ਕੋਰੋਨਾ ’ਤੇ ਆਖਰੀ ਹਮਲਾ-ਮੋਦੀ ਲੀਡਸ ਫਰਾਮ ਦਿ ਫਰੰਟ

12/04/2020 3:50:09 AM

ਐੱਨ. ਕੇ. ਸਿੰਘ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੀ ਦਿਨ ’ਚ ਦੇਸ਼ ਦੇ ਪੱਛਮੀ-ਦੱਖਣੀ ਸੂਬਿਅਾਂ (ਗੁਜਰਾਤ, ਹੈਦਰਾਬਾਦ ਅਤੇ ਪੁਣੇ) ’ਚ ਸਥਿਤ ਤਿੰਨ ਪ੍ਰਮੁੱਖ ਕੋਰੋਨਾ ਵੈਕਸੀਨ ਉਤਪਾਦਨ ਕੇਂਦਰਾਂ ’ਚ ਉਤਪਾਦਨ ਪ੍ਰਕਿਰਿਆ ਦਾ ਮੁਆਇਨਾ ਕੀਤਾ ਅਤੇ ਨਿਰਮਾਤਾਵਾਂ ਨੂੰ ਹਰ ਸੰਭਵ ਸਰਕਾਰੀ ਮਦਦ ਦਾ ਭਰੋਸਾ ਦਿੱਤਾ। ਅਜਿਹੇ ਸੰਕੇਤ ਹਨ ਕਿ ਵੈਕਸੀਨ ਦੀ ਖੋਜ ਅਤੇ ਵੱਡੇ ਪੱਧਰ ’ਤੇ ਉਤਪਾਦਨ ਲਈ ਮਚੀ ਹੋੜ ’ਚ ਭਾਰਤ ਮੋਹਰੀ ਰਹੇਗਾ ਅਤੇ ਭਾਰਤੀਅਾਂ ਨੂੰ ਵੈਕਸੀਨ ਦੀ ਉਪਲੱਬਧਤਾ ਵੀ ਆਸ ਅਨੁਸਾਰ ਸਹਿਜ ਅਤੇ ਜਲਦ ਹੋਵੇਗੀ। ਭਾਵ ਕੋਰੋਨਾ ਵਰਗੀ ਵਿਸ਼ਵ ਪੱਧਰੀ ਮਹਾਮਾਰੀ ’ਚ ਵੈਕਸੀਨ ਹੁਣ ਇਕ ਸੱਚਾਈ ਬਣਨ ਜਾ ਰਹੀ ਹੈ। ਜ਼ਾਹਿਰ ਹੈ ਕਿ ਇਨਫੈਕਸ਼ਨ ਰੋਗ ’ਚ ਵੈਕਸੀਨ ਨੂੰ ਲੋਕਾਂ ਲਈ ਵਰਤੋਂ ’ਚ ਲਿਆਂਦਾ ਜਾਣਾ ਇਹ ਯਕੀਨੀ ਬਣਾਉਂਦਾ ਹੈ ਕਿ ਚੇਨ ਟੁੱਟੇਗੀ ਅਤੇ ਇਕ ਸਾਲ ਤੋਂ ਦੁਨੀਆ ਦੀ ਹੋਂਦ ਲਈ ਖਤਰਾ ਬਣੀ ਇਹ ਮਹਾਮਾਰੀ ਹੁਣ ਖਤਮ ਹੋਵੇਗੀ।

