ਘਰੇਲੂ ਸਿਆਸੀ ਵਾਤਾਵਰਣ ਦਾ ਅਸਰ ਵਿਦੇਸ਼ੀ ਰਿਸ਼ਤਿਆਂ ’ਤੇ ਪਵੇਗਾ
Wednesday, Jan 01, 2020 - 01:35 AM (IST)

ਸੀ. ਰਾਜਾ ਮੋਹਨ
ਨਵੇਂ ਸਾਲ ’ਚ ਗੰਭੀਰ ਵਿਦੇਸ਼ੀ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਕੁਝ ਫੈਸਲਾਕੁੰਨ ਘਰੇਲੂ ਘਟਨਾਚੱਕਰਾਂ ਨੂੰ ਸਹੀ ਕਰਨ ਦੀ ਲੋੜ ਹੈ। ਭਾਰਤੀ ਰਾਜਨੀਤੀ ਲਈ ਅੰਦਰੂਨੀ ਕਲੇਸ਼ ਅਤੇ ਆਰਥਿਕ ਮੰਦੀ ਦੋਵੇਂ ਹੀ ਖਤਰਨਾਕ ਮੋੜ ’ਤੇ ਹਨ। ਆਉਣ ਵਾਲੇ ਦਿਨਾਂ ਵਿਚ ਭਾਰਤੀ ਕੂਟਨੀਤੀ ਅਤੇ ਵਿਦੇਸ਼ ਨੀਤੀ ਲਈ ਅੰਦਰੂਨੀ ਸਿਆਸੀ ਘਟਨਾਚੱਕਰ ਅਤੇ ਆਰਥਿਕ ਮੁੜ-ਸੁਰਜੀਤੀ ਦੋਵੇਂ ਹੀ ਅਹਿਮ ਹੋਣਗੇ।
21ਵੀਂ ਸਦੀ ਵਿਚ 2 ਮਹੱਤਵਪੂਰਨ ਗੱਲਾਂ ਨੇ ਭਾਰਤ ਦੇ ਕੌਮਾਂਤਰੀ ਸਬੰਧਾਂ ਨੂੰ ਚਾਰ ਚੰਨ ਲਾਏ ਹਨ। ਇਕ ਤਾਂ 1990 ਦੇ ਦਹਾਕੇ ਵਿਚ ਹੋਏ ਸੁਧਾਰਾਂ ਨਾਲ ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਆਰਥਿਕ ਵਾਧਾ ਹੈ, ਜਿਸ ਨੇ ਭਾਰਤ ਨੂੰ ਵਿਸ਼ਵ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਲੀਗ ਵਿਚ ਸ਼ਾਮਿਲ ਕੀਤਾ ਹੈ। ਦੂਜੀ ਗੱਲ ਇਹ ਹੈ ਕਿ ਭਾਰਤੀ ਅਰਥ ਵਿਵਸਥਾ ਦਾ ਵਿਸਥਾਰਤ ਆਕਾਰ ਅਤੇ ਇਸ ਦੇ ਬਾਜ਼ਾਰ ਦਾ ਆਕਰਸ਼ਣ ਵੀ ਵਧਿਆ ਹੈ।
ਭਾਰਤ ਦੀ ਵਧ ਰਹੀ ਅਰਥ ਵਿਵਸਥਾ ਨੂੰ ਦੇਖ ਕੇ ਬਾਹਰੀ ਦੇਸ਼ਾਂ ਵਿਚ ਕਈਆਂ ਨੇ ਇਹ ਮੰਨਿਆ ਹੈ ਕਿ ਭਾਰਤ ਅੱਗੇ ਜਾ ਕੇ ਇਕ ਫੌਜੀ ਸ਼ਕਤੀ ਬਣ ਜਾਵੇਗਾ। ਭਾਰਤੀ ਉਪ-ਮਹਾਦੀਪ ਅਤੇ ਏਸ਼ੀਆ ਵਿਚ ਸ਼ਕਤੀ ਦੇ ਖੇਤਰੀ ਸੰਤੁਲਨ ਨੂੰ ਬਣਾਉਣ ਵਿਚ ਦਿੱਲੀ ਇਕ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਅਖੀਰ ਵਿਚ ਅੰਤਰਰਾਸ਼ਟਰੀ ਪ੍ਰਣਾਲੀ ਦੇ ਢਾਂਚੇ ਨੂੰ ਦਿੱਲੀ ਇਕ ਨਵਾਂ ਆਕਾਰ ਦੇ ਸਕਦੀ ਹੈ।
