ਭਾਜਪਾ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲਾਂ ’ਤੇ ਆਧਾਰਿਤ ਹੋਣਾ ਛੱਡੇ

02/12/2020 1:29:25 AM

ਵਿਸ਼ਣੂ ਗੁਪਤ

ਚੋਣਾਂ ਤਾਂ ਭ੍ਰਿਸ਼ਟ ਤੋਂ ਭ੍ਰਿਸ਼ਟ ਨੇਤਾ ਵੀ ਜਿੱਤ ਜਾਂਦੇ ਹਨ, ਸੂਬਿਆਂ ’ਚ ਸਰਕਾਰ ਬਣਾ ਲੈਂਦੇ ਹਨ। ਜਨਤਾ ਭ੍ਰਿਸ਼ਟ ਰਾਜਨੇਤਾਵਾਂ ਨੂੰ ਵੀ ਫਤਵਾ ਦੇ ਦਿੰਦੀ ਹੈ। ਇਸ ਦੀ ਉਦਾਹਰਣ ਲਾਲੂ ਪ੍ਰਸਾਦ ਯਾਦਵ ਹਨ, ਜੈਲਲਿਤਾ ਉਦਾਹਰਣ ਸੀ ਅਤੇ ਮਾਇਆਵਤੀ ਵੀ ਉਦਾਹਰਣ ਹੈ। ਮਾਇਆਵਤੀ ਦੌਲਤ ਦੀ ਰਾਣੀ ਦੀ ਪਦਵੀ ਹਾਸਲ ਕਰ ਚੁੱਕੀ ਸੀ, ਫਿਰ ਵੀ ਉਹ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣ ਗਈ ਸੀ। ਲਾਲੂ ਪ੍ਰਸਾਦ ਯਾਦਵ ਚਾਰਾ ਖਾਣ ਦੇ ਦੋਸ਼ੀ ਠਹਿਰਾਏ ਗਏ ਅਤੇ ਲਾਲੂ ਜੇਲ ’ਚ ਹਨ, ਫਿਰ ਵੀ ਉਨ੍ਹਾਂ ਦੀ ਪਾਰਟੀ ਬਿਹਾਰ ’ਚ ਲੋਕ ਫਤਵਾ ਹਾਸਲ ਕਰ ਚੁੱਕੀ ਸੀ। ਜੈਲਲਿਤਾ ਵੀ ਆਮਦਨ ਕਰ ਮਾਮਲਿਆਂ ’ਚ ਫਸੀ ਸੀ। ਫਿਰ ਵੀ ਤਾਮਿਲਨਾਡੂ ’ਚ ਉਹ ਰਾਜਨੀਤੀ ਦੀ ਸਿਰਮੌਰ ਬਣੀ ਰਹੀ ਸੀ, ਇਸ ਲਈ ਇਹ ਸਮਝ ਨਹੀਂ ਹੋਣੀ ਚਾਹੀਦੀ ਕਿ ਈਮਾਨਦਾਰ ਨੇਤਾ ਨੂੰ ਹੀ ਜਨਤਾ ਫਤਵਾ ਦਿੰਦੀ ਹੈ। ਅਰਵਿੰਦ ਕੇਜਰੀਵਾਲ ਵੀ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ੀ ਸਨ, ਸਿਆਸੀ ਵਾਅਦੇ ਪ੍ਰਤੀ ਉਦਾਸੀਨਤਾ ਵਰਤਣ ਦੇ ਦੋਸ਼ੀ ਸਨ, ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀ ਸਤੇਂਦਰ ਜੈਨ ਨੂੰ ਸੁਰੱਖਿਆ ਦੇਣ ਦੇ ਦੋਸ਼ੀ ਸਨ, ਦਾਗੀ ਅਤੇ ਮਾਫੀਆ ਨੂੰ ਵਿਧਾਨ ਸਭਾ ’ਚ ਟਿਕਟ ਦੇਣ ਦੇ ਦੋਸ਼ੀ ਸਨ, ਫਿਰ ਵੀ ਅਰਵਿੰਦ ਕੇਜਰੀਵਾਲ ਤੀਸਰੀ ਵਾਰ ਸਰਕਾਰ ਬਣਾਉਣ ਦਾ ਫਤਵਾ ਹਾਸਲ ਕਰ ਗਏ। ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਨੇ ਵਿਕਾਸ ਦੇ ਨਾਂ ’ਤੇ ਚੋਣ ਜਿੱਤੀ ਹੈ, ਇਹ ਵੀ ਇਕ ਬਦਲਵੀਂ ਰਾਜਨੀਤੀ ਹੈ। ਅਰਵਿੰਦ ਕੇਜਰੀਵਾਲ ਨੇ ਵੀ ਅਪ੍ਰਤੱਖ ਤੌਰ ’ਤੇ ਮਜ਼੍ਹਬ ਅਤੇ ਖੇਤਰੀਵਾਦ ਦਾ ਹੱਥਕੰਡਾ ਅਪਣਾਇਆ ਸੀ। ਸ਼ਾਹੀਨ ਬਾਗ, ਜਾਮੀਆ ਦਾ ਪ੍ਰਸੰਗ ਉਨ੍ਹਾਂ ਨੇ ਭੜਕਾਇਆ ਸੀ। ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਅਸੀਂ ਸ਼ਾਹੀਨ ਬਾਗ ਦੇ ਨਾਲ ਹਾਂ। ਹਨੂਮਾਨ ਚਾਲੀਸਾ ਪੜ੍ਹਨ ਦਾ ਨਾਟਕ ਕਰ ਕੇ ਹਿੰਦੂ ਵੋਟਰਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਿਹਾਰੀਆਂ ਵਿਰੁੱਧ ਅਪ੍ਰਤੱਖ ਸਿਆਸਤ ਕਰ ਕੇ ਖੇਤਰੀਵਾਦ ਦੇ ਮੁੱਦੇ ’ਤੇ ਸਵਾਰ ਕੇਜਰੀਵਾਲ ਸਨ। ਕਦੇ ਪਾਕਿਸਤਾਨ ਦੀ ਤਰਫਦਾਰੀ ਕਰ ਕੇ ਅਰਵਿੰਦ ਕੇਜਰੀਵਾਲ ਨੇ ਏਅਰ ਸਟ੍ਰਾਈਕ ਦੇ ਸਬੂਤ ਮੰਗੇ ਸਨ, ਕਦੇ ਜੇ. ਐੱਨ. ਯੂ. ਦੀ ਅਫਜ਼ਲ ਮਾਨਸਿਕਤਾ ’ਤੇ ਸਵਾਰ ਹੋ ਜਾਂਦੇ ਹਨ ਤਾਂ ਕਦੇ ਸ਼ਾਹੀਨ ਬਾਗ ਦੇ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਮਾਨਸਿਕਤਾ ’ਤੇ ਸਵਾਰ ਹੋ ਜਾਂਦੇ ਹਨ। ਕੀ ਇਹ ਮੁਸਲਿਮ ਵੋਟਰਾਂ ਨੂੰ ਰੁਝਾਉਣ ਵਾਲੇ ਕਦਮ ਨਹੀਂ ਸਨ? ਰਾਜਧਾਨੀ ਦਿੱਲੀ ’ਚ ਭਾਜਪਾ ਲਈ ਮੌਕੇ ਬਹੁਤ ਹੀ ਆਸਾਨ ਸਨ। ਸਿਆਸੀ ਹਾਲਾਤ ਵੀ ਅਨੁਕੂਲ ਸਨ। ਜੇਕਰ ਐਲਾਨ ਪੱਤਰ ਦੀਆਂ ਗੱਲਾਂ ਕਰੀਏ ਤਾਂ ਅਰਵਿੰਦ ਕੇਜਰੀਵਾਲ ਅਸਫਲ ਸਨ। ਸਿਆਸੀ ਸੁੱਚਤਾ ਦੀ ਜਗ੍ਹਾ ਰਾਜਨੀਤੀ ਦੇ ਅਪਰਾਧੀਕਰਨ, ਰਾਜਨੀਤੀ ਦਾ ਰੁਪਿਆਕਰਨ ਕਰਨ, ਰਾਜਨੀਤੀ ਦੇ ਮਾਫੀਆਕਰਨ ਕਰਨ ਦੇ ਦੋਸ਼ੀ ਸਨ। ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੀਆਂ ਉਨ੍ਹਾਂ ਦੀਆਂ ਮਾਨਸਿਕਤਾਵਾਂ ਕਿਤੇ ਵੀ ਜ਼ਾਹਿਰ ਨਹੀਂ ਹੋ ਰਹੀਆਂ ਸਨ, ਭ੍ਰਿਸ਼ਟਾਚਾਰ ਦੀ ਦਲਦਲ ’ਚ ਉਨ੍ਹਾਂ ਦੇ ਮੰਤਰੀ ਫਸੇ ਹੋਏ ਸਨ, ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ. ਐੱਸ. ਡੀ. ਰੰਗੇ ਹੱਥੀਂ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਹੋਏ ਸਨ। ਉਸ ਨੇ ਸੀ. ਬੀ. ਆਈ. ਨੂੰ ਆਪਣੇ ਬਿਆਨ ’ਚ ਕਿਹਾ ਸੀ ਕਿ ਚੋਣਾਂ ਲਈ ਧਨ ਜੁਟਾਉਣ ਦੇ ਲਈ ਉਨ੍ਹਾਂ ’ਤੇ ਦਬਾਅ ਸੀ, ਇਸ ਲਈ ਉਨ੍ਹਾਂ ਨੇ ਰਿਸ਼ਵਤ ਦੀ ਡੀਲ ਕੀਤੀ ਸੀ।

