ਗੁਆਇਆ ਤਾਂ ਚੀਨ ਨੇ ਹੈ, ਅਸੀਂ ਨਹੀਂ

02/17/2021 2:42:43 AM

ਅਵਧੇਸ਼ ਕੁਮਾਰ
ਚੀਨੀ ਫੌਜੀਆਂ ਦੇ ਪੂਰਬੀ ਲੱਦਾਖ ਦੇ ਇਲਾਕੇ ’ਚੋਂ ਆਪਣੀ ਪਹਿਲਾਂ ਵਾਲੀ ਨਿਰਧਾਰਤ ਅਤੇ ਮੰਨਣਯੋਗ ਥਾਂ ਵੱਲ ਵਾਪਸ ਚਲੇ ਜਾਣ ਦੀ ਸੂਚਨਾ ਯਕੀਨੀ ਤੌਰ ’ਤੇ ਤੁਰੰਤ ਰਾਹਤ ਦੇਣ ਵਾਲੀ ਹੈ। ਇਸ ਦੀ ਪਹਿਲੀ ਸੂਚਨਾ 10 ਫਰਵਰੀ ਨੂੰ ਚੀਨ ਵੱਲੋਂ ਹੀ ਆਈ। ਉੱਥੋਂ ਦੇ ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦੋਹਾਂ ਦੇਸ਼ਾਂ ਦਰਮਿਆਨ ਫੌਜੀ ਖਿਚਾਅ ਖਤਮ ਹੋਣ ਅਤੇ ਫੌਜ ਦੀ ਵਾਪਸੀ ਦੀ ਰਸਮੀ ਜਾਣਕਾਰੀ ਦਿੱਤੀ ਪਰ ਭਾਰਤ ਦੇ ਲੋਕਾਂ ਲਈ ਇਸ ’ਤੇ ਭਰੋਸਾ ਕਰਨਾ ਔਖਾ ਸੀ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਸਹਿਮਤੀ ਹੋਣ ਦੇ ਬਾਵਜੂਦ ਚੀਨ ਨੇ ਉਸ ਦੀ ਪਾਲਣਾ ਨਹੀਂ ਕੀਤੀ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ’ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦੀ ਝੜਪ ਤੋਂ ਪਹਿਲਾਂ ਵਾਲੀ ਹਾਲਤ ’ਚ ਜਾਣ ਦੇ ਸਮਝੌਤੇ ਸਬੰਧੀ ਪੁਸ਼ਟੀ ਕੀਤੀ। ਰਾਜਨਾਥ ਦਾ ਇਹ ਕਹਿਣਾ ਠੀਕ ਹੈ ਕਿ ਇਸ ਸਮਝੌਤੇ ਰਾਹੀਂ ਭਾਰਤ ਨੇ ਕੁਝ ਵੀ ਨਹੀਂ ਗੁਆਇਆ। ਜੇ ਗੁਆਇਆ ਹੈ ਤਾਂ ਚੀਨ ਨੇ ਹੀ ਗੁਆਇਆ ਹੈ। ਭਾਰਤ ’ਚ ਹੁਣ ਰੱਖਿਆ, ਸਰਹੱਦਾਂ ਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨੂੰ ਲੈ ਕੇ ਵੀ ਸਿਆਸੀ ਪਾਰਟੀਆਂ ਆਪਣੇ ਬਿਆਨਾਂ ਅਤੇ ਪ੍ਰਤੀਕਿਰਿਆਵਾਂ ’ਚ ਸੰਜਮ ਦੀ ਵਰਤੋਂ ਨਹੀਂ ਕਰਦੀਆਂ। ਇਹੀ ਕਾਰਨ ਹੈ ਕਿ ਰੱਖਿਆ ਮੰਤਰੀ ਵੱਲੋਂ ਸੰਸਦ ’ਚ ਇਹ ਕਹਿਣ ਦੇ ਬਾਵਜੂਦ ਕਿ ਅਸੀਂ ਕਿਸੇ ਵੀ ਦੇਸ਼ ਨੂੰ ਆਪਣੀ ਇਕ ਇੰਚ ਜ਼ਮੀਨ ਨਹੀਂ ਲੈਣ ਦਿਆਂਗੇ, ਸਰਕਾਰ ਦੇ ਇਰਾਦੇ ’ਤੇ ਸਵਾਲ ਉਠਾਇਆ ਜਾ ਰਿਹਾ ਹੈ।

ਸਮਝੌਤੇ ਪਿੱਛੋਂ ਦੋਹਾਂ ਦੇਸ਼ਾਂ ਦੀਆਂ ਜੋ ਟੁਕੜੀਆਂ ਇਕ-ਦੂਜੇ ਦੇ ਬਿਲਕੁਲ ਨੇੜੇ ਤਾਇਨਾਤ ਸਨ, ਉੱਥੋਂ ਪਿੱਛੇ ਹਟਦੇ ਹੋਏ ਪਹਿਲਾਂ ਵਾਲੀ ਸਥਿਤੀ ’ਚ ਜਾਣਗੀਆਂ। ਪੈਂਗੋਂਗ ਝੀਲ ਇਲਾਕੇ ’ਚ ਚੀਨ ਆਪਣੀ ਫੌਜ ਦੀਆਂ ਟੁਕੜੀਆਂ ਨੂੰ ਉੱਤਰੀ ਇਲਾਕੇ ’ਚ ਫਿੰਗਰ 8 ਦੇ ਪੂਰਬ ਦੀ ਦਿਸ਼ਾ ਵੱਲ ਰੱਖੇਗਾ। ਮਈ ਤੋਂ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਇਹੀ ਸਥਿਤੀ ਸੀ। ਭਾਰਤੀ ਫੌਜ ਫਿੰਗਰ 3 ਕੋਲ ਸਥਿਤ ਸਥਾਈ ਧਨਸਿੰਘ ਥਾਪਾ ਪੋਸਟ ’ਤੇ ਆ ਜਾਵੇਗੀ। ਪੈਂਗੋਂਗ ਝੀਲ ਦੇ ਦੱਖਣੀ ਕੰਢੇ ਤੋਂ ਵੀ ਦੋਹਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ। ਉਂਝ ਇਸ ਦੇ ਸਮੇਂ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ। ਇਸੇ ਤਰ੍ਹਾਂ ਚੀਨ ਨੇ 2020 ’ਚ ਦੱਖਣੀ ਕੰਢੇ ’ਤੇ ਜੋ ਵੀ ਉਸਾਰੀਆਂ ਕੀਤੀਆਂ ਹਨ, ਨੂੰ ਹਟਾਇਆ ਜਾਵੇਗਾ। ਪੁਰਾਣੀ ਸਥਿਤੀ ਕਾਇਮ ਕੀਤੀ ਜਾਵੇਗੀ। ਦੋਵੇਂ ਦੇਸ਼ ਪੈਂਗੋਗ ਦੇ ਉੱਤਰੀ ਇਲਾਕੇ ’ਚ ਪੈਟਰੋਲਿੰਗ ਨੂੰ ਅਜੇ ਰੋਕ ਦੇਣਗੇ। ਪੈਟਰੋਲਿੰਗ ਵਰਗੀਆਂ ਫੌਜੀ ਸਰਗਰਮੀਆਂ ਉਦੋਂ ਸ਼ੁਰੂ ਹੋਣਗੀਆਂ ਜਦੋਂ ਸਿਆਸੀ ਪੱਧਰ ’ਤੇ ਸਮਝੌਤਾ ਸ਼ੁਰੂ ਹੋ ਜਾਵੇਗਾ। ਸਰਹੱਦ ਦੀ ਡੂੰਘੀ ਸਮਝ ਅਤੇ ਚੀਨ ਤੇ ਭਾਰਤ ਦੀਆਂ ਫੌਜਾਂ ਦੀ ਤਾਇਨਾਤੀ ਵਾਲੀ ਸਥਿਤੀ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਤੁਰੰਤ ਇਸ ਤੋਂ ਵਧੀਆ ਸਮਝੌਤਾ ਨਹੀਂ ਹੋ ਸਕਦਾ।