ਪ੍ਰਧਾਨ ਮੰਤਰੀ ਨੇ ਇਹ ਯਾਤਰਾ ਕਿਉਂ ਕੀਤੀ? ਕੀ ਇਹ ਕੋਈ ਅਮਰੀਕਾ ਦੇ ਮੈਡੀਸਨ ਸਕਵਾਇਰ ਜਾਂ ਭਾਰਤ ਦੇ ਵਾਰਾਨਸੀ ’ਚ ਗੰਗਾ-ਆਰਤੀ ਜਾਂ ਗਾਂਧੀ ਨਗਰ ’ਚ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਰੋਡ ਸ਼ੋਅ ਵਰਗਾ ਟੀ. ਵੀ. ਫੁਟੇਜ ਲੈਣ ਵਰਗਾ ਯਤਨ ਸੀ। ਮੋਦੀ-ਵਿਰੋਧ ਦਾ ਭਾਵ ਰੱਖਣ ਵਾਲਿਅਾਂ ਨੂੰ ਸ਼ਾਇਦ ਇਸ ਵਾਰ ਨਿਰਾਸ਼ਾ ਹੋਵੇਗੀ ਕਿਉਂਕਿ ਇਸ ’ਚ ‘ਵਿਜ਼ੁਅਲ ਅਪਰਚੂਨਿਟੀ’ ਬੇਹੱਦ ਘੱਟ ਸੀ, ਦੌਰਾ ਥਕਾਊ ਅਤੇ ਮੀਟਿੰਗਾਂ ਜ਼ਿਆਦਾ, ਮੋਦੀ-ਵਿਰੋਧ ਦਾ ਸਪੱਸ਼ਟ ਭਾਵ ਰੱਖਣ ਵਾਲਿਅਾਂ ਨੂੰ ਸ਼ਾਇਦ ਇਹ ਭਾਵ ਵੀ ਨਹੀਂ ਸਮਝ ’ਚ ਆਵੇਗਾ ਕਿ ਲੀਡਿੰਗ ਫਰਾਮ ਦਿ ਫਰੰਟ (ਫੌਜੀ ਜਰਨੈਲ ਦਾ ਜੰਗ ਦੇ ਮੈਦਾਨ ’ਚ ਮੋਹਰਲੀ ਕਤਾਰ ’ਤੇ ਖੜ੍ਹੇ ਹੋ ਕੇ ਅਗਵਾਈ ਕਰਨਾ) ਦਾ ਅੰਗਰੇਜ਼ੀ ਮੁਹਾਵਰਾ ਕਿਵੇਂ ਮੋਦੀ ਨੇ ਕਾਰਜਰੂਪ ’ਚ ਢਾਲ ਦਿੱਤਾ ਹਾਲਾਂਕਿ ਇਸ ’ਚ ਰਿਸਕ ਬੇਹੱਦ ਜ਼ਿਆਦਾ ਹੈ।

ਇਸ ਮੁਹਾਵਰੇ ਬਾਰੇ ਆਮ ਧਾਰਨਾ ਹੈ ਕਿ ਅਜਿਹਾ ਕਰਨਾ ਫੌਜੀ ਜਰਨੈਲ ਲਈ ਦੋਧਾਰੀ ਤਲਵਾਰ ਹੈ। ਇਸ ਦਾ ਲਾਭ ਇਹ ਹੁੰਦਾ ਹੈ ਕਿ ਫੌਜ ’ਚ ਲੜਨ ਦਾ ਇਕ ਨਵਾਂ ਜੋਸ਼ ਆ ਜਾਂਦਾ ਹੈ। ਇਹ ਮੰਨਦੇ ਹੋਏ ਕਿ ਸਾਡਾ ਫੌਜੀ ਜਰਨੈਲ ਵੀ ਜਾਨ ਦੀ ਬਾਜ਼ੀ ਲਗਾ ਕੇ ਸਾਨੂੰ ਅਗਵਾਈ ਦੇ ਰਿਹਾ ਹੈ ਪਰ ਇਸ ਦਾ ਨੁਕਸਾਨ ਇਹ ਹੈ ਕਿ ਮੋਹਰਲੀ ਕਤਾਰ ’ਚ ਰਹਿਣ ਦੇ ਕਾਰਨ ਜੇਕਰ ਫੌਜੀ ਜਰਨੈਲ ਨੂੰ ਵਿਰੋਧੀ ਦੇ ਹਮਲੇ ਨਾਲ ਕੋਈ ਨੁਕਸਾਨ ਹੋਵੇ ਤਾਂ ਫੌਜ ਦਾ ਮਨੋਬਲ ਅਚਾਨਕ ਡਿੱਗਦਾ ਹੈ।

