ਸੇਂਗੋਲ ਦਾ ਅਰਥ ਸੱਤਾ ਨਹੀਂ ਸਗੋਂ ‘ਧਰਮੀ ਸ਼ਾਸਨ’

Sunday, Jun 04, 2023 - 06:20 PM (IST)

ਸੇਂਗੋਲ ਦਾ ਅਰਥ ਸੱਤਾ ਨਹੀਂ ਸਗੋਂ ‘ਧਰਮੀ ਸ਼ਾਸਨ’

ਤਿਰੁਵੱਲੁਵਰ, ਏਲੰਗੋ ਅਡਿਗਲ, ਅਵੱਈਅਰ ਅਤੇ ਸੰਗਮ ਕਵੀ ਜੇਕਰ ਮਾਣਯੋਗ ਪ੍ਰਧਾਨ ਮੰਤਰੀ, ਵਿਕ੍ਰਤੀਆਂ ਅਤੇ ਭਾਜਪਾ ਦੇ ਸਪਿਨ ਡਾਕਟਰਾਂ ਵੱਲੋਂ ਸੇਂਗੋਲ ਦੀ ਹੈਰਾਨ ਕਰਨ ਵਾਲੀ ਵਿਆਖਿਆ ਬਾਰੇ ਸੁਣਨਗੇ ਤਾਂ ਉਹ ਆਪਣੀ ਕਬਰ ’ਚ ਪਲਟ ਜਾਣਗੇ। ਉਨ੍ਹਾਂ ਦੀ ਵਿਆਖਿਆ ’ਚ ਸੇਂਗੋਲ ਲੌਕਿਕ ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ। ਇਕ ਪੁਜਾਰੀ ਜਾਂ ਇਕ ਸਾਬਕਾ ਹਾਕਮ ਵੱਲੋਂ ਸੇਂਗੋਲ ਨੂੰ ਨਵੇਂ ਹਾਕਮ ਨੂੰ ਸੌਂਪਣ ਦੀ ਕਲਪਨਾ ਨੂੰ ਸੱਤਾ ਦੀ ਤਬਦੀਲੀ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ।

ਕਿਵੇਂ ਇਤਿਹਾਸ ਅਤੇ ਇਕ ਨੈਤਿਕ ਸਿਧਾਂਤ ਨੂੰ ਬੇਸ਼ਰਮੀ ਨਾਲ ਤੋੜਿਆ-ਮਰੋੜਿਆ ਜਾ ਸਕਦਾ ਹੈ, ਇਸ ਦਾ ਪ੍ਰਦਰਸ਼ਨ 28 ਮਈ, 2023 ਨੂੰ ਹੋਇਆ। ਇਹ ਮੰਦਭਾਗਾ ਸੀ ਕਿ ਸ਼ੈਵ ਅਦੀਨਮ (ਮਠ) ਦੇ ਆਪੇ ਬਣੇ ਮੁਖੀਆਂ ਨੂੰ ਅਜਿਹੇ ਸਮਾਰੋਹ ’ਚ ਧਾਰਮਿਕਤਾ ਦੀ ਇਕ ਵੱਡੀ ਖੁਰਾਕ ਇੰਜੈਕਟ ਕਰਨ ਲਈ ਸੱਦਿਆ ਗਿਆ ਸੀ, ਜੋ ਇਕ ਧਰਮਨਿਰਪਖ ਘਟਨਾ ਹੋਣੀ ਚਾਹੀਦੀ ਸੀ।

ਜਦੋਂ ਲੋਕਾਂ ਨੇ ਆਪਣੇ ਟੈਲੀਵਿਜ਼ਨ ਸਕ੍ਰੀਨ ’ਤੇ ਦੇਖਿਆ ਹੋਵੇਗਾ, ਉਨ੍ਹਾਂ ਨੇ ਯਕੀਨੀ ਤੌਰ ’ਤੇ 25 ਜੁਲਾਈ, 2022 ਨੂੰ ਰਾਸ਼ਟਰਪਤੀ ਮੁਰਮੂ ਦੇ ਸਾਦੇ ਸਹੁੰ ਚੁੱਕ ਸਮਾਰੋਹ ਨਾਲ ਇਸ ਰਵਾਇਤ ਦੀ ਤੁਲਨਾ ਕੀਤੀ ਹੋਵੇਗੀ। ਖਾਸ ਕਰ ਕੇ ਕਰਨਾਟਕ ਦੇ ਲੋਕਾਂ ਨੂੰ ਹੈਰਾਨੀ ਹੋਈ ਹੋਵੇਗੀ ਕਿ ‘ਕਿਹੜਾ ਕਿਸ ਲਈ ਸੱਤਾ ਤਬਦੀਲ ਕਰ ਰਿਹਾ ਹੈ?’

