‘ਹਿੰਦੂ ਬਨਾਮ ਹਿੰਦੂ’ ’ਤੇ ਕੁੱਝ ਵਿਚਾਰ

Tuesday, Jan 23, 2024 - 03:12 PM (IST)

‘ਹਿੰਦੂ ਬਨਾਮ ਹਿੰਦੂ’ ’ਤੇ ਕੁੱਝ ਵਿਚਾਰ

ਆਪਣੇ ਸਾਰੇ ਸਮਿਆਂ ਦੇ ਲੇਖ ‘ਹਿੰਦੂ ਬਨਾਮ ਹਿੰਦੂ’ ’ਚ ਰਾਮਮਨੋਹਰ ਲੋਹੀਆ ਨੇ ਭਾਰਤ ਦੇ ਸਿਆਸੀ ਭਵਿੱਖ ਅਤੇ ਹਿੰਦੂ ਸਮਾਜ ਦੀ ਅੰਦਰੂਨੀ ਖਿੱਚੋਤਾਣ ਦਰਮਿਆਨ ਰਿਸ਼ਤੇ ਦੀ ਸ਼ਨਾਖਤ ਕੀਤੀ ਸੀ। ਭਾਰਤੀ ਗਣਤੰਤਰ ਦੇ ਲੰਬੇ ਸਮੇਂ ਦੇ ਭਵਿੱਖ ਦੀ ਸਮਝ ਰੱਖਣ ਅਤੇ ਚਿੰਤਾ ਕਰਨ ਵਾਲੇ ਹਰ ਨਾਗਰਿਕ ਨੂੰ 22 ਜਨਵਰੀ ਪਿੱਛੋਂ ਲੋਹੀਆ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਕਦੇ-ਕਦਾਈਂ ਬਹੁਤ ਸ਼ਰਧਾ ਨਾਲ ਰਾਮਮਨੋਹਰ ਲੋਹੀਆ ਨੂੰ ਯਾਦ ਕਰ ਲੈਂਦੇ ਹਨ।

ਲੋਹੀਆ ਅਨੁਸਾਰ ‘‘ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ- ਹਿੰਦੂ ਧਰਮ ’ਚ ਉਦਾਰਵਾਦ ਅਤੇ ਕੱਟੜਤਾ ਦੀ ਲੜਾਈ-ਪਿਛਲੇ 5 ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਹੈ।’’ ਉਨ੍ਹਾਂ ਦੀ ਸਮਝ ’ਚ ਭਾਰਤ ਦੇ ਸਿਆਸੀ ਇਤਿਹਾਸ ਨੂੰ ਹਿੰਦੂ ਧਰਮ ਦੇ ਇਸ ਅੰਤਰ-ਦਵੰਦ ਦੀ ਐਨਕ ਨਾਲ ਸਮਝਿਆ ਜਾ ਸਕਦਾ ਹੈ। ਜਦ ਹਿੰਦੂ ਉਦਾਰ ਹੁੰਦਾ ਹੈ ਤਾਂ ਦੇਸ਼ ਸਥਿਰਤਾ ਹਾਸਲ ਕਰਦਾ ਹੈ, ਇਸ ਦੀ ਅੰਦਰੂਨੀ ਅਤੇ ਬਾਹਰੀ ਸ਼ਕਤੀ ਦਾ ਵਿਸਥਾਰ ਹੁੰਦਾ ਹੈ ਪਰ ਜਦ-ਜਦ ਕੱਟੜਪੰਥ ਜਿੱਤਿਆ ਹੈ, ਤਦ ਭਾਰਤ ਦੀ ਰਾਜ ਸ਼ਕਤੀ ਕਮਜ਼ੋਰ ਹੋਈ ਹੈ, ਦੇਸ਼ ਵੰਡਿਆ ਗਿਆ ਹੈ, ਹਾਰਿਆ ਹੈ।

ਇੱਥੇ ਉਦਾਰ ਅਤੇ ਕੱਟੜ ਤੋਂ ਲੋਹੀਆ ਦਾ ਭਾਵ ਸਿਰਫ ਦੂਸਰੇ ਧਰਮਾਂ ਪ੍ਰਤੀ ਉਦਾਰਤਾ ਜਾਂ ਕੱਟੜਤਾ ਤੋਂ ਨਹੀਂ ਹੈ। ਲੋਹੀਆ ਇਸ ਦੇ ਚਾਰ ਕੋਣ ਗਿਣਾਉਂਦੇ ਹਨ : ਵਰਣ ਅਤੇ ਜਾਤੀ ’ਤੇ ਆਧਾਰਿਤ ਭੇਦਭਾਵ, ਨਰ ਅਤੇ ਨਾਰੀ ਗੈਰ-ਬਰਾਬਰੀ, ਜਨਮ ਦੇ ਆਧਾਰ ’ਤੇ ਜਾਇਦਾਦ ਦੇ ਅਧਿਕਾਰ ਨੂੰ ਮਾਨਤਾ ਅਤੇ ਧਰਮ ਦੇ ਅੰਦਰ ਤੇ ਧਰਮਾਂ ਦੇ ਦਰਮਿਆਨ ਸਹਿਣਸ਼ੀਲਤਾ ਲੋਹੀਆ ਦੇ ਅਨੁਸਾਰ ਹਿੰਦੂ ਮੁਸਲਮਾਨ ਦੇ ਸਵਾਲ ’ਤੇ ਉਦਾਰਤਾ ਬਾਕੀ ਤਿੰਨਾਂ ਨਾਲ ਜੁੜੀ ਹੋਈ ਹੈ। ਲੋਹੀਆ ਦੇ ਸ਼ਬਦਾਂ ’ਚ, ‘‘ਉਦਾਰ ਅਤੇ ਕੱਟੜਪੰਥੀ ਹਿੰਦੂ ਦੇ ਮਹਾਯੁੱਧ ਦਾ ਬਾਹਰੀ ਰੂਪ ਅੱਜਕਲ ਇਹ ਹੋ ਗਿਆ ਹੈ ਕਿ ਮੁਸਲਮਾਨ ਪ੍ਰਤੀ ਕੀ ਰੁਖ ਹੋਵੇ ਪਰ ਅਸੀਂ ਇਕ ਪਲ ਲਈ ਵੀ ਇਹ ਨਾ ਭੁੱਲੀਏ ਕਿ ਇਹ ਬਾਹਰੀ ਰੂਪ ਹੈ ਅਤੇ ਬੁਨਿਆਦੀ ਝਗੜੇ ਜੋ ਅਜੇ ਤੱਕ ਹੱਲ ਨਹੀਂ ਹੋਏ, ਕਿਤੇ ਵੱਧ ਫੈਸਲਾਕੁੰਨ ਹਨ।’’ ਮਤਲਬ ਇਹ ਕਿ ਜਿਸ ਨੂੰ ਹਿੰਦੂ ਬਨਾਮ ਮੁਸਲਮਾਨ ਦੀ ਲੜਾਈ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਉਸ ਦੇ ਮੂਲ ’ਚ ਵੀ ਹਿੰਦੂ ਬਨਾਮ ਹਿੰਦੂ ਦਾ ਅੰਤਰ-ਦਵੰਦ ਹੈ।

