‘ਪਹਾੜ ਚੜ੍ਹਨ ਲਈ ਹੀ ਹੁੰਦੇ ਹਨ’

Sunday, Nov 22, 2026 - 12:26 PM (IST)

‘ਪਹਾੜ ਚੜ੍ਹਨ ਲਈ ਹੀ ਹੁੰਦੇ ਹਨ’

ਮੈਂ 2 ਰਿਪੋਰਟਾਂ ਦੇ ਵਿਚਕਾਰ ਝੂਲ ਰਿਹਾ ਹਾਂ-ਇਕ ਦਿੱਲੀ ਤੋਂ ਅਤੇ ਦੂਜੀ ਵਿਆਪਕ ਰੂਪ ’ਚ ਜ਼ਮੀਨੀ ਪੱਧਰ ਤੋਂ। ‘ਵੋਟ ਚੋਰੀ’ ਦੇ ਖਿਲਾਫ਼ ਲਗਾਤਾਰ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਐੱਸ. ਆਈ. ਆਰ. ਪ੍ਰਤੀ ਸੁਪਰੀਮ ਕੋਰਟ ਦੇ ਰੁਖ਼ ’ਚ ਆਏ ਸੂਖਮ ਬਦਲਾਅ ਦੀ ਬਦੌਲਤ, ਭਾਰਤ ਦੇ ਚੋਣ ਕਮਿਸ਼ਨ (ਈ. ਸੀ. ਆਈ.) ਨੇ ਉਨ੍ਹਾਂ ਕੁਝ ਘੋਰ ਜ਼ਿਆਦਤੀਆਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਨੇ 13,30,00,000 ਨਾਗਰਿਕਾਂ ਨੂੰ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਸੀ। ਅੰਤਿਮ ਰੂਪ ਨਾਲ ਦੇਖਣ ਵਾਲੀ ਗਿਣਤੀ ਹਰ ਸੂਬੇ ਦੀ ਬਾਲਗ ਆਬਾਦੀ ਦੇ ਅਨੁਪਾਤ ’ਚ ਵੋਟਰਾਂ ਦੀ ਗਿਣਤੀ ਹੈ। ਇਹ ਅਨੁਪਾਤ 100 ਫੀਸਦੀ ਦੇ ਜਿੰਨਾ ਕਰੀਬ ਹੋਵੇਗਾ, ਵੋਟਰ ਸੂਚੀਆਂ ਓਨੀਆਂ ਹੀ ਖਾਮੀ ਰਹਿਤ ਹੋਣਗੀਆਂ।

ਦੂਜੀ ਰਿਪੋਰਟ ਇਹ ਹੈ ਕਿ ਅੰਤਿਮ ਵੋਟਰ ਸੂਚੀਆਂ ਚਾਹੇ ਕਿੰਨੀਆਂ ਵੀ ਦੋਸ਼ਪੂਰਨ ਕਿਉਂ ਨਾ ਹੋਣ, ਲੋਕ ਮਨ ਹੀ ਮਨ ਕੋਸਦੇ ਹੋਏ ਵੀ ਵੋਟ ਪਾਉਣਗੇ।