ਕਵੀਆਂ ਨੇ ਸੇਂਗੋਲ ਨੂੰ ਪਰਿਭਾਸ਼ਿਤ ਕੀਤਾ

31 ਈਸਾ ਪੂਰਵ ’ਚ ਇਕ ਤਮਿਲ ਕਵੀ ਅਤੇ ਦਾਰਸ਼ਨਿਕ, ਤਿਰੁਵੱਲੁਵਰ ਨੇ ਆਪਣੇ ਅਮਰ ਛੰਦ ਲਿਖੇ, ਜੋ ਪ੍ਰਸਿੱਧ ਤਿਰੁੱਕੁਰਲ ’ਚ ਮੌਜੂਦ ਹਨ। ਵੇਲਥ ਨਾਮਕ ਹਿੱਸੇ ’ਚ, ਉਨ੍ਹਾਂ ਨੇ ਸੇਂਗੋਨਮਾਈ (ਧਰਮੀ ਰਾਜਦੰਡ) ਅਤੇ ਕੋਡੁੰਗੋਨਮਾਈ (ਜ਼ਾਲਮ ਰਾਜਦੰਡ) ਨਾਮਕ ਦੋ ਅਧਿਆਇਆਂ ਨੂੰ ਸ਼ਾਮਲ ਕੀਤਾ। ਦੋਹਾ 546 ਪੜ੍ਹਦਾ ਹੈ-

‘ਵੇਲਾਂਦ੍ਰਿ ਵੇਂਦ੍ਰੀ ਤਰੁਵਥੁ ਮੰਨਾਵਨ

ਕੋਲ ਅਦੁਊਮ ਕੋਡਥੁ ਏਨਿਨ’

ਕੋਲ ਰਾਜਦੰਡ ਹੈ। ਪਦ ਦਾ ਅਰਥ ਹੈ ਕਿ ‘ਹਾਕਮ ਦੀ ਜਿੱਤ ਭਾਲਾ ਨਹੀਂ, ਉਹ ਕੋਲ (ਰਾਜਦੰਡ) ਹੈ ਪਰ ਕਵੀ ਦੇ ਆਖਰੀ 3 ਸ਼ਬਦਾਂ ’ਤੇ ਧਿਆਨ ਦਿਓ-ਕੋਲ ਜੋ ਝੁਕੇਗਾ ਨਹੀਂ, ਰਾਜਦੰਡ ਖੜ੍ਹਾ ਹੋਣਾ ਚਾਹੀਦਾ ਹੈ, ਉਸ ਨੂੰ ਇਸ ਪਾਸੇ ਜਾਂ ਉਸ ਪਾਸੇ ਨਹੀਂ ਝੁਕਣਾ ਚਾਹੀਦਾ। ਪ੍ਰਧਾਨ ਮੰਤਰੀ ਵੱਲੋਂ ਚੁੱਕੀ ਜਾਣ ਵਾਲੀ ਸਹੁੰ ’ਚ ਵੀ ਇਹੀ ਵਿਚਾਰ ਮੌਜੂਦ ਹੈ ‘ਮੈਂ ਬਿਨਾਂ ਕਿਸੇ ਡਰ ਜਾਂ ਪੱਖਪਾਤ, ਸਨੇਹ ਜਾਂ ਮਾੜੀ ਭਾਵਨਾ ਦੇ ਸੰਵਿਧਾਨ ਤੇ ਕਾਨੂੰਨਾਂ ਮੁਤਾਬਕ ਸਭ ਤਰ੍ਹਾਂ ਦੇ ਲੋਕਾਂ ਲਈ ਸਹੀ ਕੰਮ ਕਰਾਂਗੇ।’ ਕੋਲ ਧਰਮੀ ਸ਼ਾਸਨ ਦਾ ਪ੍ਰਤੀਕ ਹੈ, ਨਾ ਜ਼ਿਆਦਾ ਨਾ ਘੱਟ। ਇਹ ਇਕ ਸੇਂਗੋਲ ਹੋਵੇਗਾ ਜੇਕਰ ਇਹ ਝੁਕਦਾ ਨਹੀਂ ਹੈ, ਜੇਕਰ ਇਹ ਝੁਕਦਾ ਹੈ ਤਾਂ ਇਹ ਇਕ ਜ਼ਾਲਮ ਨਿਯਮ ਹੋਵੇਗਾ।

