ਚਿੰਤਨ ਕੈਂਪ ਦੇ ਦੌਰਾਨ ਕਾਂਗਰਸ ਨੇ ਲਏ ਕੁਝ ਚੰਗੇ ਫ਼ੈਸਲੇ

05/15/2022 2:25:34 AM

-ਵਿਜੇ ਕੁਮਾਰ

23 ਸੀਨੀਅਰ ਕਾਂਗਰਸ ਨੇਤਾਵਾਂ ਦੇ ਸਮੂਹ ‘ਜੀ-23’ ਨੇ 24 ਅਗਸਤ, 2020 ਨੂੰ ਸੋਨੀਆ ਗਾਂਧੀ ਨੂੰ ਲਿਖੇ ਪੱਤਰ ’ਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੇ ਸੰਗਠਨਾਤਮਕ ਢਾਂਚੇ ’ਚ ਸੁਧਾਰ ਦੇ ਸੁਝਾਅ ਦਿੱਤੇ ਪਰ ਉਨ੍ਹਾਂ ਦੀ ਅਣਦੇਖੀ ਕਰ ਦਿੱਤੀ ਗਈ। ਇਸੇ ਕਾਰਨ ਪਾਰਟੀ ਦੇ ਕਈ ਸੀਨੀਅਰ ਨੇਤਾ ਪਿਛਲੇ ਕੁਝ ਸਮੇਂ ’ਚ ਉਸ ਦਾ ਸਾਥ ਛੱਡ ਗਏ ਹਨ ਜਿਸ ਨਾਲ ਕਿਸੇ ਸਮੇਂ ਦੇਸ਼ ਦੀ ‘ਗ੍ਰੈਂਡ ਓਲਡ ਪਾਰਟੀ’ ਅਖਵਾਉਣ ਵਾਲੀ ਕਾਂਗਰਸ ਆਪਸੀ ਕਲੇਸ਼ ਕਾਰਨ ਚੋਣਾਂ ਦੀਆਂ ਹਾਰਾਂ ਦੇ ਕਾਰਨ ਸਿਰਫ 2 ਸੂਬਿਆਂ ਤੱਕ ਸੁੰਗੜ ਕੇ ਰਹਿ ਗਈ। ਕਾਂਗਰਸ ਨੂੰ ਨਵੀਂ ਸੱਟ ਪੰਜਾਬ ਦੀਆਂ ਹਾਲੀਆ ਚੋਣਾਂ ’ਚ ਲੱਗੀ, ਜਦੋਂ ਆਪਸੀ ਕਲੇਸ਼ ਦੇ ਕਾਰਨ ਇਹ ਬੁਰੀ ਤਰ੍ਹਾਂ ਹਾਰੀ ਤੇ ‘ਆਮ ਆਦਮੀ ਪਾਰਟੀ’ ਪ੍ਰਚੰਡ ਬਹੁਮਤ ਨਾਲ ਸੂਬੇ ’ਚ ਪਹਿਲੀ ਵਾਰ ਸਰਕਾਰ ਬਣਾਉਣ ’ਚ ਸਫਲ ਹੋ ਗਈ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਵੀ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀਆਂ ਚੋਣਾਂ ’ਚ ਵੀ ਕਾਂਗਰਸ ਨੂੰ ਬੁਰੀ ਤਰ੍ਹਾਂ ਨਿਰਾਸ਼ਾ ਹੱਥ ਲੱਗੀ ਸੀ।
ਕਾਂਗਰਸ ਦੇ ਇਸ ਹਾਲਤ ’ਚ ਪਹੁੰਚਣ ਦਾ ਸਭ ਤੋਂ ਵੱਡਾ ਕਾਰਨ 2014 ’ਚ ਕੇਂਦਰ ’ਚ ਸ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੇ ਜਾਣ ਦੇ ਬਾਅਦ ਸੋਨੀਆ ਗਾਂਧੀ ਵੱਲੋਂ ਬੀਮਾਰੀ ਦੇ ਕਾਰਨ ਕਾਂਗਰਸ ਦੇ ਮਾਮਲਿਆਂ ’ਚ ਰੁਚੀ ਲੈਣੀ ਲਗਭਗ ਛੱਡ ਦੇਣੀ, ਸੰਗਠਨਾਤਮਕ ਚੋਣਾਂ ਨਾ ਕਰਵਾਉਣੀਆਂ ਤੇ ਕਿਸੇ ਸੀਨੀਅਰ ਨੇਤਾ ਨੂੰ ਅੱਗੇ ਨਾ ਆਉਣ ਦੇਣ ਨਾਲ ਉਨ੍ਹਾਂ ਵਿਚ ਪਾਰਟੀ ’ਚੋਂ ਕੱਢਣ ਦਾ ਡਰ ਪੈਦਾ ਹੋ ਗਿਆ ਜਿਸ ਨਾਲ ਪਾਰਟੀ ਦੇ ਲਈ ਹੋਂਦ ਦਾ ਸੰਕਟ ਪੈਦਾ ਹੋ ਗਿਆ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸੋਨੀਆ ਗਾਂਧੀ ਨੇ ਪਿਛਲੇ ਕੁਝ ਸਮੇਂ ਦੌਰਾਨ ਕਲੇਸ਼ ਦੀਆਂ ਸ਼ਿਕਾਰ ਕਈ ਸੂਬਾ ਇਕਾਈਆਂ ਦੀ ਲੀਡਰਸ਼ਿਪ ਬਦਲੀ ਹੈ। ਇਸ ਦੇ ਅਧੀਨ ਹਰਿਆਣਾ ’ਚ ਕੁਮਾਰੀ ਸ਼ੈਲਜਾ ਦੀ ਥਾਂ ’ਤੇ ਚੌ. ਉਦੈਭਾਨ ਨੂੰ, ਹਿਮਾਚਲ ’ਚ ਸੁਖਵਿੰਦਰ ਸਿੰਘ ਸੁੱਖੂ ਦੀ ਥਾਂ ’ਤੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਨੇਤਾ ਸਵ. ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਤੇ ਪੰਜਾਬ ’ਚ ਨਵਜੋਤ ਸਿੰਘ ਸਿੱਧੂ ਦੀ ਥਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਲੜੀ ’ਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਬਿਆਨਬਾਜ਼ੀ ਕਰਨ ਦੇ ਦੋਸ਼ ’ਚ ਕਾਂਗਰਸ ਵੱਲੋਂ ਨੋਟਿਸ ਭੇਜਿਆ ਗਿਆ ਸੀ। ਇਸੇ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਕਾਂਗਰਸ ਸ਼ਾਸਿਤ ਰਾਜਸਥਾਨ ਦੇ ਉਦੈਪੁਰ ’ਚ 3 ਦਿਨਾ ‘ਨਵ ਸੰਕਲਪ ਚਿੰਤਨ ਕੈਂਪ’ ਦਾ ਆਯੋਜਨ ਕਰ ਕੇ ਕਾਂਗਰਸ ਨੇ ਪਿਛਲੀਆਂ ਭੁੱਲਾਂ ਨੂੰ ਸੁਧਾਰਨ ਦੀ ਦਿਸ਼ਾ ’ਚ ਯਤਨ ਦਾ ਸੰਕੇਤ ਦਿੱਤਾ ਹੈ। ਇਨ੍ਹਾਂ ’ਚ ਸਿਵਾਏ ਗਾਂਧੀ ਪਰਿਵਾਰ ਦੇ ਹੋਰਨਾਂ ਦੇ ਮਾਮਲੇ ’ਚ ਇਕ ਪਰਿਵਾਰ ਦੇ ਇਕ ਹੀ ਮੈਂਬਰ ਨੂੰ ਟਿਕਟ ਦੇਣ, ਕਿਸੇ ਵਿਅਕਤੀ ਦੇ ਅਹੁਦੇ ’ਤੇ ਰਹਿਣ ਦੀ ਮਿਆਦ ਵੀ 5 ਸਾਲ ਤੈਅ ਕਰਨ ਅਤੇ ਹਰੇਕ ਪੱਧਰ ’ਤੇ ਕਾਂਗਰਸ ਦੇ 50 ਫੀਸਦੀ ਅਹੁਦੇਦਾਰਾਂ ਦੀ ਉਮਰ 50 ਸਾਲ ਤੋਂ ਘੱਟ ਰੱਖਣਾ, ਕਾਂਗਰਸ ਸੰਗਠਨ ’ਚ ਦਲਿਤਾਂ, ਔਰਤਾਂ ਤੇ ਹੋਰਨਾਂ ਘੱਟਗਿਣਤੀਆਂ ਨੂੰ 50 ਫੀਸਦੀ ਰਾਖਵਾਂਕਰਨ ਦੇਣਾ ਸ਼ਾਮਲ ਹੈ। ਪਾਰਟੀ ਨੇ ਘਰ-ਘਰ ਜਾ ਕੇ ਲੋਕਾਂ ਦੇ ਮਨ ’ਚ ਵਸਣ ਦਾ ਸੰਕਲਪ ਵੀ ਲਿਆ ਹੈ ਪਰ ਗਾਂਧੀ ਪਰਿਵਾਰ ਨੂੰ ਇਕ ਪਰਿਵਾਰ ਇਕ ਟਿਕਟ ਵਾਲੇ ਨਿਯਮ ਤੋਂ ਮੁਕਤ ਰੱਖਣ ’ਤੇ ਸਵਾਲ ਉਠਾਏ ਜਾ ਰਹੇ ਹਨ। ਚਿੰਤਨ ਕੈਂਪ ’ਚ ਪਾਰਟੀ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਨੇ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਦਾ ਪੂਰੇ ਸਮੇਂ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਕੀਤੀ ਹੈ।