ਠੀਕ ਹੈ ਕਿ ਚੀਨ ਨੇ ਸਮਝੌਤੇ ’ਚ ਜੋ ਕਿਹਾ ਹੈ, ਉਸ ਨੂੰ ਉਹ ਕਰੇਗਾ ਹੀ, ਇਹ ਗੱਲ ਯਕੀਨੀ ਤੌਰ ’ਤੇ ਕੋਈ ਵੀ ਨਹੀਂ ਕਹਿ ਸਕਦਾ। ਰਾਜਨਾਥ ਸਿੰਘ ਨੇ ਵੀ ਇਹੀ ਕਿਹਾ ਕਿ ਉਮੀਦ ਹੈ ਕਿ ਡੈੱਡਲਾਕ ਤੋਂ ਪਹਿਲਾਂ ਵਾਲੀ ਹਾਲਤ ਬਹਾਲ ਹੋ ਜਾਵੇਗੀ। ਕੋਈ ਨਹੀਂ ਜਾਣਦਾ ਕਿ ਚੀਨ ਨਾਲ ਐੱਲ. ਏ. ਸੀ. ਵਿਵਾਦ ਖਤਮ ਹੋ ਗਿਆ ਹੈ। ਉਸ ਦਿਸ਼ਾ ’ਚ ਇਹ ਪਹਿਲਾ ਕਦਮ ਹੈ। ਠੀਕ ਹੈ ਕਿ ਪੈਂਗੋਂਗ ਝੀਲ ਦੇ ਨਾਲ ਤਿੰਨ ਹੋਰਨਾਂ ਥਾਵਾਂ ਡੇਪਸਾਂਗ, ਗੋਗਰਾ ਅਤੇ ਹਾਟ ਸਪ੍ਰਿੰਗ ਵਿਖੇ ਖਿਚਾਅ ਪੈਦਾ ਹੋਇਆ ਸੀ। ਡੇਪਸਾਂਗ ਵਿਖੇ ਫੌਜਾਂ ਆਹਮੋ-ਸਾਹਮਣੇ ਹਨ ਪਰ ਉੱਥੇ ਪਹਿਲਾਂ ਵਾਲੀ ਸਥਿਤੀ ’ਚ ਤਬਦੀਲੀ ਨਹੀਂ ਹੋਈ। ਗੋਗਰਾ ਅਤੇ ਹਾਟ ਸਪ੍ਰਿੰਗ ਵਿਖੇ ਜਿਉਂ ਦੀ ਤਿਉਂ ਸਥਿਤੀ ’ਚ ਤਬਦੀਲੀ ਹੋਈ ਸੀ। ਉੱਥੇ ਫੌਜਾਂ ਕੁਝ ਪਿੱਛੇ ਹਟੀਆਂ ਹਨ ਪਰ ਮਈ 2020 ਤੋਂ ਪਹਿਲਾਂ ਵਾਲੀ ਹਾਲਤ ਅਜੇ ਬਹਾਲ ਹੋਣੀ ਬਾਕੀ ਹੈ।

