ਬਦਲ ਰਹੇ ਹੁਣ ਜੰਮੂ-ਕਸ਼ਮੀਰ ਦੇ ਹਾਲਾਤ

Thursday, Oct 19, 2023 - 01:33 PM (IST)

ਬਦਲ ਰਹੇ ਹੁਣ ਜੰਮੂ-ਕਸ਼ਮੀਰ ਦੇ ਹਾਲਾਤ

ਜੰਮੂ-ਕਸ਼ਮੀਰ ਦੇ ਹਾਲੀਆ ਘਟਨਾਕ੍ਰਮ ਤੋਂ ਕੀ ਪਤਾ ਲੱਗਦਾ ਹੈ? ਇੱਥੇ ਆਜ਼ਾਦ ਭਾਰਤ ’ਚ ਪਹਿਲੀ ਵਾਰ ਪਾਕਿਸਤਾਨ ਸਰਹੱਦ ਨੇੜੇ ਇਸ ਸਾਲ ਮੁੜ ਉਸਾਰੇ ਸ਼ਾਰਦਾ ਮਾਤਾ ਮੰਦਰ ’ਚ ਸ਼ਾਰਦੀਯ ਨਵਰਾਤਰੀ ਦੀ ਪੂਜਾ ਹੋ ਰਹੀ ਹੈ, ਉੱਥੇ ਹੀ ਇਸ ਦੌਰਾਨ ਪੁੰਛ ’ਚ ਪੋਸਟਰ ਚਿਪਕਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇਲਾਕਾ ਛੱਡਣ ਲਈ ਧਮਕੀ ਦੇਣ ਦਾ ਮਾਮਲਾ ਰੋਸ਼ਨੀ ’ਚ ਆਇਆ ਹੈ।

ਇਹ ਠੀਕ ਹੈ ਕਿ ਧਾਰਾ 370-35ਏ ਦੇ ਸੰਵਿਧਾਨਕ ਖਾਤਮੇ ਪਿੱਛੋਂ ਵਾਦੀ ’ਚ ਅਧਿਆਤਮਕ-ਸੱਭਿਆਚਾਰਕ ਪੁਨਰ ਸਥਾਪਨਾ ਨਾਲ ਆਰਥਿਕ ਵਿਕਾਸ, ਕੇਂਦਰੀ ਪ੍ਰਾਜੈਕਟਾਂ ਦੇ ਲਾਗੂ ਹੋਣ ’ਚ ਤੇਜ਼ੀ, ਸੈਲਾਨੀਆਂ ਦੀ ਵਧਦੀ ਸੰਖਿਆ, 3 ਦਹਾਕੇ ਬਾਅਦ ਨਵੇਂ-ਪੁਰਾਣੇ ਸਿਨੇਮਾਘਰਾਂ ਦਾ ਸੰਚਾਲਨ, ਭਾਰਤੀ ਫਿਲਮ ਉਦਯੋਗ ਲਈ ਕਸ਼ਮੀਰ ਮੁੜ ਕੇ ਪਸੰਦੀਦਾ ਮੰਜ਼ਿਲ ਬਣਨੀ ਅਤੇ ਜੀ-20 ਸੈਲਾਨੀ ਕਾਰਜ ਸਮੂਹ ਦੀ ਸਫਲ ਬਹੁ-ਰਾਸ਼ਟਰੀ ਮੀਟਿੰਗ ਅਤੇ ਅੱਤਵਾਦੀ-ਪਥਰਾਅ ਦੀਆਂ ਘਟਨਾਵਾਂ ’ਚ ਤੁਲਨਾਤਮਕ ਕਮੀ ਆਦਿ ਦਾ ਗਵਾਹ ਬਣ ਰਿਹਾ ਹੈ ਪਰ ਕੀ ਇਹ ਜਿਹਾਦੀ ਮਾਨਸਿਕਤਾ ਨੂੰ ਖਤਮ ਕਰਨ ਲਈ ਕਾਫੀ ਹੈ?

