ਪ੍ਰਧਾਨਗੀ ਅਹੁਦੇ ਨੂੰ ਲੈ ਕੇ ਕਾਂਗਰਸ ’ਚ ਸ਼ਸ਼ੋਪੰਜ

07/01/2019 6:48:26 AM

ਰਾਹਿਲ ਨੋਰਾ ਚੋਪੜਾ

ਪਾਰਟੀ ’ਚ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਕਾਂਗਰਸ ਸ਼ਸ਼ੋਪੰਜ ’ਚ ਹੈ ਕਿਉਂਕਿ ਕਾਂਗਰਸ ਵਰਕਿੰਗ ਕਮੇਟੀ ਨੇ ਬੈਠਕ ’ਚ ਰਾਹੁਲ ਗਾਂਧੀ ਦੇ ਅਸਤੀਫੇ ਨੂੰ ਅਸਵੀਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ। ਇਸੇ ਦੌਰਾਨ ਕੁਲਹਿੰਦ ਕਾਂਗਰਸ ਕਮੇਟੀ ਨੂੰ ਕਈ ਸਕੱਤਰਾਂ ਅਤੇ ਯੁਵਾ ਤੇ ਮਹਿਲਾ ਕਾਂਗਰਸ ਦੇ ਬਹੁਤ ਸਾਰੇ ਅਹੁਦੇਦਾਰਾਂ ਨੇ ਰਾਹੁਲ ਗਾਂਧੀ ਦੇ ਪੱਖ ’ਚ ਅਸਤੀਫੇ ਦੇ ਦਿੱਤੇ ਹਨ ਅਤੇ ਛੱਤੀਸਗੜ੍ਹ ਦੇ ਇੰਚਾਰਜ ਪੀ. ਐੱਲ. ਪੂਨੀਆ ਨੇ ਵੀ ਅਸਤੀਫਾ ਦਿੱਤਾ ਪਰ ਰਾਹੁਲ ਗਾਂਧੀ ਅੜੇ ਹੋਏ ਹਨ ਕਿ ਉਹ ਪਾਰਟੀ ਪ੍ਰਧਾਨ ਦੇ ਤੌਰ ’ਤੇ ਕੰਮ ਨਹੀਂ ਕਰਨਗੇ। ਕੁਝ ਬਦਲਾਂ ’ਤੇ ਗੱਲ ਹੋ ਰਹੀ ਹੈ ਅਤੇ ਪ੍ਰਧਾਨਗੀ ਅਹੁਦੇ ਲਈ 3 ਨਾਂ ਚਰਚਾ ’ਚ ਹਨ, ਉਹ ਹਨ ਮਲਿਕਾਰਜੁਨ ਖੜਗੇ, ਅਸ਼ੋਕ ਗਹਿਲੋਤ ਅਤੇ ਸੁਸ਼ੀਲ ਕੁਮਾਰ ਸ਼ਿੰਦੇ। ਖੜਗੇ ਪਿਛਲੀ ਲੋਕ ਸਭਾ ਵਿਚ ਪਾਰਟੀ ਦੇ ਨੇਤਾ ਸਨ ਅਤੇ ਵਿਸ਼ੇਸ਼ ਤੌਰ ’ਤੇ ਦੱਖਣ ਤੋਂ ਹੋਣ ਕਾਰਣ ਉਨ੍ਹਾਂ ਨੂੰ ਲਾਭ ਹਾਸਿਲ ਹੈ। ਇਨ੍ਹਾਂ ਤਿੰਨਾਂ ਨੇਤਾਵਾਂ ਨੂੰ ਗਾਂਧੀ ਪਰਿਵਾਰ ਦਾ ਵਫਾਦਾਰ ਮੰਨਿਆ ਜਾਂਦਾ ਹੈ। ਸ਼ਨੀਵਾਰ ਨੂੰ ਜਿਸ ਇਕ ਹੋਰ ਨਾਂ ਨੂੰ ਉਛਾਲਿਆ ਗਿਆ, ਉਹ ਹੈ ਮਨਮੋਹਨ ਸਿੰਘ ਦਾ। ਇਸੇ ਦੌਰਾਨ ਸਿਆਸੀ ਹਲਕਿਆਂ ’ਚ ਗੱਲ ਚੱਲ ਰਹੀ ਹੈ ਕਿ ਇਕ ਬਦਲ ਸੋਨੀਆ ਗਾਂਧੀ ਹਨ, ਜੋ ਅਸਥਾਈ ਤੌਰ ’ਤੇ ਪਾਰਟੀ ਦੀ ਪ੍ਰਧਾਨ ਬਣ ਸਕਦੀ ਹੈ ਤਾਂ ਕਿ ਪਾਰਟੀ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਢੁੱਕਵਾਂ ਉਮੀਦਵਾਰ ਚੁਣਨ ਲਈ ਸਮਾਂ ਮਿਲ ਸਕੇ। ਇਸ ਦੌਰਾਨ ਅਧੀਰ ਰੰਜਨ ਚੌਧਰੀ, ਜਿਨ੍ਹਾਂ ਨੂੰ ਲੋਕ ਸਭਾ ’ਚ ਕਾਂਗਰਸ ਦਾ ਨੇਤਾ ਬਣਾਇਆ ਗਿਆ ਹੈ, ਦਾ ਓਨੀ ਗਰਮਜੋਸ਼ੀ ਨਾਲ ਸਵਾਗਤ ਨਹੀਂ ਹੋਇਆ ਅਤੇ ਲੋਕ ਸਭਾ ’ਚ ਉਪ-ਨੇਤਾ ਦਾ ਵੀ ਐਲਾਨ ਨਹੀਂ ਹੋਇਆ। ਮਨੀਸ਼ ਤਿਵਾੜੀ ਅਤੇ ਸ਼ਸ਼ੀ ਥਰੂਰ ਉਨ੍ਹਾਂ ਦੇ ਹੇਠਾਂ ਕੰਮ ਕਰਨਾ ਨਹੀਂ ਚਾਹੁੰਦੇ।