ਦੇਸ਼ ’ਚ ਪੈਦਾ ਬੇਰੋਜ਼ਗਾਰੀ ਅਤੇ ਮਹਿੰਗਾਈ ਆਦਿ ਸਮੱਸਿਆਵਾਂ ਦੇ ਮੱਦੇਨਜ਼ਰ ਆਰਥਿਕ ਨੀਤੀਆਂ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਗੱਲ ’ਤੇ ਵੀ ਸਹਿਮਤੀ ਬਣੀ ਹੈ ਕਿ ਪਾਰਟੀ ਦੇ ਨੇਤਾਵਾਂ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਉਦੋਂ ਤੱਕ ਟਿਕਟ ਨਹੀਂ ਮਿਲੇਗੀ, ਜਦੋਂ ਤੱਕ ਉਹ ਪਾਰਟੀ ਦੇ ਲਈ 5 ਸਾਲ ਕੰਮ ਨਹੀਂ ਕਰ ਲਵੇਗਾ। ਸੂਬਾ ਇਕਾਈਆਂ ਦੀ ਲੀਡਰਸ਼ਿਪ ਬਦਲ ਕੇ ਅਤੇ ਚਿੰਤਨ ਕੈਂਪ ਦਾ ਆਯੋਜਨ ਕਰ ਕੇ ਸੋਨੀਆ ਗਾਂਧੀ ਨੇ ਪਾਰਟੀ ’ਚ ਸੁਧਾਰ ਲਿਆਉਣ ਦਾ ਸੰਕੇਤ ਦਿੱਤਾ ਹੈ ਕਿਉਂਕਿ ਇਸ ਸਮੇਂ ਦੇਸ਼ ਨੂੰ ਇਕ ਮਜ਼ਬੂਤ ਬਦਲ ਦੇਣ ਲਈ ਕਾਂਗਰਸ ਦਾ ਬਹੁਤ ਮਜ਼ਬੂਤ ਹੋਣਾ ਜ਼ਰੂਰੀ ਹੈ।
ਹੁਣ ਤਾਂ ਹਾਲਤ ਇਹ ਹੈ ਕਿ ਕਾਂਗਰਸ ਲੀਡਰਸ਼ਿਪ ਨੂੰ ਪਾਰਟੀ ਵਿਚ ਮੌਜੂਦ ਆਪਣੀ ਵਿਚਾਰਧਾਰਾ ਨੂੰ ਮਜ਼ਬੂਤ ਕਰਕੇ ਇਸ 'ਚ ਫੈਲੀ ਭਰਮ ਦੀ ਸਥਿਤੀ ਖਤਮ ਕਰਨ ਅਤੇ ਸੀਨੀਅਰ ਨੇਤਾਵਾਂ ’ਚ ਫੈਲਿਆ ਇਹ ਡਰ ਦੂਰ ਕਰਨ ਦੀ ਲੋੜ ਹੈ ਕਿ ਆਲੋਚਨਾ ਕਰਨ ’ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਵੇਗਾ। ਕੈਂਪ ਤੋਂ ਕੋਈ ਮਹੱਤਵਪੂਰਨ ਜਾਣਕਾਰੀ ਲੀਕ ਨਾ ਹੋ ਜਾਵੇ ਇਸ ਲਈ ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਪ੍ਰਤੀਨਿਧੀਆਂ ਨੂੰ ਆਪਣੇ ਫੋਨ ਬਾਹਰ ਰੱਖਣ ਦੀ ਬੇਨਤੀ ਕੀਤੀ ਤਾਂ ਜੋ ਅੰਦਰ ਦੀ ਗੱਲ ਬਾਹਰ ਨਾ ਜਾ ਸਕੇ। ਅਜੇ ਚਿੰਤਨ ਕੈਂਪ ਦਾ ਐਤਵਾਰ ਦਾ ਦਿਨ ਬਾਕੀ ਹੈ। ਆਸ ਕਰਨੀ ਚਾਹੀਦੀ ਹੈ ਕਿ ਇਸ ਵਿਚ ਕੁਝ ਹੋਰ ਚੰਗੇ ਫੈਸਲੇ ਲਏ ਜਾਣਗੇ ਅਤੇ ਜੇਕਰ ਨਾਰਾਜ਼ ਨੇਤਾ ਪਾਰਟੀ ਵਿਚ ਪਰਤਣਾ ਚਾਹੁਣ ਤਾਂ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਕਰਨ ਦਾ ਫੈਸਲਾ ਵੀ ਲੈਣਾ ਚਾਹੀਦਾ ਹੈ।


Gurdeep Singh

Content Editor

Related News