ਭਾਰਤ ਪੱਛਮ ’ਚ ਆਪਣੇ ਆਪ ਨੂੰ ਸਥਾਪਿਤ ਕਰ ਸਕਿਆ
ਭਾਰਤ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਇਸ ਦੀ ਸੰਸਕ੍ਰਿਤੀ ਦਾ ਫੈਲਾਅ ਹੋਇਆ ਹੈ, ਜਿਸ ਦਾ ਹਾਂ-ਪੱਖੀ ਪ੍ਰਭਾਵ ਪਿਆ ਹੈ। ਪੱਛਮ ਦੇ ਨਾਲ ਸਿਆਸੀ ਕਦਰਾਂ-ਕੀਮਤਾਂ ਨੂੰ ਬੰਨ੍ਹਣ ਦੀ ਧਾਰਨਾ ਨੇ ਭਾਰਤ ਵਿਰੁੱਧ ਦਹਾਕਿਆਂ ਪੁਰਾਣੀ ਉੱਚ ਤਕਨੀਕੀ ਨਾਕਾਬੰਦੀ ਵਿਚ ਸੁਧਾਰ ਕੀਤਾ ਹੈ। ਇਸ ਦੇ ਤਹਿਤ ਭਾਰਤ ਪੱਛਮ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਸਕਿਆ ਹੈ। ਠੰਡੀ ਜੰਗ ਦੌਰਾਨ ਭਾਰਤ ਦੀਆਂ ਜਮਹੂਰੀ ਕਦਰਾਂ-ਕੀਮਤਾਂ ਦੇ ਕੁਝ ਯੁੱਧਨੀਤਕ ਨਤੀਜੇ ਨਿਕਲੇ ਹਨ। ਇਸ ਕਾਰਣ ਅਮਰੀਕਾ, ਯੂਰਪ, ਜਾਪਾਨ ਅਤੇ ਹੋਰਨਾਂ ਏਸ਼ੀਆਈ ਦੇਸ਼ਾਂ ਦੇ ਨਾਲ ਭਾਰਤ ਦੀ ਨੀਤੀਗਤ ਹਿੱਸੇਦਾਰੀ ਹੋਰ ਮਜ਼ਬੂਤ ਹੋਈ ਹੈ।
ਜੇਕਰ ਆਰਥਿਕ ਮੰਦੀ ਅਤੇ ਵਪਾਰ ਵਿਚ ਹੋ ਰਹੇ ਵਿਰੋਧ ਨੇ ਭਾਰਤ ਦੇ ਆਕਰਸ਼ਣ ਨੂੰ ਸੀਮਤ ਕੀਤਾ ਹੈ, ਉਥੇ ਹੀ ਹਿੰਦੂ ਬਹੁਗਿਣਤੀਵਾਦ ਦੇ ਮੁੱਦੇ ਨੇ ਵੀ ਉਦਾਰਵਾਦੀ ਕੌਮਾਂਤਰੀ ਮੀਡੀਆ, ਅਮਰੀਕੀ ਕਾਂਗਰਸ ਅਤੇ ਇਸਲਾਮਿਕ ਦੇਸ਼ਾਂ ਦੀਆਂ ਚਿੰਤਾਵਾਂ ਵਧਾਈਆਂ ਹਨ। ਪ੍ਰਵਾਸੀ, ਜਿਸ ਨੂੰ ਕਿ ਭਾਰਤ ਦੀ ਸੰਪਤੀ ਸਮਝਿਆ ਜਾਂਦਾ ਸੀ, ਹੁਣ ਇਹ ਦਿੱਲੀ ਦੀ ਵਿਦੇਸ਼ ਨੀਤੀ ਦੀ ਮੁਸ਼ਕਿਲ ਦਾ ਹਿੱਸਾ ਬਣ ਰਿਹਾ ਹੈ। ਦਿੱਲੀ ਪ੍ਰਤੀ ਨਾਂਹ-ਪੱਖੀ ਸੋਚ ਉੱਭਰ ਰਹੀ ਹੈ। ਦੇਸ਼ ਵਿਚ ਧਾਰਮਿਕ ਵੰਡ ਨਾਲ ਪਾਕਿਸਤਾਨ ਦੇ ਨਾਲ ਨੋਕ-ਝੋਕ ਦੇ ਮਿਲ ਜਾਣ ਨਾਲ ਭਾਰਤ ਲਈ ਵਿਦੇਸ਼ੀ ਸਬੰਧਾਂ ਨੂੰ ਲੈ ਕੇ ਸਿਰਦਰਦੀ ਵਧ ਗਈ ਹੈ। ਆਪਣੇ ਘਰ ਵਿਚ ਭਾਰਤ ਖੇਤਰੀ ਝਗੜਿਆਂ ਦੇ ਨਾਲ-ਨਾਲ ਹਿੰਦੂ-ਮੁਸਲਿਮ ਸੰਘਰਸ਼ ਵੱਲ ਵਧ ਰਿਹਾ ਹੈ। ਭਾਰਤ ਦੀ ਘਰੇਲੂ ਰਾਜਨੀਤੀ ਨੂੰ ਲੈ ਕੇ ਬਾਹਰੀ ਚਿੰਤਾਵਾਂ ਵਧੀਆਂ ਹਨ। ਦੇਸ਼ ਵਿਚ ਸਾਰੇ ਸੂਬੇ ਆਜ਼ਾਦ ਹਨ। ਉਹ ਆਪਣੇ ਸੂਬੇ ਵਿਚ ਜੋ ਕਰਨਾ ਚਾਹੁਣ, ਕਰ ਸਕਦੇ ਹਨ ਅਤੇ ਜਿਸ ਤਰ੍ਹਾਂ ਦੀ ਵਿਦੇਸ਼ ਨੀਤੀ ਨੂੰ ਉਹ ਪਸੰਦ ਕਰਦੇ ਹਨ, ਉਸ ਦੇ ਲਈ ਵੀ ਉਹ ਆਜ਼ਾਦ ਹਨ। ਸਾਲਾਂ ਤੋਂ ਰਾਜਨੇਤਾ ਦੇਸ਼ ਅਤੇ ਵਿਦੇਸ਼ ਦਰਮਿਆਨ ਗੁੰਝਲਦਾਰ ਆਪਸੀ ਨਿਰਭਰਤਾ ਕਾਇਮ ਰੱਖਣ ਦੇ ਰਸਤੇ ਲੱਭਦੇ ਰਹੇ ਹਨ, ਜੋ ਲੋਕ ਇਹ ਸਮਝਦੇ ਹਨ ਕਿ ਇਨ੍ਹਾਂ ਦੋਹਾਂ ਵਿਚ ਕੋਈ ਰਿਸ਼ਤਾ ਨਹੀਂ ਹੈ, ਉਨ੍ਹਾਂ ਨੂੰ ਕੀਮਤ ਚੁਕਾਉਣੀ ਪਈ ਹੈ।
ਅੱਜ ਦੇ ਦੌਰ ਵਿਚ ਜ਼ਿਆਦਾਤਰ ਰਾਸ਼ਟਰ ਘਰੇਲੂ, ਆਰਥਿਕ ਨੀਤੀ ਅਤੇ ਵਧਦੀ ਹੋਈ ਤਕਨੀਕੀ ਨੀਤੀ ਨੂੰ ਦੇਸ਼ ਅਤੇ ਵਿਦੇਸ਼ ਦੇ ਦਰਮਿਆਨ ਆਪਸੀ ਗੱਲਬਾਤ ਨਾਲ ਉਸ ਨੂੰ ਆਕਾਰ ਦੇ ਰਹੇ ਹਨ। ਵਿਸ਼ਵ ’ਚ ਕੁਝ ਹੀ ਦੇਸ਼ ਅਜਿਹਾ ਮੰਨਦੇ ਹਨ ਕਿ ਮੁਕੰਮਲ ਆਰਥਿਕ ਖ਼ੁਦਮੁਖਤਿਆਰੀ ਸੰਭਾਲੀ ਰੱਖੇ ਜਾਣ ਦੇ ਯੋਗ ਨਹੀਂ ਹੈ। ਵਿਸ਼ਵ ਵਿਚ ਮੁਕੰਮਲ ਵੰਡ ਲਈ ਕੋਈ ਜਗ੍ਹਾ ਨਹੀਂ ਹੈ।