ਹੁਣ ਇਹ ਖ਼ਬਰ ਆ ਰਹੀ ਹੈ ਕਿ ਬਾਹਰ ਕੀਤੇ ਗਏ ਕਈ ਵੋਟਰ (ਮ੍ਰਿਤਕਾਂ ਨੂੰ ਛੱਡ ਕੇ) ਫਾਰਮ 6 ਜਾਂ ਫਾਰਮ 8 ਦੇ ਜ਼ਰੀਏ ਜਾਂ ‘ਗਣਨਾ ਫਾਰਮ’ ਦੇ ਮਾਧਿਅਮ ਨਾਲ ਜਾਂ ਵਾਅਦਾ ਕੀਤੇ ਗਏ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਦੌਰਿਆਂ ਅਤੇ ਵਿਸ਼ੇਸ਼ ਕੈਂਪਾਂ ਜ਼ਰੀਏ ਵੋਟਰ ਸੂਚੀਆਂ ’ਚ ਵਾਪਸ ਆਪਣੀ ਥਾਂ ਬਣਾ ਲੈਣਗੇ। ਇਹ ਪਛਤਾਵਾ ਹੈ ਜਾਂ ਹੋਰ ਵਧੇਰੇ ਵਿਰੋਧ ਪ੍ਰਦਰਸ਼ਨਾਂ ਦਾ ਡਰ, ਇਹ ਤਾਂ ਵਕਤ ਹੀ ਦੱਸੇਗਾ। ਜ਼ਾਹਿਰ ਤੌਰ ’ਤੇ, ਭਾਜਪਾ ਦਾ ਮੰਨਣਾ ਹੈ ਕਿ ‘ਮੁੜ ਨਾਮਜ਼ਦਗੀ’ ਦੇ ਨਾਲ, 2029 ਤੱਕ ‘ਵੋਟ ਚੋਰੀ’ ਦਾ ਅਸਰ ਖ਼ਤਮ ਹੋ ਜਾਵੇਗਾ।

2024 ’ਚ, ਜਿਸ ਮੁੱਦੇ ਨੇ ਲੋਕਾਂ ਦੇ ਮਨ ’ਚ ਡਰ ਪੈਦਾ ਕੀਤਾ ਸੀ, ਉਹ ਸੀ ‘ਸੰਵਿਧਾਨ ਖ਼ਤਰੇ ’ਚ ਹੈ’। ਇਸ ਤੋਂ ਇਲਾਵਾ ਸੂਬਾ-ਵਿਸ਼ੇਸ਼ ਹੋਰ ਮੁੱਦੇ ਵੀ ਸਨ, ਜਿਵੇਂ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੋਜ਼ਗਾਰੀ, ਮਜ਼ਦੂਰੀ/ਖੇਤੀ ਆਮਦਨ, ਸੜਕਾਂ ਜਾਂ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ, ਅਪਰਾਧ ’ਚ ਵਾਧਾ ਆਦਿ। ਇਨ੍ਹਾਂ ਮੁੱਦਿਆਂ ਨੇ ਭਾਜਪਾ ਨੂੰ ਸੱਟ ਤਾਂ ਪਹੁੰਚਾਈ ਪਰ ਉਸ ਨੂੰ ਸੱਤਾ ਤੋਂ ਬੇਦਖ਼ਲ ਨਹੀਂ ਕਰ ਸਕੇ। ਭਾਜਪਾ 240 ਸੀਟਾਂ ਦੇ ਨਾਲ ਪਹਿਲੇ ਨੰਬਰ ’ਤੇ ਉੱਭਰੀ, ਜਦਕਿ ਕਾਂਗਰਸ 100 ਸੀਟਾਂ ਦੇ ਨਾਲ ਦੂਜੇ ਸਥਾਨ ’ਤੇ ਰਹੀ। ਗੱਠਜੋੜ ਬਣਨ ਤੋਂ ਬਾਅਦ ਐੱਨ. ਡੀ. ਏ. ਕੋਲ 293 ਸੀਟਾਂ ਸਨ ਅਤੇ ‘ਇੰਡੀਆ’ ਗੱਠਜੋੜ ਕੋਲ 234 ਸੀਟਾਂ। ‘ਸੰਵਿਧਾਨ ਖ਼ਤਰੇ ’ਚ ਹੈ’ ਇਕ ਜ਼ਰੂਰੀ ਮੁਹਿੰਮ ਵਿਸ਼ਾ ਸੀ, ਜਿਸ ਨੇ ਲੋਕਾਂ ਨੂੰ ‘ਇੰਡੀਆ’ ਗੱਠਜੋੜ ਦੀ ਮੁਹਿੰਮ ਅਤੇ ਸੋਸ਼ਲ ਮੀਡੀਆ ਵੱਲ ਆਕਰਸ਼ਿਤ ਕੀਤਾ ਪਰ ਇਹ ਪੱਲੜਾ ਇੰਡੀਆ ਗੱਠਜੋੜ ਦੇ ਪੱਖ ’ਚ ਝੁਕਾਉਣ ਲਈ ਕਾਫ਼ੀ ਨਹੀਂ ਸੀ।

ਮਹਿੰਗਾਈ ਅਤੇ ਬੇਰੋਜ਼ਗਾਰੀ : ਨਵੰਬਰ 2026 ’ਚ ਹੋਈਆਂ ਅਮਰੀਕੀ ਮੱਧਕਾਲੀ ਚੋਣਾਂ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜ਼ੋਰਦਾਰ ‘ਮਾਗਾ’ ਮੁਹਿੰਮ ਦਾ ਮੁਕਾਬਲਾ ਰਾਸ਼ਟਰਪਤੀ ਟਰੰਪ ਦੀਆਂ ਗੈਰ-ਸੰਵਿਧਾਨਕ ਜ਼ਿਆਦਤੀਆਂ ਨੂੰ ਬੇਨਕਾਬ ਕਰਨ ਵਾਲੀ ਓਨੀ ਹੀ ਮੁਖਰ ਮੁਹਿੰਮ ਨਾਲ ਕੀਤਾ ਗਿਆ। ਹਾਲਾਂਕਿ, ਜਿਨ੍ਹਾਂ 2 ਮੁੱਦਿਆਂ ਨੇ ਚੋਣਾਂ ਦਾ ਰੁਖ਼ ਮੋੜਿਆ, ਉਹ ਸਨ-ਸਹਿਣਯੋਗਤਾ ਅਤੇ ਯੁੱਧ। ਜ਼ਿਆਦਾਤਰ ਵੋਟਰਾਂ ਨੂੰ ਭੋਜਨ, ਈਂਧਨ ਅਤੇ ਰਿਹਾਇਸ਼ (ਮੌਰਗੇਜ) ਆਪਣੀ ਪਹੁੰਚ ਤੋਂ ਬਾਹਰ ਲੱਗੇ ਅਤੇ ਈਰਾਨ ਦੇ ਖਿਲਾਫ਼ ਅਮਰੀਕਾ ਦੇ ਬੇਅੰਤ ਯੁੱਧ ਦੇ ਨਤੀਜੇ ਵਜੋਂ ਗਾਜ਼ਾ (ਫਿਲਸਤੀਨ) ’ਚ ਹੋਈਆਂ ਵੱਡੀ ਗਿਣਤੀ ’ਚ ਮੌਤਾਂ ਕਾਰਨ ਵੀ ਉਹ ਹਿੱਲ ਗਏ ਸਨ। ਅਮਰੀਕੀ ਲੋਕਾਂ ਨੂੰ ਇਹ ਲੱਗਣ ਲੱਗਾ ਸੀ ਕਿ ਯੁੱਧ, ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ, ਅਮਰੀਕੀ ਟੈਰਿਫ ਅਤੇ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਉਨ੍ਹਾਂ ਨੇ ਭਾਰੀ ਕਸ਼ਟ ਝੱਲਿਆ ਹੈ ਅਤੇ ਬਦਲੇ ’ਚ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ।

