ਅਨੰਤ ਯਾਤਰਾ ''ਤੇ ਸਵਾਮੀ ਸਮਰਣਾਨੰਦ

Friday, Mar 29, 2024 - 02:18 PM (IST)

ਅਨੰਤ ਯਾਤਰਾ ''ਤੇ ਸਵਾਮੀ ਸਮਰਣਾਨੰਦ

ਲੋਕ ਸਭਾ ਚੋਣਾਂ ਦੇ ਮਹਾਪਰਵ ਦੀ ਭੱਜ-ਨੱਠ ਦੇ ਦਰਮਿਆਨ ਇਕ ਅਜਿਹੀ ਖ਼ਬਰ ਆਈ, ਜਿਸ ਨੇ ਕੁਝ ਪਲਾਂ ਲਈ ਮਨ ਵਿਚ ਵਿਰਾਮ ਜਿਹਾ ਲਿਆ ਦਿੱਤਾ। ਭਾਰਤ ਦੀ ਅਧਿਆਤਮਿਕ ਚੇਤਨਾ ਦੀ ਉੱਘੀ ਸ਼ਖਸੀਅਤ ਸ਼੍ਰੀਮਤ ਸਵਾਮੀ ਸਮਰਣਾਨੰਦ ਜੀ ਮਹਾਰਾਜ ਦਾ ਸਦੀਵੀ ਸਮਾਧੀ ਵਿਚ ਲੀਨ ਹੋ ਜਾਣਾ ਇਕ ਵਿਅਕਤੀਗਤ ਘਾਟੇ ਜਿਹਾ ਹੈ। ਕੁਝ ਸਾਲ ਪਹਿਲਾਂ ਸਵਾਮੀ ਆਤਮਸਥਾਨੰਦ ਜੀ ਦਾ ਮਹਾਪ੍ਰਯਾਣ (ਦਿਹਾਂਤ) ਅਤੇ ਹੁਣ ਸਵਾਮੀ ਸਮਰਣਾਨੰਦ ਜੀ ਦੇ ਅਨੰਤ ਯਾਤਰਾ ’ਤੇ ਤੁਰ ਜਾਣ ਨੇ ਕਿੰਨੇ ਹੀ ਲੋਕਾਂ ਨੂੰ ਸੋਗ-ਗ੍ਰਸਤ ਕਰ ਦਿੱਤਾ ਹੈ। ਮੇਰਾ ਦਿਲ ਵੀ ਕਰੋੜਾਂ ਭਗਤਾਂ, ਸੰਤਾਂ ਅਤੇ ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਦੇ ਪੈਰੋਕਾਰਾਂ ਵਾਂਗ ਹੀ ਦੁਖੀ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ, ਬੰਗਾਲ ਦੀ ਆਪਣੀ ਫੇਰੀ ਦੌਰਾਨ, ਮੈਂ ਹਸਪਤਾਲ ਵਿਚ ਜਾ ਕੇ ਸਵਾਮੀ ਸਮਰਣਾਨੰਦ ਜੀ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਸਵਾਮੀ ਆਤਮਸਥਾਨੰਦ ਜੀ ਵਾਂਗ, ਸਵਾਮੀ ਸਮਰਣਾਨੰਦ ਜੀ ਨੇ ਵੀ ਆਪਣਾ ਸਾਰਾ ਜੀਵਨ ਆਚਾਰੀਆ ਰਾਮਕ੍ਰਿਸ਼ਨ ਪਰਮਹੰਸ, ਮਾਤਾ ਸ਼ਾਰਦਾ ਅਤੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦੇ ਵਿਸ਼ਵਵਿਆਪੀ ਪ੍ਰਸਾਰ ਲਈ ਸਮਰਪਿਤ ਕਰ ਦਿੱਤਾ ਸੀ। ਇਹ ਲੇਖ ਲਿਖਣ ਵੇਲੇ ਉਨ੍ਹਾਂ ਨਾਲ ਮੇਰੀਆਂ ਮੁਲਾਕਾਤਾਂ, ਉਨ੍ਹਾਂ ਨਾਲ ਹੋਈਆਂ ਗੱਲਾਂ, ਉਹ ਸਭ ਯਾਦਾਂ ਮੇਰੇ ਦਿਮਾਗ਼ ਵਿਚ ਤਾਜ਼ਾ ਹੋ ਰਹੀਆਂ ਹਨ।