ਇਹ ਇਤਿਹਾਸਕ ਪਲ ਹੈ ਕਿ ਆਜ਼ਾਦ ਭਾਰਤ ’ਚ ਪਹਿਲੀ ਵਾਰ ਕੰਟ੍ਰੋਲ ਰੇਖਾ ’ਤੇ ਟੀਟਵਾਲ ਪਿੰਡ ’ਚ ਮੁੜ ਉਸਾਰੇ ਸ਼ਾਰਦਾ ਮਾਤਾ ਮੰਦਰ ’ਚ ਵੱਡੀ ਗਿਣਤੀ ’ਚ ਤੀਰਥ ਯਾਤਰੀ ਸ਼ਾਮਲ ਹੋ ਰਹੇ ਹਨ। ਹੰਪੀ ਦੇ ਸਵਾਮੀ ਗੋਵਿੰਦਾਨੰਦ ਸਰਸਵਤੀ ਆਪਣੇ ਸ਼ਰਧਾਲੂਆਂ ਨਾਲ ਕਰਨਾਟਕ ’ਚ ਭਗਵਾਨ ਹਨੂੰਮਾਨ ਦੇ ਜਨਮ ਸਥਾਨ ਕਿਸ਼ਕਿੰਧਾ ਤੋਂ ਰੱਥ ’ਤੇ ਸਵਾਰ ਹੋ ਕੇ ਟੀਟਵਾਲ ਪਿੰਡ ਪਹੁੰਚੇ ਸਨ।

ਇਹ ਮੰਦਰ ਭਾਰਤੀ ਸਨਾਤਨ ਪ੍ਰੰਪਰਾ ’ਚ ਖਾਸ ਕਰ ਕੇ ਕਸ਼ਮੀਰੀ ਹਿੰਦੂਆਂ ਦੀ ਮਾਨਤਾ ’ਚ ਆਸਥਾ ਦਾ ਇਕ ਵੱਡਾ ਕੇਂਦਰ ਰਿਹਾ ਹੈ। 1947 ਤਕ ਟੀਟਵਾਲ ’ਚ ਬਣੇ ਮੰਦਰ ਤੋਂ ਹੀ ‘ਛੜੀ ਮੁਬਾਰਕ’ ਕਿਸ਼ਨਗੰਗਾ ਨਦੀ ਨੂੰ ਪਾਰ ਕਰ ਕੇ ਸ਼ਾਰਦਾ ਪੀਠ ਲਈ ਰਵਾਨਾ ਹੁੰਦੀ ਸੀ ਜੋ ਹੁਣ ਪੀ.ਓ.ਕੇ. (ਮਕਬੂਜਾ ਕਸ਼ਮੀਰ) ’ਚ ਸਥਿਤ ਹੈ ਅਤੇ 18 ਮਹਾਸ਼ਕਤੀ ਪੀਠਾਂ ’ਚੋਂ ਇਕ ਹੈ। ਜਦੋਂ 1947 ’ਚ ਭਾਰਤ ਦੀ ਵੰਡ ਹੋਈ ਤਦ ਪਾਕਿਸਤਾਨੀ ਹਮਲੇ ’ਚ ਕਬਾਇਲੀਆਂ ਨੇ ਇੱਥੇ ਗੁਰਦੁਆਰੇ ਦੇ ਨਾਲ ਇਸ ਮੰਦਰ ਨੂੰ ਖੰਡਿਤ ਕਰ ਦਿੱਤਾ ਪਰ ਮੁੱਢਲੀ ਭਾਰਤੀ ਲੀਡਰਸ਼ਿਪ ਨੇ ਆਪਣੀ ਚਿਰਾਂ ਤੋਂ ਜਾਣੀ ਜਾਂਦੀ ਸਨਾਤਨ ਵਿਰੋਧੀ ਮਾਨਸਿਕਤਾ ਕਾਰਨ ਕਾਸ਼ੀ, ਮਥੁਰਾ, ਅਯੁੱਧਿਆ ਵਾਂਗ ਇਸ ਮੰਦਰ ਦੀ ਸੁੱਧ ਵੀ ਨਹੀਂ ਲਈ।

