ਮਜ਼ਬੂਤ ਅਮਰੀਕੀ ਡਾਲਰ ਬਾਕੀ ਦੁਨੀਆ ਲਈ ਪ੍ਰੇਸ਼ਾਨੀ ਦਾ ਸਬੱਬ
Sunday, Nov 17, 2024 - 05:28 PM (IST)

ਡਾਲਰ ਵਿਚ ਵਾਧਾ ਅਕਸਰ ਗਲੋਬਲ ਆਰਥਿਕ ਦ੍ਰਿਸ਼ ਵਿਚ ਕਮਜ਼ੋਰੀ ਨਾਲ ਆਉਂਦਾ ਹੈ। ਭਾਵੇਂ ਡਾਲਰ ਦੀ ਕੀਮਤ ਅਮਰੀਕਾ ਵਿਚ ਘਰੇਲੂ ਘਟਨਾਕ੍ਰਮਾਂ ਨਾਲ ਨਿਰਧਾਰਤ ਹੁੰਦੀ ਹੈ, ਇਸ ਦੇ ਉਤਰਾਅ-ਚੜ੍ਹਾਅ ਹਮੇਸ਼ਾ ਦੁਨੀਆ ਭਰ ਵਿਚ ਹਲਚਲ ਪੈਦਾ ਕਰਦੇ ਹਨ। ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਵਾਪਸ ਆਉਣ ਨਾਲ, ਅਸੀਂ ਇਹੋ ਜਿਹੀ ਇਕ ਵੱਡੀ ਹਿਲਜੁਲ ਦੇਖ ਸਕਦੇ ਹਾਂ। ‘ਦਿ ਇਕਨਾਮਿਸਟ’ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਟਰੰਪ ਵੱਲੋਂ ਪ੍ਰਸਤਾਵਿਤ ਆਰਥਿਕ ਨੀਤੀਆਂ ਭਾਵੇਂ ਅਮਰੀਕੀ ਅਰਥਚਾਰੇ ਨੂੰ ਮਦਦ ਦੇਣ ਲਈ ਤਿਆਰ ਹਨ, ਪਰ ਇਹ ਬਾਕੀ ਦੁਨੀਆ ਲਈ ਮੁਸੀਬਤ ਦਾ ਕਾਰਨ ਬਣ ਸਕਦੀਆਂ ਹਨ।
ਟਰੰਪ ਨੇ ਟੈਕਸ ਰਾਹਤ, ਕੀਮਤਾਂ ਵਿਚ ਕਟੌਤੀ, ਟੈਰਿਫ ਵਾਧੇ ਅਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਸਤਾਵ ਦਿੱਤਾ, ਜੋ ਵੋਟਰਾਂ ਦੀਆਂ ਚਿੰਤਾਵਾਂ ਦੇ ਸਿਖਰ ’ਤੇ ਹਨ। ਹਾਲਾਂਕਿ ਇਹ ਅਜੇ ਵੀ ਅਸਪੱਸ਼ਟ ਹੈ ਕਿ ਆਰਥਿਕ ਏਜੰਡੇ ਦੇ ਕਿਹੜੇ ਹਿੱਸੇ ਟਰੰਪ ਲਾਗੂ ਕਰਨਗੇ, ਪਰ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਅਸਥਿਰਤਾ ਸਾਨੂੰ ਇਹ ਸੰਕੇਤ ਦੇਣ ਲਈ ਕਾਫੀ ਹੈ ਕਿ ਨਿਵੇਸ਼ਕ ਕੀ ਉਮੀਦ ਕਰਦੇ ਹਨ (ਵੱਡੀਆਂ ਅਮਰੀਕੀ ਫਰਮਾਂ ਦਾ ਸੂਚਕ ਅੰਕ ਐੱਸ. ਐਂਡ ਪੀ. 500 6, 7 ਅਤੇ 8 ਨਵੰਬਰ ਨੂੰ ਲਗਾਤਾਰ ਰਿਕਾਰਡ ’ਤੇ ਪੁੱਜ ਗਿਆ)।
ਇਹ ਉਚਿਤ ਹੈ ਕਿ ਇਕ ਮਜ਼ਬੂਤ ਡਾਲਰ ਅਕਸਰ ਵਿਸ਼ਵ ਵਪਾਰ ਦੇ ਵਾਧੇ ਨੂੰ ਘੱਟ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹ ਵਿਸ਼ਵ ਦੀ ‘ਚਾਲਾਨ’ ਮੁਦਰਾ ਹੈ ਅਤੇ ਸਭ ਤੋਂ ਵੱਧ ਖਰੀਦ ਸ਼ਕਤੀ ਰੱਖਦੀ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜਦੋਂ ਡਾਲਰ ਦੀ ਕੀਮਤ ਵਧਦੀ ਹੈ, ਤਾਂ ਹੋਰ ਮੁਦਰਾਵਾਂ ਲਾਜ਼ਮੀ ਤੌਰ ’ਤੇ ਘਟਦੀਆਂ ਹਨ, ਸੰਸਾਰ ਨੂੰ ਗਰੀਬ ਬਣਾਉਂਦੀਆਂ ਹਨ ਅਤੇ ਵਪਾਰ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਉਨ੍ਹਾਂ ਦੇਸ਼ਾਂ ਨੂੰ ਵੀ ਘੱਟ ਕਰਜ਼ਾ-ਯੋਗ ਬਣਾਉਂਦਾ ਹੈ, ਜਿਨ੍ਹਾਂ ਕੋਲ ਡਾਲਰ ਵਿਚ ਕਰਜ਼ਾ ਹੈ, ਕਿਉਂਕਿ ਇਹ ਉਨ੍ਹਾਂ ਲਈ ਆਪਣੇ ਕਰਜ਼ਿਆਂ ਦਾ ਪ੍ਰਬੰਧਨ ਕਰਨ ਲਈ ਅਮਰੀਕੀ ਮੁਦਰਾ ਖਰੀਦਣਾ ਔਖਾ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਕ ਮਜ਼ਬੂਤ ਡਾਲਰ ਨਾਲ ਉੱਭਰ ਰਹੇ ਬਾਜ਼ਾਰਾਂ ’ਤੇ ਮਹਿੰਗਾਈ ਦੇ ਦਬਾਅ ਨੂੰ ਵਧਾਉਣ ਦੀ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਉਹ ਆਮ ਤੌਰ ’ਤੇ ਅਮਰੀਕੀ ਡਾਲਰਾਂ ਵਿਚ ਆਪਣਾ ਕੱਚਾ ਮਾਲ ਖਰੀਦਦੇ ਹਨ।
ਜ਼ਿਆਦਾਤਰ ਮੁੱਖ ਧਾਰਾ ਦੇ ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਦੀਆਂ ਨੀਤੀਗਤ ਤਜਵੀਜ਼ਾਂ ਮਹਿੰਗਾਈ ਨੂੰ ਘੱਟ ਨਹੀਂ ਕਰਨਗੀਆਂ ਸਗੋਂ ਇਸ ਨੂੰ ਹੋਰ ਬਦਤਰ ਬਣਾ ਦੇਣਗੀਆਂ। ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਦਰਾਮਦ ਕੀਤੇ ਸਾਮਾਨ ’ਤੇ ਭਾਰੀ ਟੈਰਿਫ ਲਗਾਉਣ, ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਫੈਡਰਲ ਰਿਜ਼ਰਵ ਦੀਆਂ ਵਿਆਜ ਦਰ ਨੀਤੀਆਂ ਵਿਚ ਆਪਣੀ ਗੱਲ ਰੱਖਣ ਦੀਆਂ ਯੋਜਨਾਵਾਂ ਕੀਮਤਾਂ ਨੂੰ ਵਧਾ ਸਕਦੀਆਂ ਹਨ।
