ਉੱਤਰ ਪ੍ਰਦੇਸ਼ ਚੋਣਾਂ : ਵਿਰੋਧੀ ਧਿਰ ’ਚ ਸੀਟ ਵੰਡ ਨੂੰ ਲੈ ਕੇ ਖਿੱਚੋਤਾਣ!

Saturday, Nov 21, 2026 - 02:16 PM (IST)

ਉੱਤਰ ਪ੍ਰਦੇਸ਼ ਚੋਣਾਂ : ਵਿਰੋਧੀ ਧਿਰ ’ਚ ਸੀਟ ਵੰਡ ਨੂੰ ਲੈ ਕੇ ਖਿੱਚੋਤਾਣ!

2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਵਿਰੋਧੀ ਧਿਰ ਅੰਦਰ ਸੀਟ ਵੰਡ ਨੂੰ ਲੈ ਕੇ ਖਿੱਚੋਤਾਣ ਸਾਹਮਣੇ ਆ ਗਈ ਹੈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਕ ਸਹਿਮਤੀ ਬਣਾਈ ਸੀ, ਜਿਸ ’ਚ ਉੱਤਰ ਪ੍ਰਦੇਸ਼ ਦੀਆਂ 80 ’ਚੋਂ 43 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਸੂਬੇ ’ਚ ਭਾਜਪਾ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਸੀ। ਸੂਤਰਾਂ ਮੁਤਾਬਕ, ਕਾਂਗਰਸ ਹੁਣ 110 ਤੋਂ ਵੱਧ ਸੀਟਾਂ ਦੀ ਇੱਛਾ ਰੱਖ ਰਹੀ ਹੈ ਪਰ ਅਖਿਲੇਸ਼ ਯਾਦਵ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਸਨ।

ਸੂਤਰਾਂ ਨੇ ਸੰਕੇਤ ਦਿੱਤਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਦਿੱਲੀ ’ਚ ਆਯੋਜਿਤ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ : ਏ ਜਰਨੀ ਆਫ ਲਵ’ ਦੇ ਰਿਲੀਜ਼ ਸਮਾਗਮ ਦੌਰਾਨ ਗੱਲਬਾਤ ਹੋਈ ਸੀ।

ਕਾਂਗਰਸ ਨੇ ਸੀਟ ਵੰਡ ਦੀ ਗੱਲਬਾਤ ਨੂੰ ਸੰਭਾਲਣ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ। ਇਸ ’ਚ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਢੇਰਾ ਅਤੇ ਕੇ. ਸੀ. ਵੇਣੂਗੋਪਾਲ, ਰਾਜੇਂਦਰ ਪਾਲ ਗੌਤਮ, ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਆਰਾਧਨਾ ਮਿਸ਼ਰਾ-ਮੋਨਾ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਇਮਰਾਨ ਮਸੂਦ ਸ਼ਾਮਲ ਹਨ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਸੰਕੇਤ ਦਿੱਤਾ ਹੈ ਕਿ ਜ਼ੋਰ ਇਕ ਅਜਿਹਾ ਸਮਝੌਤਾ ਕਰਨ ’ਤੇ ਹੋਵੇਗਾ ਜੋ ਭਾਜਪਾ ਨੂੰ ਚੁਣੌਤੀ ਦੇ ਸਕੇ ਅਤੇ ਦੋਵਾਂ ਧਿਰਾਂ ਨੇ ਸੀਟ ਵੰਡ ਲਈ ਜਿੱਤਣ ਦੀ ਸਮਰੱਥਾ ਨੂੰ ਇਕ ਪ੍ਰਮੁੱਖ ਮਾਪਦੰਡ ਦੱਸਿਆ ਹੈ।

