ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਦਾਖ਼ਲ ਹੁੰਦੇ ਚੀਨੀ

Saturday, Apr 29, 2023 - 11:33 AM (IST)

ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਦਾਖ਼ਲ ਹੁੰਦੇ ਚੀਨੀ

ਨਵੀਂ ਦਿੱਲੀ- ਇਸ ਸਮੇਂ ਜੇਕਰ ਕਿਸੇ ਦੇਸ਼ ਤੋਂ ਸਭ ਤੋਂ ਵੱਧ ਲੋਕ ਕਦੀ ਵਾਪਸ ਨਾ ਪਰਤਣ ਲਈ ਜਾ ਰਹੇ ਹਨ ਤਾਂ ਉਹ ਹੈ ਚੀਨੀ ਲੋਕ। ਚੀਨ ਦੇ ਲੋਕ ਆਪਣੇ ਦੇਸ਼ ਨੂੰ ਛੱਡ ਕੇ ਕਈ ਦੂਜੇ ਦੇਸ਼ਾਂ ’ਚ ਵੱਸ ਰਹੇ ਹਨ। ਇਨ੍ਹਾਂ ’ਚੋਂ ਕਈ ਵੀਅਤਨਾਮ ’ਚ ਵੱਸ ਗਏ ਹਨ ਤਾਂ ਕਈ ਦੂਜੇ ਚੀਨੀ ਥਾਈਲੈਂਡ ’ਚ ਜਾ ਕੇ ਵੱਸ ਗਏ ਹਨ। ਯੂਰਪ ’ਚ ਕੁਝ ਦੇਸ਼ 50 ਹਜ਼ਾਰ ਡਾਲਰ ’ਚ ਵਿਦੇਸ਼ੀਆਂ ਨੂੰ ਨਾਗਰਿਕਤਾ ਵੇਚ ਰਹੇ ਹਨ, ਪੈਸੇ ਵਾਲੇ ਚੀਨੀ ਇਨ੍ਹਾਂ ਦੇਸ਼ਾਂ ਦੀ ਨਾਗਰਿਕਤਾ ਪੈਸੇ ਦੇ ਕੇ ਖਰੀਦ ਰਹੇ ਹਨ ਪਰ ਇਕ ਆਮ ਚੀਨੀ ਦਾ ਸੁਪਨਾ ਅਮਰੀਕਾ ਜਾ ਕੇ ਵੱਸਣਾ ਹੈ। ਸਾਲ 1850 ਤੋਂ ਚੀਨੀ ਅਮਰੀਕਾ ’ਚ ਜਾ ਕੇ ਵੱਸਦੇ ਰਹੇ ਹਨ। ਉੱਥੇ ਜਾ ਕੇ ਉਨ੍ਹਾਂ ਨੇ ਰੋਜ਼ੀ-ਰੋਟੀ ਕਮਾਉਣ ਲਈ ਹਰ ਛੋਟਾ-ਵੱਡਾ ਕੰਮ ਕੀਤਾ ਹੈ ਪਰ ਇਸ ਸਮੇਂ ਜੋ ਲੋਕ ਚੀਨ ਛੱਡ ਕੇ ਅਮਰੀਕਾ ਜਾ ਰਹੇ ਹਨ, ਉਹ ਸ਼ੀ ਜਿਨਪਿੰਗ ਦੀ ਤਾਨਾਸ਼ਾਹੀ ਅਤੇ ਸੀ. ਪੀ. ਸੀ. ਦੀਆਂ ਗਲਤ ਨੀਤੀਆਂ ਕਾਰਨ ਚੀਨ ਨੂੰ ਹਮੇਸ਼ਾ ਲਈ ਛੱਡ ਕੇ ਜਾ ਰਹੇ ਹਨ। ਇਨ੍ਹਾਂ ’ਚੋਂ ਕਈ ਲੋਕ ਬੜੇ ਖਤਰਨਾਕ ਰਸਤਿਆਂ ਤੋਂ ਅਮਰੀਕਾ ਪੁੱਜ ਰਹੇ ਹਨ।

