ਗੁਰੂ ਨਾਨਕ ਦੇਵ ਯੂਨੀਵਰਸਿਟੀ : ਅੰਮ੍ਰਿਤਸਰ ਦੀ ਵਿਰਾਸਤ ਤੋਂ ਭਵਿੱਖ ਦੇ ਵਿਕਾਸ ਤੱਕ

Tuesday, Nov 24, 2026 - 03:19 PM (IST)

ਗੁਰੂ ਨਾਨਕ ਦੇਵ ਯੂਨੀਵਰਸਿਟੀ : ਅੰਮ੍ਰਿਤਸਰ ਦੀ ਵਿਰਾਸਤ ਤੋਂ ਭਵਿੱਖ ਦੇ ਵਿਕਾਸ ਤੱਕ

ਸ੍ਰੀ ਅੰਮ੍ਰਿਤਸਰ ਸਾਹਿਬ ਕੇਵਲ ਇਕ ਸ਼ਹਿਰ ਨਹੀਂ, ਸਗੋਂ ਅਧਿਆਤਮਕਤਾ, ਆਸਥਾ ਅਤੇ ਮਾਨਵਤਾ ਦਾ ਅਜਿਹਾ ਕੇਂਦਰ ਹੈ, ਜੋ ਪੂਰੀ ਦੁਨੀਆ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਇੱਥੋਂ ਦੀਆਂ ਗਲੀਆਂ, ਸਰੋਵਰਾਂ, ਧਾਰਮਿਕ ਅਸਥਾਨਾਂ, ਇਤਿਹਾਸਕ ਯਾਦਾਂ ਅਤੇ ਜਨ-ਜੀਵਨ ’ਚ ਸਦੀਆਂ ਪੁਰਾਣੀ ਵਿਰਾਸਤ ਵਸੀ ਹੋਈ ਹੈ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਏ ਗਏ ਇਸ ਪਵਿੱਤਰ ਸ਼ਹਿਰ ਦੇ 450ਵੇਂ ਸਥਾਪਨਾ ਵਰ੍ਹੇ ਦਾ ਉਤਸ਼ਾਹ ਅੱਜ ਅੰਮ੍ਰਿਤਸਰ ਦੇ ਹਰ ਖੇਤਰ ’ਚ ਨਵੀਂ ਊਰਜਾ ਪੈਦਾ ਕਰ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਕਰਨਾ ਇਕ ਮਹੱਤਵਪੂਰਨ ਪਹਿਲ ਹੈ। ਇਸ ਰਾਹੀਂ ਸ਼ਹਿਰ ਦੀ ਪੁਰਾਣੀ ਵਿਰਾਸਤ, ਅੱਜ ਦੀਆਂ ਲੋੜਾਂ ਅਤੇ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਨੂੰ ਇਕ-ਦੂਜੇ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। 24 ਨਵੰਬਰ, 1969 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਦੇ ਪਿੱਛੇ ਵੀ ਇਕ ਵਿਸ਼ੇਸ਼ ਅਧਿਆਤਮਕ ਅਤੇ ਵਿੱਦਿਅਕ ਸੋਚ ਰਹੀ ਹੈ। ਇਸ ਦੇ ਮੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ‘ਸਰਬੱਤ ਦਾ ਭਲਾ’ ਦਾ ਸੰਦੇਸ਼ ਸ਼ਾਮਲ ਹੈ। ਜਿਸ ਧਰਤੀ ’ਤੇ ਇਹ ਯੂਨੀਵਰਸਿਟੀ ਸਥਾਪਤ ਹੋਈ, ਉਸੇ ਅੰਮ੍ਰਿਤਸਰ ਦੀ ਪਛਾਣ ‘ਅੰਮ੍ਰਿਤਸਰ ਸਿਫ਼ਤੀ ਦਾ ਘਰ ਦੇ ਰੂਪ ’ਚ ਹੈ।

ਕਿਸੇ ਵੀ ਸ਼ਹਿਰ ਦਾ ਵਿਕਾਸ ਕੇਵਲ ਚੰਗੀਆਂ ਸੜਕਾਂ, ਵੱਡੀਆਂ ਇਮਾਰਤਾਂ ਅਤੇ ਵਪਾਰਕ ਕੇਂਦਰਾਂ ਨਾਲ ਨਹੀਂ ਹੁੰਦਾ। ਸਿੱਖਿਆ, ਖੋਜ, ਗਿਆਨ, ਸੱਭਿਆਚਾਰ ਅਤੇ ਸਮਾਜਿਕ ਸਰਗਰਮੀਆਂ ਵੀ ਸ਼ਹਿਰ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੋਗਦਾਨ ਯੂਨੀਵਰਸਿਟੀ ਕੈਂਪਸ ਤੱਕ ਸੀਮਤ ਨਹੀਂ, ਸਗੋਂ ਪੂਰੇ ਅੰਮ੍ਰਿਤਸਰ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ।