ਇਸ ਲੇਖ ’ਚ ਲੋਹੀਆ ਪੂਰੇ ਭਾਰਤੀ ਇਤਿਹਾਸ ਦੀ ਵਿਆਖਿਆ ਨਹੀਂ ਕਰਦੇ। ਉਸ ਲਈ ਉਨ੍ਹਾਂ ਦੀ ਇਤਿਹਾਸ ਚੱਕਰ ਦੀ ਧਾਰਨਾ ਨੂੰ ਵੇਖਣਾ ਪਵੇਗਾ ਪਰ ਆਧੁਨਿਕ ਕਾਲ ਦੀ ਵਿਆਖਿਆ ਕਰਦੇ ਹੋਏ ਲੋਹੀਆ ਯਾਦ ਕਰਵਾਉਂਦੇ ਹਨ ਕਿ ਸਾਡੇ ਸਮੇਂ ’ਚ ਜੇ ਕੋਈ ਸਭ ਤੋਂ ਵੱਧ ਉਦਾਰ ਹਿੰਦੂ ਹੋਇਆ ਸੀ ਤਾਂ ਉਹ ਮਹਾਤਮਾ ਗਾਂਧੀ ਸਨ। ਇਸ ਲਈ ਕੱਟੜਪੰਥੀ ਹਿੰਦੂਆਂ ਨੂੰ ਸਭ ਤੋਂ ਵੱਡਾ ਖਤਰਾ ਗਾਂਧੀ ਤੋਂ ਲੱਗਦਾ ਸੀ। ਲੋਹੀਆ ਦੀ ਨਜ਼ਰ ’ਚ ਗਾਂਧੀ ਜੀ ਦੀ ਹੱਤਿਆ ਉਦਾਰ ਅਤੇ ਕੱਟੜ ਹਿੰਦੂ ਦੇ ਦਰਮਿਆਨ ਚੱਲ ਰਹੇ ਇਤਿਹਾਸਕ ਸੰਘਰਸ਼ ਦਾ ਇਕ ਮੋੜ ਸੀ।

ਸਾਡੇ ਸਮੇਂ ’ਚ ‘‘ਉਦਾਰ ਅਤੇ ਕੱਟੜ ਹਿੰਦੂ ਧਰਮ ਦੀ ਲੜਾਈ ਆਪਣੀ ਸਭ ਤੋਂ ਉਲਝੀ ਹੋਈ ਸਥਿਤੀ ’ਚ ਪਹੁੰਚ ਗਈ ਹੈ ਅਤੇ ਸੰਭਵ ਹੈ ਕਿ ਉਸ ਦਾ ਅੰਤ ਵੀ ਨੇੜੇ ਹੋਵੇ। ਕੱਟੜਪੰਥੀ ਹਿੰਦੂ ਜੇ ਸਫਲ ਹੋਏ ਤਾਂ ਭਾਵੇਂ ਉਨ੍ਹਾਂ ਦਾ ਉਦੇਸ਼ ਕੁਝ ਵੀ ਹੋਵੇ ਭਾਰਤੀ ਰਾਜ ਦੇ ਟੁੱਕੜੇ ਕਰ ਦੇਣਗੇ, ਨਾ ਸਿਰਫ ਹਿੰਦੂ-ਮੁਸਲਿਮ ਦ੍ਰਿਸ਼ਟੀ ਤੋਂ ਸਗੋਂ ਵਰਣਾਂ ਅਤੇ ਪ੍ਰਦੇਸ਼ ਦੀ ਦ੍ਰਿਸ਼ਟੀ ਤੋਂ ਵੀ।’’ ਮਤਲਬ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਜੇ ਕੋਈ ਸਭ ਤੋਂ ਵੱਡਾ ਖਤਰਾ ਹੈ ਤਾਂ ਉਹ ਹਿੰਦੂ ਕੱਟੜਪੰਥੀਆਂ ਤੋਂ ਹੈ। ਉਨ੍ਹਾਂ ਦੀ ਸਮਝ ਅਤੇ ਨੀਅਤ ਜੋ ਵੀ ਹੋਵੇ, ਚਾਹੇ ਉਹ ਆਪਣੀ ਨਜ਼ਰ ’ਚ ਈਮਾਨਦਾਰੀ ਨਾਲ ਦੇਸ਼ ਨੂੰ ਮਜ਼ਬੂਤ ਕਰ ਰਹੇ ਹੋਣ, ਉਸ ਦਾ ਨਤੀਜਾ ਦੇਸ਼ ਦੀ ਏਕਤਾ ਨੂੰ ਤੋੜਨ ਵਾਲਾ ਹੋਵੇਗਾ।