ਸੇਂਗੋਲ ਧਰਮੀ ਸ਼ਾਸਨ ਲਈ ਖੜ੍ਹਾ ਹੈ, ਸੱਤਾ ਲਈ ਨਹੀਂ। ਰਾਜਦੰਡ ਧਾਰਨ ਕਰਨ ਵਾਲਾ ਸ਼ਾਸਕ ਸਹੀ ਢੰਗ ਨਾਲ ਸ਼ਾਸਨ ਕਰਨ ਦਾ ਵਾਅਦਾ ਕਰਦਾ ਹੈ। ਤਿਰੁਵੱਲੁਵਰ ਨੇ ਸੇਂਗੋਲ ਨੂੰ ਸ਼ਾਸਕ ਦੇ 4 ਗੁਣਾਂ ’ਚੋਂ ਇਕ ਦੇ ਰੂਪ ’ਚ ਰੱਖਿਆ- ‘ਦਾਨ, ਕਰੁਣਾ, ਧਰਮੀ ਸ਼ਾਸਨ ਅਤੇ ਕਮਜ਼ੋਰ (ਗਰੀਬਾਂ) ਦੀ ਸੁਰੱਖਿਆ ਇਕ ਚੰਗੇ ਰਾਜੇ ਦੇ 4 ਗੁਣ ਹਨ’ (ਕੁਰਲ 390)। ਇਕ ਹੋਰ ਅਧਿਆਏ ਦਾ ਵਿਸ਼ਾ ਕੋਡੁੰਗੋਨਮਾਈ ਹੈ, ਜੋ ਸੇਂਗੋਨਮਾਈ ਦੇ ਉਲਟ ਹੈ ਅਤੇ ਇਕ ਜ਼ਾਲਮ ਜਾਂ ਅਨਿਆਪੂਰਨ ਨਿਯਮ ਦੇ ਰੂਪ ’ਚ ਵਰਣਿਤ ਹੈ।

ਸੇਂਗੋਲ ਦੀ ਪ੍ਰਸ਼ੰਸਾ ਕਰਨ ਵਾਲੇ ਗੀਤ

ਇਕ ਸੰਗਮ ਕਵੀ ਨੇ ਪ੍ਰਸਿੱਧ ਚੋਲ ਰਾਜਾ ਕਰਿਕਾਲਨ ਦੀ ਉਨ੍ਹਾਂ ਦੇ ਅਰਾਨੋਡੂ ਪੁਨਰਨੰਦਾ ਤਿਰਨਾਨੀ ਸੇਂਗੋਲ ਲਈ ਪ੍ਰਸ਼ੰਸਾ ਕੀਤੀ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਬੁੱਧੀਮਾਨ ਸ਼ਾਸਨ ਨੈਤਿਕਤਾ ਨਾਲ ਜੁੜਿਆ ਹੋਇਆ ਸੀ। ਇਕ ਹੋਰ ਸੰਗਮ ਕਵੀ ਨੇ ਸ਼ਾਸਕ ਨੂੰ ‘ਅਰੇਰਕੂ ਨਿਝੰਦ੍ਰਾ ਕੋਲਿਨ’ ਦੇ ਰੂਪ ’ਚ ਵਰਣਿਤ ਕੀਤਾ, ਜਿਸ ਦਾ ਅਰਥ ਹੈ ਸ਼ਾਸਕ ਨੇ ਇਹ ਯਕੀਨੀ ਬਣਾਇਆ ਕਿ ਭੋਜਨ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਕ ਜੈਨ ਭਿਕਸ਼ੂ ਏਲੰਗੋ ਅਡਿਗਲ, ਜਿਨ੍ਹਾਂ ਨੇ ਮਹਾਕਾਵਿ ਸਿਲੱਪਾਥਿਕਰਮ ਲਿਖਿਆ ਸੀ, ਕੰਨਗੀ ਦੇ ਨਾਲ ਹੋਏ ਅਨਿਆਂ ’ਤੇ ਸ਼ੋਕ ਪ੍ਰਗਟ ਕੀਤਾ ਤੇ ਰਾਜੇ ਦੇ ਕਿਆਮਤ ਦੀ ਭਵਿੱਖਬਾਣੀ ਕੀਤੀ, ਜਿਸ ਨੇ ਸੇਂਗੋਲ ਨੂੰ ਝੁਕਾ ਦਿੱਤਾ ਸੀ।