ਰੱਖਿਆ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਐੱਲ. ਏ. ਸੀ. ’ਤੇ ਕੁਝ ਪੁਰਾਣੇ ਮਸਲੇ ਬਚੇ ਹੋਏ ਹਨ। ਅੱਗੋਂ ਦੀ ਗੱਲਬਾਤ ਇਨ੍ਹਾਂ ’ਤੇ ਹੋਵੇਗੀ। ਅਸਲ ’ਚ ਸਭ ਤੋਂ ਵੱਧ ਟਕਰਾਅ ਪੈਂਗੋਂਗ ਝੀਲ ਦੇ ਇਲਾਕੇ ’ਚ ਸੀ। ਇਸ ਤੋਂ ਪਹਿਲਾਂ ਫੋਕਸ ਉੱਥੇ ਚੀਨ ਦੀਆਂ ਨਫਰਤ ਭਰੀਆਂ ਕਾਰਵਾਈਆਂ ਨੂੰ ਖਤਮ ਕਰਨ ’ਤੇ ਸੀ। ਇੰਝ ਹੋਇਆ ਵੀ ਹੈ। ਜੇ ਚੀਨੀ ਫੌਜੀ ਝੀਲ ਦੇ ਉੱਤਰੀ ਕੰਢੇ ’ਤੇ ਫਿੰਗਰ 8 ਦੇ ਪੂਰਬ ਵੱਲ ਚਲੇ ਜਾਣਗੇ ਅਤੇ ਅਪ੍ਰੈਲ 2020 ਤੋਂ ਬਾਅਦ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਬਣਾਏ ਗਏ ਢਾਂਚਿਆਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਤਾਂ ਇਸ ’ਚ ਬਚਿਆ ਕੀ ਹੈ? ਸੱਚ ਇਹ ਹੈ ਕਿ ਚੀਨ ਨੇ ਉੱਤਰੀ ਕੰਢੇ ’ਤੇ ਜੋ ਐਡਵਾਂਸ ਪੁਜ਼ੀਸ਼ਨ ਹਾਸਲ ਕੀਤੀ ਸੀ, ਨੂੰ ਉਹ ਛੱਡ ਦੇਵੇਗਾ। ਫਿਰ ਗੁਆਇਆ ਕਿਸ ਨੇ। ਇਸ ਦਾ ਜਵਾਬ ਆਸਾਨੀ ਨਾਲ ਦਿੱਤਾ ਜਾ ਸਕਦਾ ਹੈ।

ਅਸਲ ’ਚ ਗਲਵਾਨ ਦੀਆਂ ਝੜਪਾਂ ਪਿੱਛੋਂ ਚੀਨ ਨੇ ਵੱਡੀ ਗਿਣਤੀ ’ਚ ਇਨ੍ਹਾਂ ਇਲਾਕਿਆਂ ’ਚ ਜਵਾਨਾਂ ਨੂੰ ਤਾਇਨਾਤ ਕੀਤਾ ਸੀ। ਜਵਾਬ ’ਚ ਭਾਰਤ ਨੇ ਵੀ ਜ਼ਬਰਦਸਤ ਤਾਇਨਾਤੀ ਕੀਤੀ। ਇਹ ਉਸੇ ਗੱਲ ਦਾ ਸਿੱਟਾ ਹੈ ਕਿ ਚੀਨ ਨੂੰ ਆਪਣੀ ਪੂਰੀ ਯੋਜਨਾ ਤਬਦੀਲ ਕਰਨੀ ਪਈ ਹੈ। ਸੱਚ ਤਾਂ ਇਹ ਹੈ ਕਿ ਚੀਨ ਤਾਂ ਬਹੁਤ ਮਜਬੂਰੀ ਕਾਰਨ ਪਿੱਛੇ ਹਟਿਆ ਹੈ। ਜੰਗੀ ਪੱਖੋਂ ਅਹਿਮ ਇਲਾਕਿਆਂ ਦੀ ਪਛਾਣ ਕਰ ਕੇ ਸਾਡੀਆਂ ਫੌਜਾਂ ਉੱਥੇ ਤਾਇਨਾਤ ਹਨ। ਇਸੇ ਕਾਰਨ ਭਾਰਤ ਇਸ ਸਮੇਂ ਚੀਨ ’ਤੇ ਭਾਰੂ ਹੈ।

