ਜਦੋਂ ਸੱਚ ਸੋਸ਼ਲ ਮੀਡੀਆ ਦਾ ਪਹਿਲਾ ਸ਼ਿਕਾਰ ਬਣ ਜਾਂਦਾ ਹੈ
Monday, Nov 23, 2026 - 04:05 PM (IST)
ਇਕ ਸਮਾਂ ਸੀ ਜਦੋਂ ਸਵੇਰ ਦਾ ਅਖਬਾਰ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਹਿੱਸਾ ਹੁੰਦਾ ਸੀ। ਅਸੀਂ ਉਸ ਦਾ ਇੰਤਜ਼ਾਰ ਕਰਦੇ ਸੀ, ਚਾਹ ਦੀ ਪਿਆਲੀ ਦੇ ਨਾਲ ਉਸ ਨੂੰ ਖੋਲ੍ਹਦੇ ਸੀ ਅਤੇ ਆਪਣੇ ਦੇਸ਼ ਅਤੇ ਦੁਨੀਆ ’ਚ ਕੀ ਹੋ ਰਿਹਾ ਹੈ, ਇਹ ਪੜ੍ਹਦੇ ਸੀ। ਸ਼ਾਮ ਨੂੰ ਅਸੀਂ ਖਬਰਾਂ ਸੁਣਨ ਲਈ ਟੈਲੀਵਿਜ਼ਨ ਚਲਾਉਂਦੇ ਸੀ। ਅਸੀਂ ਪੱਤਰਕਾਰਾਂ, ਸੰਪਾਦਕਾਂ ਅਤੇ ਸਮਾਚਾਰ ਸੰਗਠਨਾਂ ’ਤੇ ਭਰੋਸਾ ਕਰਦੇ ਸੀ ਕਿ ਉਹ ਸਾਨੂੰ ਦੱਸਣਗੇ ਕਿ ਕੀ ਹੋਇਆ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਕਿ ਉਹ ਕਿਉਂ ਹੋਇਆ ਹੈ।
ਉਹ ਦਿਨ ਹੁਣ ਕਿਸੇ ਹੋਰ ਹੀ ਯੁੱਗ ਦੇ ਲੱਗਦੇ ਹਨ। ਅੱਜ ਖਬਰਾਂ ਸਾਡੀ ਸਮਝਣ ਦੀ ਸਮਰੱਥਾ ਤੋਂ ਵੀ ਤੇਜ਼ ਰਫਤਾਰ ਨਾਲ ਫੈਲਦੀਆਂ ਹਨ। ਸਾਡੇ ਫੋਨ ’ਤੇ ਇਕ ਨੋਟੀਫਿਕੇਸ਼ਨ ਚਮਕਦਾ ਹੈ, ਇਕ ਵ੍ਹਟਸਐਪ ਸੰਦੇਸ਼ ਆਉਂਦਾ ਹੈ, ਇੰਸਟਾਗ੍ਰਾਮ ’ਤੇ ਇਕ ਵੀਡੀਓ ਦਿਖਾਈ ਦਿੰਦਾ ਹੈ ਅਤੇ ਕੁਝ ਹੀ ਸੈਕਿੰਡਾਂ ’ਚ ਸਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਹੋ ਰਹੇ ਕਿਸੇ ਯੁੱਧ, ਰਾਜਨੀਤਕ ਵਿਵਾਦ, ਕਿਸੇ ਸੈਲੀਬ੍ਰਿਟੀ ਦੇ ਸਕੈਂਡਲ ਜਾਂ ਕਿਸੇ ਤ੍ਰਾਸਦੀ ਬਾਰੇ ਪਤਾ ਲੱਗ ਜਾਂਦਾ ਹੈ। ਬਸ ਇਕ ਬਟਨ ਦਬਾਉਂਦੇ ਹੀ ਸਭ ਕੁਝ ਉਪਲਬਧ ਹੈ।
ਬਿਨਾਂ ਸ਼ੱਕ ਸੋਸ਼ਲ ਮੀਡੀਆ ਨੇ ਸਾਡੇ ਜੀਵਨ ਨੂੰ ਬਦਲ ਦਿੱਤਾ ਹੈ। ਇਸ ਨੇ ਲੋਕਾਂ ਨੂੰ ਜੋੜਿਆ ਹੈ, ਭੂਗੋਲਿਕ ਸੀਮਾਵਾਂ ਨੂੰ ਤੋੜਿਆ ਹੈ ਅਤੇ ਆਮ ਨਾਗਰਿਕਾਂ ਨੂੰ ਉਹ ਆਵਾਜ਼ ਦਿੱਤੀ ਹੈ, ਜੋ ਉਨ੍ਹਾਂ ਕੋਲ ਪਹਿਲਾਂ ਕਦੇ ਨਹੀਂ ਸੀ। ਇਸ ਨੇ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਹੈ, ਅਨਿਆਂ ਨੂੰ ਸਾਹਮਣੇ ਲਿਆਂਦਾ ਹੈ ਅਤੇ ਅਣਗਹਿਲੀ ਵਾਲੇ ਮੁੱਦਿਆਂ ’ਤੇ ਜਨਤਾ ਦਾ ਧਿਆਨ ਖਿੱਚਿਆ ਹੈ ਪਰ ਇਸ ਨੇ ਇਕ ਪ੍ਰੇਸ਼ਾਨ ਕਰਨ ਵਾਲੀ ਨਵੀਂ ਅਸਲੀਅਤ ਵੀ ਪੈਦਾ ਕਰ ਦਿੱਤੀ ਹੈ-ਸਾਡੇ ਕੋਲ ਪਹਿਲਾਂ ਤੋਂ ਕਿਤੇ ਵੱਧ ਜਾਣਕਾਰੀ ਹੈ ਪਰ ਇਸ ਗੱਲ ਨੂੰ ਲੈ ਕੇ ਅਸੀਂ ਘੱਟ ਨਿਸ਼ਚਿਤ ਹੁੰਦੇ ਜਾ ਰਹੇ ਹਾਂ ਕਿ ਸੱਚ ਕੀ ਹੈ।
ਅੱਜ ਹਰ ਕੋਈ ਰਿਪੋਰਟਰ ਹੈ, ਹਰ ਕਿਸੇ ਦੀ ਆਪਣੀ ਰਾਏ ਹੈ ਅਤੇ ਹਰ ਕਿਸੇ ਕੋਲ ਇਕ ਮੰਚ ਹੈ। ਕੋਈ ਵੀ ਵਿਅਕਤੀ ਬਿਨਾਂ ਕਿਸੇ ਸੰਪਾਦਕ, ਤੱਥ-ਜਾਂਚਕਰਤਾ ਜਾਂ ਪੂਰੀ ਕਹਾਣੀ ਜਾਣੇ ਬਿਨਾਂ ਹੀ ਕਿਸੇ ਘਟਨਾ ਨੂੰ ਰਿਕਾਰਡ ਕਰ ਕੇ ਕਰੋੜਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ। ਸਮੱਸਿਆ ਇਹ ਹੈ ਕਿ ਜੋ ਆਜ਼ਾਦੀ ਸੱਚ ਨੂੰ ਅੱਗੇ ਵਧਣ ਦਿੰਦੀ ਹੈ, ਉਹੀ ਝੂਠ ਨੂੰ ਵੀ ਫੈਲਣ ਦਾ ਮੌਕਾ ਦਿੰਦੀ ਹੈ ਅਤੇ ਅਕਸਰ ਕਿਤੇ ਜ਼ਿਆਦਾ ਤੇਜ਼ੀ ਨਾਲ।
ਇਕ ਪੁਰਾਣੀ ਤਸਵੀਰ ਨੂੰ ਮੌਜੂਦਾ ਸਮੇਂ ਦੀ ਘਟਨਾ ਦੱਸ ਕੇ ਫੈਲਾਇਆ ਜਾਂਦਾ ਹੈ। ਕਿਸੇ ਦੂਜੇ ਦੇਸ਼ ਦੇ ਵੀਡੀਓ ਨੂੰ ਭਾਰਤ ’ਚ ਵਾਪਰੀ ਘਟਨਾ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਕਿਸੇ ਭਾਸ਼ਣ ਨੂੰ ਸੰਪਾਦਿਤ ਕੀਤਾ ਜਾਂਦਾ ਹੈ, ਕਿਸੇ ਬਿਆਨ ਨੂੰ ਸੰਦਰਭ ਤੋਂ ਕੱਟ ਕੇ ਦਿਖਾਇਆ ਜਾਂਦਾ ਹੈ ਅਤੇ ਕਿਸੇ ਅਫਵਾਹ ਨੂੰ ਬ੍ਰੇਕਿੰਗ ਨਿਊਜ਼ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਜਦੋਂ ਤੱਕ ਸੱਚ ਸਾਹਮਣੇ ਆਉਂਦਾ ਹੈ, ਤਦ ਤੱਕ ਅਕਸਰ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਅਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੇ ਇਸ ਸਮੱਸਿਆ ਨੂੰ ਕਿਤੇ ਵੱਧ ਖਤਰਨਾਕ ਬਣਾ ਦਿੱਤਾ ਹੈ।
ਏ. ਆਈ. ਅਜਿਹੀਆਂ ਘਟਨਾਵਾਂ ਦੀਆਂ ਤਸਵੀਰਾਂ ਬਣਾ ਸਕਦਾ ਹੈ, ਜੋ ਕਦੇ ਵਾਪਰੀਆਂ ਹੀ ਨਹੀਂ, ਜਨਤਕ ਹਸਤੀਆਂ ਦੀ ਆਵਾਜ਼ ਦੀ ਹੂਬਹੂ ਨਕਲ ਕਰ ਸਕਦਾ ਹੈ ਅਤੇ ਅਜਿਹੇ ਵੀਡੀਓ ਤਿਆਰ ਕਰ ਸਕਦਾ ਹੈ, ਜਿਨ੍ਹਾਂ ’ਚ ਲੋਕ ਉਹ ਗੱਲਾਂ ਕਹਿੰਦੇ ਨਜ਼ਰ ਆਉਂਦੇ ਹਨ, ਜੋ ਉਨ੍ਹਾਂ ਨੇ ਕਦੇ ਕਹੀਆਂ ਹੀ ਨਹੀਂ। ਇਹ ਡੀਪਫੇਕ ਇੰਨੇ ਅਸਲੀ ਹੁੰਦੇ ਜਾ ਰਹੇ ਹਨ ਕਿ ਅਸਲੀ ਰਿਕਾਰਡਿੰਗ ਅਤੇ ਘੜੀ ਹੋਈ ਰਿਕਾਰਡਿੰਗ ਦੇ ਵਿਚਕਾਰ ਫਰਕ ਕਰਨਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਕਲਪਨਾ ਕਰੋ ਕਿ ਕੋਈ ਰਾਜਨੇਤਾ ਇਕ ਭੜਕਾਊ ਭਾਸ਼ਣ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਉਸ ਨੇ ਕਦੇ ਦਿੱਤਾ ਹੀ ਨਹੀਂ। ਫਿਰਕੂ ਹਿੰਸਾ ਦਾ ਇਕ ਘੜਿਆ ਹੋਇਆ ਵੀਡੀਓ ਪੂਰੇ ਦੇਸ਼ ’ਚ ਗੁੱਸਾ ਭੜਕਾਅ ਰਿਹਾ ਹੈ ਜਾਂ ਇਕ ਬਨਾਉਟੀ ਰਿਕਾਰਡਿੰਗ ਨਾਲ ਕਿਸੇ ਆਮ ਇਨਸਾਨ ਦਾ ਵੱਕਾਰ ਨਸ਼ਟ ਹੋ ਰਿਹਾ ਹੈ। ਇਹ ਹੁਣ ਦੂਰ ਦੀਆਂ ਸੰਭਾਵਨਾਵਾਂ ਨਹੀਂ ਰਹਿ ਗਈਆਂ। ਇਹ ਡਿਜੀਟਲ ਯੁੱਗ ਦੇ ਅਸਲੀ ਖਤਰੇ ਹਨ।