ਅਖਿਲੇਸ਼ ਦੀ ਰਾਜਪੂਤਾਂ ਅਤੇ ਬ੍ਰਾਹਮਣਾਂ ਤੱਕ ਪਹੁੰਚ : ਆਪਣੇ ਗੋਰਖਪੁਰ ਰੋਡ ਸ਼ੋਅ ਦੌਰਾਨ ਪੀ. ਡੀ. ਏ. (ਪੱਛੜਾ, ਦਲਿਤ ਅਤੇ ਘੱਟਗਿਣਤੀ) ਰੱਥ ’ਤੇ ਸਵਾਰ ਹੋ ਕੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਪੂਰਬੀ ਉੱਤਰ ਪ੍ਰਦੇਸ਼ ’ਚ ਪਾਰਟੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੇ ਯਤਨ ’ਚ ਉੱਚ ਜਾਤੀ ਦੇ ਰਾਜਪੂਤ ਅਤੇ ਬ੍ਰਾਹਮਣ ਭਾਈਚਾਰਿਆਂ ਤੱਕ ਪਹੁੰਚ ਬਣਾਈ। ਗੋਰਖਪੁਰ ਜ਼ਿਲੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲਿਆਂ ਤੋਂ ਵੀ ਵੱਡੀ ਗਿਣਤੀ ’ਚ ਪਾਰਟੀ ਵਰਕਰ ਯਾਤਰਾ ਲਈ ਪਹੁੰਚੇ। ਯਾਦਵ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਗੋਰਖਪੁਰ ਇਹ ਸੰਕੇਤ ਦੇ ਰਿਹਾ ਹੈ ਕਿ ਭਾਜਪਾ ਦਾ ਗੜ੍ਹ ਇਕ ਔਖਾ ਦੌਰ ਦੇਖਣ ਜਾ ਰਿਹਾ ਹੈ। ਇਸ ਵਾਰ ਗੋਰਖਪੁਰ ਦੀ ਜਨਤਾ ਭਾਜਪਾ ਨੂੰ ਸਾਰੀਆਂ 9 ਸੀਟਾਂ ’ਤੇ ਹਰਾਏਗੀ। ਪੂਰੇ ਗੋਰਖਪੁਰ ਮੰਡਲ ਦਾ ਇਕਜੁੱਟ ਪੀ. ਡੀ. ਏ. ਪ੍ਰਭਾਵਸ਼ਾਲੀ ਲੋਕਾਂ ਨੂੰ ਹਰਾਏਗਾ।’’

ਸਪਾ ਮੁਖੀ ਨੇ ਚੌਰੀ-ਚੌਰਾ ’ਚ ਭਾਜਪਾ ਆਗੂ ਵਿਨੈ ਕੁਮਾਰ ਸਿੰਘ ਉਰਫ਼ ਬਿੰਨੂ ਸਿੰਘ ਦੀ 10ਵੀਂ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਕ ਪ੍ਰਭਾਵਸ਼ਾਲੀ ਰਾਜਪੂਤ ਆਗੂ, ਸਿੰਘ ਨੇ ਭਾਜਪਾ ਦੇ ਸਮਰਥਨ ’ਚ ਉੱਚ ਜਾਤੀਆਂ ਨੂੰ ਲਾਮਬੰਦ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਭਰਾ ਅਜੇ ਕੁਮਾਰ ਸਿੰਘ ਉਰਫ਼ ਟੱਪੂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ। ਸਪਾ ਵੱਲੋਂ ਉਨ੍ਹਾਂ ਨੂੰ ਚੌਰੀ-ਚੌਰਾ ਤੋਂ ਮੈਦਾਨ ’ਚ ਉਤਾਰਨ ਦੀ ਸੰਭਾਵਨਾ ਹੈ, ਜਿਸ ਨਾਲ ਉੱਚ ਜਾਤੀਆਂ ਦਾ ਸਮਰਥਨ ਹਾਸਲ ਕਰਨ ਦੀ ਉਮੀਦ ਹੈ।

ਆਜ਼ਮ ਖਾਨ ਵੀ ਸਰਗਰਮ ਹੋਏ : ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ, ਰਾਮਪੁਰ ’ਚ ਮਜ਼ਬੂਤ ਸਿਆਸੀ ਆਧਾਰ ਰੱਖਣ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਮੁਹੰਮਦ ਆਜ਼ਮ ਖਾਨ ਹੁਣ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਪਾ ਦੇ ਸਮੀਕਰਨਾਂ ’ਚ ਵਾਪਸ ਆ ਗਏ ਹਨ। ਰਾਮਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਟਿੱਪਣੀ ਕੀਤੀ ਕਿ 2027 ਦੀਆਂ ਚੋਣਾਂ ਇਕ ਇਨਕਲਾਬ ਹੋਣਗੀਆਂ। ਏ. ਆਈ. ਐੱਮ. ਆਈ. ਐੱਮ. ਮੁਖੀ ਅਸਦੁਦੀਨ ਓਵੈਸੀ ਦੀ ਰਾਮਪੁਰ ਦੀ ਹਾਲੀਆ ਫੇਰੀ ’ਤੇ, ਖਾਨ ਨੇ ਕਿਹਾ ਕਿ ਇਸ ਖੇਤਰ ਦੇ ਲੋਕ ‘ਹੈਦਰਾਬਾਦੀ ਬਿਰਿਆਨੀ ਦੇ ਮੁਕਾਬਲੇ ਪੁਲਾਓ ਅਤੇ ਮਟਨ ਬਿਰਿਆਨੀ ਪਸੰਦ ਕਰਦੇ ਹਨ’। ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ ਅਤੇ ਸੀਟ ਵੰਡ ਦੀ ਵਿਵਸਥਾ ਬਾਰੇ ਪੁੱਛੇ ਜਾਣ ’ਤੇ ਖਾਨ ਨੇ ਕਿਹਾ ਕਿ ਇਸ ਦੀ ਮੌਜੂਦਾ ਲੀਡਰਸ਼ਿਪ ਇਸ ਦੀ ਪਿਛਲੀ ਲੀਡਰਸ਼ਿਪ ਨਾਲੋਂ ਬਿਲਕੁਲ ਵੱਖਰੀ ਹੈ।

ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਜਥੇਬੰਦਕ ਫੇਰਬਦਲ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਆਪਣੇ ਜਥੇਬੰਦਕ ਢਾਂਚੇ ’ਚ ਫੇਰਬਦਲ ਦਾ ਐਲਾਨ ਕੀਤਾ, ਜਿਸ ਤਹਿਤ 81 ਏ. ਆਈ. ਸੀ. ਸੀ. ਸਕੱਤਰਾਂ ਨੂੰ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕਾਰਜਕਾਰੀ ਵਿਭਾਗਾਂ ’ਚ ਜ਼ਿੰਮੇਵਾਰੀ ਸੌਂਪੀ ਗਈ, ਜਦਕਿ 25 ਮੌਜੂਦਾ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ। ਚੋਣਾਂ ਵਾਲੇ ਉੱਤਰ ਪ੍ਰਦੇਸ਼ ’ਚ, ਪਾਰਟੀ ਨੇ ਆਪਣੀ 6 ਮੈਂਬਰੀ ਸਕੱਤਰ ਟੀਮ ਨੂੰ ਬਰਕਰਾਰ ਰੱਖਿਆ ਹੈ, ਜਿਸ ’ਚ ਅਭਿਸ਼ੇਕ ਦੱਤ, ਵਰੁਣ ਚੌਧਰੀ, ਕੁਣਾਲ ਚੌਧਰੀ, ਜਗਦੀਸ਼ ਚੰਦਰ ਜਾਂਗਿੜ, ਅਬਦੁਲ ਹੰਨਾਨ ਅਤੇ ਸੰਜੀਵ ਆਰੀਆ ਸ਼ਾਮਲ ਹਨ। ਪੰਜਾਬ ’ਚ 4 ਸਕੱਤਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਦੇ ਨਾਂ ਹੀਨਾ ਕਾਵਰੇ, ਰਵਿੰਦਰ ਦਲਵੀ, ਸੂਰਜ ਸਿੰਘ ਠਾਕੁਰ ਅਤੇ ਡਾ. ਰਾਜ ਕੁਮਾਰ ਮੌਰਿਆ ਹਨ। ਸਕੱਤਰਾਂ ਦੀ ਚੋਣ ਸੀਨੀਅਰ ਆਗੂਆਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਢੇਰਾ ਅਤੇ ਕੇ. ਸੀ. ਵੇਣੂਗੋਪਾਲ ਵੱਲੋਂ ਲਈਆਂ ਗਈਆਂ ਕਈ ਦੌਰ ਦੀਆਂ ਇੰਟਰਵਿਊਆਂ ਦੇ ਮਾਪਦੰਡਾਂ ’ਤੇ ਆਧਾਰਿਤ ਸੀ।

ਰਾਜਾ ਵੜਿੰਗ ਦਾ ‘ਇਨਸਾਫ਼ ਮਾਰਚ’ : ਪੰਜਾਬ ’ਚ ਸਿਆਸੀ ਹਲਚਲ ਤੇਜ਼ ਹੈ, ਕਿਉਂਕਿ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪਾਰਟੀ ’ਚ ਬਹੁਤ ਮਹੱਤਵ ਦਿੱਤਾ ਹੈ ਅਤੇ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਲਈ ਉਨ੍ਹਾਂ ਦੀਆਂ ਸਿਫ਼ਾਰਸ਼ਾਂ ’ਤੇ ਵਿਚਾਰ ਕਰਨਗੇ। ਵੜਿੰਗ ਨੇ 21 ਨਵੰਬਰ ਨੂੰ ਲੁਧਿਆਣਾ ’ਚ ‘ਇਨਸਾਫ਼ ਮਾਰਚ’ ਦਾ ਵੀ ਐਲਾਨ ਕੀਤਾ, ਜਿਸ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਗੈਂਗਸਟਰਵਾਦ, ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ’ਚ ਅਸਫਲ ਰਹਿਣ ਦਾ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰ ਹਿੱਸਿਆਂ, ਜਿਨ੍ਹਾਂ ’ਚ ਜ਼ੀਰਾ, ਬਠਿੰਡਾ, ਮਾਨਸਾ ਅਤੇ ਮੁਕਤਸਰ ਸ਼ਾਮਲ ਹਨ, ’ਚ ਫੈਲਾਇਆ ਜਾਵੇਗਾ।

- ਰਾਹਿਲ ਨੋਰਾ ਚੋਪੜਾ


author

Anmol Tagra

Content Editor

Related News