3488 ਕਿਲੋਮੀਟਰ ਲੰਬੀ ਭਾਰਤ-ਚੀਨ ਅਸਲ ਕੰਟਰੋਲ ਰੇਖਾ ਵਧੇਰੇ ਥਾਵਾਂ ’ਤੇ ਜ਼ਮੀਨ ’ਚੋਂ ਲੰਘਦੀ ਹੈ ਪਰ ਪੂਰਬੀ ਲੱਦਾਖ ’ਚ ਆਉਣ ਵਾਲੀ ਲਗਭਗ 826 ਕਿਲੋਮੀਟਰ ਲੰਬੀ ਕੰਟਰੋਲ ਰੇਖਾ ਦੇ ਲਗਭਗ ਦਰਮਿਆਨ ’ਚ ਪੈਂਗੋਂਗ ਝੀਲ ਪੈਂਦੀ ਹੈ। ਇਹ ਇਕ ਲੰਬੀ, ਡੂੰਘੀ ਅਤੇ ਲੈਂਡਲਾਕਡ (ਜ਼ਮੀਨ ਨਾਲ ਘਿਰੀ ਹੋਈ) ਝੀਲ ਹੈ। 14270 ਫੁੱਟ ਦੀ ਉਚਾਈ ’ਤੇ ਸਥਿਤ 134 ਕਿਲੋਮੀਟਰ ਪੈਂਗੋਂਗ ਝੀਲ ਲੱਦਾਖ ਤੋਂ ਤਿੱਬਤ ਤੱਕ ਫੈਲੀ ਹੋਈ ਹੈ। 604 ਕਿਲੋਮੀਟਰ ਖੇਤਰ ’ਚ ਫੈਲੀ ਹੋਈ ਇਹ ਝੀਲ ਕਿਤੇ-ਕਿਤੇ 6 ਕਿਲੋਮੀਟਰ ਤੱਕ ਵੀ ਚੌੜੀ ਹੈ। ਇਸ ’ਚ ਮੁਕੰਮਲ ਰੇਖਾਂਕਨ ਸੰਭਵ ਨਹੀਂ ਹੈ। ਝੀਲ ਦੇ ਦੋ ਤਿਆਹੀ ਹਿੱਸੇ ’ਤੇ ਚੀਨ ਦਾ ਕੰਟਰੋਲ ਹੈ। ਬਾਕੀ ਭਾਰਤ ਦੇ ਹਿੱਸੇ ’ਚ ਆਉਂਦੀ ਹੈ। ਇੱਥੇ ਦੋਵੇਂ ਦੇਸ਼ ਕਿਸ਼ਤੀਆਂ ਨਾਲ ਗਸ਼ਤ ਕਰਦੇ ਹਨ। ਇਹ ਇਕ ਵੀਰਾਨ ਦੁਰਗਮ ਪਹਾੜੀਆਂ ਵਾਲਾ ਇਲਾਕਾ ਹੈ। ਇਸ ਦੇ ਸਿਰੇ ਨਿਕਲੇ ਹੋਏ ਹਨ। ਇਨ੍ਹਾਂ ਨੂੰ ਹੀ ਫਿੰਗਰ ਏਰੀਆ ਕਿਹਾ ਜਾਂਦਾ ਹੈ। ਅਜਿਹੇ 8 ਫਿੰਗਰ ਏਰੀਆ ਹਨ ਜਿੱਥੇ ਭਾਰਤ ਅਤੇ ਚੀਨ ਦੀ ਫੌਜ ਤਾਇਨਾਤ ਹੈ।

ਭਾਰਤ ਦੀ ਕੰਟਰੋਲ ਰੇਖਾ ਫਿੰਗਰ 8 ਤੱਕ ਹੈ ਪਰ ਕੰਟਰੋਲ ਫਿੰਗਰ 4 ਤੱਕ ਹੀ ਰਿਹਾ ਹੈ। ਭਾਰਤ ਦੀ ਇਕ ਸਥਾਈ ਚੌਕੀ ਫਿੰਗਰ 3 ਦੇ ਕੋਲ ਹੈ। ਚੀਨ ਦੀ ਸਰਹੱਦੀ ਚੌਕੀ ਫਿੰਗਰ 8 ’ਤੇ ਹੈ ਪਰ ਕੰਟਰੋਲ ਰੇਖਾ ਦੇ ਫਿੰਗਰ 2 ਤੱਕ ਉਸ ਦਾ ਦਾਅਵਾ ਹੈ। ਫਿੰਗਰ 4 ’ਚ ਇਕ ਸਮੇਂ ਉਸ ਨੇ ਸਥਾਈ ਢਾਂਚੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਭਾਰਤ ਦੇ ਸਖਤ ਇਤਰਾਜ਼ਾਂ ਪਿੱਛੋਂ ਹਟਾ ਲਿਆ ਗਿਆ। ਭਾਰਤ ਫਿੰਗਰ 8 ਤੱਕ ਪੈਟਰੋਲਿੰਗ ਕਰਦਾ ਰਿਹਾ ਹੈ ਪਰ ਇਹ ਪੈਦਲ ਹੁੰਦੀ ਹੈ।