ਇਹ ਇਕ ਬਹੁਤ ਵੱਡਾ ਆਪਾ-ਵਿਰੋਧ ਹੈ ਕਿ ਜਿੱਥੇ ਚੀਨ ਦੀ ਕਮਿਊਨਿਸਟ ਪਾਰਟੀ ਅਮਰੀਕਾ ਨੂੰ ਹਮੇਸ਼ਾ ਬੁਰਾ-ਭਲਾ ਕਹਿੰਦੀ ਰਹਿੰਦੀ ਹੈ, ਲੋਕਤੰਤਰ ਦੀ ਬੁਰਾਈ ਕਰਦੀ ਹੈ ਅਤੇ ਅਮਰੀਕੀ ਸਿਸਟਮ ਦੀਆਂ ਧੱਜੀਅਾਂ ਉਡਾਉਂਦੀ ਹੈ ਤਾਂ ਉੱਥੇ ਹੀ ਲੱਖਾਂ ਦੀ ਗਿਣਤੀ ’ਚ ਚੀਨੀ ਲੋਕ ਅਮਰੀਕਾ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ। ਚੀਨ ’ਚ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਕਾਰਨ ਇਨ੍ਹਾਂ ਸਾਰਿਆਂ ਦਾ ਭਵਿੱਖ ਅੱਧ-ਵਿਚਾਲੇ ਲਟਕਿਆ ਹੋਇਆ ਹੈ, ਕਈ ਲੋਕਾਂ ਨੂੰ ਲੱਗਦਾ ਹੈ ਕਿ ਚੀਨ ’ਚ ਉਨ੍ਹਾਂ ਦਾ ਭਵਿੱਖ ਹਮੇਸ਼ਾ ਖਤਰੇ ’ਚ ਰਹੇਗਾ ਅਤੇ ਚੀਨ ਸਰਕਾਰ ਦੀ ਸਖਤੀ ਨੂੰ ਇਹ ਲੋਕ ਹਮੇਸ਼ਾ ਨਹੀਂ ਝੱਲ ਸਕਦੇ। ਇਸ ਲਈ ਇਹ ਲੋਕ ਮਨੁੱਖੀ ਸਮੱਗਲਰਾਂ ਨੂੰ ਮੋਟੀ ਰਕਮ ਅਦਾ ਕਰਦੇ ਹਨ। ਇਸ ਤੋਂ ਬਾਅਦ ਇਹ ਮਨੁੱਖੀ ਸਮੱਗਲਰ ਉਨ੍ਹਾਂ ਨੂੰ ਪ੍ਰਸ਼ਾਂਤ ਮਹਾਸਾਗਰ ਪਾਰ ਕਰਵਾਉਣ ਤੋਂ ਬਾਅਦ ਲਾਤੀਨੀ ਅਮਰੀਕਾ ਦੇ ਕਿਸੇ ਦੇਸ਼ ’ਚ ਉਤਾਰਦੇ ਹਨ ਅਤੇ ਫਿਰ ਉੱਥੋਂ ਸ਼ੁਰੂ ਹੁੰਦਾ ਹੈ ਇਨ੍ਹਾਂ ਦਾ ਥਕਾ ਦੇਣ ਵਾਲਾ ਸਫਰ, ਜਿਸ ’ਚ ਇਨ੍ਹਾਂ ਨੂੰ ਪਹਾੜਾਂ, ਜੰਗਲਾਂ, ਰੇਗਿਸਤਾਨਾਂ ਤੇ ਨਦੀਆਂ ਦੇ ਖਤਰਨਾਕ ਰਸਤਿਆਂ ਨੂੰ ਪਾਰ ਕਰਨਾ ਹੁੰਦਾ ਹੈ ਅਤੇ ਜਿਨ੍ਹਾਂ ਦੇਸ਼ਾਂ ’ਚੋਂ ਇਹ ਲੰਘਦੇ ਹਨ, ਉੱਥੇ ਸਰਕਾਰ ਵਿਰੁੱਧ ਬਗਾਵਤੀ ਧੜਿਆਂ ਦੀ ਲੜਾਈ ਵੀ ਜਾਰੀ ਰਹਿੰਦੀ ਹੈ ਅਤੇ ਕੋਲੰਬੀਆ ’ਚ ਤਾਂ ਨਸ਼ੀਲੇ ਪਦਾਰਥਾਂ ਦੇ ਵੱਡੇ-ਵੱਡੇ ਸਮੱਗਲਰਾਂ ਦੇ ਗਿਰੋਹ ਵੀ ਸਰਗਰਮ ਰਹਿੰਦੇ ਹਨ, ਨਾਲ ਹੀ ਇਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਦੀ ਪੁਲਸ ਦਾ ਵੀ ਖਤਰਾ ਹੁੰਦਾ ਹੈ ਕਿਉਂਕਿ ਜਿਨ੍ਹਾਂ ਦੇਸ਼ਾਂ ’ਚੋਂ ਲੰਘਦੇ ਹੋਏ ਇਹ ਲੋਕ ਅਮਰੀਕਾ ਪੁੱਜਦੇ ਹਨ, ਉਨ੍ਹਾਂ ਦੇਸ਼ਾਂ ਦਾ ਵੀਜ਼ਾ ਇਨ੍ਹਾਂ ਕੋਲ ਨਹੀਂ ਹੁੰਦਾ। ਅਜਿਹੇ ’ਚ ਜੇਕਰ ਇਹ ਉਨ੍ਹਾਂ ਦੇਸ਼ਾਂ ’ਚ ਫੜੇ ਗਏ ਤਾਂ ਫਿਰ ਉੱਥੇ ਜੇਲ ’ਚ ਇਨ੍ਹਾਂ ਨੂੰ ਲੰਬੀ ਕੈਦ ਮਿਲਦੀ ਹੈ। ਚੀਨੀ ਲੋਕ ਲੰਬੀ ਥਕਾ ਦੇਣ ਵਾਲੀ ਯਾਤਰਾ ਦੌਰਾਨ ਅਕਸਰ ਭੁੱਖੇ-ਪਿਆਸੇ ਰਹਿੰਦੇ ਹਨ।