ਜਨਵਰੀ 2020 ਵਿਚ ਬੇਲੂਰ ਮੱਠ ਵਿਚ ਠਹਿਰਨ ਦੌਰਾਨ, ਮੈਂ ਸਵਾਮੀ ਵਿਵੇਕਾਨੰਦ ਜੀ ਦੇ ਕਮਰੇ ਵਿਚ ਬੈਠ ਕੇ ਸਿਮਰਨ ਕੀਤਾ ਸੀ। ਉਸ ਯਾਤਰਾ ਦੌਰਾਨ ਮੈਂ ਸਵਾਮੀ ਸਮਰਣਾਨੰਦ ਜੀ ਨਾਲ ਸਵਾਮੀ ਆਤਮਸਥਾਨੰਦ ਜੀ ਬਾਰੇ ਕਾਫੀ ਦੇਰ ਤੱਕ ਗੱਲਾਂ ਕੀਤੀਆਂ ਸਨ।

ਤੁਸੀਂ ਜਾਣਦੇ ਹੋ ਕਿ ਰਾਮਕ੍ਰਿਸ਼ਨ ਮਿਸ਼ਨ ਅਤੇ ਬੇਲੂਰ ਮੱਠ ਨਾਲ ਮੇਰਾ ਕਿੰਨਾ ਗੂੜ੍ਹਾ ਰਿਸ਼ਤਾ ਰਿਹਾ ਹੈ। ਅਧਿਆਤਮਿਕਤਾ ਦੇ ਖੋਜੀ ਹੋਣ ਦੇ ਨਾਤੇ, ਪੰਜ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ, ਮੈਂ ਵੱਖ-ਵੱਖ ਸੰਤਾਂ-ਮਹਾਤਮਾਵਾਂ ਨੂੰ ਮਿਲਿਆ ਹਾਂ ਅਤੇ ਕਈ ਥਾਵਾਂ ’ਤੇ ਰਿਹਾ ਹਾਂ। ਰਾਮਕ੍ਰਿਸ਼ਨ ਮੱਠ ਵਿਚ ਵੀ ਅਧਿਆਤਮਿਕਤਾ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੇ ਜਿਨ੍ਹਾਂ ਸੰਤਾਂ ਨਾਲ ਮੇਰੀ ਜਾਣ-ਪਛਾਣ ਹੋਈ, ਉਨ੍ਹਾਂ ਵਿਚੋਂ ਸਵਾਮੀ ਆਤਮਸਥਾਨੰਦ ਜੀ ਅਤੇ ਸਵਾਮੀ ਸਮਰਣਾਨੰਦ ਜੀ ਜਿਹੀਆਂ ਸ਼ਖਸੀਅਤਾਂ ਪ੍ਰਮੁੱਖ ਸਨ। ਉਨ੍ਹਾਂ ਦੇ ਪਵਿੱਤਰ ਵਿਚਾਰਾਂ ਅਤੇ ਉਨ੍ਹਾਂ ਦੇ ਗਿਆਨ ਨੇ ਮੇਰੇ ਮਨ ਨੂੰ ਨਿਰੰਤਰ ਸੰਤੁਸ਼ਟੀ ਦਿੱਤੀ। ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਦੌਰ ਵਿਚ ਅਜਿਹੇ ਹੀ ਸੰਤਾਂ ਨੇ ਮੈਨੂੰ ‘ਲੋਕ ਸੇਵਾ ਹੀ ਪ੍ਰਭੂ ਸੇਵਾ’ ਦਾ ਸੱਚਾ ਸਿਧਾਂਤ ਸਿਖਾਇਆ।

