ਸਪਾ-ਭਾਜਪਾ ਹੁਣ ਆਪਣੀ ਅਗਲੀ ਲੜਾਈ ਦੀ ਤਿਆਰੀ ’ਚ

Wednesday, Jun 12, 2024 - 06:15 PM (IST)

ਸਪਾ-ਭਾਜਪਾ ਹੁਣ ਆਪਣੀ ਅਗਲੀ ਲੜਾਈ ਦੀ ਤਿਆਰੀ ’ਚ

4 ਜੂਨ ਨੂੰ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ, ਉਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਹ ਅਹਿਸਾਸ ਹੋ ਗਿਆ ਕਿ ਸੂਬੇ ’ਚ ਭਾਜਪਾ ਪੱਛੜਦੀ ਜਾ ਰਹੀ ਹੈ ਅਤੇ ਇਹ ਉਨ੍ਹਾਂ ਲਈ ਸਭ ਤੋਂ ਔਖੀ ਚੁਣੌਤੀ ਸਾਬਿਤ ਹੋਵੇਗੀ। ਨਤੀਜੇ ਹੈਰਾਨ ਕਰਨ ਵਾਲੇ ਸਨ।

ਭਾਜਪਾ ਨੇਤਾ ਇਹ ਸਮਝ ਨਹੀਂ ਪਾ ਰਹੇ ਸਨ ਕਿ ਉੱਤਰ ਪ੍ਰਦੇਸ਼ ’ਚ ਅਜਿਹਾ ਕੀ ਹੋ ਗਿਆ ਜਿਸ ਕਾਰਨ ਭਾਜਪਾ ਦੀ ਹਾਰ ਹੋਈ। ਹੁਣ ਅਗਲੀ ਰਣਨੀਤੀ ਕੀ ਹੋਵੇਗੀ? ਦਰਅਸਲ ਉੱਤਰ ਪ੍ਰਦੇਸ਼ ਉਹ ਸੂਬਾ ਬਣ ਗਿਆ ਹੈ ਜੋ ਆਉਣ ਵਾਲੇ 3 ਸਾਲਾਂ ਤੱਕ ਸਿਆਸੀ ਜੰਗ ਦਾ ਮੈਦਾਨ ਬਣਿਆ ਰਹੇਗਾ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਕੌਣ ਜਿੱਤੇਗਾ, ਕੌਣ ਨਹੀਂ, ਇਹ ਵੱਡਾ ਸਵਾਲ ਹੈ।

ਫਿਲਹਾਲ ਸਮਾਜਵਾਦੀ ਪਾਰਟੀ ਉਤਸ਼ਾਹਿਤ ਹੈ ਅਤੇ ਉਸ ਨੂੰ ਜਾਪਦਾ ਹੈ ਕਿ 10 ਸਾਲਾਂ ਦੇ ਸੋਕੇ ਦੇ ਬਾਅਦ ਹਰਿਆਲੀ ਆਉਣ ਵਾਲੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਚੌਕਸ ਹੋ ਗਈ ਹੈ। ਉਸ ਨੂੰ ਜਾਪਦਾ ਹੈ ਕਿ ਉਸ ਦੀ ਬੇੜੀ ਹੁਣ ਬੜੀਆਂ ਔਖੀਆਂ ਹਾਲਤਾਂ ’ਚ ਘਿਰ ਗਈ ਹੈ। ਲਗਭਗ 10 ਸਾਲ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਬੜੇ ਜੋਸ਼ੋ-ਖਰੋਸ਼ ’ਚ ਹਨ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜੰਗ ਹੁਣ ਤੋਂ ਸ਼ੁਰੂ ਹੋ ਗਈ ਹੈ ਅਤੇ 2029 ਦੀ ਸਿਆਸੀ ਜੰਗ ਦਾ ਅਸਲੀ ਮੈਦਾਨ ਉੱਤਰ ਪ੍ਰਦੇਸ਼ ਹੀ ਬਣੇਗਾ।

