ਖ਼ਤਮ ਹੁੰਦੇ ਕੁਦਰਤੀ ਸਰੋਤ : ਕਿਸ ਦਾ ਦੋਸ਼!

Sunday, Nov 22, 2026 - 08:38 PM (IST)

ਖ਼ਤਮ ਹੁੰਦੇ ਕੁਦਰਤੀ ਸਰੋਤ : ਕਿਸ ਦਾ ਦੋਸ਼!

ਇਕ ਸਮਾਂ ਅਜਿਹਾ ਵੀ ਸੀ ਜਦੋਂ ਸਾਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਤਲਾਬ, ਪੋਖਰ ਇਕ ਪਵਿੱਤਰ ਜਨਤਕ ਜਾਇਦਾਦ ਵਾਂਗ ਸੰਭਾਲ ਕੇ ਰੱਖੇ ਜਾਂਦੇ ਸਨ। ਹਰ ਸਾਲ ਇਨ੍ਹਾਂ ਜਲ ਭੰਡਾਰਾਂ ਦੀ ਸਾਫ਼-ਸਫ਼ਾਈ ਅਤੇ ਗਾਦ ਕੱਢਣ ਦਾ ਕੰਮ ਸਮਾਜ ਖੁਦ ਕਰਦਾ ਸੀ। ਇਨ੍ਹਾਂ ਜਲ ਸਰੋਤਾਂ ਤੋਂ ਨਿਕਲਣ ਵਾਲੀ ਚੀਕਨੀ ਮਿੱਟੀ ਦੀ ਅਨੇਕ ਵਰਤੋਂ ਤੋਂ ਬਾਅਦ ਇਸ ਨੂੰ ਖਾਦ ਦੇ ਰੂਪ ’ਚ ਵੀ ਵਰਤਿਆ ਜਾਂਦਾ ਸੀ ਪਰ ਜਲ ਨੀਤੀਆਂ ਦੇ ਕਿਤਾਬੀ ਝੰਡਾਬਰਦਾਰਾਂ ਨੇ ਪੋਖਰ, ