ਕੁਝ ਅਧਿਆਪਕ-ਅਧਿਆਪਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ

Tuesday, Nov 26, 2024 - 02:45 AM (IST)

ਕੁਝ ਅਧਿਆਪਕ-ਅਧਿਆਪਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ

ਜ਼ਿੰਦਗੀ ’ਚ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਦਾ ਹੀ ਸਰਵਉੱਚ ਸਥਾਨ ਮੰਨਿਆ ਗਿਆ ਹੈ। ਉਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਅਗਿਆਨੀ ਤੋਂ ਗਿਆਨੀ ਬਣਾਉਂਦਾ ਹੈ ਪਰ ਅੱਜ ਕੁਝ ਅਧਿਆਪਕ-ਅਧਿਆਪਕਾਵਾਂ ਵਲੋਂ ਆਪਣੇ ਆਦਰਸ਼ਾਂ ਨੂੰ ਭੁੱਲ ਕੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤਕ ਦੇ ਵਿਦਿਆਰਥੀ-ਵਿਦਿਆਰਥਣਾਂ ’ਤੇ ਅਣਮਨੁੱਖੀ ਅੱਤਿਆਚਾਰ ਅਤੇ ਸੈਕਸ ਸ਼ੋਸ਼ਣ ਕਰਨ ਦੇ ਨਾਲ-ਨਾਲ ਨੈਤਿਕਤਾ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ ਹੈ। ਇੱਥੇ ਹੇਠਾਂ ਦਰਜ ਹਨ ਅਜਿਹੀਆਂ ਹੀ ਚੰਦ ਤਾਜ਼ਾ ਘਟਨਾਵਾਂ :

* 8 ਸਤੰਬਰ ਨੂੰ ਸੋਨੀਪਤ ਦੇ ਇਕ ਸਕੂਲ ’ਚ ਪੜ੍ਹਨ ਵਾਲੇ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਕ ਅਧਿਆਪਕ ਦੇ ਕੁੱਟਣ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਬੱਚੇ ਨੇ ਇਹ ਕਦਮ ਚੁੱਕ ਲਿਆ।

* 21 ਸਤੰਬਰ ਨੂੰ ਘਰੌਂਡਾ (ਹਰਿਆਣਾ) ’ਚ ਸਰਕਾਰੀ ਪ੍ਰਾਇਮਰੀ ਸਕੂਲ-2 ’ਚ ਸਮੇਂ ਤੋਂ ਪਹਿਲਾਂ ਛੁੱਟੀ ਦਾ ਰੌਲਾ ਪਾਉਣ ’ਤੇ ਇਕ ਅਧਿਆਪਕਾ ਨੇ ਕੁਝ ਵਿਦਿਆਰਥੀ-ਵਿਦਿਆਰਥਣਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ।

* 7 ਅਕਤੂਬਰ ਨੂੰ ਮੁਜ਼ੱਫਰਪੁਰ (ਬਿਹਾਰ) ਦੇ ‘ਭਗਵਾਨਪੁਰ’ ’ਚ ਇਕ ਪ੍ਰਾਈਵੇਟ ਸਕੂਲ ਦਾ ਅਧਿਆਪਕ ਹੈਵਾਨ ਬਣ ਗਿਆ। ਉਹ 5 ਸਵਾਲਾਂ ’ਚੋਂ ਸਿਰਫ ਇਕ ਸਵਾਲ ਦਾ ਸਹੀ ਜਵਾਬ ਨਾ ਦੇਣ ’ਤੇ ਚੌਥੀ ਜਮਾਤ ਦੇ ਇਕ ਬੱਚੇ ਨੂੰ ਉਸ ਦੇ ਬੇਹੋਸ਼ ਹੋ ਜਾਣ ਤਕ ਡੰਡੇ ਨਾਲ ਕੁੱਟਦਾ ਰਿਹਾ।

* 27 ਅਕਤੂਬਰ ਨੂੰ ਧੌਲਪੁਰ (ਰਾਜਸਥਾਨ) ਦੇ ਇਕ ਸਕੂਲ ’ਚ ਇਕ ਔਰਤ ਅਧਿਆਪਕਾ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ 2 ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ’ਚੋਂ ਇਕ ਵਿਦਿਆਰਥੀ ਨੂੰ 27 ਅਤੇ ਦੂਜੇ ਵਿਦਿਆਰਥੀਆਂ ਨੂੰ 21 ਸੋਟੀਆਂ ਮਾਰੀਆਂ। ਕੁੱਟਮਾਰ ਦੇ ਨਤੀਜੇ ਵਜੋਂ ਇਕ ਬੱਚੇ ਨੂੰ ਗੰਭੀਰ ਤੌਰ ’ਤੇ ਬੀਮਾਰ ਹੋ ਜਾਣ ਕਾਰਨ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।