ਅਰਵਿੰਦ ਕੇਜਰੀਵਾਲ ਦਾ ਪਹਿਲਾ ਏਜੰਡਾ ਵਿਕਾਸ ਨਹੀਂ ਸੀ। ਉਨ੍ਹਾਂ ਦਾ ਪਹਿਲਾ ਏਜੰਡਾ ਭ੍ਰਿਸ਼ਟਾਚਾਰ ਸੀ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਪਾਲ ਦਾ ਗਠਨ ਉਨ੍ਹਾਂ ਦੀ ਪਹਿਲ ਸੀ। ਲੋਕਪਾਲ ਦੇ ਅੰਦੋਲਨ ਦੀ ਕਸੌਟੀ ’ਤੇ ਹੀ ਅਰਵਿੰਦ ਕੇਜਰੀਵਾਲ ਸਿਆਸਤ ’ਚ ਆਏ ਸਨ ਪਰ ਉਸ ਤਰਜੀਹ ਨੂੰ ਅਰਵਿੰਦ ਕੇਜਰੀਵਾਲ ਨੇ ਪੂਰਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕੇਂਦਰੀ ਸਰਕਾਰ ਨਾਲ ਗੈਰ-ਜ਼ਰੂਰੀ ਵਿਵਾਦ ਖੜ੍ਹਾ ਕਰ ਕੇ ਲੋਕਪਾਲ ਦੇ ਗਠਨ ਨੂੰ ਮੰਝਧਾਰ ’ਚ ਛੱਡ ਦਿੱਤਾ। ਵਿਵਾਦ ਖੜ੍ਹਾ ਕਰਨ ਅਤੇ ਲੋਕਪਾਲ ਦੇ ਗਠਨ ਨੂੰ ਮੰਝਧਾਰ ’ਚ ਛੱਡਣਾ ਵੀ ਇਕ ਰਣਨੀਤੀ ਸੀ। ਵਿਕਾਸ ਦੇ ਕੰਮ ਅਰਵਿੰਦ ਕੇਜਰੀਵਾਲ ਦੀ ਤਰਜੀਹ ਦੀ ਸੂਚੀ ’ਚ ਹੇਠਲੇ ਪੱਧਰ ’ਤੇ ਸਨ। ਦਿੱਲੀ ’ਚ ਵਿਕਾਸ ਸਿਰਫ ਸਕੂਲ ਦੇ ਖੇਤਰ ’ਚ ਪ੍ਰਚਾਰਿਤ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਮੈਂ ਸਕੂਲਾਂ ਦਾ ਵਿਕਾਸ ਕੀਤਾ। ਇਹ ਸਹੀ ਹੈ ਕਿ ਸਕੂਲਾਂ ਦੀਆਂ ਬਿਲਡਿੰਗਾਂ ਜ਼ਰੂਰ ਦਰੁੱਸਤ ਹੋਈਆਂ ਹਨ ਪਰ ਪੜ੍ਹਾਈ ਦਾ ਹਾਲ ਪਹਿਲਾਂ ਵਰਗਾ ਹੀ ਹੈ। ਫਿਰ ਸਕੂਲ ਬਿਲਡਿੰਗਾਂ ਬਣਾਉਣ ’ਚ ਭ੍ਰਿਸ਼ਟਾਚਾਰ ਦਾ ਸਵਾਲ ਵੀ ਉੱਠਿਆ ਸੀ, ਜੋ ਸਕੂਲ ਦੇ ਕਮਰੇ 5 ਲੱਖ ’ਚ ਬਣਦੇ ਸਨ, ਉਹ ਸਕੂਲੀ ਕਮਰੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 25-25 ਲੱਖ ਰੁਪਏ ’ਚ ਬਣਵਾਏ ਸਨ। ਭਾਜਪਾ ਨੇ ਇਸ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ਉਠਾਏ ਸਨ। ਸਕੂਲਾਂ ਦੀ ਅਸਲੀ ਤਰੱਕੀ ਤਾਂ ਹੀ ਮੰਨੀ ਜਾਵੇਗੀ, ਜੇਕਰ ਅਰਵਿੰਦ ਕੇਜਰੀਵਾਲ ਦੇ ਵਿਧਾਇਕਾਂ ਦੇ ਬੱਚੇ ਅਤੇ ਸਰਕਾਰੀ ਅਧਿਕਾਰੀਆਂ ਦੇ ਬੱਚੇ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ’ਚ ਪੜ੍ਹਨ ਜਾਣਾ ਸ਼ੁਰੂ ਕਰਨਗੇ। ਆਮ ਨਾਗਰਿਕਾਂ ਨੂੰ 200 ਯੂਨਿਟ ਬਿਜਲੀ ਜ਼ਰੂਰ ਫ੍ਰੀ ਮਿਲ ਰਹੀ ਹੈ ਪਰ 200 ਤੋਂ ਵੱਧ ਯੂਨਿਟ ਖਰਚ ਕਰਨ ਵਾਲੇ ਨਾਗਰਿਕਾਂ ’ਚ ਨਾਰਾਜ਼ਗੀ ਸੀ। ਸਾਫ ਪਾਣੀ ਦਾ ਸਵਾਲ ਵੀ ਹਰ ਜਗ੍ਹਾ ਮੌਜੂਦ ਸੀ, ਖਾਸ ਕਰ ਕੇ ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ’ਚ ਗਰੀਬ ਜਨਤਾ ਸਾਫ ਪਾਣੀ ਨੂੰ ਲੈ ਕੇ ਅੰਦੋਲਨ ਵੀ ਕਰ ਰਹੀ ਸੀ। ਮੁਹੱਲਾ ਕਲੀਨਿਕ ਚੋਣਾਂ ਦੇ ਦੌਰਾਨ ਹੀ ਸਰਗਰਮ ਸਨ। ਦਲਿਤਾਂ ਅਤੇ ਪੱਛੜਿਆਂ ਦੀ ਸਿਆਸੀ ਹਿੱਸੇਦਾਰੀ ਦੇਣ ’ਚ ਵੀ ਆਮ ਆਦਮੀ ਪਾਰਟੀ ਅਸਫਲ ਸੀ। ਅਜਿਹੇ ਅਨੁਕੂਲ ਸਿਆਸੀ ਹਾਲਾਤ ’ਚ ਵੀ ਭਾਜਪਾ ਦਿੱਲੀ ’ਚ ਅਰਵਿੰਦ ਕੇਜਰੀਵਾਲ ਨੂੰ ਹਰਾਉਣ ’ਚ ਅਸਫਲ ਹੋਈ? ਆਪਣੇ 21 ਸਾਲ ਦੇ ਬਨਵਾਸ ਨੂੰ ਭਾਜਪਾ ਖਤਮ ਕਿਉਂ ਨਹੀਂ ਕਰ ਸਕੀ? ਭਾਜਪਾ ਆਪਣੇ ਨੇਤਾ ਨਰਿੰਦਰ ਮੋਦੀ ਦੀ ਦਿੱਖ ਅਤੇ ਸ਼ਾਸਨ ਦਾ ਫਾਇਦਾ ਕਿਉਂ ਨਹੀਂ ਉਠਾ ਸਕੀ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਲੱਭਣਾ ਜ਼ਰੂਰੀ ਹੈ। ਅਸਲ ’ਚ ਭਾਜਪਾ ਪੂਰੀ ਤਰ੍ਹਾਂ ਸਰਗਰਮ ਨਹੀਂ ਸੀ, ਭਾਜਪਾ ਆਪਣੀ ਕੇਡਰ ਸ਼ਕਤੀ ਨੂੰ ਵੀ ਸਰਗਰਮ ਢੰਗ ਨਾਲ ਵਰਤੋਂ ’ਚ ਨਹੀਂ ਲਿਆ ਸਕੀ। ਅਰਵਿੰਦ ਕੇਜਰੀਵਾਲ ਦੇ ਵਿਰੁੱਧ ਕੋਈ ਠੋਸ ਰਣਨੀਤੀ ਬਣਾਉਣ ’ਚ ਭਾਜਪਾ ਅਸਫਲ ਰਹੀ। ਭਾਜਪਾ ਦਾ ਪ੍ਰਚਾਰ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲ ਲੋਕਾਂ ’ਤੇ ਨਿਰਭਰ ਸੀ। ਵੱਡੀਆਂ-ਵੱਡੀਆਂ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲ ਲੋਕ ਝੁੱਗੀਆਂ-ਝੌਂਪੜੀਆਂ ’ਚ ਪ੍ਰਚਾਰ ਕਰਨ ਦੀ ਜਗ੍ਹਾ ਦਿੱਲੀ ਦੇ ਮਾਲਜ਼ ’ਚ ਫੈਸ਼ਨ ਸ਼ੋਅ ਵਰਗਾ ਪ੍ਰਚਾਰ ਕਰ ਰਹੇ ਸਨ। ਇਨ੍ਹਾਂ ਭਾੜੇ ਦੇ ਲੋਕਾਂ ਦੀ ਬਦੌਲਤ ਭਾਜਪਾ ਆਪਣੀ ਕਿਸਮਤ ਨਹੀਂ ਲਿਖ ਸਕਦੀ।

ਭਾਜਪਾ ਦੇ ਨੇਤਾ ਖੁਸ਼ਫਹਿਮੀ ਦੇ ਸ਼ਿਕਾਰ ਸਨ। ਉਨ੍ਹਾਂ ਨੂੰ ਖੁਸ਼ਫਹਿਮੀ ਸੀ ਕਿ ਸਾਨੂੰ ਕੰਮ ਕਰਨ ਦੀ ਲੋੜ ਹੀ ਕੀ ਹੈ, ਸਾਡੇ ਕੋਲ ਨਰਿੰਦਰ ਮੋਦੀ ਵਰਗਾ ਨੇਤਾ ਹੈ ਅਤੇ ਨਰਿੰਦਰ ਮੋਦੀ ਪ੍ਰਤੀ ਜਨਤਾ ’ਚ ਵਿਸ਼ਵਾਸ ਹੈ ਤਾਂ ਫਿਰ ਜਨਤਾ ਸਾਨੂੰ ਵੋਟ ਦੇਵੇਗੀ ਹੀ। ਇਹ ਸਹੀ ਹੈ ਕਿ ਨਰਿੰਦਰ ਮੋਦੀ ਨੇ ਦਿੱਲੀ ਭਾਜਪਾ ਦੇ ਨੇਤਾਵਾਂ ਨੂੰ ਜਿੱਤ ਲਈ ਬਹੁਤ ਵੱਡਾ ਮੁੱਦਾ ਦਿੱਤਾ ਸੀ। ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ਦਾ ਸਵਾਲ 10 ਸਾਲਾਂ ਤੋਂ ਪੈਂਡਿੰਗ ਸੀ। ਨਰਿੰਦਰ ਮੋਦੀ ਨੇ ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ਨਿਯਮਿਤ ਕਰ ਕੇ ਇਕ ਵੱਡਾ ਕੰਮ ਕੀਤਾ ਸੀ। ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ’ਚ ਕੋਈ ਇਕ-ਦੋ ਲੱਖ ਨਹੀਂ ਸਗੋਂ 40 ਲੱਖ ਲੋਕ ਰਹਿੰਦੇ ਹਨ। ਇਹ 40 ਲੱਖ ਲੋਕ ਚੋਣਾਂ ਦੌਰਾਨ ਸਰਕਾਰ ਬਣਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਕੱਚੀਆਂ ਕਾਲੋਨੀਆਂ ’ਚ ਭਾਜਪਾ ਜੇਕਰ ਜ਼ੋਰ ਲਾਉਂਦੀ ਤਾਂ ਫਿਰ ਉਹ ਆਪਣੇ ਪੱਖ ’ਚ ਬਹੁਤ ਵੱਡਾ ਜਨ-ਆਧਾਰ ਹਾਸਲ ਕਰ ਸਕਦੀ ਸੀ ਪਰ ਭਾਜਪਾ ਦੇ ਲੋਕ ਕੱਚੀਆਂ ਕਾਲੋਨੀਆਂ ’ਚ ਜਾਣ ਜਾਂ ਫਿਰ ਉਨ੍ਹਾਂ ਦੇ ਸੁੱਖ-ਦੁੱਖ ’ਚ ਸ਼ਾਮਿਲ ਹੋਣ ਤੋਂ ਬਚਦੇ ਹਨ, ਚੋਣ ਪ੍ਰਚਾਰ ਦੌਰਾਨ ਵੀ ਭਾਜਪਾ ਦੇ ਲੋਕਾਂ ਲਈ ਕੱਚੀਆਂ ਕਾਲੋਨੀਆਂ ਅਤੇ ਝੁੱਗੀਆਂ-ਝੌਂਪੜੀਆਂ ’ਚ ਜਾਣ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਜੋ ਸਰਗਰਮੀ ਦੀ ਲੋੜ ਸੀ, ਉਹ ਸਰਗਰਮੀ ਕਮਜ਼ੋਰ ਸੀ। ਭਾਜਪਾ ਨੂੰ ਆਪਣੇ ਸਮਰਪਿਤ ਵਰਕਰਾਂ ’ਤੇ ਵਿਸ਼ਵਾਸ ਨਹੀਂ ਹੈ, ਇਹ ਕਹਿਣਾ ਵੀ ਸਹੀ ਹੋਵੇਗਾ ਕਿ ਹੁਣ ਭਾਜਪਾ ’ਚ ਸਮਰਪਿਤ ਵਰਕਰ ਨਹੀਂ ਹਨ, ਜੇਕਰ ਹਨ ਤਾਂ ਫਿਰ ਉਹ ਹਾਸ਼ੀਏ ’ਤੇ ਹਨ, ਉਹ ਉਦਾਸੀਨ ਹਨ, ਉਹ ਗੈਰ-ਸਰਗਰਮ ਹਨ, ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਹੀ ਨਹੀਂ ਹੈ। ਜਦੋਂ ਸੱਤਾ ਨਾਲ ਹੁੰਦੀ ਹੈ ਤਾਂ ਫਿਰ ਵਰਕਰਾਂ ਦੇ ਰੂਪ ’ਚ ਸਹੂਲਤਾਂ ਮਾਣਨ ਵਾਲੇ ਅਤੇ ਦਲਾਲ ਸੰਸਕ੍ਰਿਤੀ ਦੇ ਲੋਕ ਵਰਕਰ ਅਤੇ ਨੇਤਾ ਹੋਣ ਦਾ ਰੌਲਾ ਪਾ ਕੇ ਪ੍ਰਭਾਵਸ਼ਾਲੀ ਜਗ੍ਹਾ ਹਾਸਲ ਕਰ ਲੈਂਦੇ ਹਨ। ਭਾਜਪਾ ਕੋਲ ਕੇਂਦਰੀ ਸੱਤਾ ਹੈ। ਕੇਂਦਰੀ ਸੱਤਾ ’ਚ ਲਾਭ ਉਠਾਉਣ ਵਾਲਿਆਂ ਦੀ ਲਿਸਟ ਦੇਖ ਲਓ, ਤੁਹਾਨੂੰ ਪਤਾ ਲੱਗ ਜਾਵੇਗਾ। ਜੇਕਰ ਤੁਸੀਂ ਵਿਸ਼ਲੇਸ਼ਣ ਕਰੋਗੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਕੇਂਦਰੀ ਸੱਤਾ ’ਚ ਅਹੁਦਾ ਹਾਸਲ ਕਰਨ ਵਾਲੇ ਕੌਣ ਲੋਕ ਹਨ। ਭਾਜਪਾ ਵਲੋਂ ਦਰਜਨਾਂ ਪੱਤਰਕਾਰਾਂ ਨੂੰ ਰਾਜ ਸਭਾ ਟੀ. ਵੀ., ਲੋਕ ਸਭਾ ਟੀ. ਵੀ. ਅਤੇ ਦੂਰਦਰਸ਼ਨ ’ਚ ਨੌਕਰੀ ਦਿਵਾਈ ਗਈ। ਰਾਜ ਸਭਾ, ਲੋਕ ਸਭਾ ਟੀ. ਵੀ. ਅਤੇ ਦੂਰਦਰਸ਼ਨ ਟੀ. ਵੀ. ’ਚ ਨੌਕਰੀ ਹਾਸਲ ਕਰਨ ਵਾਲੇ ਪੱਤਰਕਾਰ ਕਦੇ ਵੀ ਭਾਜਪਾ ਅਤੇ ਹਿੰਦੂਤਵ ਪ੍ਰਤੀ ਜ਼ਿੰਮੇਵਾਰ ਨਹੀਂ ਸਨ। ਜਦੋਂ 10 ਸਾਲ ਕਾਂਗਰਸ ਦੀ ਪਿਛਲੀ ਕੇਂਦਰੀ ਸੱਤਾ ਸੀ ਤਾਂ ਕਾਂਗਰਸ ਹਿੰਦੂ ਵਿਰੋਧੀ ਨੀਤੀ, ਕਾਂਗਰਸ ਸੰਘ ਨੇਤਾਵਾਂ ਨੂੰ ਜੇਲ ਭਿਜਵਾਉਣ ਦੇ ਹੱਥਕੰਡੇ ਅਪਣਾ ਰਹੀ ਸੀ। ਉਦੋਂ ਕਾਂਗਰਸ ਦੇ ਵਿਰੁੱਧ ਇਕ ਲਾਈਨ ਵੀ ਨਾ ਲਿਖਣ ਵਾਲੇ ਪੱਤਰਕਾਰ ਅੱਜ ਸੰਘ ਅਤੇ ਭਾਜਪਾ ਦੇ ਮਾਹਿਰ ਬਣ ਕੇ ਸੱਤਾ ਦਾ ਲਾਭ ਉਠਾ ਰਹੇ ਹਨ। ਇਹੀ ਸਥਿਤੀ ਹੋਰਨਾਂ ਖੇਤਰਾਂ ’ਚ ਹੈ।