ਰਿਸਕ ਦੇ ਬਾਵਜੂਦ ਦਲੇਰੀ ਦਾ ਪ੍ਰਗਟਾਵਾ

ਦੁਨੀਆ ਦੇ ਇਤਿਹਾਸ ’ਚ ਵੈਕਸੀਨ ਦਾ ਇੰਨੀ ਜਲਦੀ ਲੋਕਾਂ ਦੀ ਵਰਤੋਂ ਲਈ ਲਿਆਂਦਾ ਜਾਣਾ ਵਿਗਿਆਨਕ ਦੁਰਾਚਾਰ ਕਿਹਾ ਜਾ ਸਕਦਾ ਹੈ। ਆਮ ਵਿਗਿਆਨਕ ਪ੍ਰਕਿਰਿਆ ਇਹ ਹੈ ਕਿ ਕਿਸੇ ਵੈਕਸੀਨ ਨੂੰ ਇਜਾਦ ਹੋਣ ਦੇ ਬਾਅਦ ਕਈ ਸਾਲ ਤਕ ਮਨੁੱਖੀ ਸਰੀਰ ’ਤੇ ਹੋਣ ਵਾਲੇ ਅਸਰ/ਭੈੜੇ ਅਸਰ ਦਾ ਅਧਿਐਨ ਕੀਤਾ ਜਾਂਦਾ ਹੈ। ਫਿਰ ਉਸ ਅਧਿਐਨ ਅਤੇ ਕਈ ਚੱਕਰਾਂ ਦੀ ਵਰਤੋਂ ਦੇ ਅੰਕੜਿਅਾਂ ਨੂੰ ਕੌਮਾਂਤਰੀ ਖੋਜ ਪੱਤ੍ਰਿਕਾਵਾਂ ’ਚ ਛਾਪਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਪੀਅਰ ਰੀਵਿਊ (ਇਸੇ ਵਿਸ਼ੇ ’ਤੇ ਦੁਨੀਆ ਦੇ ਮਕਬੂਲ ਖੋਜਕਰਤਾਵਾਂ ਵਲੋਂ ਮੁੜ ਘੋਖ ਕਰਨੀ) ’ਚ ਸਹੀ ਪਾਏ ਜਾਣ ’ਤੇ ਇਹ ਹਰ ਪਾਸਿਓਂ ਮੰਨੇ ਜਾਣ ਦੇ ਬਾਅਦ ਹੀ ਇਸ ਨੂੰ ਆਮ ਜਨਤਾ ਲਈ ਜਾਰੀ ਕੀਤਾ ਜਾਂਦਾ ਹੈ ਪਰ ਕਿਉਂਕਿ ਕੋਰੋਨਾ ਮਹਾਮਾਰੀ ਦੁਨੀਆ ਦੀ ਹੋਂਦ ਲਈ ਖਤਰਾ ਬਣ ਚੁੱਕੀ ਹੈ, ਇਸ ਲਈ ਕੋਰੋਨਾ ਮਹਾਮਾਰੀ ਦੇ ਬਾਅਦ ਵਿਗਿਆਨਕ ਦੁਨੀਆ ’ਚ ਇਕ ਅਣ-ਐਲਾਨੀ ਆਮ ਸਹਿਮਤੀ ਹੈ ਕਿ ਨਿਯਮ ਮਜ਼ਬੂਤ ਕੀਤੇ ਜਾਣ। ਵਿਵਹਾਰਕ ਰਾਜਨੀਤੀ ਦਾ ਤਕਾਜ਼ਾ ਹੈ ਕਿ ਵੋਟਾਂ ਦੇ ਆਧਾਰ ’ਤੇ ਜਿੱਤੀ ਕੋਈ ਸਰਕਾਰ ਜਾਂ ਉਸ ਦਾ ਮੁਖੀ ਇਨ੍ਹਾਂ ਕੇਂਦਰਾਂ ’ਤੇ ਸ਼ੁਰੂਆਤੀ ਦੌਰ ’ਚ ਜਾਣਾ ਪਸੰਦ ਨਹੀਂ ਕਰੇਗਾ ਕਿਉਂਕਿ ਉਦੋਂ ਟੀਕੇ ਲੱਗਣ ਦੇ ਬਾਅਦ ਜੇਕਰ ਕੋਈ ਨਾਂਹਪੱਖੀ ਨਤੀਜੇ ਆਉਂਦੇ ਹਨ ਤਾਂ ਸਿੱਧਾ ਉਹ ਦੋਸ਼ੀ ਮੰਨਿਆ ਜਾਵੇਗਾ ਅਤੇ ਉਹ ਅਜਿਹੇ ਨਤੀਜਿਅਾਂ ਦਾ ਦੋਸ਼ ਵਿਗਿਆਨੀਅਾਂ ’ਤੇ ਨਹੀਂ ਮੜ ਸਕੇਗਾ। ਜ਼ਾਹਿਰ ਹੈ ਕਿ ਮੋਦੀ ਦਾ ਜਾਣਾ ਇਹ ਵੀ ਸੰਦੇਸ਼ ਹੈ ਕਿ ਲੋਕ ਟੀਕਾ ਲਗਵਾ ਸਕਦੇ ਹਨ ਕਿਉਂਕਿ ਸਰਕਾਰ ਦੇ ਸਭ ਤੋਂ ਵੱਡੇ ਮੁਖੀ ਨੇ ਇਸ ਨੂੰ ਜਾਂਚਿਆ-ਪਰਖਿਆ ਹੈ। ਇਨ੍ਹਾਂ ਸਾਰੇ ਖਤਰਿਅਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਬੜਾ ਉਚਿਤ ਕਦਮ ਚੁੱਕਿਆ ਅਤੇ ਇਨ੍ਹਾਂ ਤਿੰਨ ਵੈਕਸੀਨ ਕੈਂਡੀਡੇਟਸ ਦੇ ਕੇਂਦਰਾਂ ’ਤੇ ਗਏ।

