ਟਾਟਾ ਨੂੰ ਸਿੱਧ ਕਰਨਾ ਹੋਵੇਗਾ ਕਿ ਏਅਰ ਇੰਡੀਆ ਵਾਪਸ ਲੈ ਕੇ ਗਲਤੀ ਨਹੀਂ ਕੀਤੀ

10/18/2021 3:52:52 AM

ਵਿਨੀਤ ਨਾਰਾਇਣ 
ਡੁੱਬਦੇ ਹੋਏ ਏਅਰ ਇੰਡੀਆ ਦੇ ‘ਮਹਾਰਾਜਾ’ ਦਾ ਹੱਥ ਟਾਟਾ ਸਮੂਹ ਨੇ 68 ਸਾਲਾਂ ਬਾਅਦ ਫਿਰ ਤੋਂ ਫੜ ਲਿਆ ਹੈ। ਐਵੀਏਸ਼ਨ ਮਾਹਿਰਾਂ ਦੀ ਮੰਨੀਏ ਤਾਂ ਟਾਟਾ ਦੇ ਮਾਲਕ ਬਣਦੇ ਹੀ ‘ਮਹਾਰਾਜਾ’ ਨੂੰ ਬਚਾਉਣ ਅਤੇ ਦੁਬਾਰਾ ਉੱਚੀ ਉਡਾਣ ਭਰਨ ਦੇ ਕਾਬਲ ਬਣਾਉਣ ਲਈ ਕਈ ਅਜਿਹੇ ਫੈਸਲੇ ਲੈਣੇ ਹੋਣਗੇ ਜਿਸ ਨਾਲ ਪਿਆਰਾ ਏਅਰ ਇੰਡੀਆ ਇਕ ਵਾਰ ਮੁੜ ਤੋਂ ਭਾਰਤ ਦੀ ਐਵੀਏਸ਼ਨ ਦਾ ਮਹਾਰਾਜਾ ਬਣ ਜਾਵੇ। ਟਾਟਾ ਨੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ’ਚ ਕਈ ਡੁੱਬਦੀਆਂ ਹੋਈਆਂ ਕੰਪਨੀਆਂ ਨੂੰ ਖਰੀਦਿਆ ਹੈ। ਇਨ੍ਹਾਂ ’ਚੋਂ ਕਈ ਕੰਪਨੀਆਂ ਨੂੰ ਫਾਇਦੇ ਦਾ ਸੌਦਾ ਵੀ ਬਣਾ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਅਫਸਰਸ਼ਾਹੀ ’ਚ ਕੈਦ ਏਅਰ ਇੰਡੀਆ ਨੂੰ ਉਸ ਦੀ ਗੁਆਚੀ ਹੋਈ ਸ਼ਾਨ ਕਿਵੇਂ ਵਾਪਸ ਮਿਲਦੀ ਹੈ।

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਹੁਣ ਤੱਕ ਏਅਰ ਇੰਡੀਆ ਦੇ ਜਹਾਜ਼ਾਂ ’ਤੇ ਕਿਰਾਏ ਜਾਂ ਲੀਜ਼ ਦੇ ਤੌਰ ’ਤੇ ਬਹੁਤ ਵੱਧ ਪੈਸਾ ਖਰਚ ਹੋ ਰਿਹਾ ਸੀ। ਇਸ ਦੇ ਨਾਲ ਹੀ ਇਨ੍ਹਾਂ ਪੁਰਾਣੇ ਹਵਾਈ ਜਹਾਜ਼ਾਂ ਦਾ ਕਈ ਸਾਲਾਂ ਤੋਂ ਸਹੀ ਰੱਖ-ਰਖਾਅ ਵੀ ਨਹੀਂ ਹੋਇਆ ਹੈ। ਮੁਸਾਫਿਰਾਂ ਦੇ ਹਿੱਤ ’ਚ ਟਾਟਾ ਨੂੰ ਕੈਬਿਨ ਅਪਗ੍ਰੇਡੇਸ਼ਨ, ਇੰਜਣ ਅਪਗ੍ਰੇਡੇਸ਼ਨ ਸਮੇਤ ਕਈ ਮਹੱਤਵਪੂਰਨ ਤਬਦੀਲੀਆਂ ਲਿਆਉਣੀਆਂ ਹੋਣਗੀਆਂ। ਮਾਹਿਰਾਂ ਅਨੁਸਾਰ ਟਾਟਾ ਸਮੂਹ ਨੂੰ ਏਅਰ ਇੰਡੀਆ ਦੇ ਮੌਜੂਦਾ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਲਈ ਘੱਟੋ-ਘੱਟ 2 ਤੋਂ 5 ਮਿਲੀਅਨ ਡਾਲਰ ਦੀ ਮੋਟੀ ਰਕਮ ਖਰਚ ਕਰਨੀ ਪੈ ਸਕਦੀ ਹੈ। ਵਰਨਣਯੋਗ ਹੈ ਕਿ ਜਦੋਂ ਨਰੇਸ਼ ਗੋਇਲ ਦੀ ਜੈੱਟ ਏਅਰਵੇਜ਼ ਨੂੰ ਖਰੀਦਣ ਲਈ ਟਾਟਾ ਦੇ ਬੋਰਡ ’ਚ ਚਰਚਾ ਹੋਈ ਤਾਂ ਕਿਹਾ ਗਿਆ ਸੀ ਕਿ ਡੁੱਬਦੀ ਹੋਈ ਏਅਰਲਾਈਨ ਨੂੰ ਖਰੀਦਣ ਨਾਲੋਂ ਚੰਗਾ ਹੁੰਦਾ ਕਿ ਅਜਿਹੀ ਏਅਰਲਾਈਨ ਦੇ ਬੰਦ ਹੋਣ ’ਤੇ ਖਾਲੀ ਥਾਵਾਂ ਨੂੰ ਨਵੇਂ ਜਹਾਜ਼ਾਂ ਨਾਲ ਭਰਿਆ ਜਾਵੇ।