ਭਾਰਤ ’ਚ ਵੀ ਕੁਝ ਅਜਿਹੀ ਹੀ ਸਥਿਤੀ ਹੈ। ਖੁਰਾਕ ਪਦਾਰਥਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ਨੋਟ ਪਸਾਰਾ 12.3 ਫੀਸਦੀ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਨੋਟ ਪਸਾਰਾ ਆਰ. ਬੀ. ਆਈ. ਦੀ ਉੱਪਰਲੀ ਹੱਦ ਨੂੰ ਪਾਰ ਕਰ ਗਿਆ ਹੈ ਅਤੇ 6.1 ਫੀਸਦੀ ’ਤੇ ਹੈ। ਖੁਰਾਕ ਮਹਿੰਗਾਈ 8.9 ਫੀਸਦੀ ਹੈ। ‘ਥਾਲੀ ਪ੍ਰੀਖਣ’ ਬਹੁਤ ਕੁਝ ਬਿਆਨ ਕਰਦਾ ਹੈ-ਇਕ ਸ਼ਾਕਾਹਾਰੀ ਥਾਲੀ ਦੀ ਕੀਮਤ 5 ਸਾਲ ਪਹਿਲਾਂ ਦੇ 30.80 ਰੁਪਏ ਤੋਂ ਵਧ ਕੇ ਪਿਛਲੇ ਸਾਲ 36.80 ਰੁਪਏ ਅਤੇ ਨਵੰਬਰ 2026 ’ਚ 41.90 ਰੁਪਏ ਹੋ ਗਈ ਹੈ। ਇਹ ਦਿਖਾਉਣ ਲਈ ਕਾਫ਼ੀ ਅੰਕੜੇ ਮੌਜੂਦ ਹਨ ਕਿ ਅਸਲ ਮਜ਼ਦੂਰੀ ਸਥਿਰ ਰਹੀ ਹੈ, ਘਰੇਲੂ ਬੱਚਤ ’ਚ ਗਿਰਾਵਟ ਆਈ ਹੈ ਅਤੇ ਘਰੇਲੂ ਕਰਜ਼ਾ ਵਧਿਆ ਹੈ। ਇਹ ਸਾਰੀਆਂ ਗੱਲਾਂ ਤੀਬਰ ਸੰਕਟ ਵੱਲ ਇਸ਼ਾਰਾ ਕਰਦੀਆਂ ਹਨ।

ਅਧਿਕਾਰਤ ਅੰਕੜਿਆਂ ਮੁਤਾਬਕ, ਸ਼ਹਿਰੀ ਬੇਰੋਜ਼ਗਾਰੀ ਦਰ 6.7 ਫੀਸਦੀ ਅਤੇ ਪੇਂਡੂ ਬੇਰੋਜ਼ਗਾਰੀ ਦਰ 4.2 ਫੀਸਦੀ ਹੈ। ‘ਨਿਯਮਤ’ ਨੌਕਰੀਆਂ ਉਪਲਬਧ ਨਹੀਂ ਹਨ।

ਬੁਰੀ ਖ਼ਬਰ ਇਹ ਹੈ ਮਹਿੰਗਾਈ ਦੀ ਦਰ ਅਤੇ ਬੇਰੋਜ਼ਗਾਰੀ ਦਰ ਦੇ ਹੋਰ ਵੀ ਬਦਤਰ ਹੋਣ ਦਾ ਖਦਸ਼ਾ ਹੈ ਕਿਉਂਕਿ ਈਰਾਨ ’ਚ ਯੁੱਧ ਅਜੇ ਵੀ ਜਾਰੀ ਹੈ, ਹੋਰਮੁਜ਼ ਜਲਡਮਰੂਮੱਧ ਅਜੇ ਵੀ ਖੁੱਲ੍ਹਾ ਨਹੀਂ ਹੈ, ਤੇਲ ਵਪਾਰ ਅਜੇ ਵੀ ਪ੍ਰਭਾਵਿਤ ਹੈ ਅਤੇ ਅਮਰੀਕੀ ਟੈਰਿਫ ਅਜੇ ਵੀ ਲਾਗੂ ਹਨ। ਆਰ. ਬੀ. ਆਈ. ਨੀਤੀਗਤ ਦਰ ਨੂੰ 5.50 ਫੀਸਦੀ ਤੋਂ ਵਧਾ ਕੇ 5.75 ਜਾਂ 6 ਫੀਸਦੀ ਕਰ ਸਕਦਾ ਹੈ। ਬਹੁ-ਪ੍ਰਚਾਰਿਤ ਪੀ. ਐੱਲ. ਆਈ. ਯੋਜਨਾਵਾਂ ਦੇ ਅੰਕੜੇ ਨਿਰਾਸ਼ਾਜਨਕ ਹਨ। ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ‘ਨਿਰਮਾਣ’ ਦੀ ਹਿੱਸੇਦਾਰੀ 13-14 ਫੀਸਦੀ ’ਤੇ ਅਟਕੀ ਹੋਈ ਹੈ (ਸਰੋਤ : ਵਿਸ਼ਵ ਬੈਂਕ)। ਇਹ ਘਟਨਾਕ੍ਰਮ ਮੁਦਰਾਸਫੀਤੀ ਦਰ ਅਤੇ ਬੇਰੋਜ਼ਗਾਰੀ ਦਰ ਨੂੰ ਹੋਰ ਵਧਾਉਣਗੇ।