ਸ਼ਾਰਦਾ ਪੀਠ ਦਾ ਅਰਥ-ਸ਼ਾਰਦਾ ਦੀ ਭੂਮੀ, ਜੋ ਹਿੰਦੂ ਦੇਵੀ ਮਾਂ ਸਰਸਵਤੀ ਦਾ ਇਕ ਕਸ਼ਮੀਰੀ ਨਾਂ ਵੀ ਹੈ। ਇਹ ਹਿੰਦੂ , ਬੁੱਧ ਅਤੇ ਜੈਨ ਗਿਆਨ-ਵਿੱਦਿਆ ਦਾ ਇਕ ਪੁਰਾਤਨ ਕੇਂਦਰ ਰਿਹਾ ਸੀ, ਜਿੱਥੇ ਪਾਣਿਨੀ ਅਤੇ ਹੋਰ ਵਿਆਕਰਣ ਲਿਖਣ ਵਾਲਿਆਂ ਨੇ ਗ੍ਰੰਥ ਸੰਗ੍ਰਹਿ ਕੀਤੇ ਸਨ।

ਉਸ ਸਮੇਂ ਇੱਥੇ ਇਕ ਵੱਡੀ ਲਾਇਬ੍ਰੇਰੀ ਵੀ ਸੀ। ਪੌਰਾਣਿਕ ਕਥਾ ਅਨੁਸਾਰ ਇਸ ਮੰਦਰ ਦਾ ਨਿਰਮਾਣ ਮੂਲ ਤੌਰ ’ਤੇ ਪਾਂਡਵਾ ਵੱਲੋਂ ਆਪਣੇ ਬਨਵਾਸ ਦੇ ਸਮੇਂ ਕੀਤਾ ਗਿਆ ਸੀ। ਆਦਿ ਸ਼ੰਕਰਾਚਾਰੀਆ ਵੀ ਕਸ਼ਮੀਰ ਭ੍ਰਮਣ ਦੌਰਾਨ ਮਾਂ ਸ਼ਾਰਦਾ ਦੇਵੀ ਦੇ ਦਰਸ਼ਨ ਲਈ ਸ਼ਾਰਦਾ ਪੀਠ ਆਏ ਸਨ ਅਤੇ ਉਨ੍ਹਾਂ ਨੇ 4 ਪੀਠਾਂ ਨਾਲ ਕਸ਼ਮੀਰ ’ਚ ਸਥਿਤ ਸਰਵਿਗਿਆ ਪੀਠ ’ਚ ਭਗਵਤੀ ਸ਼੍ਰੀ ਸ਼ਾਰਦਾ ਦੇਵੀ ਦੀ ਪੂਜਾ ਕੀਤੀ ਸੀ।

ਇਸ ਸ਼ਕਤੀ ਪੀਠ ਦਾ ਜ਼ਿਕਰ ਕਈ ਪ੍ਰਾਚੀਨ ਗ੍ਰੰਥਾਂ (ਰਾਜਤਰੰਗਿਣੀ ਸਮੇਤ) ’ਚ ਹੈ। 13ਵੀਂ-14ਵੀਂ ਸਦੀ ਤੋਂ ਕਸ਼ਮੀਰ ਇਸਲਾਮੀ ਅੱਤਵਾਦ ਤੋਂ ਪੀੜਤ ਹੈ, ਜਿਸ ’ਚ ਮਜ਼੍ਹਬੀ ਕਾਰਨਾਂ ਕਰ ਕੇ ਕਈ ਪ੍ਰਾਚੀਨ ਮੰਦਰਾਂ ਨੂੰ ਜ਼ਮੀਨਦੋਜ਼, ਹਿੰਦੂਆਂ ਦਾ ਕਤਲੇਆਮ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀ ਜਬਰੀ ਧਰਮ ਤਬਦੀਲੀ ਜਾਂ ਹਿਜਰਤ ਲਈ ਮਜਬੂਰ ਕੀਤਾ ਗਿਆ।