ਪਿਛਲੇ 57 ਸਾਲਾਂ ’ਚ ਯੂਨੀਵਰਸਿਟੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਕੇ ਅੰਮ੍ਰਿਤਸਰ ਨੂੰ ਸਿੱਖਿਆ ਅਤੇ ਪ੍ਰਤਿਭਾ ਦੇ ਕੇਂਦਰ ਦੇ ਰੂਪ ’ਚ ਵਿਕਸਤ ਕਰਨ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸਿੱਖਿਆ, ਵਿਗਿਆਨ, ਤਕਨੀਕ, ਸਾਹਿਤ, ਭਾਸ਼ਾਵਾਂ, ਖੇਡਾਂ, ਪ੍ਰਬੰਧਨ ਅਤੇ ਖੋਜ ਦੇ ਖੇਤਰਾਂ ’ਚ ਇੱਥੋਂ ਪੜ੍ਹੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੇ ਪੰਜਾਬ ਦੇ ਨਾਲ-ਨਾਲ ਦੇਸ਼-ਵਿਦੇਸ਼ ’ਚ ਵੀ ਆਪਣੀ ਪਛਾਣ ਬਣਾਈ ਹੈ।

ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਦੀਆਂ ਸਰਗਰਮੀਆਂ ਨਾਲ ਸ਼ਹਿਰ ’ਚ ਰੋਜ਼ਗਾਰ, ਵਪਾਰ, ਸੇਵਾਵਾਂ ਅਤੇ ਨਵੇਂ ਮੌਕਿਆਂ ਦਾ ਵਿਸਤਾਰ ਹੋਇਆ ਹੈ। ਯੂਨੀਵਰਸਿਟੀ ਦੇ ਸੱਭਿਆਚਾਰਕ ਅਤੇ ਯੁਵਕ ਮੇਲੇ ਅੰਮ੍ਰਿਤਸਰ ਦੀ ਕਲਾ ਅਤੇ ਸੱਭਿਆਚਾਰ ਨੂੰ ਕੌਮੀ ਪੱਧਰ ’ਤੇ ਪਛਾਣ ਦਿਵਾਉਂਦੇ ਹਨ। ਉੱਥੇ ਹੀ, ਵਿਗਿਆਨ ਅਤੇ ਖੋਜ ਨਾਲ ਜੁੜੀਆਂ ਸਰਗਰਮੀਆਂ ਸ਼ਹਿਰ ਨੂੰ ਆਧੁਨਿਕ ਗਿਆਨ ਨਾਲ ਜੋੜਦੀਆਂ ਹਨ। ਖੇਡਾਂ ਦੇ ਖੇਤਰ ’ਚ ਯੂਨੀਵਰਸਿਟੀ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ 25 ਵਾਰ ਜਿੱਤ ਕੇ ਅੰਮ੍ਰਿਤਸਰ ਨੂੰ ਦੇਸ਼ ਦੇ ਖੇਡ ਨਕਸ਼ੇ ’ਤੇ ਵਿਸ਼ੇਸ਼ ਸਥਾਨ ਦਿਵਾਇਆ ਹੈ।

ਇਸ ਸਾਲ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਅਤੇ ਹੋਰ ਪ੍ਰੋਗਰਾਮਾਂ ਨੂੰ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਨਾਲ ਜੋੜਨ ਦੀ ਪਹਿਲ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਲਈ ਪੂਰਾ ਸਾਲ ਚੱਲਣ ਵਾਲੇ ਪ੍ਰੋਗਰਾਮਾਂ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦਾ ਉਦੇਸ਼ ਕੇਵਲ ਅੰਮ੍ਰਿਤਸਰ ਦੀ ਪੁਰਾਣੀ ਵਿਰਾਸਤ ਨੂੰ ਯਾਦ ਕਰਨਾ ਨਹੀਂ, ਸਗੋਂ ਸ਼ਹਿਰ ਦੇ ਭਵਿੱਖ ਦੇ ਵਿਕਾਸ ਲਈ ਇਕ ਸਾਂਝੀ ਸੋਚ ਤਿਆਰ ਕਰਨਾ ਵੀ ਹੈ। ਇਸ ਕੰਮ ’ਚ ਵਿਦਵਾਨਾਂ, ਇਤਿਹਾਸਕਾਰਾਂ, ਸ਼ਹਿਰ ਦੀ ਯੋਜਨਾ ਬਣਾਉਣ ਵਾਲੇ ਮਾਹਿਰਾਂ, ਵਾਤਾਵਰਣ ਮਾਹਿਰਾਂ, ਅਰਥ-ਸ਼ਾਸਤਰੀਆਂ, ਕਲਾਕਾਰਾਂ, ਉਦਯੋਗਪਤੀਆਂ, ਆਮ ਨਾਗਰਿਕਾਂ ਅਤੇ ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਵੀ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।

ਉਪ-ਕੁਲਪਤੀ ਦੀ ਅਗਵਾਈ ਹੇਠ ਤਿਆਰ ਕੀਤੀ ਜਾ ਰਹੀ 13-ਸੂਤਰੀ ਕਾਰਜ ਯੋਜਨਾ, ਅੰਮ੍ਰਿਤਸਰ 2052 ਵਿਜ਼ਨ ਡਾਕੂਮੈਂਟ, ਗਲੋਬਲ ਕਾਨਕਲੇਵ, ਡਾਕੂਮੈਂਟਰੀ, 450 ਆਵਾਜ਼ਾਂ ਦਾ ਜ਼ੁਬਾਨੀ ਇਤਿਹਾਸ ਪ੍ਰਾਜੈਕਟ ਅਤੇ ਅੰਮ੍ਰਿਤਸਰ ਡੈਕਲਾਰੇਸ਼ਨ ਵਰਗੀਆਂ ਪਹਿਲਕਦਮੀਆਂ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ। ਇਸ ਸੋਚ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦੇ 450 ਸਾਲਾਂ ਦੇ ਇਤਿਹਾਸ ਨੂੰ ਆਉਣ ਵਾਲੇ 25 ਸਾਲਾਂ ਦੇ ਵਿਕਾਸ ਨਾਲ ਜੋੜਨਾ ਹੈ।

57ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਨਾਲ ਅੱਗੇ ਵਧ ਰਹੀ ਹੈ। ਯੂਨੀਵਰਸਿਟੀ ਨੂੰ ਯੂ. ਜੀ. ਸੀ. ਵੱਲੋਂ ਕੈਟਾਗਰੀ-1 ਦਾ ਦਰਜਾ ਅਤੇ ਨੈਕ ਵੱਲੋਂ ਏ++ ਗ੍ਰੇਡ ਮਿਲਣਾ ਇਸ ਦੀ ਸਿੱਖਿਆ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ। ਸਾਲ 2026 ’ਚ ‘ਦਿ ਵੀਕ-ਹੰਸਾ ਰਿਸਰਚ ਰੈਂਕਿੰਗ’ ’ਚ ਦੇਸ਼ ਦੀਆਂ ਬਹੁ-ਵਿਸ਼ਾ ਯੂਨੀਵਰਸਿਟੀਆਂ ’ਚ 14ਵਾਂ ਸਥਾਨ ਅਤੇ ਡਬਲਯੂ. ਯੂ. ਆਰ. ਆਈ. ਵਿਸ਼ਵ ਰੈਂਕਿੰਗ ’ਚ ਸਥਾਨ ਮਿਲਣਾ ਇਸ ਦੀ ਵਧਦੀ ਪਛਾਣ ਦਾ ਪ੍ਰਮਾਣ ਹੈ।

ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਨਵੀਆਂ ਤਕਨੀਕਾਂ, ਨੈਤਿਕ ਆਰਟੀਫੀਸ਼ੀਅਲ ਇੰਟੈਲੀਜੈਂਸ, 5-ਜੀ ਲੈਬ, ਖੋਜ ਲਈ ਫੰਡ, ਪੀਐੱਚ. ਡੀ. ਵਿਦਿਆਰਥੀਆਂ ਲਈ ਫੈਲੋਸ਼ਿਪ, ਉਦਯੋਗਾਂ ਨਾਲ ਸਹਿਯੋਗ ਅਤੇ ਕੌਮਾਂਤਰੀ ਸਮਝੌਤਿਆਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਪਹਿਲਕਦਮੀਆਂ ਨਾਲ ਯੂਨੀਵਰਸਿਟੀ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਅੱਗੇ ਵਧਣ ’ਚ ਮਦਦ ਮਿਲ ਰਹੀ ਹੈ।