ਏ. ਆਈ. ਹਜ਼ਾਰਾਂ ਫਰਜ਼ੀ ਖਾਤੇ, ਭੁਲੇਖਾਪਾਊ ਲੇਖ ਅਤੇ ਜਨਮਤ ਨੂੰ ਪ੍ਰਭਾਵਿਤ ਕਰਨ ਲਈ ਡਿਜ਼ਾਈਨ ਕੀਤੇ ਗਏ ਯੋਜਨਾਬੱਧ ਸੰਦੇਸ਼ ਵੀ ਤਿਆਰ ਕਰ ਸਕਦਾ ਹੈ। ਹੁਣ ਝੂਠ ਦਾ ਨਿਰਮਾਣ ਉਦਯੋਗਿਕ ਪੱਧਰ ’ਤੇ ਕੀਤਾ ਜਾ ਸਕਦਾ ਹੈ। ਜਿਸ ਕੰਮ ਲਈ ਕਦੇ ਇਕ ਸੰਗਠਿਤ ਪ੍ਰਚਾਰ ਤੰਤਰ ਦੀ ਲੋੜ ਹੁੰਦੀ ਸੀ, ਉਹ ਹੁਣ ਇਕ ਕੰਪਿਊਟਰ ਅਤੇ ਕੁਝ ਹੀ ਕਲਿੱਕ ਦੇ ਜ਼ਰੀਏ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਇਸ ਸਭ ਦੀ ਜਾਂਚ ਕੌਣ ਕਰ ਰਿਹਾ ਹੈ? ਸੋਸ਼ਲ ਮੀਡੀਆ ਪਲੇਟਫਾਰਮ ਧਿਆਨ ਆਕਰਸ਼ਿਤ ਕਰਨ ਲਈ ਬਣਾਏ ਗਏ ਹਨ, ਨਾ ਕਿ ਜ਼ਰੂਰੀ ਤੌਰ ’ਤੇ ਸੱਚ ਦੀ ਰੱਖਿਆ ਕਰਨ ਲਈ। ਸਨਸਨੀਖੇਜ਼ ਸੁਰਖੀਆਂ, ਗੁੱਸਾ, ਡਰ ਅਤੇ ਵਿਵਾਦ ਕਲਿੱਕ ਅਤੇ ਸ਼ੇਅਰ ਵਧਾਉਂਦੇ ਹਨ। ਸਮੱਗਰੀ ਜਿੰਨੀ ਜ਼ਿਆਦਾ ਹੈਰਾਨ ਕਰਨ ਵਾਲੀ ਹੁੰਦੀ ਹੈ, ਉਹ ਓਨੀ ਹੀ ਦੂਰ ਤੱਕ ਜਾਂਦੀ ਹੈ। ਐਲਗੋਰਿਦਮ ਸਾਨੂੰ ਉਹੀ ਸਭ ਜ਼ਿਆਦਾ ਦਿਖਾਉਂਦੇ ਹਨ, ਜੋ ਅਸੀਂ ਪਹਿਲਾਂ ਤੋਂ ਦੇਖਦੇ ਅਤੇ ਮੰਨਦੇ ਹਾਂ, ਜਿਸ ਨਾਲ ਵਿਚਾਰਾਂ ਦੇ ਛੋਟੇ-ਛੋਟੇ ਟਾਪੂ ਬਣ ਜਾਂਦੇ ਹਨ ਜਿੱਥੇ ਅਸੀਂ ਸ਼ਾਇਦ ਹੀ ਕਦੇ ਆਪਣੀ ਖੁਦ ਦੀ ਸੋਚ ’ਤੇ ਸਵਾਲ ਉਠਾਉਂਦੇ ਹਾਂ। ਅਸੀਂ ਤੇਜ਼ੀ ਨਾਲ ਆਪਣੀ ਹੀ ਸਕਰੀਨ ਦੇ ਕੈਦੀ ਬਣਦੇ ਜਾ ਰਹੇ ਹਾਂ।
ਭਾਰਤ ’ਚ ਇਸ ਦੇ ਨਤੀਜੇ ਮੁੱਖ ਤੌਰ ’ਤੇ ਗੰਭੀਰ ਹੋ ਸਕਦੇ ਹਨ। ਧਰਮ, ਜਾਤੀ, ਰਾਜਨੀਤੀ ਅਤੇ ਫਿਰਕੂ ਘਟਨਾਵਾਂ ਬਾਰੇ ਝੂਠੀ ਜਾਣਕਾਰੀ ਨਫਰਤ ਪੈਦਾ ਕਰ ਸਕਦੀ ਹੈ, ਹਿੰਸਾ ਭੜਕਾਅ ਸਕਦੀ ਹੈ ਅਤੇ ਫਿਰਕਿਅਾਂ ਨੂੰ ਵੰਡ ਸਕਦੀ ਹੈ। ਕੋਈ ਵੀ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕਰੇ, ਉਸ ਤੋਂ ਪਹਿਲਾਂ ਹੀ ਇਕ ਮਨਘੜਤ ਸੰਦੇਸ਼ ਹਜ਼ਾਰਾਂ ਫੋਨਾਂ ਤੱਕ ਪਹੁੰਚ ਸਕਦਾ ਹੈ। ਫਿਰ ਵੀ ਅਸੀਂ ਨਤੀਜਿਆਂ ’ਤੇ ਵਿਚਾਰ ਕੀਤੇ ਬਿਨਾਂ ਸੰਦੇਸ਼ਾਂ ਨੂੰ ਅੱਗੇ ਵਧਾਉਂਦੇ ਰਹਿੰਦੇ ਹਾਂ। ਅਸੀਂ ਜਾਗਰੂਕ ਨਾਗਰਿਕਾਂ ਦੀ ਬਜਾਏ ਤੁਰੰਤ ਪ੍ਰਤੀਕਿਰਿਆ ਦੇਣ ਵਾਲੇ ਲੋਕਾਂ ਦਾ ਦੇਸ਼ ਬਣ ਗਏ ਹਾਂ।
ਜ਼ਿੰਮੇਵਾਰੀ ਦੇ ਬਿਨਾਂ ਤਕਨੀਕ ਇਕ ਹਥਿਆਰ ਬਣ ਸਕਦੀ ਹੈ। ਸਰਕਾਰਾਂ ਨੂੰ ਦੁਰਭਾਵਨਾਪੂਰਨ ਡੀਪਫੇਕ ਅਤੇ ਜਾਣਬੁੱਝ ਕੇ ਫੈਲਾਈਅਾਂ ਜਾਣ ਵਾਲੀਅਾਂ ਗਲਤ ਸੂਚਨਾਵਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਟੈਕਨਾਲੋਜੀ ਕੰਪਨੀਆਂ ਨੂੰ ਉਨ੍ਹਾਂ ਦੇ ਪਲੇਟਫਾਰਮ ’ਤੇ ਪ੍ਰਸਾਰਿਤ ਹੋਣ ਵਾਲੀ ਸਮੱਗਰੀ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਪਰ ਜ਼ਿੰਮੇਵਾਰੀ ਸਾਡੇ ਤੋਂ ਵੀ ਸ਼ੁਰੂ ਹੁੰਦੀ ਹੈ। ਕਿਸੇ ਸੰਦੇਸ਼ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਉਹ ਕਿੱਥੋਂ ਆਇਆ ਹੈ। ਕੀ ਭਰੋਸੇਯੋਗ ਸਮਾਚਾਰ ਸੰਗਠਨਾਂ ਵੱਲੋਂ ਇਸ ਦੀ ਰਿਪੋਰਟਿੰਗ ਕੀਤੀ ਜਾ ਰਹੀ ਹੈ? ਕੀ ਤਸਵੀਰ ਅਸਲੀ ਹੈ? ਕੀ ਵੀਡੀਓ ਹਾਲ ਹੀ ਦਾ ਹੈ? ਕੀ ਬਿਆਨ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਕੀਤੀ ਗਈ ਹੈ? ਸਾਨੂੰ ਜੋ ਕੁਝ ਵੀ ਦਿਸਦਾ ਹੈ, ਉਸ ’ਤੇ ਸਵਾਲ ਉਠਾਉਣਾ ਸਿੱਖਣਾ ਹੋਵੇਗਾ, ਖਾਸਕਰ ਤਦ, ਜਦੋਂ ਉਹ ਸਾਡੇ ਗੁੱਸੇ ਨੂੰ ਭੜਕਾਉਂਦਾ ਹੋਵੇ।