ਜਿਸ ਤਰ੍ਹਾਂ ਅਫਸਰਸ਼ਾਹੀ ਨੇ ਸਰਕਾਰੀ ਏਅਰਲਾਈਨ ’ਚ ਤਜਰਬਾ ਵਿਹੂਣੇ ਲੋਕਾਂ ਨੂੰ ਅਹਿਮ ਆਸਾਮੀਆਂ ’ਤੇ ਤਾਇਨਾਤ ਕੀਤਾ ਸੀ, ਉਸ ਨਾਲ ਵੀ ਏਅਰ ਇੰਡੀਆ ਨੂੰ ਨੁਕਸਾਨ ਹੋਇਆ। ਕਿਸੇ ਵੀ ਏਅਰਲਾਈਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰੋਫੈਸ਼ਨਲ ਟੀਮ ਦੀ ਲੋੜ ਹੁੰਦੀ ਹੈ। ਭਾਈ-ਭਤੀਜਾਵਾਦ ਜਾਂ ਸਿਫਾਰਿਸ਼ੀ ਭਰਤੀਆਂ ਦੀ ਏਅਰਲਾਈਨ ਵਰਗੇ ਸੰਵੇਦਨਸ਼ੀਲ ਸੈਕਟਰ ’ਚ ਕੋਈ ਥਾਂ ਨਹੀਂ ਹੁੰਦੀ। ਟਾਟਾ ਵਰਗੇ ਸਮੂਹ ਤੋਂ ਤੁਸੀਂ ਸਿਰਫ ਪ੍ਰੋਫੈਸ਼ਨਲ ਕਾਰਜ ਦੀ ਹੀ ਕਲਪਨਾ ਕਰ ਸਕਦੇ ਹੋ।

ਮਿਸਾਲ ਦੇ ਤੌਰ ’ਤੇ ਟਾਟਾ ਸਮੂਹ ਵੱਲੋਂ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਜਾਰੀ ਕਰਨ ’ਚ ਜੋ ਯੋਗਦਾਨ ਦਿਖਾਈ ਦੇ ਰਿਹਾ ਹੈ ਉਹ ਇਕ ਮਿਸਾਲੀ ਯੋਗਦਾਨ ਹੈ। ਜਿਹੜੇ ਦਿਨੀਂ ਪਾਸਪੋਰਟ ਸੇਵਾ ਲਾਲ ਫੀਤਾਸ਼ਾਹੀ ’ਚ ਕੈਦ ਸੀ ਉਦੋਂ ਲੋਕਾਂ ਨੂੰ ਪਾਸਪੋਰਟ ਬਣਵਾਉਣ ਲਈ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਸੀ। ਉਹੀ ਕੰਮ ਹੁਣ ਕੁਝ ਹੀ ਦਿਨਾਂ ’ਚ ਹੋ ਜਾਂਦਾ ਹੈ। ਅੱਜਕਲ ਦੇ ਸੋਸ਼ਲ ਮੀਡੀਆ ਅਤੇ ਆਈ. ਟੀ. ਯੁੱਗ ’ਚ ਹਰ ਗਾਹਕ ਜਾਗਰੂਕ ਹੋ ਚੁੱਕਾ ਹੈ। ਜੇਕਰ ਉਹ ਨਿਰਾਸ਼ ਹੁੰਦਾ ਹੈ ਤਾਂ ਕੰਪਨੀ ਦੇ ਅਕਸ ਨੂੰ ਕੁਝ ਹੀ ਮਿੰਟਾਂ ’ਚ ਅਰਸ਼ ਤੋਂ ਫਰਸ਼ ’ਤੇ ਪਹੁੰਚਾ ਸਕਦਾ ਹੈ। ਇਸ ਲਈ ਗਾਹਕ ਸੰਤੁਸ਼ਟੀ ਦੀ ਮੁਕਾਬਲੇਬਾਜ਼ੀ ਦੇ ਦਬਾਅ ਕਾਰਨ ਹਰ ਕੰਪਨੀ ਨੂੰ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣੀ ਪੈਂਦੀ ਹੈ।