ਰਸਤੇ ’ਚ ਇਨ੍ਹਾਂ ਨੂੰ ਨਾ ਤਾਂ ਕਿਤੇ ਖਾਣਾ ਮਿਲਦਾ ਹੈ ਤੇ ਨਾ ਹੀ ਪੀਣ ਲਈ ਸਾਫ ਪਾਣੀ, ਅਜਿਹੇ ’ਚ ਬਹੁਤ ਸਾਰੇ ਲੋਕਾਂ ਦੀ ਤਬੀਅਤ ਵੀ ਖਰਾਬ ਹੋ ਜਾਂਦੀ ਹੈ। ਅਜਿਹੀ ਹਾਲਤ ’ਚ ਇਨ੍ਹਾਂ ਨੂੰ ਦਵਾਈ ਵੀ ਨਹੀਂ ਮਿਲਦੀ। ਬੀਮਾਰੀ ਦੀ ਹਾਲਤ ’ਚ ਥੱਕੇ-ਹਾਰੇ ਇਹ ਲੋਕ ਆਪਣੀ ਪੂਰੀ ਯਾਤਰਾ ਦੌਰਾਨ ਬੁਰੀ ਤਰ੍ਹਾਂ ਡਰੇ ਹੋਏ ਹੁੰਦੇ ਹਨ ਕਿ ਕਿਤੇ ਇਨ੍ਹਾਂ ਨੂੰ ਪੁਲਸ ਨਾ ਫੜ ਲਵੇ ਅਤੇ ਕਿਤੇ ਇਹ ਡਰੱਗ ਸਮੱਗਲਰਾਂ ਦੇ ਹੱਥੇ ਨਾ ਚੜ੍ਹ ਜਾਣ। ਡਰੱਗ ਸਮੱਗਲਰ ਅਤੇ ਸਥਾਨਕ ਅਪਰਾਧੀ ਗਿਰੋਹ ਇਨ੍ਹਾਂ ਨੂੰ ਬੰਦੀ ਬਣਾ ਕੇ ਇਨ੍ਹਾਂ ਕੋਲੋਂ ਪੈਸੇ ਠੱਗਦੇ ਹਨ, ਪੈਸੇ ਨਾ ਮਿਲਣ ’ਤੇ ਇਨ੍ਹਾਂ ਨੂੰ ਮਾਰ ਦਿੰਦੇ ਹਨ। ਪਿਛਲੇ ਸਾਲ ਕੁਝ ਲੋਕ ਮੈਕਸੀਕੋ ਦੇ ਡਰੱਗ ਕਾਰਟੇਲ ਦੇ ਹੱਥੇ ਚੜ੍ਹੇ ਸਨ ਜਿੱਥੇ ਨਾਜਾਇਜ਼ ਮੁਸਾਫਰਾਂ ਨੂੰ ਮਾਰ ਦਿੱਤਾ ਗਿਆ ਸੀ, ਜਿਸ ’ਚ ਸੀਰੀਆ, ਇਰਾਕ, ਅਫਗਾਨਿਸਤਾਨ, ਉੱਤਰੀ ਅਫਰੀਕੀ ਦੇਸ਼ ਦੇ ਲੋਕ ਅਤੇ ਕੁਝ ਚੀਨੀ ਵੀ ਸ਼ਾਮਲ ਸਨ। ਇੰਨੇ ਡਰਾਉਣੇ ਹਾਲਾਤ ’ਚ ਕੁਝ ਲੋਕ ਯਾਤਰਾ ਦੇ ਦੌਰਾਨ ਆਪਣੀ ਜਾਨ ਤੱਕ ਗਵਾ ਚੁੱਕੇ ਹਨ ਪਰ ਕਿਸੇ ਵੀ ਹਾਲਤ ’ਚ ਚੀਨ ’ਚ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉੱਥੇ ਘੁਟਣ ਭਰੇ ਹਾਲਾਤ ’ਚ ਇਨ੍ਹਾਂ ਦਾ ਜਿਊਣਾ ਔਖਾ ਹੋ ਰਿਹਾ ਹੈ। ਇੰਨੇ ਔਖੇ ਹਾਲਾਤ ਦੇ ਬਾਵਜੂਦ ਰੋਜ਼ਾਨਾ ਸੈਂਕੜੇ ਚੀਨੀ ਲੋਕ ਚੀਨ ’ਚ ਆਪਣਾ ਘਰ-ਬਾਰ ਘਾਟੇ-ਵਾਧੇ ’ਚ ਵੇਚ ਕੇ ਸਿਰਫ ਯਾਤਰਾ ਦਾ ਖਰਚ ਕੱਢਦੇ ਹਨ ਅਤੇ ਇੰਨੀ ਔਖੀ ਯਾਤਰਾ ਨੂੰ ਕਰਨ ਲਈ ਤਿਆਰ ਰਹਿੰਦੇ ਹਨ।