ਸਦੀਆਂ ਪੁਰਾਣੀ ਇਸ ਤ੍ਰਾਸਦੀ ’ਚ ਹੁਣ ਭੁੱਲ-ਸੁਧਾਰ ਕੀਤਾ ਜਾ ਰਿਹਾ ਹੈ। ਖੰਡਿਤ ਸ਼ਾਰਦਾ ਮੰਦਰ ਅਤੇ ਗੁਰਦੁਆਰੇ ਦੇ ਨਵੀਨੀਕਰਨ ਦੀ ਸ਼ੁਰੂਆਤ 2 ਦਸੰਬਰ 2021 ’ਚ ਹੋਈ ਸੀ, ਜਿਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 23 ਮਾਰਚ 2023 ਨੂੰ ਕੀਤਾ ਸੀ।

ਮੰਦਰ ’ਚ 5 ਧਾਤੂ ਤੋਂ ਨਿਰਮਤ ਮੂਰਤੀ ਸਥਾਪਿਤ ਕੀਤੀ ਗਈ ਹੈ। ਉਸ ਵੇਲੇ ਤੋਂ ਟੀਟਵਾਲ ਦੇ ਗੁਰਦੁਆਰੇ ’ਚ ਸ਼ਬਦ ਕੀਰਤਨ ਅਤੇ ਗੁਰਬਾਣੀ ਪਾਠ ਅਤੇ ਸ਼ਾਰਦਾ ਮਾਤਾ ਮੰਦਰ ਦੀਆਂ ਘੰਟੀਆਂ ਦੀ ਗੂੰਝ ਪੀ.ਓ.ਕੇ. ਸਥਿਤ ਚਿਲਿਆਨਾ ਪਿੰਡ ਤਕ ਸੁਣਵਾਈ ਦੇ ਰਹੀ ਹੈ।

ਬਿਨਾਂ ਸ਼ੱਕ, ਧਾਰਾ 370-35ਏ ਨੂੰ ਖਤਮ ਕੀਤੇ ਜਾਣ ਪਿੱਛੋਂ ਵਾਦੀ ’ਚ ਜੋ ਸਾਕਾਰਾਤਮਕ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ, ਉਨ੍ਹਾਂ ਬਾਰੇ ਅਗਸਤ 2019 ਤੋਂ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਦਲਾਅ ਦੇ ਇਸ ਦੌਰ ’ਚ ਮੱਧਕਾਲੀ ਇਸਲਾਮੀ ਸ਼ਕਤੀਆਂ ਸਭ ਤੋਂ ਵੱਧ ਔਖੀਆਂ ਅਤੇ ਬੌਖਲਾਈਆਂ ਹੋਈਆਂ ਹਨ। ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਸਥਾਨਕ ਪ੍ਰਸ਼ਾਸਨ, ਕਸ਼ਮੀਰੀ ਸਿਆਸੀ ਸੰਸਥਾਵਾਂ ਅਤੇ ਜ਼ਹਿਰੀਲੇ ਪਾਕਿਸਤਾਨ ਦੀ ਸਿੱਧੀ-ਅਸਿੱਧੀ ਹਮਾਇਤ ਨਾਲ ਨਾ ਸਿਰਫ 1980-90 ਦੇ ਦਹਾਕੇ ’ਚ ਗੈਰ-ਮੁਸਲਮਾਨਾਂ ਖਾਸ ਕਰ ਕੇ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਅਤੇ ਉਨ੍ਹਾਂ ਦੀ ਜਬਰੀ ਹਿਜਰਤ ਦੀ ਪਟਕਥਾ ਲਿਖੀ ਸੀ, ਨਾਲ ਹੀ ਕਿਸੇ ਵੀ ‘ਦਾਰ-ਉਲ-ਇਸਲਾਮ’ ਇਲਾਕੇ ਵਾਂਗ ਉਸ ਨੇ ਕਸ਼ਮੀਰ ਦੀਆਂ ਮੂਲ ਸਨਾਤਨ ਬਹੁਗਿਣਤੀ ਕਦਰਾਂ-ਕੀਮਤਾਂ ਨੂੰ ਦਰੜ ਦਿੱਤਾ ਸੀ। ਇਸ ਦੇ ਮੁੜ ਪੈਦਾ ਹੋਣ ਦੇ ਯਤਨ ਫਿਰ ਤੋਂ ਹੋ ਰਹੇ ਹਨ।

ਬੀਤੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ ’ਚ ਗੈਰ-ਮੁਸਲਮਾਨਾਂ ਅਤੇ ਭਾਰਤ ਹਮਾਇਤੀ ਮੁਸਲਮਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਪਿੱਛੋਂ ਹੁਣ ਉਨ੍ਹਾਂ ਨੂੰ ਇਲਾਕਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਪੁੰਛ ’ਚ ਹਿੰਦੂ-ਸਿੱਖਾਂ ਦੇ ਘਰਾਂ ’ਤੇ ਊਰਦੂ ’ਚ ਲਿਖੇ ਪੋਸਟਰ ਲਾ ਕੇ ਜਾਂ ਸੁੱਟ ਕੇ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਇਲਾਕੇ ’ਚੋਂ ਨਹੀਂ ਜਾਂਦੇ ਤਾਂ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਮਾਮਲਾ ਪੁੰਛ ਦੇ ਦੇਗਵਾਰ ਮਲਦਿਆਲਾਂ ਪਿੰਡ ’ਚ 14 ਅਕਤੂਬਰ ਦਾ ਹੈ। ਇਨ੍ਹਾਂ ਪੋਸਟਰਾਂ ਦੀ ਕਿਸੇ ਵਿਅਕਤੀ ਜਾਂ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਫਿਰ ਵੀ ਇਨ੍ਹਾਂ ਧਮਕੀਆਂ ਨਾਲ ਹਿੰਦੂ ਅਤੇ ਸਿੱਖ ਪਰਿਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੇ ਹਨ।

ਜੰਮੂ-ਕਸ਼ਮੀਰ ਲਈ ਅਜਿਹੇ ਜਿਹਾਦੀ ਖਦਸ਼ੇ ਨਵੇਂ ਨਹੀਂ ਹਨ। ਜਦੋਂ ਸ਼ੇਖ ਅਬਦੁਲਾ ਵਰਗੇ ਕੱਟੜ ਫਿਰਕੂ ਪਰ ਪੰ. ਨਹਿਰੂ ਦੇ ਅੰਧ-ਵਿਸ਼ਵਾਸ ਨਾਲ ਕਸ਼ਮੀਰ ’ਚ ਨਿਜ਼ਾਮ-ਏ-ਮੁਸਤਫਾ ਦੀ ਮਜ਼੍ਹਬੀ ਮੰਗ ਨੂੰ ਰਫਤਾਰ ਮਿਲੀ ਅਤੇ ਸਾਲ 1975 ਦੇ ਇੰਦਰਾ ਸ਼ੇਖ ਸਮਝੌਤੇ ਨੇ ਸਮਾਂ ਪਾ ਕੇ ਸਥਾਨਕ ਮੁਸਲਮਾਨਾਂ ਨੂੰ ਜਿਹਾਦੀ ਜਨੂੰਨ ’ਚ ਹਿੰਦੂ ਮੰਦਰਾਂ ਨੂੰ ਜ਼ਮੀਨਦੋਜ਼ ਕਰਨ, ਕਸ਼ਮੀਰੀ ਪੰਡਿਤਾਂ ਦੀ ਦਿਨ ਦਿਹਾੜੇ ਹੱਤਿਆ ਅਤੇ ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜ਼ਨਾਹ ਕਰਨ ਲਈ ਪ੍ਰੇਰਿਤ ਕੀਤਾ, ਤਦ ਅੱਤਵਾਦੀ ਸੰਗਠਨਾਂ ਨੇ ਸ਼੍ਰੀਨਗਰ ਦੀਆਂ ਸਥਾਨਕ ਅਖਬਾਰਾਂ ’ਚ ਅਜਿਹੇ ਹੀ ਇਸ਼ਤਿਹਾਰ ਦੇ ਕੇ ਹਿੰਦੂਆਂ ਨੂੰ ਕਸ਼ਮੀਰ ਛੱਡਣ ਜਾਂ ਮੌਤ ਦੇ ਘਾਟ ਉਤਾਰਨ ਦੀਆਂ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਸਨ।