ਪਿਛਲੇ ਸਾਲ ਮਈ ’ਚ ਫਿੰਗਰ 5 ਖੇਤਰ ’ਚ ਦੋਵੇਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਸਨ। ਚੀਨ ਨੇ ਅਪ੍ਰੈਲ-ਮਈ ਤੋਂ ਹੀ ਫਿੰਗਰ 4 ਤੱਕ ਆਪਣੀ ਫੌਜ ਨੂੰ ਤਾਇਨਾਤ ਕਰ ਕੇ ਰੱਖਿਆ ਸੀ। ਕਹਿਣ ਦੀ ਲੋੜ ਨਹੀਂ ਕਿ ਚੀਨ ਦੇ ਜਵਾਬ ’ਚ ਭਾਰਤ ਨੇ ਵੀ ਪਹਾੜਾਂ ਦੀਆਂ ਚੋਟੀਆਂ ’ਤੇ ਵੱਡੀ ਗਿਣਤੀ ’ਚ ਜਵਾਨ ਤਾਇਨਾਤ ਕਰ ਦਿੱਤੇ। ਜਿਸ ਤਰ੍ਹਾਂ ਦੇ ਸਵਾਲ ਭਾਰਤ ’ਚ ਉੱਠ ਰਹੇ ਹਨ, ਉਸ ਤਰ੍ਹਾਂ ਦੇ ਚੀਨ ’ਚ ਨਹੀਂ ਉੱਠ ਸਕਦੇ। ਮੂਲ ਗੱਲ ਇਹ ਹੈ ਕਿ ਆਪਣੇ ਦੇਸ਼ ਦੀ ਸਮਰੱਥਾ ਨੂੰ ਪਛਾਣਿਆ ਜਾਵੇ ਅਤੇ ਉਸ ’ਤੇ ਭਰੋਸਾ ਕੀਤਾ ਜਾਵੇ। ਪ੍ਰਮੁੱਖ ਦੇਸ਼ਾਂ ਨੇ ਵੀ ਪੂਰਬੀ ਲੱਦਾਖ ਨਾਲ ਲੱਗਦੀ ਕੰਟਰੋਲ ਰੇਖਾ ’ਤੇ ਚੀਨ ਨਾਲ ਨਜਿੱਠਣ ’ਚ ਭਾਰਤ ਦੀ ਦ੍ਰਿੜ੍ਹਤਾ ਦਾ ਲੋਹਾ ਮੰਨਿਆ ਹੈ।