ਹਜ਼ਾਰਾਂ ਦੀ ਗਿਣਤੀ ’ਚ ਚੀਨੀ ਲੋਕ ਪੇਰੂ, ਕੋਲੰਬੀਆ ਅਤੇ ਇਕਵਾਡੋਰ ਤੋਂ ਲੈਟਿਨ ਅਮਰੀਕਾ ’ਚ ਆਉਂਦੇ ਹਨ ਅਤੇ ਫਿਰ ਇੱਥੋਂ ਮੱਧ ਅਮਰੀਕਾ ਤੋਂ ਪਨਾਮਾ, ਕੋਸਟਾਰਿਕਾ, ਨਿਕਾਰਾਗੁਆ, ਹੋਂਡੁਰਸ, ਐੱਲ. ਸਾਲਵਾਡੋਰ, ਗੁਆਟੇਮਾਲਾ, ਬੇਲਿਜੀ ਸਮੇਤ ਸਾਰੇ 6 ਦੇਸ਼ਾਂ ਨੂੰ ਪਾਰ ਕਰ ਕੇ ਮੈਕਸੀਕੋ ਪੁੱਜਦੇ ਹਨ। ਮੈਕਸੀਕੋ ਪੁੱਜ ਕੇ ਵੀ ਇਨ੍ਹਾਂ ਦੀਆਂ ਔਕੜਾਂ ਖਤਮ ਨਹੀਂ ਹੁੰਦੀਆਂ, ਇੱਥੇ ਵੱਡੇ-ਵੱਡੇ ਡਰੱਗ ਕਾਰਟੇਲ ਮੌਜੂਦ ਹਨ ਜਿਨ੍ਹਾਂ ਦੀ ਆਪਸੀ ਰੰਜਿਸ਼ ’ਚ ਇਨ੍ਹਾਂ ’ਚੋਂ ਕੁਝ ਲੋਕ ਮਾਰੇ ਜਾਂਦੇ ਹਨ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਜੇਕਰ ਇਹ ਬਚ ਨਿਕਲਦੇ ਹਨ ਤਾਂ ਅਮਰੀਕਾ ਦੀ ਸਰਹੱਦੀ ਪੁਲਸ ਦੀ ਗਸ਼ਤ ਟੀਮ ਤੋਂ ਇਨ੍ਹਾਂ ਦਾ ਬਚਣਾ ਲਗਭਗ ਅਸੰਭਵ ਹੁੰਦਾ ਹੈ। ਡੋਨਾਲਡ ਟ੍ਰੰਪ ਦੇ ਦੌਰ ’ਚ ਮੈਕਸੀਕੋ ਸਰਹੱਦ ’ਤੇ ਅਮਰੀਕਾ ਨੇ ਲੋਹੇ ਦੀ ਉੱਚੀ ਕੰਧ ਬਣਾ ਦਿੱਤੀ ਜਿਸ ਨੂੰ ਪਾਰ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਅਜਿਹੇ ’ਚ ਇਹ ਅਮਰੀਕਾ ਪੁੱਜ ਤਾਂ ਜਾਂਦੇ ਹਨ ਪਰ ਇਸ ਨਾਲ ਚੀਨ ਦੀ ਕੌਮਾਂਤਰੀ ਬੇਇੱਜ਼ਤੀ ਹੁੰੰਦੀ ਹੈ। ਇਸ ਦੇ ਪਿੱਛੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਗਲਤੀ ਹੈ ਜੋ ਬਿਨਾਂ ਸੋਚੇ ਸਮਝੇ ਮਨਮਾਨੇ ਢੰਗ ਨਾਲ ਕਾਨੂੰਨ ਬਣਾਉਂਦੀ ਹੈ ਤੇ ਉਸ ਨੂੰ ਤੁਰੰਤ ਲਾਗੂ ਵੀ ਕਰ ਦਿੰਦੀ ਹੈ। ਫਿਰ ਭਾਵੇਂ ਇਸ ਨਾਲ ਲੋਕਾਂ ਨੂੰ ਲੱਖ ਪ੍ਰੇਸ਼ਾਨੀ ਹੁੰਦੀ ਹੈ ਤਾਂ ਹੁੰਦੀ ਰਹੇ। ਚੀਨ ਦੇ ਇਸ ਹਾਲਾਤ ਨੂੰ ਦੇਖਦੇ ਹੋਏ ਕਈ ਕੌਮਾਂਤਰੀ ਸੰਗਠਨਾਂ ਨੇ ਇਸ ਮੁੱਦੇ ਨੂੰ ਸੰਸਾਰਕ ਮੰਚਾਂ ’ਤੇ ਵੀ ਚੁੱਕਿਆ ਹੈ। ਚੀਨ ਦੀਆਂ ਸਖਤ ਨੀਤੀਆਂ ਅਤੇ ਸਿਆਸੀ ਮਸ਼ੀਨਰੀ ਦੀ ਪੂਰੀ ਦੁਨੀਆ ਨੇ ਨਿੰਦਾ ਕੀਤੀ ਹੈ ਅਤੇ ਵਿਕਸਿਤ ਦੇਸ਼ਾਂ ਦਾ ਇਸ ਮਾਮਲੇ ’ਚ ਦਖਲ ਚਾਹੁੰਦੇ ਹਨ ਜਿਸ ਨਾਲ ਇੰਨੇ ਸਾਰੇ ਬੇਗੁਨਾਹ ਲੋਕਾਂ ਦਾ ਜਬਰੀ ਦੇਸ਼ ਛੱਡ ਕੇ ਜਾਣਾ ਰੁਕੇ ਪਰ ਚੀਨ ਦੀ ਸੱਤਾ ਕਿਸੇ ਵੀ ਕੌਮਾਂਤਰੀ ਵਿਰੋਧ ਨੂੰ ਅੱਖੋਂ-ਪਰੋਖੇ ਕਰ ਕੇ ਆਪਣੀਆਂ ਬੇਤੁਕੀਆਂ ਨੀਤੀਆਂ ਨੂੰ ਲਾਗੂ ਕਰਨ ’ਚ ਰੁੱਝੀ ਹੈ, ਉਨ੍ਹਾਂ ਨੂੰ ਆਪਣੇ ਦੇਸ਼ ਦੀ ਜਨਤਾ ਨਾਲ ਕੋਈ ਮਤਲਬ ਨਹੀਂ ਕਿ ਉਹ ਕਿਸ ਹਾਲ ’ਚ ਹੈ।


author

DIsha

Content Editor

Related News