ਵਿਸ਼ਵ ਭਰ ’ਚ ਪਿਛਲੇ ਦੋ ਸਾਲਾਂ ’ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਸੈਰ-ਸਪਾਟਾ ਖੇਤਰ ਨੂੰ ਪਈ ਹੈ। ਐਵੀਏਸ਼ਨ ਸੈਕਟਰ ਇਸ ਦਾ ਇਕ ਅਹਿਮ ਹਿੱਸਾ ਹੈ। ਇਕ ਅੰਦਾਜ਼ੇ ਤਹਿਤ ਇਨ੍ਹਾਂ ਦੋ ਸਾਲਾਂ ’ਚ ਇਸ ਮਹਾਮਾਰੀ ਦੇ ਕਾਰਨ ਐਵੀਏਸ਼ਨ ਸੈਕਟਰ ਨੂੰ 200 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਭ ਕੁਝ ਸਹੀ ਰਹਿੰਦਾ ਹੈ ਅਤੇ ਕੋਵਿਡ ਦੀ ਤੀਸਰੀ ਲਹਿਰ ਨਹੀਂ ਆਉਂਦੀ ਹੈ ਤਾਂ 2023 ਤੋਂ ਐਵੀਏਸ਼ਨ ਸੈਕਟਰ ਦੀ ਗੱਡੀ ਮੁੜ ਤੋਂ ਪਟੜੀ ’ਤੇ ਆ ਜਾਵੇਗੀ।

ਏਅਰ ਇੰਡੀਆ ਦਾ ਨਿੱਜੀਕਰਨ ਕਰ ਕੇ ਟਾਟਾ ਨੂੰ ਦਿੱਤੇ ਜਾਣ ਦੇ ਫੈਸਲੇ ਨੂੰ ਜ਼ਿਆਦਾਤਰ ਲੋਕਾਂ ਵੱਲੋਂ ਇਕ ਚੰਗਾ ਕਦਮ ਹੀ ਮੰਨਿਆ ਗਿਆ ਹੈ। ਟਾਟਾ ਨੂੰ ਇਸ ਨੂੰ ਇਕ ਸਰਵੋਤਮ ਏਅਰਲਾਈਨ ਬਣਾਉਣ ਲਈ ਕੁਝ ਮੁੱਢਲੀਆਂ ਤਬਦੀਲੀਆਂ ਲਿਆਉਣੀਆਂ ਹੋਣਗੀਆਂ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਟਾਟਾ ਸਮੂਹ ਕੋਲ ਪਹਿਲਾਂ ਤੋਂ ਹੀ ਦੋ ਏਅਰਲਾਈਨਜ਼ ਹਨ ‘ਵਿਸਤਾਰਾ’ ਅਤੇ ‘ਏਅਰ ਏਸ਼ੀਆ’ ਅਤੇ ਹੁਣ ‘ਏਅਰ ਇੰਡੀਆ’ ਅਤੇ ‘ਏਅਰ ਇੰਡੀਆ ਐਕਸਪ੍ਰੈੱਸ’। ਟਾਟਾ ਨੂੰ ਇਨ੍ਹਾਂ ਚਾਰਾਂ ਏਅਰਲਾਈਨਜ਼ ਦੇ ਪਾਇਲਟ ਅਤੇ ਸਟਾਫ ਦੀ ਟ੍ਰੇਨਿੰਗ ਲਈ ਆਪਣੀ ਹੀ ਇਕ ਅਕੈਡਮੀ ਬਣਾ ਦੇਣੀ ਚਾਹੀਦੀ ਹੈ, ਜਿਸ ’ਚ ਟ੍ਰੇਨਿੰਗ ਕੌਮਾਂਤਰੀ ਮਾਪਦੰਡਾਂ ਦੇ ਆਧਾਰ ’ਤੇ ਹੋਵੇ। ਇਸ ਨਾਲ ਪੈਸਾ ਵੀ ਬਚੇਗਾ ਅਤੇ ਟ੍ਰੇਨਿੰਗ ਦੇ ਮਾਪਦੰਡ ਵੀ ਉੱਚ ਕੋਟੀ ਦੇ ਹੋਣਗੇ।