ਅਗਵਾਈ ਦਾ ਉਦੋਂ ਵੀ ਵਿਰੋਧ ਹੋਇਆ ਜਦੋਂ ਲਾਕਡਾਊਨ ਲੱਗਾ। ਲਗਭਗ ਆਮ ਰਾਏ ਸੀ ਕਿ 151 ਪੁਲਸ ਮੁਲਾਜ਼ਮ ਪ੍ਰਤੀ ਲੱਖ ਆਬਾਦੀ ਅਤੇ 32.80 ਲੱਖ ਵਰਗ ਕਿਲੋਮੀਟਰ ਵਾਲੇ ਅਤੇ ਤਸੀਰ ਪੱਖੋਂ ਬੇਫਿਕਰ ਦੇਸ਼ ’ਚ ਲਾਕਡਾਊਨ ਲਗਾਉਣਾ ਅਤੇ ਉਸ ਨੂੰ ਸਫਲਤਾ ਨਾਲ ਅਮਲ ’ਚ ਲਿਆਉਣਾ ਲਗਭਗ ਅਸੰਭਵ ਹੈ, ਫਿਰ ਜਦੋਂ ਇਸ ਨੂੰ ਉਸੇ ਸ਼ਿੱਦਤ ਨਾਲ ਤਿੰਨ ਵਾਰ ਤਮਾਮ ਦੁੱਖਾਂ ਦੇ ਬਾਵਜੂਦ ਵਧਾਇਆ ਗਿਆ, ਤਦ ਵੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਗਿਆ।