ਇਨ੍ਹਾਂ ਯਤਨਾਂ ਦਾ ਅੰਮ੍ਰਿਤਸਰ ਦੇ ਵਿਕਾਸ ਨਾਲ ਵੀ ਸਿੱਧਾ ਸਬੰਧ ਹੈ। ਜੇਕਰ ਯੂਨੀਵਰਸਿਟੀ ’ਚ ਹੋਣ ਵਾਲੀ ਖੋਜ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ’ਚ ਕੰਮ ਆਵੇ, ਤਾਂ ਅੰਮ੍ਰਿਤਸਰ ਨੂੰ ਸਿੱਖਿਆ ਅਤੇ ਖੋਜ ਦੇ ਆਧਾਰ ’ਤੇ ਵਿਕਸਤ ਹੋਣ ਵਾਲੇ ਸ਼ਹਿਰ ਦੇ ਰੂਪ ’ਚ ਅੱਗੇ ਵਧਾਇਆ ਜਾ ਸਕਦਾ ਹੈ। ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਦਾ ਇਕ ਮਹੱਤਵਪੂਰਨ ਉਦੇਸ਼ ਨਵੀਂ ਪੀੜ੍ਹੀ ਨੂੰ ਸ਼ਹਿਰ ਦੇ ਇਤਿਹਾਸ ਅਤੇ ਭਵਿੱਖ ਨਾਲ ਜੋੜਨਾ ਵੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 450 ਨੌਜਵਾਨਾਂ ਨੂੰ ਅੰਮ੍ਰਿਤਸਰ ਅੰਬੈਸਡਰ ਦੇ ਰੂਪ ’ਚ ਜੋੜਨ ਦੀ ਪ੍ਰਸਤਾਵਿਤ ਯੋਜਨਾ ਇਸੇ ਦਿਸ਼ਾ ’ਚ ਇਕ ਚੰਗੀ ਪਹਿਲ ਹੈ।

ਅੰਮ੍ਰਿਤਸਰ ਦੇ 450 ਸਾਲਾਂ ਦੇ ਇਤਿਹਾਸ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 57 ਸਾਲਾਂ ਦੇ ਵਿੱਦਿਅਕ ਸਫ਼ਰ ਨੂੰ ਇਕੱਠਿਆਂ ਦੇਖਣਾ ਇਕ ਨਵੀਂ ਸੋਚ ਨੂੰ ਜਨਮ ਦਿੰਦਾ ਹੈ। ਗੁਰੂ ਨਗਰੀ ਨੇ ਯੂਨੀਵਰਸਿਟੀ ਨੂੰ ਆਪਣੀ ਅਧਿਆਤਮਕ, ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦਿੱਤੀ ਹੈ, ਜਦੋਂਕਿ ਯੂਨੀਵਰਸਿਟੀ ਨੇ ਸ਼ਹਿਰ ਨੂੰ ਗਿਆਨ, ਖੋਜ, ਪ੍ਰਤਿਭਾ ਅਤੇ ਸਿੱਖਿਆ ਦੇ ਖੇਤਰ ’ਚ ਨਵੀਂ ਪਛਾਣ। ਆਉਣ ਵਾਲੇ ਸਮੇਂ ’ਚ ਇਹ ਸਬੰਧ ਹੋਰ ਮਜ਼ਬੂਤ ਹੋ ਸਕਦਾ ਹੈ।

ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਯਤਨ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਲੰਬੇ ਸਮੇਂ ਤੱਕ ਯਾਦ ਰੱਖੇ ਜਾਣ ਵਾਲੇ ਵਿਕਾਸ ਕਾਰਜਾਂ ਨਾਲ ਜੋੜਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਸ ਮੌਕੇ ’ਤੇ ਤਿਆਰ ਕੀਤੀਆਂ ਜਾ ਰਹੀਆਂ ਯੋਜਨਾਵਾਂ ਅਤੇ ਸੁਝਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਆਉਣ ਵਾਲੇ ਕਈ ਦਹਾਕਿਆਂ ਤੱਕ ਅੰਮ੍ਰਿਤਸਰ ਦੇ ਵਿਕਾਸ ’ਚ ਮਦਦਗਾਰ ਸਾਬਤ ਹੋ ਸਕਦੇ ਹਨ।

-ਪ੍ਰਵੀਨ ਪੁਰੀ

prdgndu@gmail.com


author

Anmol Tagra

Content Editor

Related News