ਇਹੀ ਗੱਲ ਸਿਆਸੀ ਖ਼ੁਦਮੁਖਤਿਆਰੀ ਲਈ ਵੀ ਸਹੀ ਮੰਨੀ ਗਈ ਹੈ। ਇਹ ਕਦੇ ਵੀ ਮੁਕੰਮਲ ਨਹੀਂ ਰਹੀ ਅਤੇ ਇਹ ਹਮੇਸ਼ਾ ਹੀ ਆਕਾਰ, ਅਰਥ ਵਿਵਸਥਾ, ਭੂਗੋਲ, ਆਬਾਦੀ ਅਤੇ ਇਤਿਹਾਸ ਰਾਹੀਂ ਮਜਬੂਰ ਰਹੀ ਹੈ। ਸ਼ਾਸਨ ਕਲਾ ਨੇ ਹੋਰਨਾਂ ਦੀਆਂ ਅੰਦਰੂਨੀ ਮੁਸ਼ਕਿਲਾਂ ਤੋਂ ਫਾਇਦਾ ਉਠਾਇਆ ਹੈ। ਜਦੋਂ ਕੋਈ ਦੇਸ਼ ਆਪਣੇ ਘਰ ਵਿਚ ਵੰਡ ਦੀ ਅੱਗ ਨਾਲ ਸੜਦਾ ਹੈ, ਫਿਰ ਉਹ ਆਪਣੇ ਦੋਸਤਾਂ ਨੂੰ ਹੀ ਨਹੀਂ, ਸਗੋਂ ਆਪਣੇ ਸ਼ੁੱਭਚਿੰਤਕਾਂ ਨੂੰ ਵੀ ਦੁਖੀ ਕਰਦਾ ਹੈ। ਇਸ ਨਾਲ ਦੂਜੇ ਲੋਕਾਂ ਨੂੰ ਵੀ ਸ਼ੋਸ਼ਣ ਕਰਨ ਦਾ ਮੌਕਾ ਮਿਲਦਾ ਹੈ।
ਦੂਜਿਆਂ ਦੇ ਅੰਦਰੂਨੀ ਝਗੜਿਆਂ ਤੋਂ ਫਾਇਦਾ ਉਠਾਉਂਦੇ ਹਨ ਦੇਸ਼
ਸ਼ਕਤੀਸ਼ਾਲੀ ਦੇਸ਼ ਦੂਜਿਆਂ ਦੇ ਅੰਦਰੂਨੀ ਝਗੜਿਆਂ ਤੋਂ ਫਾਇਦਾ ਉਠਾਉਂਦੇ ਹਨ। ਰੂਸ, ਜੋ ਲੰਮੇ ਸਮੇਂ ਤਕ ਉੱਤਰੀ ਅਮਰੀਕਾ ਅਤੇ ਯੂਰਪ ਵਿਚ ਨਕਾਰਿਆ ਗਿਆ ਅਤੇ ਆਪਣੀ ਸ਼ਕਤੀ ਗੁਆ ਰਿਹਾ ਸੀ, ਹੁਣ ਇਹ ਜ਼ਿਆਦਾ ਮਜ਼ਬੂਤ ਲੋਕਤੰਤਰ ਦੀ ਘਰੇਲੂ ਰਾਜਨੀਤੀ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ।
ਕੁਝ ਦੇਸ਼ਾਂ ਨੂੰ ਇੰਨਾ ਧਾਰਮਿਕ ਬੋਝ ਨਹੀਂ ਉਠਾਉਣਾ ਪਿਆ, ਜਿੰਨਾ ਕਿ ਆਜ਼ਾਦ ਭਾਰਤ ਨੂੰ। ਧਰਮ ਦੇ ਆਧਾਰ ’ਤੇ ਭਾਰਤ ਦੀ ਵੰਡ ਤੋਂ ਬਾਅਦ ਧਾਰਮਿਕ ਸੁਹਿਰਦਤਾ ਕਾਇਮ ਰੱਖਣ ਲਈ ਇਸ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਭਾਰਤ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਉਚਿਤ ਸਬੰਧ ਸਥਾਪਿਤ ਕੀਤੇ ਹਨ। ਦਿੱਲੀ ਵਿਚ ਸਾਰੀਆਂ ਸਰਕਾਰਾਂ ਨੇ ਵੰਡ ਦੀ ਵਿਰਾਸਤ ਨਾਲ ਨਜਿੱਠਣ ਲਈ ਜੱਦੋ-ਜਹਿਦ ਕੀਤੀ ਹੈ।