ਅਮੀਰੀ ਅਤੇ ਗਰੀਬੀ ਦਾ ਪਾੜਾ

09/16/2021 3:21:42 AM

ਡਾ. ਵੇਦਪ੍ਰਤਾਪ ਵੈਦਿਕ 
ਭਾਰਤ ’ਚ ਅਮੀਰਾਂ ਅਤੇ ਗਰੀਬਾਂ ਦੇ ਦਰਮਿਆਨ ਦਾ ਪਾੜਾ ਅੱਜਕਲ ਪਹਿਲਾਂ ਨਾਲੋਂ ਵੀ ਵੱਧ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਭਾਰਤ ਦੀ ਖੁਸ਼ਹਾਲੀ ਵਧ ਨਹੀਂ ਰਹੀ, ਖੁਸ਼ਹਾਲੀ ਤਾਂ ਵਧ ਰਹੀ ਹੈ ਪਰ ਉਸ ਦੇ ਨਾਲ-ਨਾਲ ਆਰਥਿਕ ਫਰਕ ਵੀ ਵਧ ਰਿਹਾ ਹੈ। ਅਜੇ ਇਕ ਜੋ ਤਾਜ਼ਾ ਸਰਕਾਰੀ ਸਰਵੇਖਣ ਹੋਇਆ ਹੈ, ਉਸ ਦਾ ਕਹਿਣਾ ਹੈ ਕਿ ਦੇਸ਼ ਦੇ 10 ਫੀਸਦੀ ਮਾਲਦਾਰ ਲੋਕ ਦੇਸ਼ ਦੀ 50 ਫੀਸਦੀ ਜਾਇਦਾਦ ਦੇ ਮਾਲਕ ਹਨ ਅਤੇ 50 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਕੋਲ 10 ਫੀਸਦੀ ਜਾਇਦਾਦ ਵੀ ਨਹੀਂ ਹੈ।

ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ ਇਹ ਨਾਬਰਾਬਰੀ ਹੋਰ ਵੀ ਵੱਧ ਹੈ। ਜੇਕਰ ਆਪਣੇ ਪਿੰਡਾਂ ’ਚ ਇਹ ਨਾਬਰਾਬਰੀ ਅਸੀਂ ਦੇਖਣ ਜਾਈਏ ਤਾਂ ਸਾਡਾ ਮੱਥਾ ਸ਼ਰਮ ਨਾਲ ਝੁਕ ਜਾਵੇਗਾ। ਉੱਥੇ ਉਪਰ ਦੇ 10 ਫੀਸਦੀ ਲੋਕ ਪਿੰਡ ਦੀ 80 ਫੀਸਦੀ ਜਾਇਦਾਦ ਦੇ ਮਾਲਕ ਹੁੰਦੇ ਹਨ ਜਦਕਿ ਹੇਠਲੇ 50 ਫੀਸਦੀ ਲੋਕਾਂ ਕੋਲ ਸਿਰਫ 2.1 ਫੀਸਦੀ ਜਾਇਦਾਦ ਹੁੰਦੀ ਹੈ।

ਸਾਡੇ ਦੇਸ਼ ’ਚ ਗਰੀਬੀ ਦੀ ਰੇਖਾ ਦੇ ਹੇਠਾਂ ਉਹ ਲੋਕ ਮੰਨੇ ਜਾਂਦੇ ਹਨ ਜਿਨ੍ਹਾਂ ਦੀ ਆਮਦਨ 150 ਰੁਪਏ ਰੋਜ਼ਾਨਾ ਤੋਂ ਘੱਟ ਹੈ। ਅਜਿਹੇ ਲੋਕਾਂ ਦੀ ਗਿਣਤੀ ਸਰਕਾਰ ਕਹਿੰਦੀ ਹੈ ਕਿ 80 ਕਰੋੜ ਹੈ ਪਰ ਇਨ੍ਹਾਂ 80 ਕਰੋੜ ਲੋਕਾਂ ਨੂੰ ਡੇਢ ਸੌ ਰੁਪਏ ਪੂਰੇ ਸਾਲ ਰੋਜ਼ਾਨਾ ਮਿਲਦੇ ਹੀ ਰਹਿਣਗੇ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਕੌਣ ਹਨ ਇਹ ਲੋਕ? ਇਹ ਹਨ ਖੇਤ ਮਜ਼ਦੂਰ, ਗਰੀਬ ਕਿਸਾਨ, ਆਦੀਵਾਸੀ, ਪੱਛੜੇ, ਮਿਹਨਤਕਸ਼ ਮਜ਼ਦੂਰ, ਦਿਹਾਤੀ ਅਤੇ ਅਨਪੜ੍ਹ ਲੋਕ! ਇਨ੍ਹਾਂ ਦੀ ਜ਼ਿੰਦਗੀ ’ਚ ਹਨੇਰਾ ਹੀ ਹਨੇਰਾ ਹੈ। ਇਨ੍ਹਾਂ ਨੂੰ ਸਰਕਾਰ ਮਨਰੇਗਾ ਤਹਿਤ ਰੋਜ਼ਗਾਰ ਦੇਣ ਦਾ ਵਾਅਦਾ ਕਰਦੀ ਹੈ ਪਰ ਅਫਸਰ ਵਿਚਾਲੇ ਹੀ ਪੈਸਾ ਹਜ਼ਮ ਕਰ ਜਾਂਦੇ ਹਨ।

ਇਹ ਕਿਸ ਦੇ ਕੋਲ ਜਾ ਕੇ ਸ਼ਿਕਾਇਤ ਕਰਨ? ਇਨ੍ਹਾਂ ਦੇ ਕੋਲ ਆਪਣੀ ਆਵਾਜ਼ ਬੁਲੰਦ ਕਰਨ ਦਾ ਕੋਈ ਵਸੀਲਾ ਨਹੀਂ ਹੈ। ਪਿੰਡਾਂ ਦੀ ਜ਼ਿੰਦਗੀ ਤੋਂ ਤੰਗ ਆ ਕੇ ਇਹ ਵੱਡੇ ਸ਼ਹਿਰਾਂ ’ਚ ਪਨਾਹ ਲੈਣ ਆਉਂਦੇ ਹਨ। ਸ਼ਹਿਰਾਂ ’ਚ ਇਨ੍ਹਾਂ ਨੂੰ ਕਿਹੜਾ ਕੰਮ ਮਿਲਦਾ ਹੈ? ਚੌਕੀਦਾਰ, ਸਫਾਈ ਕਰਮਚਾਰੀ, ਘਰੇਲੂ ਨੌਕਰ, ਕਾਰਖਾਨਾ ਮਜ਼ਦੂਰ, ਟਰੱਕ ਅਤੇ ਮੋਟਰ ਚਾਲਕ ਆਦਿ ਦੇ ਅਜਿਹੇ ਕੰਮ ਮਿਲਦੇ ਹਨ ਜਿਨ੍ਹਾਂ ’ਚ ਜਾਨਵਰਾਂ ਵਾਂਗ ਲੱਗੇ ਰਹਿਣਾ ਪੈਂਦਾ ਹੈ। ਗੰਦੀਆਂ ਬਸਤੀਆਂ ’ਚ ਝੌਂਪੜੀ ਬਣਾ ਕੇ ਇਨ੍ਹਾਂ ਨੂੰ ਰਹਿਣਾ ਪੈਂਦਾ ਹੈ। ਇਨ੍ਹਾਂ ਦੇ ਬੱਚੇ ਸਕੂਲਾਂ ’ਚ ਜਾਣ ਦੀ ਬਜਾਏ ਜਾਂ ਤਾਂ ਸੜਕਾਂ ’ਤੇ ਭੀਖ ਮੰਗਦੇ ਹਨ ਜਾਂ ਘਰੇਲੂ ਨੌਕਰਾਂ ਵਾਂਗ ਕੰਮ ਕਰਦੇ ਹਨ।