ਤਦ ਜਿਨ੍ਹਾਂ ਆਪੇ ਬਣੇ ਧਰਮ ਨਿਰਪੱਖਤਾਵਾਦੀਆਂ, ਖੱਬੇਪੱਖੀਆਂ ਅਤੇ ਮੁਸਲਿਮ ਲੋਕ ਪ੍ਰਤੀਨਿਧੀਆਂ ਨੇ ਕਸ਼ਮੀਰੀ ਹਿੰਦੂਆਂ ’ਤੇ ਟੁੱਟੇ ਇਸ ਮਜ਼੍ਹਬੀ ਦਹਿਸ਼ਤ ਨੂੰ ਸ਼ੋਸ਼ਣ, ਗਰੀਬੀ, ਖੇਤਰੀ ਅਸੰਤੁਲਨ ਅਤੇ ਭੇਦਭਾਵ ਦਾ ਨਾਂ ਦੇ ਕੇ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਸੀ, ਕਸ਼ਮੀਰੀ ਪੰਡਿਤਾਂ ਦੀ ਵੇਦਨਾ ’ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਪ੍ਰਾਪੇਗੰਡਾ, ਇਸਲਾਮੋਫੋਬੀਆ, ਖਿਆਲੀ ਅਤੇ ਝੂਠਾ ਦੱਸਿਆ। ਉਹ ਅੱਜ ਪੁੰਛ ਦੇ ਹਿੰਦੂ ਸਿੱਖ ਵਿਰੋਧੀ ਪੋਸਟਰਾਂ ’ਤੇ ਚੁੱਪ ਹਨ।

ਆਖਿਰ ਭਾਰਤੀ ਸੱਭਿਅਕ ਸਮਾਜ ਕਸ਼ਮੀਰ ’ਚ ਇਸ ਚੁਣੌਤੀ ਨਾਲ ਕਿਵੇਂ ਨਜਿੱਠੇ? ਸੱਚ ਤਾਂ ਇਹ ਹੈ ਕਿ ਭਾਰਤ ਨੂੰ ਇਹ ਸੱਭਿਆਗਤ ਅਤੇ ਸੱਭਿਆਚਾਰਕ ਯੁੱਧ ਜਿੱਤਣਾ ਹੀ ਪਵੇਗਾ। ਇਹ ਕੰਮ ਸਿਰਫ ਸਰਕਾਰ ਜਾਂ ਫੌਜ ਨਹੀਂ ਕਰ ਸਕਦੀ, ਇਸ ’ਚ ਸਮਾਜ ਦਾ ਸਹਿਯੋਗ ਵੀ ਲਾਜ਼ਮੀ ਹੈ। 

ਬਲਬੀਰ ਪੁੰਜ


author

Rakesh

Content Editor

Related News