ਇਕ ਸਮਾਚਾਰ ਏਜੰਸੀ ਅਨੁਸਾਰ, ਨਿਰਪੱਖ ਖੋਜਕਰਤਾਵਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਡੋਨਾਲਡ ਟਰੰਪ ਆਪਣੇ ਏਜੰਡੇ ਨੂੰ ਸਫਲਤਾਪੂਰਵਕ ਲਾਗੂ ਕਰਦੇ ਹਨ, ਤਾਂ ਇਸ ਨਾਲ ਮਹਿੰਗਾਈ ਵਧੇਗੀ। 16 ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀਆਂ ਨੇ ਵੀ ਇਕ ਪੱਤਰ ’ਤੇ ਦਸਤਖਤ ਕੀਤੇ ਹਨ, ਜਿਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕਾ ਅਤੇ ਵਿਸ਼ਵ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਗੀਆਂ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਆਰਥਿਕ ਯੋਜਨਾਵਾਂ ਚੀਨੀ ਦਰਾਮਦਾਂ ’ਤੇ ਸਖਤ ਟੈਰਿਫ ਲਗਾਉਣ ਦੇ ਉਸ ਦੇ ਵਾਅਦੇ ਦੇ ਕਾਰਨ ਮਹਿੰਗਾਈ ਨੂੰ ਫਿਰ ਤੋਂ ਵਧਾਉਣਗੀਆਂ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਖਪਤਕਾਰਾਂ ਵਲੋਂ ਖਰੀਦੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ। ਰਿਪੋਰਟ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਉੱਚ ਘਾਟੇ ਅਤੇ ਮੁੜ ਉੱਭਰ ਰਹੀ ਮਹਿੰਗਾਈ ਦਾ ਸੁਮੇਲ ਦੇਸ਼ ਦੇ ਕੇਂਦਰੀ ਬੈਂਕ ਫੈੱਡ ਨੂੰ ਵਿਆਜ ਦਰਾਂ ਨੂੰ ਉੱਚਾ ਰੱਖਣ ਲਈ ਮਜਬੂਰ ਕਰੇਗਾ। ਇਕਨਾਮਿਸਟ ਦੀ ਰਿਪੋਰਟ ਮੁਤਾਬਕ ਉੱਚ ਵਿਆਜ ਦਰਾਂ ਡਾਲਰ ਸਕਿਓਰਿਟੀਜ਼ ਨੂੰ ਹੋਰ ਆਕਰਸ਼ਕ ਬਣਾ ਦੇਣਗੀਆਂ, ਜਿਸ ਨਾਲ ਡਾਲਰ ਨੂੰ ਹੁਲਾਰਾ ਮਿਲੇਗਾ।
ਇਹ ਪਹਿਲਾਂ ਹੀ 7 ਨਵੰਬਰ ਨੂੰ ਦੇਖਿਆ ਗਿਆ ਸੀ ਜਦੋਂ ਫੈਡਰਲ ਰਿਜ਼ਰਵ ਨੇ ਉਮੀਦ ਅਨੁਸਾਰ ਆਪਣੀ ਬੈਂਚਮਾਰਕ ਵਿਆਜ ਦਰ ’ਚ ਇਕ ਚੌਥਾਈ ਫੀਸਦੀ ਅੰਕ ਦੀ ਕਟੌਤੀ ਕੀਤੀ ਸੀ। ਉੱਚ ਅਮਰੀਕੀ ਵਿਆਜ ਦਰਾਂ ਦੀ ਸੰਭਾਵਨਾ ਨੇ ਪਿਛਲੇ 4 