ਸਵਾਮੀ ਆਤਮਸਥਾਨੰਦ ਜੀ ਅਤੇ ਸਵਾਮੀ ਸਮਰਣਾਨੰਦ ਜੀ ਦੇ ਜੀਵਨ ਰਾਮਕ੍ਰਿਸ਼ਨ ਮਿਸ਼ਨ ‘ਆਤਮਨੋ ਮੋਕਸ਼ਾਰਥਾ ਜਗਾਧਿਤਾਯ ਚ’ ਦੇ ਸਿਧਾਂਤ ਦੀ ਅਮਿੱਟ ਉਦਾਹਰਣ ਹਨ। ਰਾਮਕ੍ਰਿਸ਼ਨ ਮਿਸ਼ਨ ਦੁਆਰਾ, ਸਿੱਖਿਆ ਦੇ ਪ੍ਰਚਾਰ ਅਤੇ ਗ੍ਰਾਮੀਣ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ।

ਰਾਮਕ੍ਰਿਸ਼ਨ ਮਿਸ਼ਨ ਭਾਰਤ ਦੀ ਅਧਿਆਤਮਿਕ ਜਾਗ੍ਰਿਤੀ, ਵਿੱਦਿਅਕ ਸਸ਼ਕਤੀਕਰਨ ਅਤੇ ਮਾਨਵਤਾਵਾਦੀ ਸੇਵਾ ਲਈ ਸੰਕਲਪ ’ਤੇ ਕੰਮ ਕਰ ਰਿਹਾ ਹੈ। 1978 ਵਿਚ ਜਦੋਂ ਬੰਗਾਲ ਵਿਚ ਹੜ੍ਹ ਦੀ ਤਬਾਹੀ ਆਈ ਸੀ ਤਾਂ ਰਾਮਕ੍ਰਿਸ਼ਨ ਮਿਸ਼ਨ ਨੇ ਆਪਣੀ ਨਿਰਸਵਾਰਥ ਸੇਵਾ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਮੈਨੂੰ ਯਾਦ ਹੈ, 2001 ਦੇ ਕੱਛ ਭੂਚਾਲ ਦੌਰਾਨ, ਸਵਾਮੀ ਆਤਮਸਥਾਨੰਦ ਉਨ੍ਹਾਂ ਪਹਿਲੇ ਲੋਕਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਰਾਮਕ੍ਰਿਸ਼ਨ ਮਿਸ਼ਨ ਆਪਦਾ ਪ੍ਰਬੰਧਨ ਲਈ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਤਿਆਰ ਹੈ। ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ, ਰਾਮਕ੍ਰਿਸ਼ਨ ਮਿਸ਼ਨ ਨੇ ਉਸ ਭੂਚਾਲ ਸੰਕਟ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਸੀ।

ਪਿਛਲੇ ਸਾਲਾਂ ਵਿਚ, ਸਵਾਮੀ ਆਤਮਸਥਾਨੰਦ ਜੀ ਅਤੇ ਸਵਾਮੀ ਸਮਰਣਾਨੰਦ ਜੀ ਨੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਸਮਾਜਿਕ ਸਸ਼ਕਤੀਕਰਨ ’ਤੇ ਬਹੁਤ ਜ਼ੋਰ ਦਿੱਤਾ। ਜਿਹੜੇ ਵੀ ਲੋਕ ਇਨ੍ਹਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਨੂੰ ਜਾਣਦੇ ਹਨ, ਉਨ੍ਹਾਂ ਨੂੰ ਇਹ ਜ਼ਰੂਰ ਯਾਦ ਹੋਵੇਗਾ ਕਿ ਉਨ੍ਹਾਂ ਜਿਹੇ ਸੰਤ ਮਾਡਰਨ ਲਰਨਿੰਗ, ਸਕਿੱਲਿੰਗ ਅਤੇ ਨਾਰੀ ਸਸ਼ਕਤੀਕਰਨ ਪ੍ਰਤੀ ਕਿੰਨੇ ਗੰਭੀਰ ਰਹਿੰਦੇ ਸਨ।