ਜਨ ਕਵੀ ਅਵੱਈਅਰ ਨੇ ਸਰਲ ਭਾਸ਼ਾ ’ਚ ਛੰਦਾਂ ਦੀ ਰਚਨਾ ਕੀਤੀ। ਇਕ ਪ੍ਰਸਿੱਧ ਕਵਿਤਾ ਪੜ੍ਹਦੀ ਹੈ-

‘ਜਬ ਮੇੜ ਉਠੇਗੀ ਤੋ ਪਾਨੀ ਊਪਰ ਉਠੇਗਾ, ਪਾਨੀ ਬੜੇਗਾ ਤੋ ਧਾਨ ਉਗੇਗਾ,

ਜਬ ਧਾਨ ਉਗੇਗਾ ਤੋ ਪਰਿਵਾਰ ਬੜੇਂਗੇ, ਜਬ ਪਰਿਵਾਰੋਂ ਕਾ ਉਦਯ ਹੋਗਾ, ਕੋਲ (ਰਾਜਦੰਡ) ਉਠੇਗਾ,

ਔਰ ਜਬ ਰਾਜਦੰਡ ਸੀਧਾ ਉਠੇਗਾ, ਤਬ ਸ਼ਾਸਕ ਉਠੇਗਾ’

ਇਕ ਰਾਜਦੰਡ ਜੋ ਝੁਕ ਜਾਵੇਗਾ ਉਹ ਇਕ ਅਨਿਆਪੂਰਨ ਜਾਂ ਜ਼ਾਲਮ ਸ਼ਾਸਨ ਦਾ ਪ੍ਰਤੀਕ ਹੈ। ਕਿਸੇ ਇਕ ਵਰਗ ਪ੍ਰਤੀ ਪੱਖਪਾਤ ਜਾਂ ਦੂਜੇ ਪ੍ਰਤੀ ਪੂਰਵਾਗ੍ਰਹਿ ਨਹੀਂ ਹੋ ਸਕਦਾ। ਕਿਸੇ ਵੀ ਭਾਈਚਾਰੇ ਜਾਂ ਧਰਮ ਜਾਂ ਭਾਸ਼ਾ ਪ੍ਰਤੀ ਮਾੜੀ ਭਾਵਨਾ ਲਈ ਕੋਈ ਥਾਂ ਨਹੀਂ ਹੈ।