ਫਿਰ ਜਦੋਂ ਰੋਗ-ਮੌਤ ਅਨੁਪਾਤ ਅਤੇ ਆਬਾਦੀ-ਰੋਗ ਅਨੁਪਾਤ ਦੇ ਅੰਕੜਿਅਾਂ ਤੋਂ ਪਤਾ ਲੱਗਾ ਕਿ ਕੋਰੋਨਾ ਮਹਾਮਾਰੀ ’ਤੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਉਤਸ਼ਾਹ-ਵਧਾਊ ਅੰਸ਼ਿਕ ਕੰਟਰੋਲ ਕੀਤਾ ਜਾ ਚੁੱਕਾ ਹੈ ਅਤੇ 68 ਦਿਨਾਂ ’ਚ ਦੇਸ਼ ਪੱਧਰੀ ਲਾਕਡਾਊਨ ਨਾਲ ਅਰਥਵਿਵਸਥਾ ਟੁੱਟ ਚੁੱਕੀ ਹੈ, ਬੇਰੋਜ਼ਗਾਰੀ ਸਿਖਰ ’ਤੇ ਹੈ ਤਾਂ ਸਰਕਾਰ ਨੇ ਅਨਲਾਕ ਦਾ ਫੈਸਲਾ ਲਿਆ, ਦੋਸ਼ ਉਦੋਂ ਵੀ ਲੱਗੇ। ਤੀਸਰਾ ਦੋਸ਼ ਅਰਥਸ਼ਾਸਤਰੀਅਾਂ ਵਲੋਂ ਲੱਗਾ (ਅਤੇ ਉਦੋਂ ਤੋਂ ਅੱਜ ਤੱਕ ਲੱਗਦਾ ਰਿਹਾ) ਕਿ ਸਰਕਾਰ ਨੇ ਅਖੌਤੀ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ’ਚ ਕੈਸ਼-ਆਊਟਗੋ ਸਿਰਫ 2.50 ਲੱਖ ਕਰੋੜ ਰੁਪਏ ਦੀ ਦਿੱਤੀ ਹੈ ਅਤੇ ਜਿਸ ਨੂੰ ਜੇਕਰ ਨਾ ਵਧਾਇਆ ਗਿਆ ਤਾਂ ਦਰਮਿਆਨੇ ਵਰਗ ਦੀ ਖਰਚ ਸ਼ਕਤੀ ਨਹੀਂ ਵਧੇਗੀ। ਸੂਖਮ, ਦਰਮਿਆਨੇ ਅਤੇ ਲਘੂ ਉਦਯੋਗਾਂ ਦਾ ਪਹੀਆ ਚੱਲਣਾ ਸੰਭਵ ਨਹੀਂ ਹੋਵੇਗਾ ਅਤੇ ਬੇਰੋਜ਼ਗਾਰੀ ਦਾ ਦੈਂਤ ਨੌਜਵਾਨਾਂ ਨੂੰ ਨਿਗਲਦਾ ਰਹੇਗਾ।

ਜ਼ਾਹਿਰ ਹੈ ਕਿ ਜੇਕਰ ਸਰਕਾਰ ਇਹ ਮਾਰਗ ਅਪਣਾਉਂਦੀ ਤਾਂ ਵਿੱਤੀ ਘਾਟਾ ਭਿਆਨਕ ਢੰਗ ਨਾਲ ਵਧਦਾ ਕਿਉਂਕਿ ਆਰਥਿਕ ਚੱਕਰ ਦੇ ਨਾ ਘੁੰਮਣ ਨਾਲ ਮਾਲੀਏ ਦੇ ਸਰੋਤ ਸੁੱਕ ਚੁੱਕੇ ਸਨ। ਸਰਕਾਰ ਖੂਹ ਅਤੇ ਖਾਈ ਦਰਮਿਆਨ ਫਸੀ ਸੀ। ਫਿਲਹਾਲ ਮੋਦੀ ਨੇ ਫੈਸਲਾ ਲਿਆ ਕਿ ਨਕਦੀ ਵਾਲੀ ਰਾਹਤ ਸੀਮਤ ਹੀ ਰੱਖੀ ਜਾਵੇ। ਇਸ ਦ੍ਰਿੜ੍ਹ ਫੈਸਲੇ ਦਾ ਨਤੀਜਾ ਇਹ ਰਿਹਾ ਕਿ ਅੱਜ ਭਾਰਤ ਦੁਨੀਆ ’ਚ ਵਿਦੇਸ਼ੀ ਸੰਸਥਾਗਤ ਪੂੰਜੀ-ਨਿਵੇਸ਼ ਦਾ ਜਾਪਾਨ ਸਮੇਤ ਦੁਨੀਆ ਦੇ 6 ਵੱਡੇ ਨਿਵੇਸ਼ ਕੇਂਦਰਾਂ ’ਚ ਮੋਹਰੀ ਰਿਹਾ। ਸਿਰਫ ਨਵੰਬਰ ਮਹੀਨੇ ’ਚ ਇਕੁਵਿਟੀ ਮਾਰਕੀਟ ’ਚ ਐੱਫ. ਆਈ. ਆਈ. ਦਾ ਕੁਲ ਨਿਵੇਸ਼ ਰਿਕਾਰਡ 65,317 ਕਰੋੜ ਰੁਪਏ ਰਿਹਾ। ਇਸ ਵਿੱਤੀ ਵਰ੍ਹੇ ’ਚ ਵੀ ਅਜੇ ਤਕ ਰਿਕਾਰਡ ਵਿਦੇਸ਼ੀ ਪੂੰਜੀ ਨਿਵੇਸ਼ (ਰੁਪਏ 1.67 ਲੱਖ ਕਰੋੜ) ਰਿਹਾ।