ਚਾਰ-ਚਾਰ ਏਅਰਲਾਈਨਜ਼ ਦੇ ਮਾਲਕ ਬਣਨ ਦੇ ਬਾਅਦ ਟਾਟਾ ਸਮੂਹ ਦੀ ਸਿੱਧੀ ਟੱਕਰ ਮੱਧਪੂਰਬ ਦੀ ‘ਕਤਰ ਏਅਰਲਾਈਨ’ ਨਾਲ ਹੋਣੀ ਤੈਅ ਹੈ। ਮੱਧਪੂਰਬ ਵਰਗੇ ਮਹੱਤਵਪੂਰਨ ਸਥਾਨ ’ਤੇ ਹੋਣ ਕਾਰਨ, ਇਸ ਸਮੇਂ ਕਤਰ ਏਅਰਲਾਈਨ ਕੋਲ ਐਵੀਏਸ਼ਨ ਸੈਕਟਰ ਦੇ ਵਪਾਰ ਦਾ ਸਭ ਤੋਂ ਵੱਡਾ ਹਿੱਸਾ ਹੈ। ਕੋਵਿਡ ਕਾਲ ’ਚ ਸਿੰਗਾਪੁਰ ਏਅਰਲਾਈਨ ਦੇ 60 ਫੀਸਦੀ ਜਹਾਜ਼ ਗ੍ਰਾਊਂਡ ਹੋ ਚੁੱਕੇ ਹਨ। ਸਿੰਗਾਪੁਰ ਏਅਰਲਾਈਨ ’ਚ ਟਾਟਾ ਸਮੂਹ ਦੀ ਭਾਈਵਾਲੀ ਹੋਣ ਦੇ ਕਾਰਨ, ਟਾਟਾ ਨੂੰ ਸਿੰਗਾਪੁਰ ਏਅਰਲਾਈਨ ਦੇ ਜਹਾਜ਼ਾਂ ਨੂੰ ਆਪਣੇ ਨਾਲ ਜੋੜ ਕੇ ਏਅਰ ਇੰਡੀਆ ਨੂੰ ਦੁਨੀਆ ਦੇ ਹਰ ਕੋਨੇ ’ਚ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਕਰਜ਼ੇ ’ਚ ਡੁੱਬੀ ਏਅਰ ਇੰਡੀਆ ਦੀ ਆਮਦਨ ਦੇ ਨਵੇਂ ਸਰੋਤ ਵੀ ਖੁੱਲ੍ਹਣਗੇ।

