰਦਾ ਸੀ।

ਹਾਲ ਹੀ ’ਚ ਇਕ ਨਵਾਂ ਵੇਰਵਾ ਸਾਹਮਣੇ ਆਇਆ ਹੈ, ਜਿਸ ਤੋਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਇਲਾਕੇ ਦੇ ਹਿੰਦੂ ਪਰਿਵਾਰਾਂ ਦੀਆਂ ਉਨ੍ਹਾਂ ਦੁਖਦਾਈ ਹਾਲਤਾਂ ਦਾ ਪਤਾ ਲੱਗਦਾ ਹੈ, ਜਿਨ੍ਹਾਂ ਵਿਚ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ। ਇਸ ਦਾ ਵਰਣਨ ਮੈਂ ਆਪਣੇ ਪਿਛਲੇ ਲੇਖ (ਪਾਕਿਸਤਾਨ ’ਚ ਹਿੰਦੂ ਲੜਕੀਆਂ ਦੀ ਦੁਰਦਸ਼ਾ) ਵਿਚ ਕੀਤਾ ਸੀ।

ਕਰਾਚੀ ਤੋਂ ਪ੍ਰਕਾਸ਼ਿਤ ਪਾਕਿਸਤਾਨ ਦੇ ਪ੍ਰਮੁੱਖ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ‘ਡਾਨ’ ਦੇ 2 ਪੱਤਰਕਾਰਾਂ ਨੇ ਸਿੰਧ ਸੂਬੇ ਦੇ ਹਿੰਦੂ ਪਰਿਵਾਰਾਂ ਦੀ ਤਰਸ ਭਰੀ ਜ਼ਿੰਦਗੀ ਬਾਰੇ ਲਿਖਿਆ ਹੈ ਕਿ ਹਿੰਦੂ ਘਰਾਂ ਵਿਚ ਵਿਆਹ-ਤਿਉਹਾਰਾਂ ਦੀਆਂ ਖੁਸ਼ੀਆਂ ਵਿਚ ਸ਼ਹਿਨਾਈਆਂ ਵਜ ਰਹੀਆਂ ਹੁੰਦੀਆਂ ਹਨ ਕਿ ਉਥੇ ਅਚਾਨਕ ਇਕਦਮ ਮਾਤਮ ਛਾ ਜਾਂਦਾ ਹੈ। ਗੁੰਡੇ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੋ ਕੇ ਜਵਾਨ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ। ਅਜਿਹੀ ਹੀ ਇਕ ਘਟਨਾ ਦਾ ਵਰਣਨ ਕਰਦੇ ਹੋਏ ਪਾਕਿਸਤਾਨੀ ਪੱਤਰਕਾਰਾਂ ਨੇ ਦੱਸਿਆ ਕਿ ਘੋਟਕੀ ਜ਼ਿਲੇ ਦੇ ਦਾਹੜਕੀ ਸ਼ਹਿਰ ਵਿਚ ਪਿਛਲੇ ਸਾਲ ਦੀਵਾਲੀ ਤੋਂ ਇਕ ਰਾਤ ਪਹਿਲਾਂ ਹਰੀਲਾਲ ਅਤੇ ਰਵੀਨਾ ਦਾ ਘਰ ਹਾਸਿਆਂ ਅਤੇ ਉਨ੍ਹਾਂ ਦੀਆਂ ਖੁਸ਼ੀ ਭਰੀਆਂ ਕਿਲਕਾਰੀਆਂ ਨਾਲ ਗੂੰਜ ਰਿਹਾ ਸੀ। ਰੰਗ-ਬਿਰੰਗੇ ਰੰਗਾਂ ਨਾਲ ਰੰਗੋਲੀ ਦੇ ਸੁੰਦਰ ਚਿਤਰਣ ਨਾਲ ਵਿਹੜਾ ਸਜਾਇਆ ਗਿਆ ਸੀ। ਪੂਰਾ ਵਿਹੜਾ ਦੀਵਿਆਂ ਨਾਲ ਜਗਮਗਾ ਰਿਹਾ ਸੀ ਪਰ ਇਸ ਦੀਵਾਲੀ ’ਤੇ ਘਰ ਵਿਚ ਮਾਤਮ ਸੀ। ਪਰਿਵਾਰ ਦਾ ਦਿਨ ਰੋਂਦਿਆਂ ਸ਼ੁਰੂ ਹੋਇਆ। ਇਸ ਦੀਵਾਲੀ ’ਤੇ ਪਰਿਵਾਰ ਦਰਮਿਆਨ ਉਨ੍ਹਾਂ ਦੀਆਂ 2 ਮੁਟਿਆਰ ਧੀਆਂ ਰੀਨਾ ਅਤੇ ਰਵੀਨਾ ਮੌਜੂਦ ਨਹੀਂ ਸਨ। ਪਰਿਵਾਰ ਜਦੋਂ ਹੋਲੀ ਦਾ ਤਿਉਹਾਰ ਮਨਾ ਰਿਹਾ ਸੀ ਕਿ ਰੰਗਾਂ ਦੀ ਫੁਹਾਰ ਦੇ ਬਦਲੇ ਉਨ੍ਹਾਂ ’ਤੇ ਆਸਮਾਨ ਤੋਂ ਕਹਿਰ ਦੀ ਬਿਜਲੀ ਡਿੱਗੀ, ਗੁੰਡੇ ਆਏ ਅਤੇ ਦੋਹਾਂ ਭੈਣਾਂ ਨੂੰ ਚੁੱਕ ਕੇ ਲੈ ਗਏ। ਰੀਨਾ ਅਤੇ ਰਵੀਨਾ ’ਤੇ ਉਸ ਤੋਂ ਬਾਅਦ ਕੀ ਬੀਤੀ। (ਚਲਦਾ)

Photo : (krishanbhatia@btconnect.com)


Bharat Thapa

Content Editor

Related News