ਦੁਨੀਆ ’ਚ ਕਰੋੜਾਂ ਜ਼ਿੰਦਗੀਅਾਂ ਹੜੱਪ ਲੈਣ ਵਾਲੀਆਂ ਪਲੇਗ, ਹੈਜ਼ਾ, ਚੇਚਕ ਅਤੇ ਪੋਲੀਓ ਸਮੇਤ ਕੁਲ 14 ਬੀਮਾਰੀਅਾਂ ਤੋਂ ਸਥਾਈ ਮੁਕਤੀ ਇਸੇ ਵੈਕਸੀਨ ਦੀ ਦੇਣ ਹੈ। ਲਿਹਾਜ਼ਾ ਦੁਨੀਆ ਨੇ ਜੇਕਰ ਬਚਣਾ ਹੈ ਅਤੇ ਇਸੇ ਉਪਾਅ ਦੇ ਨਾਲ ਸਰਕਾਰ ਨੂੰ ਜੇਕਰ ਇਹ ਵੀ ਯਕੀਨੀ ਬਣਾਉਣਾ ਹੈ ਕਿ ਰੁਕੇ ਅਰਥ-ਚੱਕਰ ਦੇ ਕਾਰਨ ਲੱਖਾਂ ਲੋਕ ਬੇਰੋਜ਼ਗਾਰੀ ਅਤੇ ਭੁੱਖ ਨਾਲ ਨਾ ਮਰਨ ਤਾਂ ਟੀਕਾ ਮੁਹੱਈਆ ਕਰਵਾਉਣਾ ਅਤੇ ਉਸ ਨੂੰ ਜ਼ਰੂਰੀ ਲੋਕਾਂ ਜਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਸਮਰੱਥਾ ਅਨੁਸਾਰ ਲਗਾਉਣਾ ਸਭ ਤੋਂ ਜ਼ਰੂਰੀ ਕਦਮ ਹੋਵੇਗਾ। ਸ਼ਾਇਦ ਮੋਦੀ ਦਾ ਦੌਰਾ ਇਸੇ ਕਰ ਕੇ ਸੀ। ਸਾਨੂੰ ਉਡੀਕ ਕਰਨੀ ਹੋਵੇਗੀ ਕਿ ਸਰਕਾਰੀ ਤੰਤਰ ਕਿੰਨੀ ਨਿਪੁੰਨਤਾ ਨਾਲ ਟੀਕੇ ਨੂੰ ਹਰ ਵਰਗ ਤੱਕ ਆਸ ਕੀਤੇ ਸਮੇਂ ’ਚ ਪਹੁੰਚਾ ਸਕਦਾ ਹੈ। ਜੇਕਰ ਦੁਨੀਆ ਦੇ ਹੋਰ ਮੁਲਕਾਂ ਦੇ ਮੁਕਾਬਲੇ ਇਸ ਰੋਗ ਤੋਂ ਅਸੀਂ ਜਲਦੀ ਛੁਟਕਾਰਾ ਪਾ ਲਿਆ ਤਾਂ ਆਰਥਿਕ ਦੌੜ ’ਚ ਵੀ ਅੱਗੇ ਰਹਾਂਗੇ ਅਤੇ ਫਿਰ ਧਨ ਪੱਖੋਂ ਜੀ. ਡੀ. ਪੀ. ਹਾਸਲ ਕਰਨੀ ਜ਼ਿਆਦਾ ਮੁਸ਼ਕਲ ਨਹੀਂ ਹੋਵੇਗੀ।


Bharat Thapa

Content Editor

Related News