ਉਨ੍ਹਾਂ ਦੀ ਗੱਲ ਸਮਝਣ ’ਚ ਸ਼ੱਕ ਦੀ ਗੁੰਜਾਇਸ਼ ਨਾ ਰਹਿ ਜਾਵੇ ਇਸ ਲਈ ਉਹ ਸਪੱਸ਼ਟ ਕਹਿੰਦੇ ਹਨ, ‘‘ਸਿਰਫ ਉਦਾਰ ਹਿੰਦੂ ਹੀ ਰਾਜ ਨੂੰ ਕਾਇਮ ਕਰ ਸਕਦੇ ਹਨ। ਇਸ ਲਈ ਪੰਜ ਹਜ਼ਾਰ ਸਾਲਾਂ ਤੋਂ ਵੱਧ ਦੀ ਲੜਾਈ ਹੁਣ ਇਸ ਸਥਿਤੀ ’ਚ ਆ ਗਈ ਹੈ ਕਿ ਇਕ ਸਿਆਸੀ ਭਾਈਚਾਰਾ ਅਤੇ ਰਾਜ ਦੇ ਰੂਪ ’ਚ ਹਿੰਦੁਸਤਾਨ ਦੇ ਲੋਕਾਂ ਦੀ ਹਸਤੀ ਹੀ ਇਸ ਗੱਲ ’ਤੇ ਨਿਰਭਰ ਹੈ ਕਿ ਹਿੰਦੂ ਧਰਮ ’ਚ ਉਦਾਰਤਾ ਦੀ ਕੱਟੜਤਾ ’ਤੇ ਜਿੱਤ ਹੋਵੇ।’’

ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ’ਤੇ ਦੇਸ਼ ਭਰ ’ਚ ਹੋਏ ਆਯੋਜਨ ਨੂੰ ਇਸ ਸੰਦਰਭ ’ਚ ਦੇਖਣਾ ਚਾਹੀਦਾ ਹੈ। ਬੇਸ਼ੱਕ, ਕਰੋੜਾਂ ਸਾਧਾਰਨ ਸ਼ਰਧਾਵਾਨ ਹਿੰਦੂਆਂ ਲਈ ਇਹ ਉਨ੍ਹਾਂ ਦੀ ਅਰਾਧਨਾ ਦਾ ਸ਼ਾਨਦਾਰ ਮੰਦਰ ਬਣਨ ਦਾ ਵਿਸ਼ੇਸ਼ ਪੁਰਬ ਸੀ। ਉਨ੍ਹਾਂ ’ਚੋਂ ਜ਼ਿਆਦਾਤਰ ਦੇ ਮਨ ’ਚ ਕੋਈ ਕੱਟੜਤਾ ਨਹੀਂ ਰਹੀ ਹੋਵੇਗੀ ਪਰ ਇਸ ਦੇ ਆਯੋਜਕਾਂ ਤੇ ਪ੍ਰਾਯੋਜਕਾਂ ਨੇ ਇਸ ਦੇ ਸਿਆਸੀ ਲੁਕਵੇਂ ਅਰਥਾਂ ਬਾਰੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਹੈ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਹਿੰਦੂ ਸਮਾਜ ਦੀ ਸਦੀਆਂ ਤੋਂ ਗੁਆਚੀ ਸ਼ਾਨ ਨੂੰ ਹਾਸਲ ਕਰਨ ਦਾ ਉਤਸਵ ਹੈ। ਕਿਹਾ ਜਾ ਰਿਹਾ ਹੈ ਕਿ ਇਕ ਹਜ਼ਾਰ ਸਾਲ ਦੀ ਗੁਲਾਮੀ ਤੋਂ ਮੁਕਤ ਹੋ ਕੇ ਹਿੰਦੂ ਹੁਣ ਇਕ ਸ਼ਕਤੀਸ਼ਾਲੀ ਭਾਈਚਾਰੇ ਦੇ ਤੌਰ ’ਤੇ ਉਭਰੇ ਹਨ। ਇਸ ਨੂੰ ਇਕ ਨਵੀਂ ਰਾਸ਼ਟਰੀ ਭਾਵਨਾ ਦੇ ਉਭਾਰ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ।