ਸਵਾਮੀ ਆਤਮਸਥਾਨੰਦ ਜੀ ਦੀ ਮਹਾਨ ਸ਼ਖਸੀਅਤ ਦੀ ਵਿਸ਼ੇਸ਼ਤਾ ਜਿਸ ਤੋਂ ਮੈਂ ਸਭ ਤੋਂ ਵੱਧ ਪ੍ਰਭਾਵਿਤ ਸੀ, ਉਹ ਸੀ ਹਰ ਸੱਭਿਆਚਾਰ ਅਤੇ ਹਰ ਪਰੰਪਰਾ ਲਈ ਉਨ੍ਹਾਂ ਦਾ ਪਿਆਰ ਅਤੇ ਸਤਿਕਾਰ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੇ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿਚ ਲੰਮਾ ਸਮਾਂ ਬਿਤਾਇਆ ਸੀ ਅਤੇ ਉਹ ਲਗਾਤਾਰ ਯਾਤਰਾ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਗੁਜਰਾਤ ਵਿਚ ਰਹਿੰਦਿਆਂ ਗੁਜਰਾਤੀ ਬੋਲਣੀ ਸਿੱਖੀ। ਇੱਥੋਂ ਤੱਕ ਕਿ ਉਹ ਮੇਰੇ ਨਾਲ ਵੀ ਗੁਜਰਾਤੀ ਵਿਚ ਹੀ ਗੱਲ ਕਰਦੇ ਸੀ। ਮੈਨੂੰ ਉਨ੍ਹਾਂ ਦੀ ਗੁਜਰਾਤੀ ਬਹੁਤ ਪਸੰਦ ਵੀ ਸੀ।

ਭਾਰਤ ਦੀ ਵਿਕਾਸ ਯਾਤਰਾ ਦੇ ਕਈ ਮੋੜਾਂ ’ਤੇ, ਸਾਡੀ ਮਾਤ ਭੂਮੀ ਨੂੰ ਸਵਾਮੀ ਆਤਮਸਥਾਨੰਦ ਜੀ, ਸਵਾਮੀ ਸਮਰਣਾਨੰਦ ਜੀ ਜਿਹੇ ਬਹੁਤ ਸਾਰੇ ਸੰਤਾਂ-ਮਹਾਤਮਾਵਾਂ ਦਾ ਆਸ਼ੀਰਵਾਦ ਮਿਲਿਆ ਹੈ, ਜਿਨ੍ਹਾਂ ਨੇ ਸਾਨੂੰ ਸਮਾਜਿਕ ਤਬਦੀਲੀ ਦੀ ਨਵੀਂ ਚੇਤਨਾ ਦਿੱਤੀ ਹੈ। ਇਨ੍ਹਾਂ ਸੰਤਾਂ ਨੇ ਸਾਨੂੰ ਸਮਾਜ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ। ਇਹ ਸਿਧਾਂਤ ਹੁਣ ਤੱਕ ਸਦੀਵੀ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹੀ ਵਿਚਾਰ ਵਿਕਸਿਤ ਭਾਰਤ ਅਤੇ ਅੰਮ੍ਰਿਤ ਕਾਲ ਦੀ ਸੰਕਲਪ ਸ਼ਕਤੀ ਬਣਨਗੇ।

ਮੈਂ ਇਕ ਵਾਰ ਫਿਰ, ਪੂਰੇ ਦੇਸ਼ ਦੀ ਤਰਫੋਂ ਅਜਿਹੀਆਂ ਸੰਤ ਆਤਮਾਵਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਰਾਮਕ੍ਰਿਸ਼ਨ ਮਿਸ਼ਨ ਨਾਲ ਜੁੜੇ ਸਾਰੇ ਲੋਕ ਉਨ੍ਹਾਂ ਦੁਆਰਾ ਦਰਸਾਏ ਮਾਰਗ ਨੂੰ ਅੱਗੇ ਵਧਾਉਣਗੇ। ਓਮ ਸ਼ਾਂਤੀ।

ਨਰਿੰਦਰ ਮੋਦੀ (ਪ੍ਰਧਾਨ ਮੰਤਰੀ)


author

Rakesh

Content Editor

Related News