2014 ਦੇ ਬਾਅਦ ਤੋਂ ਸਮਾਜਵਾਦੀ ਪਾਰਟੀ ਦੇ ਚੋਣਾਂ ’ਚ ਹਾਰਨ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਹੁਣ ਉਹ ਖਤਮ ਹੋ ਚੁੱਕਾ ਹੈ। ਇਸ ਵਾਰ ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ’ਚ ਜੋ ਸਫਲਤਾ ਹਾਸਲ ਕੀਤੀ, ਉਸ ਨੇ ਨਾ ਸਿਰਫ ਭਾਜਪਾ ਨੂੰ, ਸਗੋਂ ਸਿਆਸੀ ਆਬਜ਼ਰਵਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੀ ਸੀ ਜਿਸ ਨੇ ਭਾਜਪਾ ਨੂੰ ਕੇਂਦਰ ’ਚ ਆਪਣੇ ਬਲ ’ਤੇ ਬਹੁਮਤ ਹਾਸਲ ਕਰਨ ਤੋਂ ਰੋਕ ਦਿੱਤਾ। ਸਵਾਲ ਇਹ ਹੈ ਕਿ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਾਰਨ ਭਾਜਪਾ ਹਾਰ ਗਈ ਅਤੇ ਸਪਾ-ਕਾਂਗਰਸ ਗੱਠਜੋੜ ਬਾਜ਼ੀ ਮਾਰ ਗਿਆ।

ਭਾਜਪਾ ’ਚ ਇਸ ’ਤੇ ਡੂੰਘਾ ਮੰਥਨ ਚੱਲ ਰਿਹਾ ਹੈ। ਕੀ ਇਹ ਸਹੀ ਹੈ ਕਿ ਭਾਜਪਾ ਬੇਹੱਦ ਸਵੈ-ਵਿਸ਼ਵਾਸ ’ਚ ਸੀ ਅਤੇ ਉਹ ਜ਼ਮੀਨੀ ਹਕੀਕਤ ਦਾ ਮੁਲਾਂਕਣ ਨਹੀਂ ਕਰ ਸਕੀ? ਭਾਜਪਾ ਦੀ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਉਸ ਨੇ ਆਪਣੇ ਵਧੇਰੇ ਪੁਰਾਣੇ ਉਮੀਦਵਾਰਾਂ ਨੂੰ ਹੀ ਮੁੜ ਤੋਂ ਟਿਕਟ ਦੇ ਦਿੱਤੀ। ਇਨ੍ਹਾਂ ’ਚੋਂ ਕਈ ਉਹੀ ਸਨ ਜਿਨ੍ਹਾਂ ਨੂੰ ਜਨਤਾ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੀ। ਜਦੋਂ ਉੱਤਰ ਪ੍ਰਦੇਸ਼ ਦਾ ਚੋਣ ਦੌਰਾ ਕਰ ਰਿਹਾ ਸੀ ਤਾਂ ਉਦੋਂ ਅਲੀਗੜ੍ਹ ਜਾਣ ਦਾ ਮੌਕਾ ਮਿਲਿਆ। ਉੱਥੇ ਭਾਜਪਾ ਉਮੀਦਵਾਰ ਸਤੀਸ਼ ਗੌਤਮ ਵਿਰੁੱਧ ਜਨਤਾ ਬਗਾਵਤ ਕਰ ਰਹੀ ਸੀ।

ਲਗਭਗ ਇਹੀ ਹਾਲ ਸੀਤਾਪੁਰ ਲੋਕ ਸਭਾ ਸੀਟ ਦਾ ਸੀ। ਭਾਜਪਾ ਉਮੀਦਵਾਰ ਰਾਜੇਸ਼ ਵਰਮਾ ਇਹ ਮੰਨ ਕੇ ਚੱਲ ਰਹੇ ਸਨ ਕਿ ਚੋਣਾਂ ਦੇ ਵੇਲੇ ਵੀ ਉਹ ਵੋਟਰਾਂ ਦੀ ਕਿੰਨੀ ਹੀ ਅਣਦੇਖੀ ਕਰਨ, ਚੋਣਾਂ ਤਾਂ ਜਿੱਤਣਗੇ ਹੀ। ਲਖੀਮਪੁਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਵਿਰੁੱਧ ਲੋਕ ਬਿਆਨ ਦੇ ਰਹੇ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਚੋਣ ਤਾਂ ਜਿੱਤ ਹੀ ਜਾਣਗੇ ਪਰ ਉਹ ਹਾਰ ਗਏ।

ਭਾਜਪਾ ਦੇ ਨੇਤਾਵਾਂ ਨੂੰ ਤਾਂ ਇਹੀ ਲੱਗਦਾ ਰਿਹਾ ਕਿ ਉਹ ਬੜੀ ਵੱਡੀ ਬਹੁਮਤ ਨਾਲ ਚੋਣ ਜਿੱਤ ਰਹੇ ਹਨ। ਉਨ੍ਹਾਂ ਨੂੰ ਜਾਪਦਾ ਸੀ ਕਿ ਮੋਦੀ ਨਾਲ ਹੈ ਤਾਂ ਸਭ ਸੰਭਵ ਹੈ ਪਰ ਭਾਜਪਾ ਉਮੀਦਵਾਰਾਂ ਪ੍ਰਤੀ ਜ਼ਮੀਨ ’ਤੇ ਨਾਰਾਜ਼ਗੀ ਇੰਨੀ ਜ਼ਿਆਦਾ ਸੀ ਕਿ ਵੋਟਰ ਬਦਲ ਦੀ ਭਾਲ ’ਚ ਸਨ। ਹੁਣ ਸਿਆਸੀ ਆਬਜ਼ਰਵਰ ਇਸ ਗੱਲ ਦਾ ਅੰਦਾਜ਼ਾ ਲਾ ਰਹੇ ਸਨ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਾਰਨ ਸਮਾਜਵਾਦੀ ਪਾਰਟੀ ਨੂੰ ਇੰਨੀ ਸਫਲਤਾ ਮਿਲੀ।

ਦਰਅਸਲ ਜ਼ਮੀਨੀ ਹਕੀਕਤ ਨੂੰ ਲੱਭਣ ’ਤੇ ਕੁਝ ਚੀਜ਼ਾਂ ਸਪੱਸ਼ਟ ਹੋ ਜਾਂਦੀਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਪੇਪਰ ਲੀਕ ਹੋ ਗਿਆ ਅਤੇ ਇਸ ਪ੍ਰੀਖਿਆ ’ਚ ਲਗਭਗ 50 ਲੱਖ ਪ੍ਰੀਖਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ’ਤੇ ਸਰਕਾਰ ਵਿਰੁੱਧ ਡੂੰਘੀ ਨਾਰਾਜ਼ਗੀ ਸੀ। ਇਹੀ ਨਹੀਂ, ਬਿਜਲੀ ਵਿਭਾਗ ਨਾਰਾਜ਼ਗੀ ਦਾ ਇਕ ਵੱਡਾ ਕਾਰਨ ਸੀ।

ਉਸ ਦੇ ਅਧਿਕਾਰੀਆਂ ਨੇ ਕੁਝ ਅਜਿਹੇ ਗਿਰੋਹ ਬਣਵਾ ਦਿੱਤੇ ਸਨ, ਜੋ ਵਸੂਲੀ ਕਰਦੇ ਘੁੰਮ ਰਹੇ ਸਨ ਅਤੇ ਸਰਕਾਰ ਇਸ ਮੁੱਦੇ ’ਤੇ ਅਣਜਾਣ ਬਣੀ ਰਹੀ। ਛੋਟੀਆਂ-ਛੋਟੀਆਂ ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਵੀ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਰਿਹਾ ਸੀ। ਸਰਕਾਰੀ ਤੰਤਰ ਦੀ ਆਪਣੀ ਕਮੀ ਸੀ ਜੋ ਹੌਲੀ-ਹੌਲੀ ਜਨਤਾ ਦੇ ਹਿੱਤਾਂ ਤੋਂ ਦੂਰ ਹੁੰਦੀ ਜਾ ਰਹੀ ਸੀ। ਦੂਜੇ ਪਾਸੇ ਸਮਾਜਵਾਦੀ ਪਾਰਟੀ ਨੇ ਜੋ ਜਾਤੀ ਗਣਿਤ ਬਿਠਾਇਆ, ਉਹ ਤੀਰ ਨਿਸ਼ਾਨੇ ’ਤੇ ਲੱਗਾ।

ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਰਵਾਇਤੀ ਵੋਟਰ ਯਾਦਵ ਅਤੇ ਮੁਸਲਿਮ ਨੂੰ ਟਿਕਟਾਂ ਜ਼ਿਆਦਾ ਨਾ ਦੇ ਕੇ ਹੋਰ ਵਰਗ ਨੂੰ ਟਿਕਟਾਂ ਦਿੱਤੀਆਂ। ਅਖਿਲੇਸ਼ ਯਾਦਵ ਨੇ ਜਿਹੜੇ ਪੰਜ ਯਾਦਵਾਂ ਨੂੰ ਟਿਕਟਾਂ ਦਿੱਤੀਆਂ, ਉਹ ਉਨ੍ਹਾਂ ਦੇ ਹੀ ਪਰਿਵਾਰ ਦੇ ਸਨ ਅਤੇ ਸਿਰਫ 4 ਮੁਸਲਮਾਨਾਂ ਨੂੰ ਟਿਕਟਾਂ ਦਿੱਤੀਆਂ। ਇਹ ਰਣਨੀਤੀ ਕੰਮ ਆਈ। ਹੁਣ ਸਪਾ ਅਤੇ ਭਾਜਪਾ ਆਪਣੀ ਅਗਲੀ ਲੜਾਈ ਦੀ ਤਿਆਰੀ ਕਰ ਰਹੇ ਹਨ।

ਇਹ ਲੜਾਈ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੈ, ਜਿਨ੍ਹਾਂ ’ਚ ਅਜੇ ਲਗਭਗ ਪੌਣੇ 3 ਸਾਲ ਬਾਕੀ ਹਨ ਪਰ ਤਿਆਰੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਮਾਜਵਾਦੀ ਪਾਰਟੀ ਦੇ ਵਰਕਰ ਅਤੇ ਨੇਤਾ ਉਤਸ਼ਾਹਿਤ ਹਨ। ਉਹ ਸੋਚ ਰਹੇ ਹਨ ਕਿ ਬੜੇ ਦਿਨਾਂ ਬਾਅਦ ਮੌਕਾ ਆਇਆ ਹੈ, ਜਦੋਂ ਇਹ ਜਾਪ ਰਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਮਾਜਵਾਦੀ ਪਾਰਟੀ ਸੱਤਾ ’ਚ ਆ ਸਕਦੀ ਹੈ। ਸਪਾ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੀ ਇਸ ਜੇਤੂ ਮੁਹਿੰਮ ਨੂੰ ਅੱਗੇ ਵਧਾਵੇ।

ਵੰਗਾਰ ਸਮਾਜਵਾਦੀ ਪਾਰਟੀ ਦੇ ਸਾਹਮਣੇ ਵੀ ਹੈ, ਲੋਕ ਸਭਾ ’ਚ ਹਾਸਲ ਕੀਤਾ ਆਪਣਾ ਲੋਕ ਆਧਾਰ ਬਣਾਈ ਰੱਖਣ ਦੀ। ਇਸ ਗੱਲ ਦੀ ਵੀ ਕੀ ਗਾਰੰਟੀ ਹੈ ਕਿ ਕਾਂਗਰਸ ਦਾ ਵਤੀਰਾ ਨਹੀਂ ਬਦਲੇਗਾ। ਕਾਂਗਰਸ ਵੱਲੋਂ 6 ਸੀਟਾਂ ਜਿੱਤਣ ਦੇ ਬਾਅਦ ਵੀ ਇਹ ਸਪੱਸ਼ਟ ਹੈ ਕਿ ਉਸ ਦਾ ਨਾ ਆਪਣਾ ਖਾਸ ਸੰਗਠਨ ਹੈ, ਨਾ ਵਰਕਰ। ਇਹ ਵੱਡਾ ਕੰਮ ਹੈ।

ਉੱਤਰ ਪ੍ਰਦੇਸ਼ ਦੇ ਨਤੀਜਿਆਂ ਤੋਂ ਸਿਰਫ ਯੋਗੀ ਆਦਿੱਤਿਆਨਾਥ ਨੂੰ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਝਟਕਾ ਲੱਗਾ ਹੈ। ਉਂਝ ਮੋਦੀ ਅਜਿਹਾ ਕੋਈ ਸੰਕੇਤ ਨਹੀਂ ਛੱਡਣਾ ਚਾਹੁੰਦੇ ਜਿਸ ਤੋਂ ਇਹ ਸੰਦੇਸ਼ ਜਾਵੇ ਕਿ ਉੱਤਰ ਪ੍ਰਦੇਸ਼ ’ਚ ਲੀਡਰਸ਼ਿਪ ਦੀ ਤਬਦੀਲੀ ਹੋਵੇਗੀ। ਅਸਲ ’ਚ ਇਹ ਘਾਟੇ ਦਾ ਸੌਦਾ ਸਾਬਤ ਹੋਵੇਗਾ ਅਤੇ ਨਰਿੰਦਰ ਮੋਦੀ ਇਹ ਜਾਣਦੇ ਹਨ। ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ’ਚ ਬੜੇ ਹਰਮਨਪਿਆਰੇ ਹਨ।

ਇਹੀ ਕਾਰਨ ਹੈ ਕਿ ਜਦੋਂ ਐੱਨ. ਡੀ. ਏ. ਸੰਸਦੀ ਦਲ ਦੀ ਬੈਠਕ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗੁੰਮਸੁੰਮ ਬੈਠੇ ਹੋਏ ਸਨ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਵੱਲ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਪਿੱਠ ਥਾਪੜ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਸੰਦੇਸ਼ ਸਾਫ ਸੀ-ਸਿਆਸਤ ’ਚ ਇਹ ਸਭ ਕੁਝ ਚੱਲਦਾ ਹੈ।

ਇਸ ਦੇ ਬਾਵਜੂਦ ਭਾਜਪਾ ਨੇਤਾ ਜਾਣਦੇ ਹਨ ਕਿ ਇਹ ਲੜਾਈ ਬੜੀ ਔਖੀ ਹੈ ਅਤੇ ਇਸ ਦੇ ਲਈ ਜ਼ਮੀਨੀ ਪੱਧਰ ’ਤੇ ਉਤਰਨਾ ਹੋਵੇਗਾ। ਹਾਰ ਦੇ ਕਾਰਨਾਂ ਦੀ ਸਮੀਖਿਆ ਸ਼ੁਰੂ ਹੋ ਚੁੱਕੀ ਹੈ। ਖੁਦ ਮੁੱਖ ਮੰਤਰੀ ਨੇ ਲਗਭਗ ਅੱਧੀ ਦਰਜਨ ਬੈਠਕਾਂ ਕਰ ਕੇ ਆਪਣੀ ਪਾਰਟੀ ਨੇਤਾਵਾਂ, ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮਿਲ ਕੇ ਇਹ ਜਾਣਨਾ ਚਾਹਿਆ ਕਿ ਯੋਜਨਾਵਾਂ ਧਰਤੀ ਤੱਕ ਕਿਉਂ ਨਹੀਂ ਜਾ ਰਹੀਆਂ। ਕਿਹੜੀਆਂ ਯੋਜਨਾਵਾਂ ਦੇ ਕਾਰਨ ਪਾਰਟੀ ਨੂੰ ਇੰਨੀਆਂ ਵੋਟਾਂ ਮਿਲੀਆਂ ਅਤੇ ਕਿਹੜੀਆਂ ਯੋਜਨਾਵਾਂ ਦੀ ਅਸਫਲਤਾ ਕਾਰਨ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਪਾਰਟੀ ਦੇ ਇਕ ਨੇਤਾ ਕਹਿੰਦੇ ਹਨ ਕਿ ਅਧਿਕਾਰੀਆਂ ਨੇ ਮਨਮਾਨੀ ਸ਼ੁਰੂ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਰਿਹਾਇਸ਼ ਦੇ ਲਾਭਪਾਤਰੀਆਂ ਕੋਲੋਂ ਪੈਸੇ ਲੈ ਰਹੇ ਸਨ। ਬਿਨਾਂ ਪੈਸਾ ਲਏ ਕਿਸ਼ਤ ਨਹੀਂ ਜਾਰੀ ਕਰਦੇ। ਸਭ ਤੋਂ ਵੱਧ ਭ੍ਰਿਸ਼ਟਾਚਾਰ ਤਹਿਸੀਲ ਤੇ ਥਾਣਿਆਂ ’ਚ ਹੈ। ਬਿਜਲੀ ਵਿਭਾਗ ’ਚ ਤਾਂ ਗਿਰੋਹ ਬਣਾ ਕੇ ਗਰੀਬਾਂ ਕੋਲੋਂ ਵਸੂਲੀ ਹੋ ਰਹੀ ਹੈ।