ਇੱਥੇ ਇਨ੍ਹਾਂ ਦਾਅਵਿਆਂ ਦੀ ਸੱਚਾਈ ਜਾਣਨ ਦਾ ਮੌਕਾ ਨਹੀਂ ਹੈ। ਇਹ ਤਾਂ ਇਤਿਹਾਸ ਹੀ ਦੱਸੇਗਾ ਕਿ ਇਹ ਜਿੱਤ ਸੱਚੀ ਹੈ ਜਾਂ ਨਹੀਂ। ਪਹਿਲੀ ਨਜ਼ਰ ’ਚ ਤਾਂ ਇਹ ਹਿੰਦੂ ਧਰਮ ਨੂੰ ਵਿਦੇਸ਼ੀ ‘ਰਿਲੀਜਨ’ ਦੀ ਤਰਜ਼ ’ਤੇ ਢਾਲਣ ਦੀ ਕੋਸ਼ਿਸ਼ ਲੱਗਦੀ ਹੈ, ਧਰਮ ਦੀ ਜਿੱਤ ਦੀ ਥਾਂ ਧਰਮ ’ਤੇ ਸੱਤਾ ਦੀ ਜਿੱਤ ਪ੍ਰਤੀਤ ਹੁੰਦੀ ਹੈ। ਜੋ ਵੀ ਹੋਵੇ, ਇੰਨਾ ਸਾਫ ਹੈ ਕਿ ਇਸ ਜਿੱਤ ਦੇ ਐਲਾਨ ਦਾ ਸਹਿਣਸ਼ੀਲਤਾ ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਧਿਆਨ ਨਾਲ ਵੇਖੀਏ ਤਾਂ ਇਸ ਜਿੱਤ ਦੇ ਉਤਸਵ ’ਚ ਮਰਦਾਨਗੀ, ਬ੍ਰਾਹਮਣਵਾਦੀ ਜਾਤੀ ਗਲਬਾ ਅਤੇ ਪੂੰਜੀ ਦੀ ਖੇਡ ਲੁਕੀ ਹੋਈ ਨਹੀਂ ਹੈ। ਲੋਹੀਆ ਦੀ ਇਤਿਹਾਸ ਦੀ ਦ੍ਰਿਸ਼ਟੀ ਦੀ ਰੋਸ਼ਨੀ ’ਚ 22 ਜਨਵਰੀ ਦਾ ਆਯੋਜਨ ਬਿਨਾਂ ਸ਼ੱਕ ਉਦਾਰ ਹਿੰਦੂ ’ਤੇ ਕੱਟੜਪੰਥੀ ਦੀ ਜਿੱਤ ਹੈ। ਅਜਿਹੇ ’ਚ ਲੋਹੀਆ ਦੀ ਇਤਿਹਾਸ ਦੀ ਦ੍ਰਿਸ਼ਟੀ ਦੀ ਚਿਤਾਵਨੀ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਭਾਰਤ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੋਚ ਅਤੇ ਸਮਝ ਰੱਖਣ ਵਾਲੇ ਹਰ ਭਾਰਤੀ ਲਈ ਉਦਾਰ ਹਿੰਦੂ ਧਰਮ ਨੂੰ ਬਚਾਉਣਾ ਅੱਜ ਸਭ ਤੋਂ ਵੱਡੀ ਚੁਣੌਤੀ ਹੈ।

ਯੋਗੇਂਦਰ ਯਾਦਵ


author

Rakesh

Content Editor

Related News