ਅਮਿਤ ਸ਼ਾਹ ਅਜੇ ਵੀ ਮਾਰਗਦਰਸ਼ਕ

ਜੇ. ਪੀ. ਨੱਢਾ, ਜਿਨ੍ਹਾਂ ਨੂੰ ਮੌਜੂਦਾ ਸਮੇਂ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ, ਦੇ ਇਸ ਸਾਲ ਦੇ ਅੰਤ ਤਕ ਮੁਕੰਮਲ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ਹੈ। ਨੱਢਾ ਅਸਲ ’ਚ ਕਾਰਜਕਾਰੀ ਪ੍ਰਧਾਨ ਹਨ, ਜੋ ਅਸਲ ਪਾਰਟੀ ਪ੍ਰਧਾਨ ਦੇ ਨਿਰਦੇਸ਼ ਅਨੁਸਾਰ ਕੰਮ ਕਰ ਰਹੇ ਹਨ। ਅਜਿਹਾ ਲੱਗਦਾ ਹੈ ਕਿ ਅਮਿਤ ਸ਼ਾਹ ਨੇ ਉਨ੍ਹਾਂ ਦੀ ਭੂਮਿਕਾ ਲਈ 120 ਦਿਨ ਦੀ ਇਕ ਸੂਚੀ ਤਿਆਰ ਕਰ ਲਈ ਹੈ। ਜਾਰੀ ਚਰਚਾ ਦੇ ਉਲਟ ਸ਼ਾਹ ਦੀ ਤਰਜੀਹ ਅਸਲ ’ਚ ਹਰਿਆਣਾ, ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਨਹੀਂ ਹਨ। ਉਹ ਸੋਚਦੇ ਹਨ ਕਿ ਭਾਜਪਾ ਨੂੰ ਇਨ੍ਹਾਂ ਸੂਬਿਆਂ ’ਚ ਜ਼ਮੀਨੀ ਪੱਧਰ ’ਤੇ ਮੈਂਬਰਸ਼ਿਪ ਮੁਹਿੰਮ ’ਚ ਕੁਝ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਾਹਿਰਾ ਤੌਰ ’ਤੇ ਧਿਆਨ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਉਨ੍ਹਾਂ ਨਵੇਂ ਚੋਣ ਖੇਤਰਾਂ ’ਤੇ ਹੈ, ਜਿਥੇ ਚੋਣਾਂ ’ਚ ਭਾਜਪਾ ਹਾਰ ਗਈ ਜਾਂ ਉਸ ਦੀ ਵੋਟ ਹਿੱਸੇਦਾਰੀ ਘੱਟ ਰਹੀ ਅਤੇ ਸਾਰੇ ਸੂਬਿਆਂ ਵਿਚ ਅਜਿਹੇ ਸਥਾਨਕ ਬਲਾਕ ਪੱਧਰ ਦੀਆਂ ਪ੍ਰਸਿੱਧ ਹਸਤੀਆਂ ਅਤੇ ਸੋਸ਼ਲ ਮੀਡੀਆ ਵਿਚ ਫਾਲੋਇੰਗ ਵਾਲੇ ਲੋਕਾਂ ਨੂੰ ਭਗਵਾ ਖੇਮੇ ’ਚ ਲਿਆਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਲੋਕ-ਰਾਇ ਨੂੰ ਪ੍ਰਭਾਵਿਤ ਕਰ ਸਕਣ।