ਸੰਰਚਨਾਤਮਕ ਚੁਣੌਤੀਆਂ : ਭਾਜਪਾ ਸਰਕਾਰ ਅਰਥਵਿਵਸਥਾ ਦੇ ਸਾਹਮਣੇ ਮੌਜੂਦ ਸੰਰਚਨਾਤਮਕ ਚੁਣੌਤੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ। ਇਹ ਸੰਰਚਨਾਤਮਕ ਮੁੱਦੇ ਹਨ-ਰਾਜਕੋਸ਼ੀ ਘਾਟਾ, ਵਪਾਰ ਘਾਟਾ (ਵਿਸ਼ੇਸ਼ ਤੌਰ ’ਤੇ ਚੀਨ ਦੇ ਨਾਲ), ਨਿੱਜੀ ਨਿਵੇਸ਼ ਦੀ ਘਾਟ, ਸਰਕਾਰੀ ਪੂੰਜੀਗਤ ਖ਼ਰਚ ’ਚ ਘਾਟ ਅਤੇ ਸੁਸਤ ਕੁੱਲ ਮੰਗ। ਸਰਕਾਰ ਮੁੱਖ ਜੀ. ਡੀ. ਪੀ. ਵਿਕਾਸ ਦਰ ਦੇ ਅੰਕੜਿਆਂ, ‘ਵਿਕਸਤ ਭਾਰਤ’ ਵਰਗੇ ਨਾਅਰਿਆਂ (‘ਅੱਛੇ ਦਿਨ’ ਤਾਂ ਹੁਣ ਖਿੜਕੀ ਤੋਂ ਬਾਹਰ ਹੋ ਚੁੱਕੇ ਹਨ) ਅਤੇ ਲਗਜ਼ਰੀ ਕਾਰਾਂ, ਮਹਿੰਗੇ ਮੋਬਾਈਲ ਫੋਨ ਅਤੇ ਘੜੀਆਂ ਦੇ ਇਸ਼ਤਿਹਾਰਾਂ, ਮਹਾਨਗਰਾਂ ਦੇ ਉਪਨਗਰਾਂ ’ਚ ਪ੍ਰੀਮੀਅਮ ਰਿਹਾਇਸ਼ ਅਤੇ ਸੂਬਾ ਨਿਵੇਸ਼ ਸੰਮੇਲਨਾਂ ’ਚ ਹੋਣ ਵਾਲੇ ਸ਼ਾਨਦਾਰ ਐਲਾਨਾਂ ਨਾਲ ਚਕਾਚੌਂਧ ਹੈ ਪਰ ਆਮ ਜਨਤਾ ਨਹੀਂ।

ਭਾਰਤ ਦੀ ਆਮ ਜਨਤਾ ਨੂੰ ਇਸ ਤਮਾਸ਼ੇ ਨਾਲ ਕੋਈ ਸਰੋਕਾਰ ਨਹੀਂ ਹੈ। ਆਮ ਜਨਤਾ ਦਾ ਸਰੋਕਾਰ ਨੌਕਰੀਆਂ, ਮਜ਼ਦੂਰੀ, ਪੀਣ ਵਾਲੇ ਪਾਣੀ, ਬਿਜਲੀ, ਸੜਕਾਂ ਆਦਿ ਨਾਲ ਹੈ। ਮਨਰੇਗਾ ਨੂੰ ਲਗਭਗ ਸਮੇਟ ਦਿੱਤਾ ਗਿਆ ਹੈ, ਲੋਕਾਂ ’ਚ ਇਸ ਯੋਜਨਾ ਪ੍ਰਤੀ ਪੁਰਾਣੀਆਂ ਯਾਦਾਂ ਅਤੇ ਲਗਾਅ ਹੈ। ਪੀ. ਐੱਲ. ਆਈ. ਯੋਜਨਾ ਅਸਫਲ ਰਹੀ ਹੈ। ਹੁਨਰ ਵਿਕਾਸ ਅਸਫਲ ਰਿਹਾ ਹੈ। ਪੀਣ ਵਾਲਾ ਪਾਣੀ ਮਿਸ਼ਨ (ਜਲ ਜੀਵਨ) ਅਸਫਲ ਰਿਹਾ ਹੈ। ਸਵੱਛ ਭਾਰਤ ਮਿਸ਼ਨ ਅਸਫਲ ਰਿਹਾ ਹੈ। ਓ. ਡੀ. ਐੱਫ. ਦੇ ਐਲਾਨ ਇਕ ਮਜ਼ਾਕ ਹਨ। ਇਨ੍ਹਾਂ ’ਚੋਂ ਕੁਝ ਅਸਲ ’ਚ ਵਿਰਾਸਤ ’ਚ ਮਿਲੇ ਮੁੱਦੇ ਹਨ ਪਰ 12 ਸਾਲ ਤੋਂ ਸੱਤਾ ’ਚ ਰਹੀ ਸਰਕਾਰ ਕੋਲ ਹੁਣ ਇਹ ਤਰਕ ਉਪਲਬਧ ਨਹੀਂ ਹੈ।

ਚੜ੍ਹਨ ਲਈ ਇਕ ਪਹਾੜੀ : ‘ਵੋਟ ਚੋਰੀ’ ਨੇ ‘ਇੰਡੀਆ’ ਗੱਠਜੋੜ ਨੂੰ ਭਾਜਪਾ/ਐੱਨ. ਡੀ. ਏ. ਦੇ ਉਲਟ ਧਰੁਵ ਦੇ ਰੂਪ ’ਚ ਖੜ੍ਹਾ ਕਰ ਦਿੱਤਾ ਹੈ। ਭਾਜਪਾ ਦੇ ਕੁਝ ਸਹਿਯੋਗੀ, ਜਿਨ੍ਹਾਂ ’ਚ ਦਲਬਦਲ ਕਰ ਕੇ ਲਿਆਂਦੇ ਗਏ ਵਿਧਾਇਕ ਵੀ ਸ਼ਾਮਲ ਹਨ, ਘਬਰਾ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਰਾਸ਼ ਹਨ-ਫਿੱਕੀ ਦੀ ਸਾਲਾਨਾ ਆਮ ਮੀਟਿੰਗ (19 ਨਵੰਬਰ, 2026) ’ਚ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਪੜ੍ਹੋ। ‘ਵੋਟ ਚੋਰੀ’ ਤੋਂ ਮਿਲੀ ਗਤੀ ਨੂੰ ਦੇਖਦੇ ਹੋਏ, ‘ਇੰਡੀਆ’ ਗੱਠਜੋੜ ਨੂੰ ਉਨ੍ਹਾਂ ਮੁੱਦਿਆਂ ਨੂੰ ਲਪਕਣਾ ਹੋਵੇਗਾ ਜੋ ਉਸ ਨੂੰ ਇਕ ਉੱਭਰਦੀ ਹੋਈ ਸਿਆਸੀ ਤਾਕਤ ਬਣਾਉਣਗੇ। ਸਾਹਮਣੇ ਇਕ ਪਹਾੜ ਹੈ ਅਤੇ ਪਹਾੜ ਚੜ੍ਹਨ ਲਈ ਹੀ ਹੁੰਦੇ ਹਨ।

-ਪੀ. ਚਿਦਾਂਬਰਮ


author

Harpreet SIngh

Content Editor

Related News