ਦੇਸ਼ ਦੇ ਇਨ੍ਹਾਂ ਲਗਭਗ 100 ਕਰੋੜ ਲੋਕਾਂ ਨੂੰ 2000 ਕੈਲੋਰੀ ਦਾ ਭੋਜਨ ਵੀ ਨਹੀਂ ਮਿਲਦਾ। ਕਈ ਪਰਿਵਾਰਾਂ ਨੂੰ ਤਾਂ ਭੁੱਖੇ ਢਿੱਡ ਹੀ ਸੌਣਾ ਪੈਂਦਾ ਹੈ। ਜਿਨ੍ਹਾਂ ਕੋਲ ਢਿੱਡ ਭਰਨ ਲਈ ਪੈਸੇ ਨਹੀਂ ਹਨ ਉਹ ਬੀਮਾਰ ਪੈਣ ’ਤੇ ਆਪਣਾ ਇਲਾਜ ਕਿਵੇਂ ਕਰਵਾ ਸਕਦੇ ਹਨ? ਇਹ ਗਰੀਬ ਲੋਕ ਪੈਦਾਇਸ਼ੀ ਤੌਰ ’ਤੇ ਕਮਜ਼ੋਰ ਹੁੰਦੇ ਹਨ। ਬੀਮਾਰ ਪੈਣ ’ਤੇ ਜਲਦੀ ਹੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ।

ਕੋਰੋਨਾ ਦੀ ਮਹਾਮਾਰੀ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਦੇਸ਼ ਦੇ ਗਰੀਬਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋਈ ਹੈ। ਅਚਾਨਕ ਤਾਲਾਬੰਦੀ ਐਲਾਨ ਕਰਨ ਨਾਲ ਕਰੋੜਾਂ ਲੋਕ ਬੇਰੋਜ਼ਗਾਰ ਹੋ ਗਏ ਅਤੇ ਪਿੰਡਾਂ ਵੱਲ ਪਈ ਭਾਜੜ ’ਚ ਸੈਂਕੜੇ ਲੋਕ ਮਾਰੇ ਗਏ। ਸਰਕਾਰੀ ਅੰਕੜੇ ਦੇਸ਼ ’ਚ ਗਰੀਬੀ ਦਾ ਸੱਚਾ ਸ਼ੀਸ਼ਾ ਨਹੀਂ ਹਨ। ਗਰੀਬੀ ਰੇਖਾ ਵਾਲੇ ਲੋਕਾਂ ਦੀ ਗਿਣਤੀ ਹੁਣ ਤੱਕ ਕਾਫੀ ਵਧ ਗਈ ਹੈ। ਹੇਠਲੇ ਦਰਮਿਆਨੇ ਵਰਗ ਦੇ ਸ਼ਹਿਰੀ ਅਤੇ ਦਿਹਾਤੀ ਨਾਗਰਿਕਾਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਗਰੀਬੀ ਰੇਖਾ ਦੇ ਨੇੜੇ-ਤੇੜੇ ਕੱਟਣੀ ਪੈਂਦੀ ਹੈ। ਦੇਸ਼ ਦੇ ਕੁਝ ਕੁ ਮੁੱਠੀ ਭਰ ਮਾਲਦਾਰ ਲੋਕਾਂ ਨੇ ਮਹਾਮਾਰੀ ਦੌਰਾਨ ਆਪਣੀਆਂ ਜੇਬਾਂ ਗਰਮ ਕੀਤੀਆਂ ਹਨ। ਅਮੀਰ ਜ਼ਿਆਦਾ ਅਮੀਰ ਹੋ ਗਏ ਅਤੇ ਗਰੀਬ ਜ਼ਿਆਦਾ ਗਰੀਬ। ਸਾਡੀਆਂ ਸਰਕਾਰਾਂ ਨੇ ਆਮ ਲੋਕਾਂ ਦੀ ਮਦਦ ਲਈ ਪੂਰੀ ਕੋਸ਼ਿਸ਼ ਕੀਤੀ ਹੈ ਪਰ ਇਹ ਕਾਫੀ ਨਹੀਂ। ਆਓ ਦੇਖੀਏ, ਇਸ ਆਰਥਿਕ ਸੰਕਟ ’ਚੋਂ ਭਾਰਤ ਕਿਵੇਂ ਬਾਹਰ ਨਿਕਲਦਾ ਹੈ।


Bharat Thapa

Content Editor

Related News