ਬਿਹਾਰ ’ਚ ਰਾਜਦ ਗ਼ੈਰ-ਸਰਗਰਮ

ਲੋਕ ਸਭਾ ਚੋਣਾਂ ਤੋਂ ਬਾਅਦ ਰਾਜਦ ਨੇਤਾ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਬਿਹਾਰ ਦੀ ਰਾਜਨੀਤੀ ਤੋਂ ਪਰ੍ਹੇ ਰਹਿ ਰਹੇ ਹਨ ਅਤੇ ਮੁਜ਼ੱਫਰਪੁਰ ’ਚ ਬੱਚਿਆਂ ਦੀ ਮੌਤ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਜਾਂ ਚਿੰਤਾ ਨਹੀਂ ਦਿਖਾ ਰਹੇ ਅਤੇ ਇਥੋਂ ਤਕ ਕਿ ਰਾਜਦ ਤੋਂ ਕੋਈ ਵੀ ਪਾਰਟੀ ਨੇਤਾ ਮੁਜ਼ੱਫਰਪੁਰ ਨਹੀਂ ਗਿਆ। ਕਿਉਂਕਿ ਸੀਨੀਅਰ ਨੇਤਾ ਆਮ ਚੋਣਾਂ ’ਚ ਪਾਰਟੀ ਦੀ ਹਾਰ ਦਾ ਦੋਸ਼ ਤੇਜਸਵੀ ਪ੍ਰਸਾਦ ਯਾਦਵ ਨੂੰ ਦੇ ਰਹੇ ਹਨ, ਸ਼ਨੀਵਾਰ ਨੂੰ ਤੇਜਸਵੀ ਯਾਦਵ ਨੇ ਖ਼ੁਦ ਸਾਹਮਣੇ ਨਾ ਆ ਕੇ ਟਵਿਟਰ ’ਤੇ ਲਿਖਿਆ ਕਿ ‘‘ਮੈਂ ਗੋਡਿਆਂ ਦੇ ਲਿਗਾਮੈਂਟ ਦਾ ਇਲਾਜ ਕਰਵਾ ਰਿਹਾ ਹਾਂ।’’ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੀ ਭੈਣ ਮੀਸਾ ਭਾਰਤੀ, ਜੋ ਰਾਜ ਸਭਾ ਮੈਂਬਰ ਹੈ, ਨੇ ਤੇਜ ਪ੍ਰਤਾਪ ਦੇ ਵਿਵਹਾਰ ਨੂੰ ਲੈ ਕੇ ਪਾਰਟੀ ਮਾਮਲਿਆਂ ਵਿਚ ਦਖਲਅੰਦਾਜ਼ੀ ਕੀਤੀ ਸੀ, ਜੋ ਇਹ ਸੰਕੇਤ ਦੇ ਰਹੇ ਹਨ ਕਿ ਉਹ ‘ਤੇਜ ਸੈਨਾ’ ਨਾਂ ਦੀ ਇਕ ਪਾਰਟੀ ਬਣਾਉਣਗੇ, ਜਿਸ ਦੇ ਨਤੀਜੇ ਵਜੋਂ ਤੇਜਸਵੀ ਯਾਦਵ ਦਿੱਲੀ ਵਿਚ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਉਹ ਇਕ-ਦੋ ਦਿਨਾਂ ’ਚ ਪਟਨਾ ਆ ਰਹੇ ਹਨ ਅਤੇ ਬਿਹਾਰ ਦੀਆਂ ਸਮੱਸਿਆਵਾਂ ਲਈ ਲੜਨਗੇ। ਲਾਲੂ ਦੇ ਜੇਲ ਜਾਣ ਤੋਂ ਬਾਅਦ ਰਾਜਦ ਆਪਣੀ ਕੁਦਰਤੀ ਮੌਤ ਵੱਲ ਵਧ ਰਿਹਾ ਹੈ ਅਤੇ 30 ਸਾਲਾਂ ਬਾਅਦ ਪਹਿਲੀ ਵਾਰ ਰਾਜਦ ਦਾ ਲੋਕ ਸਭਾ ’ਚ ਕੋਈ ਸੰਸਦ ਮੈਂਬਰ ਨਹੀਂ।

ਮਾਇਆਵਤੀ ਦੇ ਮੌਕਾਪ੍ਰਸਤ ਗੱਠਜੋੜ

ਗੱਠਜੋੜ ਬਣਾਉਣਾ ਅਤੇ ਉਸ ਨੂੰ ਤੋੜ ਦੇਣਾ ਮਾਇਆਵਤੀ ਲਈ ਨਵੀਂ ਗੱਲ ਨਹੀਂ ਹੈ। ਇਨ੍ਹਾਂ ਲੋਕ ਸਭਾ ਚੋਣਾਂ ’ਚ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕੀਤਾ ਸੀ ਪਰ ਨਤੀਜੇ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਗੱਠਜੋੜ ਤੋੜ ਦਿੱਤਾ। ਚੋਣਾਂ ਤੋਂ ਪਹਿਲਾਂ ਅਤੇ ਬਾਅਦ ਬਸਪਾ ਦਾ ਇਹ ਨਿਯਮਿਤ ਕੰਮ ਹੈ। ਬਸਪਾ ਨੇ ਸਪਾ ਨਾਲ ਪਹਿਲੀ ਵਾਰ 1993 ’ਚ ਗੱਠਜੋੜ ਕੀਤਾ ਸੀ ਅਤੇ ਅਨੁਕੂਲ ਨਤੀਜੇ ਆਉਣ ’ਤੇ ਦੋਹਾਂ ਨੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਸਰਕਾਰ ਬਣਾਈ ਪਰ 1995 ’ਚ ਬਸਪਾ ਨੇ ਗੱਠਜੋੜ ਤੋੜ ਦਿੱਤਾ ਅਤੇ ਭਾਜਪਾ ਦੇ ਬਾਹਰੀ ਸਮਰਥਨ ਨਾਲ ਸਰਕਾਰ ਬਣਾ ਲਈ। ਫਿਰ 1996 ’ਚ ਬਸਪਾ ਨੇ ਕਾਂਗਰਸ ਨਾਲ ਮਿਲ ਕੇ ਚੋਣ ਲੜੀ ਅਤੇ ਛੇਤੀ ਹੀ ਉਸ ਨਾਲੋਂ ਗੱਠਜੋੜ ਤੋੜ ਕੇ ਇਕ ਵਾਰ ਫਿਰ ਭਾਜਪਾ ਦੇ ਨਾਲ ਇਸ ਸ਼ਰਤ ’ਤੇ ਗੱਠਜੋੜ ਬਣਾ ਲਿਆ ਕਿ ਦੋਵੇਂ ਪਾਰਟੀਆਂ 6-6 ਮਹੀਨਿਆਂ ਬਾਅਦ ਵਾਰੀ-ਵਾਰੀ ਸਰਕਾਰ ਚਲਾਉਣਗੀਆਂ ਪਰ ਜਦੋਂ 6 ਮਹੀਨਿਆਂ ਬਾਅਦ ਭਾਜਪਾ ਸੱਤਾ ’ਚ ਆਈ ਤਾਂ ਮਾਇਆਵਤੀ ਨੇ ਸਮਰਥਨ ਵਾਪਿਸ ਲੈ ਲਿਆ ਪਰ ਕਲਿਆਣ ਸਿੰਘ ਨੇ ਬਸਪਾ ਨੂੰ 2 ਹਿੱਸਿਆਂ ’ਚ ਵੰਡ ਕੇ ਆਪਣੀ ਸਰਕਾਰ ਬਚਾ ਲਈ। ਉਦੋਂ ਮਾਇਆਵਤੀ ਨੇ ਐਲਾਨ ਕੀਤਾ ਸੀ ਕਿ ਉਹ ਕਦੇ ਵੀ ਭਾਜਪਾ ਨਾਲ ਗੱਠਜੋੜ ਨਹੀਂ ਕਰੇਗੀ ਪਰ 5 ਸਾਲਾਂ ਬਾਅਦ 2002 ’ਚ ਮਾਇਆਵਤੀ ਭਾਜਪਾ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੀ। ਇਹ ਤੱਥ ਹੈ ਕਿ ਜੇਕਰ ਮਾਇਆਵਤੀ ਨੇ ਇਸ ਵਾਰ ਸਪਾ ਨਾਲ ਕੋਈ ਗੱਠਜੋੜ ਨਾ ਕੀਤਾ ਹੁੰਦਾ ਤਾਂ ਬਸਪਾ ਦਾ ਨਤੀਜਾ 2014 ਵਾਲਾ ਹੀ ਰਹਿੰਦਾ। ਸਪਾ ਨਾਲ ਗੱਠਜੋੜ ਨੇ ਮੁਸਲਮਾਨਾਂ ਨੂੰ ਬਸਪਾ ਉਮੀਦਵਾਰਾਂ ਲਈ ਵੱਡੀ ਗਿਣਤੀ ’ਚ ਵੋਟ ਪਾਉਣ ਲਈ ਮਜਬੂਰ ਕੀਤਾ, ਜਿਸ ਦੇ ਸਿੱਟੇ ਵਜੋਂ ਬਿਜਨੌਰ ਤੋਂ ਬਸਪਾ ਉਮੀਦਵਾਰ ਜਿੱਤ ਗਏ, ਜਿਥੇ ਬਸਪਾ ਦਾ ਹਿੰਦੂ ਉਮੀਦਵਾਰ ਕਾਂਗਰਸ ਦੇ ਮੁਸਲਮਾਨ ਉਮੀਦਵਾਰ ਵਿਰੁੱਧ ਲੜ ਰਿਹਾ ਸੀ ਅਤੇ ਜੇਕਰ ਬਸਪਾ ਨੇ ਮੇਰਠ ’ਚ ਮੁਸਲਿਮ ਉਮੀਦਵਾਰ ਦੀ ਥਾਂ ’ਤੇ ਇਕ ਹਿੰਦੂ ਉਮੀਦਵਾਰ ਨੂੰ ਟਿਕਟ ਦਿੱਤੀ ਹੁੰਦੀ ਤਾਂ ਬਸਪਾ ਦਾ ਉਮੀਦਵਾਰ ਜ਼ਰੂਰ ਜਿੱਤ ਜਾਂਦਾ। ਇਹ ਸਭ ਬਸਪਾ ਨੂੰ ਸਪਾ ਦੀਆਂ ਵੋਟਾਂ ਦੇ ਸਮਰਥਨ ਕਾਰਣ ਸੀ ਅਤੇ ਸਪਾ ਆਪਣੇ ਪਰਿਵਾਰਕ ਝਗੜੇ ਅਤੇ ਵਿਵਾਦਾਂ ਕਾਰਣ ਹਾਰ ਗਈ ਅਤੇ ਮਾਇਆਵਤੀ ਨੇ ਹਮੇਸ਼ਾ ਵਾਂਗ ਸਪਾ ਨੂੰ ਛੱਡ ਦਿੱਤਾ ਅਤੇ ਹੁਣ ਉਹ ਅਗਲੀਆਂ ਚੋਣਾਂ ’ਚ ਇਕ ਨਵਾਂ ਗੱਠਜੋੜ ਬਣਾਏਗੀ।

ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ’ਚ ਆਉਣਗੇ

ਇਨ੍ਹਾਂ ਸੰਕੇਤਾਂ ਵਿਚਾਲੇ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜੋ 14 ਜੂਨ ਨੂੰ ਰਿਟਾਇਰ ਹੋ ਗਏ ਹਨ, ਨੂੰ ਉਪਰਲੇ ਸਦਨ ’ਚ ਵਾਪਿਸ ਲਿਆਉਣ ਲਈ ਪਤਾ ਲੱਗਾ ਹੈ ਕਿ ਕਾਂਗਰਸ ਨੇ ਆਪਣੇ ਸਹਿਯੋਗੀ ਦ੍ਰਮੁਕ ਨੂੰ ਰਾਜ ਸਭਾ ਲਈ ਇਕ ਸੀਟ ਰੱਖਣ ਲਈ ਕਿਹਾ ਹੈ। ਤਾਮਿਲਨਾਡੂ ਤੋਂ 3 ਸੀਟਾਂ ਖਾਲੀ ਹਨ ਅਤੇ ਇਕ ਰਿਪੋਰਟ ਅਨੁਸਾਰ ਦ੍ਰਮੁਕ ਕਾਂਗਰਸ ਨੂੰ ਵਾਧੂ ਵੋਟਾਂ ਦੇਣ ਲਈ ਮੰਨ ਗਈ ਪਰ ਬੀਤੇ ਹਫਤੇ ਰਾਜਸਥਾਨ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦੇ ਅਚਾਨਕ ਦਿਹਾਂਤ ਨਾਲ ਕਾਂਗਰਸ ਹੁਣ ਚਾਹੁੰਦੀ ਹੈ ਕਿ ਮਨਮੋਹਨ ਸਿੰਘ ਨੂੰ ਰਾਜਸਥਾਨ ਤੋਂ ਚੁਣਿਆ ਜਾਵੇ।

nora_chopra@yahoo.com
 


Bharat Thapa

Content Editor

Related News