ਟਾਟਾ ਨੂੰ ਆਪਣੀਆਂ ਚਾਰੇ ਹਵਾਬਾਜ਼ੀ ਕੰਪਨੀਆਂ ਨੂੰ ਅਲੱਗ ਹੀ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਟਾਟਾ ਸਮੂਹ ਦੇ ਵੱਖ-ਵੱਖ ਕਿਸਮ ਦੇ ਹੋਟਲ ਹਨ, ਜਿਵੇਂ ‘ਤਾਜ’, ‘ਵਿਵਾਂਤਾ’ ਤੇ ‘ਜਿੰਜਰ’ ਆਦਿ, ਉਸੇ ਤਰ੍ਹਾਂ ਬਜਟ ਏਅਰਲਾਈਨ ਅਤੇ ਮੁੱਖ ਧਾਰਾ ਦੀ ਹਵਾਈ ਸੇਵਾ ਨੂੰ ਵੀ ਵੱਖ-ਵੱਖ ਰੱਖਣਾ ਬਿਹਤਰ ਹੋਵੇਗਾ। ਵੱਖਰੀ ਕੰਪਨੀ ਹੋਣ ਨਾਲ ਟਾਟਾ ਸਮੂਹ ਦੀਆਂ ਹੀ ਦੋਵਾਂ ਕੰਪਨੀਆਂ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣੀ ਹੋਵੇਗੀ ਅਤੇ ਆਪਸ ’ਚ ਮੁਕਾਬਲੇਬਾਜ਼ੀ ਨਾਲ ਗਾਹਕ ਦਾ ਫਾਇਦਾ ਹੋਣਾ ਯਕੀਨੀ ਹੈ। ਇਨ੍ਹਾਂ ’ਚੋਂ ਦੋ ਕੰਪਨੀਆਂ ‘ਏਅਰ ਏਸ਼ੀਆ’ ਅਤੇ ‘ਏਅਰ ਇੰਡੀਆ ਐਕਸਪ੍ਰੈੱਸ’ ਸਸਤੀ ਭਾਵ ‘ਬਜਟ ਏਅਰਲਾਈਨ’ ਰਹਿਣ ਜੋ ਮੌਜੂਦਾ ਬਜਟ ਏਅਰਲਾਈਨ ਅਤੇ ਆਉਣ ਵਾਲੇ ਸਮੇਂ ’ਚ ਰਾਕੇਸ਼ ਝੁਨਝੁਨਵਾਲਾ ਦੀ ‘ਅਕਾਸਾ’ ਨੂੰ ਸਿੱਧੀ ਟੱਕਰ ਦੇਵੇਗੀ। ਮੌਜੂਦਾ ‘ਵਿਸਤਾਰਾ’ ਨੂੰ ਵੀ ਮੱਧਵਰਗੀ ਏਅਰਲਾਈਨ ਦੇ ਨਾਲ ਮੁਕਾਬਲੇਬਾਜ਼ੀ ’ਚ ਰਹਿੰਦੇ ਹੋਏ ਗੁਆਂਢੀ ਦੇਸ਼ਾਂ ’ਚ ਆਪਣੇ ਖੰਭ ਫੈਲਾਉਣੇ ਹੋਣਗੇ। ਏਅਰ ਇੰਡੀਆ ’ਚ ਨਵੇਂ ਜਹਾਜ਼ ਜੋੜ ਕੇ ਇਸ ਨੂੰ ਐਵੀਏਸ਼ਨ ਦੀ ਦੁਨੀਆ ਦਾ ਮਹਾਰਾਜਾ ਬਣਨ ਵੱਲ ਕਦਮ ਤੇਜ਼ੀ ਨਾਲ ਭਜਾਉਣੇ ਹੋਣਗੇ।

ਬੀਤੇ ਕਈ ਸਾਲਾਂ ਤੋਂ ਨੁਕਸਾਨ ਝੱਲ ਰਹੀ ਏਅਰ ਇੰਡੀਆ ਦੀ ਦੇਰੀ ਅਤੇ ਖਰਾਬ ਸੇਵਾ ਨੂੰ ਲੈ ਕੇ ਨਾਂਹਪੱਖੀ ਅਕਸ ਬਣਿਆ ਹੋਇਆ ਹੈ। ਇਸ ਚੁਣੌਤੀ ਨੂੰ ਵੀ ਟਾਟਾ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਅਤੇ ਸੇਵਾਵਾਂ ਦੀ ਬਿਹਤਰੀ ਦੀ ਦਿਸ਼ਾ ’ਚ ਕੁਝ ਸਰਗਰਮ ਕਦਮ ਚੁੱਕਣੇ ਹੋਣਗੇ। ਇਹ ਇੰਨਾ ਸੌਖਾ ਨਹੀਂ ਹੋਵੇਗਾ ਪਰ ਟਾਟਾ ਸਮੂਹ ’ਚ ਔਖੀਆਂ ਹਾਲਤਾਂ ’ਚ ਟਿਕੇ ਰਹਿਣ ਅਤੇ ਲੰਬੇ ਅਰਸੇ ਤੱਕ ਖੇਡਣ ਦੀ ਸਮਰੱਥਾ ਕਿਸੇ ਤੋਂ ਲੁਕੀ ਨਹੀਂ ਹੈ। ਟਾਟਾ ਨੂੰ ਇਸ ਚੁਣੌਤੀ ਭਰੇ ਕਾਰਜ ਲਈ ਐਵੀਏਸ਼ਨ ਸੈਕਟਰ ਦੇ ਤਜਰਬੇਕਾਰ ਲੋਕਾਂ ਦੀ ਟੀਮ ਬਣਾਉਣੀ ਹੋਵੇਗੀ ਅਤੇ ਇਹ ਸਿੱਧ ਕਰਨਾ ਹੋਵੇਗਾ ਕਿ ਏਅਰ ਇੰਡੀਆ ਨੂੰ ਵਾਪਸ ਲੈ ਕੇ ਟਾਟਾ ਨੇ ਕੋਈ ਗਲਤੀ ਨਹੀਂ ਕੀਤੀ।


Bharat Thapa

Content Editor

Related News