7.50 ਕਰੋੜ ਰੁਪਏ ਦੀ ਹੈਰੋਇਨ ਅਤੇ 7.24 ਲੱਖ ਰੁਪਏ ਡਰੱਗ ਮਨੀ ਸਮੇਤ ਦੋ ਸਮੱਗਲਰ ਗ੍ਰਿਫ਼ਤਾਰ
Wednesday, Apr 23, 2025 - 06:18 PM (IST)

ਫਿਰੋਜ਼ਪੁਰ (ਮਲਹੋਤਰਾ) : ਥਾਣਾ ਕੁੱਲਗੜੀ ਦੇ ਐੱਸ.ਆਈ. ਨਿਰਮਲ ਸਿੰਘ ਦੀ ਅਗਵਾਈ ਵਿਚ ਟੀਮ ਨੇ ਪਿੰਡ ਯਾਰੇ ਸ਼ਾਹ ਵਾਲਾ ਦੇ ਕੋਲ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਸਮੱਗਲਰਾਂ ਨੂੰ ਫੜਿਆ ਹੈ। ਐੱਸ.ਆਈ. ਦੇ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੱਡੇ ਪੱਧਰ 'ਤੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਹਰਮਨਦੀਪ ਸਿੰਘ ਹਰਮਨ ਪਿੰਡ ਚੁੱਘਾ ਕਲਾਂ ਅਤੇ ਗੁਰਵਿੰਦਰ ਸਿੰਘ ਲੱਕੀ ਪਿੰਡ ਗਾਦੜੀਵਾਲਾ ਇਸ ਸਮੇਂ ਪਿੰਡ ਯਾਰੇ ਸ਼ਾਹ ਵਾਲਾ ਦੇ ਕੋਲ ਡਰੇਨ ਦੇ ਪੁੱਲ 'ਤੇ ਮੋਟਰਸਾਈਕਲ ਲੈ ਕੇ ਖੜੇ ਹਨ ਅਤੇ ਕਿਸੇ ਨੂੰ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਦੇਣ ਲਈ ਆਏ ਹਨ।
ਐੱਸ.ਆਈ. ਨੇ ਦੱਸਿਆ ਕਿ ਤੁਰੰਤ ਟੀਮ ਨੂੰ ਨਾਲ ਲੈ ਕੇ ਉਥੇ ਛਾਪਾ ਮਾਰ ਉਕਤ ਦੋਹਾਂ ਨੂੰ ਹਿਰਾਸਤ ਵਿਚ ਲੈ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਕਰੀਬ 7.50 ਕਰੋੜ ਰੁਪਏ ਮੁੱਲ ਦੀ ਡੇਢ ਕਿੱਲੋ ਹੈਰੋਇਨ, 7.24 ਲੱਖ ਰੁਪਏ ਡਰੱਗ ਮਨੀ, ਕਾਲੇ ਰੰਗ ਦਾ ਬੈਗ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ। ਦੋਵਾਂ ਖ਼ਿਲਾਫ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।