* 11 ਨਵੰਬਰ ਨੂੰ ਕਾਨਪੁਰ ਦੇ ਇਕ ਬੱਚਿਆਂ ਦੇ ਸਕੂਲ ’ਚ ਅਧਿਆਪਕਾ ਰੀਤਿਕਾ ਨੇ ਹੋਮਵਰਕ ਨਾ ਕਰਨ ’ਤੇ 4 ਸਾਲ ਦੇ ਮਾਸੂਮ ਬੱਚੇ ਦੇ ਵਾਲ ਪੁੱਟੇ ਅਤੇ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੇ ਕੰਨ ਅਤੇ ਗੱਲ੍ਹਾਂ ’ਤੇ ਕਾਫੀ ਨਿਸ਼ਾਨ ਪੈ ਗਏ।

* 16 ਨਵੰਬਰ ਨੂੰ ਨਾਦੌਨ (ਹਿਮਾਚਲ ਪ੍ਰਦੇਸ਼) ਸਥਿਤ ਡਿਗਰੀ ਕਾਲਜ ’ਚ ਇਕ ਵਿਦਿਆਰਥਣ ਨੇ ਪ੍ਰੈਕਟੀਕਲ ਦੀ ਜਮਾਤ ’ਚ ਇਕ ਪ੍ਰੋਫੈਸਰ ’ਤੇ ਉਸ ਨਾਲ ਛੇੜਛਾੜ ਕਰਨ ਅਤੇ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

* 18 ਨਵੰਬਰ ਨੂੰ ਅਰਵਲ (ਬਿਹਾਰ) ’ਚ ‘ਓਮੇਰਾਬਾਦ’ ਸਥਿਤ ‘ਹਿਮਾਲਯਨ ਰੈਜੀਡੈਂਸ਼ੀਅਲ ਸਕੂਲ’ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਵਲੋਂ ਬੀਮਾਰ ਹੋਣ ਦੇ ਕਾਰਨ ਹੋਮਵਰਕ ਨਾ ਕਰ ਪਾਉਣ ’ਤੇ ਅਧਿਆਪਕ ‘ਪ੍ਰਿੰਸ ਕੁਮਾਰ’ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ।

* 18 ਨਵੰਬਰ ਨੂੰ ਹੀ ਸਰਕਾਘਾਟ (ਹਿਮਾਚਲ ਪ੍ਰਦੇਸ਼) ਦੇ ‘ਭਰਾੜੀ ਸੱਜਾਓ ਪਿਪਲੂ’ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ ਅਧਿਆਪਕ ’ਤੇ ਉਨ੍ਹਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ , ਜਿਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

* 24 ਨਵੰਬਰ ਨੂੰ ਅਲਵਰ (ਰਾਜਸਥਾਨ) ’ਚ ‘ਤਿਬਾਰਾ’ ਦੇ ਇਕ ਪ੍ਰਾਈਵੇਟ ਸਕੂਲ ’ਚ ਦੂਜੀ ਜਮਾਤ ਦੇ ਇਕ ਵਿਦਿਆਰਥੀ ਵਲੋਂ ਜਮਾਤ ’ਚ ਕੋਈ ਪਾਠ ਸਹੀ ਢੰਗ ਨਾਲ ਨਾ ਪੜ੍ਹ ਪਾਉਣ ਕਾਰਨ ਉਸ ਦੇ ਅਧਿਆਪਕ ਚੰਦਰ ਪ੍ਰਕਾਸ਼ ਨੇ ਉਸ ਨੂੰ ਸੋਟੀ ਨਾਲ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਬੱਚੇ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।

ਇਹ ਤਾਂ ਅਧਿਆਪਕ-ਅਧਿਆਪਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ’ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੇ ਕੁਝ ਨਮੂਨੇ ਹੀ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਸਾਹਮਣੇ ਨਹੀਂ ਆ ਸਕੀਆਂ।

ਅਧਿਆਪਕ-ਅਧਿਆਪਕਾਵਾਂ ਵਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਕੁੱਟਮਾਰ ਅਤੇ ਸੈਕਸ ਸ਼ੋਸ਼ਣ ਇਸ ਆਦਰਸ਼ ਕਾਰੋਬਾਰ ’ਤੇ ਘਿਨੌਣਾ ਧੱਬਾ ਹੈ। ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕ-ਅਧਿਆਪਕਾਵਾਂ ਨੂੰ ਤੁਰੰਤ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਤਾਂ ਕਿ ਇਹ ਗਲਤ ਚੱਕਰ ਰੁਕੇ ਅਤੇ ਸਕੂਲ ਕਾਲਜ ’ਚ ਵਿਦਿਆਰਥੀ- ਵਿਦਿਆਰਥਣਾਂ ਦੀ ਜਾਨ ਅਤੇ ਇੱਜ਼ਤ ਸੁਰੱਖਿਅਤ ਰਹਿ ਸਕੇ।

-ਵਿਜੇ ਕੁਮਾਰ


author

Harpreet SIngh

Content Editor

Related News