ਚੀਨ ਨੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਕਾਫੀ ਵਿਚਾਰ-ਵਟਾਂਦਰਾ, ਯੋਜਨਾ ਅਤੇ ਫੌਜ ਦੀ ਤਿਆਰੀ ਨਾਲ ਦਿੱਤੇ ਗਏ ਧੋਖੇ ਵਿਰੁੱਧ ਭਾਰਤ ਇਸ ਤਰ੍ਹਾਂ ਡੱਟ ਕੇ ਮਰਨ-ਮਾਰਨ ਦੀ ਹੱਦ ਤੱਕ ਚਲਾ ਜਾਵੇਗਾ। ਭਾਰਤ ਨੇ ਜਿਸ ਤਰ੍ਹਾਂ ਫੌਜ ਦੇ ਸਭ ਅੰਗਾਂ ਨੂੰ ਸਰਗਰਮ ਕੀਤਾ, ਆਕਾਸ਼ ਤੋਂ ਲੈ ਕੇ ਧਰਤੀ ਅਤੇ ਪਾਣੀ ’ਚ ਜਿਸ ਤਰ੍ਹਾਂ ਜ਼ਬਰਦਸਤ ਮੋਰਚਾਬੰਦੀ ਕੀਤੀ, ਉਸ ਦੀ ਉਮੀਦ ਦੁਨੀਆ ’ਚ ਕਿਸੇ ਦੇਸ਼ ਨੂੰ ਵੀ ਨਹੀਂ ਸੀ। ਅੱਜ ਚੀਨ ਦੀ ਪੂਰੀ ਯੋਜਨਾ ਜਿਸ ਨੂੰ ਅਸੀਂ ਸਾਜ਼ਿਸ਼ ਮੰਨਦੇ ਹਾਂ, ਫੇਲ ਹੋ ਚੁੱਕੀ ਹੈ। ਭਾਰਤ ਤਾਂ ਜਵਾਬ ਦੇਣ ਲਈ ਮਜਬੂਰ ਸੀ। ਉਸ ਨੂੰ ਸਬਕ ਦੇਣ ਲਈ ਜਵਾਬੀ ਕਾਰਵਾਈ ’ਚ ਆਪਣੀ ਫੌਜ ਤਾਇਨਾਤ ਕੀਤੀ। ਉਹ ਹਟ ਜਾਣ ਤਾਂ ਅਸੀਂ ਵਾਪਸ ਪਹਿਲਾਂ ਵਾਲੀ ਸਥਿਤੀ ’ਚ ਜਾਣਾ ਹੀ ਹੈ। ਚੀਨ ਗੱਲਬਾਤ ਚਾਹੁੰਦਾ ਸੀ ਪਰ ਭਾਰਤ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਵਾਲੀ ਸਥਿਤੀ ਬਹਾਲ ਹੋਣ ਤੋਂ 48 ਘੰਟਿਆਂ ਅੰਦਰ ਮੁੜ ਗੱਲਬਾਤ ਸ਼ੁਰੂ ਹੋਵੇਗੀ। ਚੀਨ ਨੂੰ ਇਹ ਗੱਲ ਮੰਨਣੀ ਪਈ। ਗੱਲਬਾਤ ਦੌਰਾਨ ਵੀ ਭਾਰਤ ਨੇ ਸਪੱਸ਼ਟ ਕੀਤਾ ਕਿ ਸਮੱਸਿਆਵਾਂ ਦਾ ਹੱਲ 3 ਆਧਾਰ ’ਤੇ ਹੋ ਸਕਦਾ ਹੈ।

ਪਹਿਲਾ ਇਹ ਕਿ ਦੋਵੇਂ ਦੋਸ਼ ਕੰਟਰੋਲ ਰੇਖਾ ਨੂੰ ਮੰਨਣ ਅਤੇ ਉਸ ਦਾ ਆਦਰ ਕਰਨ। ਇਸ ਦਾ ਭਾਵ ਇਹ ਕਿ ਗਲਵਾਨ ਦਾ ਅਪਰਾਧ ਅਤੇ ਧੋਖਾ ਦੁਬਾਰਾ ਨਾ ਹੋਵੇ। ਦੂਜਾ ਇਹ ਕਿ ਕੋਈ ਵੀ ਦੇਸ਼ ਮੌਜੂਦਾ ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਨਾ ਕਰੇ। ਤੀਜਾ ਇਹ ਕਿ ਦੋਵੇਂ ਦੇਸ਼ ਸਭ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਮੰਨਣ ਅਤੇ ਉਨ੍ਹਾਂ ਦੀ ਪਾਲਣਾ ਕਰਨ।

ਅਸਲ ’ਚ ਭਾਰਤ ਨੇ ਚੀਨ ਨਾਲ ਸਰਹੱਦੀ ਵਿਵਾਦ ’ਚ ਡੋਕਲਾਮ ਦੇ ਸਮੇਂ ਤੋਂ ਗਲਵਾਨ ਤੱਕ ਜਿਸ ਤਰ੍ਹਾਂ ਦਾ ਡਿਪਲੋਮੈਟਿਕ, ਫੌਜੀ ਅਤੇ ਸਿਆਸੀ ਸਵੈ-ਭਰੋਸੇ ਭਰਿਆ ਰਵੱਈਆ ਅਪਣਾਇਆ ਹੈ, ਨੇ ਦੁਨੀਆ ਦੇ ਵੱਡੇ-ਵੱਡੇ ਰੱਖਿਆ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਚੀਨ ਨੂੰ ਵੀ ਭਾਰਤ ਨਾਲ ਸਰਹੱਦ ਅਤੇ ਫੌਜੀ ਵਤੀਰੇ ’ਤੇ ਆਪਣੀ ਪੂਰੀ ਰਣਨੀਤੀ ਨਵੇਂ ਸਿਰੇ ਤੋਂ ਬਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੌਜੂਦਾ ਸਮਝੌਤਾ ਉਸੇ ਦਾ ਹੀ ਸਿੱਟਾ ਹੈ। ਇਸ ’ਚ ਗਵਾਉਣ ਲਈ ਸਿਰਫ ਚੀਨ ਦੇ ਕੋਲ ਹੀ ਕੁਝ ਸੀ। ਚੀਨ ਦੇ ਨਾਲ ਸਰਹੱਦੀ ਵਿਵਾਦ ਇਤਿਹਾਸ ਦੀਆਂ ਭੁੱਲਾਂ ਦੀ ਦੇਣ ਹੈ। ਚੀਨ ਵਰਗਾ ਦੁਸ਼ਟ ਦੇਸ਼ ਕਦੀ ਵੀ ਇਸ ਨੂੰ ਹੱਲ ਕਰਨਾ ਨਹੀਂ ਚਾਹੁੰਦਾ ਕਿਉਂਕਿ ਉਹ ਲਾਭ ਦੀ ਹਾਲਤ ’ਚ ਹੈ। 1962 ਦੀ ਜੰਗ ਦਾ ਇਕਪਾਸੜ ਅੰਤ ਉਸ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਕੀਤਾ। ਉਸ ਦਾ ਕੌਮੀ ਨਿਸ਼ਾਨਾ ਹਰ ਅਰਥਾਂ ’ਚ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਸਭ ਤੋਂ ਵੱਧ ਪ੍ਰਭਾਵ ਦੇ ਪਸਾਰ ਵਾਲਾ ਦੇਸ਼ ਬਣਨਾ ਹੈ। ਉਹ ਜੋ ਕੁਝ ਕਰ ਰਿਹਾ ਹੈ, ਉਸੇ ਨਿਸ਼ਾਨੇ ਮੁਤਾਬਕ ਕਰ ਰਿਹਾ ਹੈ।

ਭਾਰਤ ਲਈ ਜ਼ਰੂਰੀ ਹੈ ਕਿ ਅਸੀਂ ਸਿਆਸੀ ਮਤਭੇਦਾਂ ਨੂੰ ਲਾਂਭੇ ਰੱਖ ਕੇ ਉਸ ਦੇ ਨਿਸ਼ਾਨੇ ਨੂੰ ਸਮਝਦੇ ਹੋਏ ਆਪਣੀ ਰੱਖਿਆ ਨੀਤੀ ਦੇ ਨਾਲ ਕੂਟਨੀਤੀ ਦੀ ਜਵਾਬੀ ਤਿਆਰੀ ਅਤੇ ਕਾਰਵਾਈ ਪ੍ਰਤੀ ਇਕਮੁੱਠਤਾ ਦਿਖਾਈਏ।


Bharat Thapa

Content Editor

Related News