ਸਮਕਾਲੀਨ ਉਦਾਹਰਣ ਦੇਣ ਲਈ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਜਾਂ ਲਵ ਜਿਹਾਦ ਜਾਂ ਬੁਲਡੋਜ਼ਰ ਨਿਆਂ ਲਈ ਕੋਈ ਥਾਂ ਨਹੀਂ ਹੋ ਸਕਦੀ। ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਲਈ ਕੋਈ ਥਾਂ ਨਹੀਂ ਹੋ ਸਕਦੀ, ਜੋ ਕਿਸੇ ਵੀ ਗੁਆਂਢੀ ਦੇਸ਼ ਦੇ ਮੁਸਲਮਾਨਾਂ, ਨੇਪਾਲ ਦੇ ਇਸਾਈਆਂ ਅਤੇ ਬੋਧੀਆਂ ਤੇ ਸ਼੍ਰੀਲੰਕਾ ਦੇ ਤਮਿਲਾਂ ਨਾਲ ਭੇਦਭਾਵ ਕਰਦਾ ਹੈ। ਕਿਸਾਨਾਂ ਨੂੰ ਵਪਾਰੀਆਂ ਅਤੇ ਏਕਾਧਿਕਾਰੀਆਂ ਦੀ ਦਯਾ ’ਤੇ ਰੱਖਣ ਵਾਲੇ ਖੇਤੀ ਕਾਨੂੰਨਾਂ ਲਈ ਕੋਈ ਥਾਂ ਨਹੀਂ ਹੋ ਸਕਦੀ। ਮਹਾਰਾਸ਼ਟਰ ਤੋਂ ਪ੍ਰਾਜੈਕਟ ਖੋਹ ਕੇ ਗੁਜਰਾਤ ਲਿਜਾਣ ਦੀ ਕੋਈ ਥਾਂ ਨਹੀਂ ਹੋ ਸਕਦੀ। ਇਕ ਧਰਮੀ ਸ਼ਾਸਕ ਦੀ ਸਿਆਸੀ ਪਾਰਟੀ ਕਰਨਾਟਕ ’ਚ ਹਾਲ ਹੀ ’ਚ ਹੋਈਆਂ ਚੋਣਾਂ ਵਾਂਗ ਸੂਬੇ ਦੀਆਂ ਚੋਣਾਂ ’ਚ ਮੁਸਲਿਮ ਜਾਂ ਇਸਾਈ ਭਾਈਚਾਰਿਆਂ ਦੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਤੋਂ ਨਾਂਹ ਨਹੀਂ ਕਰ ਸਕਦੀ। ਨਾ ਹੀ ਨਿਆਂ ਦੀ ਮੰਗ ਕਰਨ ਵਾਲੇ ਤਮਗਾ ਜੇਤੂ ਖਿਡਾਰੀਆਂ ਦੇ ਸ਼ਾਂਤੀਪੂਰਨ ਵਿਰੋਧ ਨੂੰ ਇਕ ਧਰਮੀ ਸ਼ਾਸਕ ਦੀ ਪੁਲਸ ਤਾਕਤ ਦੀ ਵਰਤੋਂ ਨਾਲ ਤੋੜ ਸਕਦੀ ਹੈ।

ਸੇਂਗੋਲ ਨੂੰ ਅਪਵਿੱਤਰ ਨਾ ਕਰੋ

ਸੱਤਾ ਨਾਲ ਰਾਜਦੰਡ ਦੀ ਬਰਾਬਰੀ ਕਰਨਾ ਸੇਂਗੋਲ ਦੀ ਧਾਰਨਾ ਨੂੰ ਅਪਵਿੱਤਰ ਕਰਨਾ ਹੈ। ਲਾਰਡ ਮਾਊਂਟਬੈਟਨ ਅਤੇ ਰਾਜਾਜੀ ਦਾ ਹਵਾਲਾ ਦੇਣਾ ਨਾ ਸਿਰਫ ਇਤਿਹਾਸ ਨੂੰ ਵਿਗਾੜਦਾ ਹੈ ਸਗੋਂ ਇਕ ਵਿਵਹਾਰਕ ਵਾਇਸਰਾਏ ਅਤੇ ਇਕ ਬੁੱਧੀਮਾਨ ਵਿਦਵਾਨ-ਰਾਜਨੇਤਾ ਨੂੰ ਨੀਂਵਾਂ ਦਿਖਾਉਣਾ ਅਤੇ ਉਨ੍ਹਾਂ ਲਈ ਆਮ ਗਿਆਨ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਉਣਾ ਹੈ।

ਸੇਂਗੋਲ ਨੂੰ ਸਦਨ ਦੀ ਕਾਰਵਾਈ ਦਾ ਮੂਕ ਗਵਾਹ ਬਣਨ ਦਿਓ। ਜੇਕਰ ਸਭਾ ’ਚ ਮੁਕਤ ਵਾਦ-ਵਿਵਾਦ ਹੋਵੇ ਤਾਂ ਸੇਂਗੋਲ ਸਿੱਧਾ ਖੜ੍ਹਾ ਹੋਵੇਗਾ-ਜੇਕਰ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਹੈ, ਜੇਕਰ ਸਹਿਮਤ ਹੋਣ ਅਤੇ ਅਸਹਿਮਤ ਹੋਣ ਦੀ ਆਜ਼ਾਦੀ ਹੈ ਅਤੇ ਜੇਕਰ ਅਨਿਆਪੂਰਨ ਜਾਂ ਅਸੰਵਿਧਾਨਕ ਕਾਨੂੰਨਾਂ ਵਿਰੁੱਧ ਪੋਲਿੰਗ ਕਰਨ ਦੀ ਆਜ਼ਾਦੀ ਹੈ।

ਪੀ. ਚਿਦਾਂਬਰਮ


author

Rakesh

Content Editor

Related News