ਦਿੱਲੀ ਜਿੱਤਣ ਦੀ ਜਿਨ੍ਹਾਂ ਨੇਤਾਵਾਂ ’ਤੇ ਜ਼ਿੰਮੇਵਾਰੀ ਪਾਈ ਗਈ ਸੀ, ਉਹ ਜਨਤਾ ਪ੍ਰਤੀ ਜ਼ਿੰਮੇਵਾਰ ਹੋਣ ਵਾਲੇ ਵੀ ਨਹੀਂ ਸਨ, ਉਹ ਦਿੱਲੀ ਦੀ ਜਨਤਾ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਸਿਆਸੀ ਮਾਨਸਿਕਤਾਵਾਂ ਤੋਂ ਅਣਜਾਣ ਵੀ ਸਨ। ਉਨ੍ਹਾਂ ਦਾ ਕੋਈ ਦੂਰਦਰਸ਼ੀ ਨਜ਼ਰੀਆ ਨਹੀਂ ਸੀ। ਭਾਜਪਾ ਨੇ ਦਿੱਲੀ ਚੋਣਾਂ ਦੀ ਜ਼ਿੰਮੇਵਾਰੀ ਦੋ ਨੇਤਾਵਾਂ ’ਤੇ ਪਾਈ ਸੀ। ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਦਿੱਲੀ ਚੋਣਾਂ ਦੇ ਇੰਚਾਰਜ ਬਣਾਏ ਗਏ ਸਨ। ਤਰੁਣ ਚੁੱਘ ਸਹਿ-ਇੰਚਾਰਜ ਸਨ। ਇਹ ਦੋਵੇਂ ਨੇਤਾ ਦਿੱਲੀ ਤੋਂ ਜਾਣੂ ਨਹੀਂ ਸਨ। ਪ੍ਰਕਾਸ਼ ਜਾਵੇਡਕਰ ਦਿੱਲੀ ’ਚ ਬਹੁਤ ਸਾਲਾਂ ਤੋਂ ਜ਼ਰੂਰ ਰਹਿੰਦੇ ਹਨ ਅਤੇ ਪ੍ਰਕਾਸ਼ ਜਾਵੇਡਕਰ ਸਾਲਾਂ ਤੋਂ ਭਾਜਪਾ ਦੇ ਬੁਲਾਰੇ ਵੀ ਰਹੇ ਹਨ ਪਰ ਉਹ ਕਦੇ ਵੀ ਦਿੱਲੀ ਵਾਲੇ ਨਹੀਂ ਬਣ ਸਕੇ, ਉਨ੍ਹਾਂ ਦੀ ਮਾਨਸਿਕਤਾ ’ਚ ਮਹਾਰਾਸ਼ਟਰ ਪ੍ਰਬਲ ਰਿਹਾ ਹੈ, ਆਮ ਵਰਕਰ ਅਤੇ ਜਨਤਾ ਵਿਚਾਲੇ ਪ੍ਰਕਾਸ਼ ਜਾਵੇਡਕਰ ਨੇ ਕਦੇ ਵੀ ਲੋਕਪ੍ਰਿਯ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ। ਇਸ ਤਰ੍ਹਾਂ ਤਰੁਣ ਚੁੱਘ ਵੀ ਦਿੱਲੀ ਲਈ ਨਵੇਂ ਸਨ ਅਤੇ ਉਨ੍ਹਾਂ ਦੀ ਪਹੁੰਚ ਵਰਕਰਾਂ ਤਕ ਸੀ ਹੀ ਨਹੀਂ। ਟਿਕਟ ਵੰਡਣ ’ਚ ਵੀ ਪ੍ਰਕਾਸ਼ ਜਾਵੇਡਕਰ ਅਤੇ ਤਰੁਣ ਚੁੱਘ ਵਰਗੇ ਨੇਤਾਵਾਂ ਦੀ ਵੱਡੀ ਭੂਮਿਕਾ ਸੀ, ਜੋ ਦਿੱਲੀ ਦੀ ਜਨਤਾ ਦਾ ਰੁਝਾਨ ਹੀ ਨਹੀਂ ਜਾਣਦੇ ਸਨ। ਚੋਣ ਪ੍ਰਚਾਰ ਅਤੇ ਚੋਣ ਨੀਤੀ ਬਣਾਉਣ ਦੌਰਾਨ ਪ੍ਰਕਾਸ਼ ਜਾਵੇਡਕਰ ਅਤੇ ਤਰੁਣ ਚੁੱਘ ਦੇ ਆਸ-ਪਾਸ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲ ਲੋਕ ਹੀ ਬਿਰਾਜਮਾਨ ਸਨ। ਦਿੱਲੀ ਨੂੰ ਜਾਣਨ–ਸਮਝਣ ਵਾਲੇ ਸਾਰੇ ਨੇਤਾ ਹਾਸ਼ੀਏ ’ਤੇ ਸਨ, ਇਕ ਪਾਸੇ ਸੁੱਟ ਦਿੱਤੇ ਗਏ ਹਨ। ਦਿੱਲੀ ’ਚ ਮੌਜੂਦਾ ਸਮੇਂ ਜੋ ਨੇਤਾ ਪ੍ਰਮੁੱਖ ਹਨ, ਜਿਨ੍ਹਾਂ ਦੀ ਪਹੁੰਚ ਦਿੱਲੀ ਦੀ ਜਨਤਾ ਤਕ ਹੈ, ਉਨ੍ਹਾਂ ’ਚ ਵਿਜੇ ਗੋਇਲ, ਡਾ. ਹਰਸ਼ਵਰਧਨ, ਪਵਨ ਸ਼ਰਮਾ ਵਰਗੇ ਲੋਕਾਂ ਨੂੰ ਦਿੱਲੀ ਚੋਣਾਂ ’ਚ ਸਰਗਰਮ ਕਿਉਂ ਨਹੀਂ ਕੀਤਾ ਗਿਆ? ਦਿੱਲੀ ਦੀਆਂ ਆਮ ਗਲੀਆਂ ਅਤੇ ਆਮ ਵਰਕਰਾਂ ਤਕ ਪਹੁੰਚਣ ਵਾਲੇ ਅਤੇ ਕਿਸੇ ਵੀ ਆਮ ਅਤੇ ਗਰੀਬ ਨਾਲ ਹਮੇਸ਼ਾ ਮਿਲਣ ਵਾਲੇ ਸ਼ਿਆਮ ਜਾਜੂ ਦੀ ਵੀ ਅਣਡਿੱਠਤਾ ਹੋਈ, ਟਿਕਟ ਵੰਡ ’ਚ ਉਨ੍ਹਾਂ ਦੀ ਭੂਮਿਕਾ ਸੀਮਤ ਸੀ। ਸ਼ਿਆਮ ਜਾਜੂ ਦਿੱਲੀ ਦੇ ਇੰਚਾਰਜ ਜ਼ਰੂਰ ਰਹੇ ਹਨ ਪਰ ਉਨ੍ਹਾਂ ਦੀ ਰਾਇ ਸ਼ਾਇਦ ਮਨਜ਼ੂਰੀ ਦੇ ਲਾਇਕ ਭਾਜਪਾ ਨੇ ਸਮਝੀ ਹੀ ਨਹੀਂ ਸੀ। ਸਫਲ ਰਾਜਨੀਤੀ ਤਾਂ ਉਹ ਹੁੰਦੀ ਹੈ ਕਿ ਸੂਬੇ ਦੀ ਸਮਝ ਰੱਖਣ ਵਾਲੇ ਨੂੰ ਹੀ ਚੋਣਾਂ ’ਚ ਪਾਰਟੀ ਵਲੋਂ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ। ਅਮਿਤ ਸ਼ਾਹ ਦਾ ਹਮਲਾਵਰੀ ਪ੍ਰਚਾਰ ਅਤੇ ਕੁਸ਼ਲ ਨੀਤੀ ਹਰ ਵਾਰ ਨਤੀਜਾ ਨਹੀਂ ਦੇ ਸਕਦੀ। ਅਮਿਤ ਸ਼ਾਹ ਦੇ ਪ੍ਰਚਾਰ ’ਚ ਕੁੱਦਣ ਤੋਂ ਪਹਿਲਾਂ ਭਾਜਪਾ ਨਿਰਾਸ਼ ਹੀ ਨਹੀਂ ਸੀ ਸਗੋਂ ਭਰਮ ’ਚ ਵੀ ਸੀ, ਜਿਵੇਂ ਹੀ ਅਮਿਤ ਸ਼ਾਹ ਚੋਣ ਪ੍ਰਚਾਰ ’ਚ ਕੁੱਦੇ, ਉਵੇਂ ਹੀ ਸਮਰਪਿਤ ਵਰਕਰ ਚੋਣ ’ਚ ਕੁੱਦ ਗਏ, ਫਿਰ ਭਾਜਪਾ ਜੋਸ਼ ਨਾਲ ਭਰ ਗਈ ਪਰ ਹਮੇਸ਼ਾ ਮੋਦੀ ਦਾ ਜਾਦੂ ਨਹੀਂ ਚੱਲ ਸਕਦਾ ਹੈ। ਸੂਬਾਈ ਨੇਤਾਵਾਂ ਦਾ ਜਨਤਾ ਪ੍ਰਤੀ ਸਮਰਪਿਤ ਨਾ ਹੋਣਾ ਖਤਰੇ ਦੀ ਘੰਟੀ ਹੈ, ਇਸ ਖਤਰੇ ਦੀ ਘੰਟੇ ਨੂੰ ਭਾਜਪਾ ਕਿਉਂ ਨਹੀਂ ਸੁਣ ਰਹੀ। ਭਾਜਪਾ ਨੂੰ ਆਪਣੇ ਵਰਕਰਾਂ ’ਤੇ ਵਿਸ਼ਵਾਸ ਕਰਨਾ ਸਿੱਖਣਾ ਹੋਵੇਗਾ। ਦਲਾਲ ਕੰਪਨੀਆਂ ਦੀਆਂ ਵਿਸ਼ ਕੰਨਿਆਵਾਂ ਅਤੇ ਪ੍ਰੋਫੈਸ਼ਨਲ ਸੰਸਕ੍ਰਿਤੀ ਦੇ ਲੋਕਾਂ ਤੋਂ ਦੂਰ ਹੋਣਾ ਪਵੇਗਾ।


Bharat Thapa

Content Editor

Related News