ਕੀ ਫੋਨ ਇੰਜੀਨੀਅਰਾਂ ਦੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਨੇ ਬਿਜਲੀ ਵਿਭਾਗ ’ਚ ਫਰਜ਼ੀ ਬਿੱਲ ਬਣਵਾਏ ਅਤੇ ਵਸੂਲੀ ਕੀਤੀ ਪਰ ਭਾਜਪਾ ਨੇ ਸਾਰੀਆਂ ਘਾਟਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਦੀ ਹਾਲੀਆ ਦਿੱਲੀ ਯਾਤਰਾ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਵੀ ਗੱਲ ਕੀਤੀ ਗਈ ਹੈ ਪਰ ਉੱਤਰ ਪ੍ਰਦੇਸ਼ ’ਚ ਬਦਲਾਅ ਸੌਖਾ ਨਹੀਂ। ਕੁਰਸੀ ਦੀ ਰੀਝ, ਇਕ-ਦੂਜੇ ਨੂੰ ਅੱਗੇ ਨਾ ਵਧਣ ਦੇਣ ਦੀ ਕੋਸ਼ਿਸ਼, ਖੰਭ ਕੁਤਰਨ ਦੀ ਫਿਤਰਤ, ਕੁਝ ਨਾ ਹੋਵੇ ਤਾਂ ਜਾਤੀ ਦਾ ਗਣਿਤ, ਇਹ ਸਭ ਸੌਖਾ ਨਹੀਂ ਹੈ।

ਉੱਤਰ ਪ੍ਰਦੇਸ਼ ’ਚ। ਭਾਜਪਾ ਨੂੰ ਦਲਿਤ ਅਤੇ ਅਤੀ ਪੱਛੜਿਆਂ ਨੂੰ ਫਿਰ ਤੋਂ ਆਪਣੇ ਖੇਮੇ ’ਚ ਲਿਆਉਣ ਲਈ ਵੱਖਰੀ ਮੁਸ਼ੱਕਤ ਕਰਨੀ ਹੋਵੇਗੀ ਅਤੇ ਇਸ ਦੇ ਲਈ ਕੁਝ ਯੋਜਨਾਵਾਂ ਵੀ ਬਣ ਰਹੀਆਂ ਹਨ। 2027 ’ਚ ਸਮਾਂ ਹੈ ਪਰ ਪਰਸੈਪਸ਼ਨ ਦੀ ਖੇਡ ਹੁਣ ਤੋਂ ਬਣਾਉਣ-ਵਿਗਾੜਨ ਦੀ ਤਿਆਰੀ ਚੱਲ ਰਹੀ ਹੈ।

ਬ੍ਰਿਜੇਸ਼ ਸ਼ੁਕਲ


author

Rakesh

Content Editor

Related News