ਹਫ਼ਤਿਆਂ ਵਿਚ ਵੱਖ-ਵੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕੀਮਤ ਵਿਚ 1.5 ਫੀਸਦੀ ਦਾ ਵਾਧਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਆਪਣੇ ਅਧਿਐਨ ’ਚ ਸੁਝਾਅ ਦਿੱਤਾ ਹੈ ਕਿ ਵਧਦੇ ਡਾਲਰ ਦਾ ਮਾੜਾ ਪ੍ਰਭਾਵ ਉਭਰਦੇ ਦੇਸ਼ਾਂ ’ਤੇ ਢਾਈ ਸਾਲ ਅਤੇ ਅਮੀਰ ਦੇਸ਼ਾਂ ’ਤੇ ਇਕ ਸਾਲ ਤੱਕ ਬਣਿਆ ਰਹਿੰਦਾ ਹੈ।
ਵਿਸ਼ਵ ਆਰਥਿਕਤਾ ਦੇ ਦੋ ਮੁੱਖ ਚੈਨਲ ‘ਵਪਾਰ ਅਤੇ ਵਿੱਤ,’ ਇਕ ਮਜ਼ਬੂਤ ਡਾਲਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾਤਰ ਗਲੋਬਲ ਲੈਣ-ਦੇਣ ਅਤੇ ਵਪਾਰ ਵਿਚ ਡਾਲਰ ਸ਼ਾਮਲ ਹੁੰਦਾ ਹੈ, ਇਕ ਮਜ਼ਬੂਤ ਡਾਲਰ ਦਰਾਮਦਾਂ ਦੀਆਂ ਲਾਗਤਾਂ ਨੂੰ ਵਧਾਉਂਦਾ ਹੈ, ਜੋ ਬਦਲੇ ਵਿਚ ਵਿਦੇਸ਼ਾਂ ਤੋਂ ਮਾਲ ਦੀ ਮੰਗ ਅਤੇ ਸਮੁੱਚੇ ਵਪਾਰ ਦੀ ਮਾਤਰਾ ਨੂੰ ਘਟਾਉਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਅਤੇ ਫਰਮਾਂ ਨੇ ਡਾਲਰ ਵਿਚ ਉਧਾਰ ਲਿਆ ਹੈ ਪਰ ਡਾਲਰ ਦੇ ਮਾਲੀਏ ਦੇ ਸਰੋਤਾਂ ਦੀ ਘਾਟ ਹੈ, ਵਧ ਰਿਹਾ ਡਾਲਰ ਮਸ਼ੀਨੀ ਤੌਰ ’ਤੇ ਉਨ੍ਹਾਂ ਦੇ ਕਰਜ਼ੇ ਦੇ ਬੋਝ ਅਤੇ ਉਨ੍ਹਾਂ ਦੇ ਵਿਆਜ ਦੀ ਲਾਗਤ ਨੂੰ ਵਧਾਉਂਦਾ ਹੈ। ਅਮਰੀਕਾ ਵਿਚ ਉੱਚ ਵਿਆਜ ਦਰਾਂ, ਇਕ ਮਜ਼ਬੂਤ ਡਾਲਰ ਦੇ ਨਾਲ, ਬਾਕੀ ਸੰਸਾਰ ਵਿਚ ਨਿਵੇਸ਼ ਨੂੰ ਘੱਟ ਆਕਰਸ਼ਕ ਬਣਾਉਂਦੀਆਂ ਹਨ।
6 ਨਵੰਬਰ ਦੀ ਸਵੇਰ ਨੂੰ, ਜਿਵੇਂ ਹੀ ਚੋਣ ਨਤੀਜੇ ਸਪੱਸ਼ਟ ਹੋ ਗਏ, ਅਮਰੀਕੀ ਖਜ਼ਾਨੇ ’ਤੇ ਪ੍ਰਤੀਫਲ ’ਚ ਤੇਜ਼ੀ ਨਾਲ ਵਾਧਾ ਹੋਇਆ। ਇਸੇ ਤਰ੍ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨੀ ਸਰਕਾਰੀ ਬਾਂਡਾਂ ਦਾ ਪ੍ਰਤੀਫਲ ਵੀ ਵਧਿਆ ਹੈ।
(ਧੰਨਵਾਦ ਇਕਨਾਮਿਕ ਟਾਈਮਜ਼)