ਅਤੇ ਸ਼ਾਇਦ ਸਾਨੂੰ ਅਖਬਾਰਾਂ ਅਤੇ ਜ਼ਿੰਮੇਵਾਰ ਪੱਤਰਕਾਰਤਾ ਦੇ ਮਹੱਤਵ ਨੂੰ ਫਿਰ ਤੋਂ ਸਮਝਣਾ ਹੋਵੇਗਾ। ਹੋ ਸਕਦਾ ਹੈ ਕਿ ਇਕ ਅਖਬਾਰ ਸਾਨੂੰ ਸੈਕਿੰਡਾਂ ’ਚ ਕੁਝ ਨਾ ਦੱਸ ਸਕੇ, ਚੰਗੀ ਪੱਤਰਕਾਰਤਾ ਸਾਨੂੰ ਉਹ ਦਿੰਦੀ ਹੈ, ਜੋ ਸੋਸ਼ਲ ਮੀਡੀਆ ਅਕਸਰ ਨਹੀਂ ਦੇ ਸਕਦਾ-ਸੰਦਰਭ, ਜਾਂਚ-ਪੜਤਾਲ, ਤਸਦੀਕ ਅਤੇ ਜਵਾਬਦੇਹੀ। ਕਿਸੇ ਗੱਲ ਦੇ ਵਾਪਰਨ ਦੀ ਜਾਣਕਾਰੀ ਹੋਣਾ ਅਤੇ ਅਸਲ ’ਚ ਕੀ ਹੋਇਆ ਹੈ, ਇਹ ਸਮਝਣ ’ਚ ਫਰਕ ਹੁੰਦਾ ਹੈ।
ਅਸੀਂ ਰਫਤਾਰ ਲਈ ਧੀਰਜ ਦਾ ਅਤੇ ਕਈ ਮਾਮਲਿਆਂ ’ਚ ਸੁਵਿਧਾ ਲਈ ਡੂੰਘਾਈ ਦਾ ਸੌਦਾ ਕਰ ਲਿਆ ਹੈ। ਅਸਲੀ ਖਤਰਾ ਇਹ ਨਹੀਂ ਹੈ ਕਿ ਸਾਨੂੰ ਖਬਰਾਂ ਮਿਲਣੀਅਾਂ ਬੰਦ ਹੋ ਜਾਣਗੀਆਂ। ਅਸਲੀ ਖਤਰਾ ਇਹ ਹੈ ਕਿ ਅਸੀਂ ਅਖੀਰ ਇਹ ਜਾਣਨਾ ਬੰਦ ਕਰ ਦੇਵਾਂਗੇ ਕਿ ਕਿਸ ’ਤੇ ਵਿਸ਼ਵਾਸ ਕੀਤਾ ਜਾਵੇ। ਜਦੋਂ ਤਕਨੀਕ ਇਕ ਝੂਠੀ ਅਸਲੀਅਤ ਘੜ ਸਕਦੀ ਹੈ ਅਤੇ ਸੋਸ਼ਲ ਮੀਡੀਆ ਕਰੋੜਾਂ ਲੋਕਾਂ ਨੂੰ ਉਸ ’ਤੇ ਵਿਸ਼ਵਾਸ ਦਿਵਾ ਸਕਦਾ ਹੈ, ਤਾਂ ਸੱਚ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ।
ਡਿਜੀਟਲ ਕ੍ਰਾਂਤੀ ਦਾ ਸਭ ਤੋਂ ਵੱਡਾ ਸ਼ਿਕਾਰ ਸੱਚ ਨੂੰ ਪਛਾਣਨ ਦੀ ਸਾਡੀ ਸਮਰੱਥਾ ਨਹੀਂ ਬਣਨੀ ਚਾਹੀਦੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕਹਾਣੀ ਦੇ ਵਾਇਰਲ ਹੋਣ ਨਾਲ ਉਹ ਸਹੀ ਨਹੀਂ ਹੋ ਜਾਂਦੀ, ਕਿਸੇ ਤਸਵੀਰ ਦੇ ਹੋਣ ਨਾਲ ਉਹ ਜ਼ਰੂਰੀ ਤੌਰ ’ਤੇ ਸੱਚਾਈ ਨਹੀਂ ਬਣ ਜਾਂਦੀ ਅਤੇ ਲੱਖਾਂ ਫਾਰਵਰਡ ਕਿਸੇ ਝੂਠ ਨੂੰ ਸੱਚ ’ਚ ਨਹੀਂ ਬਦਲ ਸਕਦੇ।
-ਦੇਵੀ ਚੇਰੀਅਨ
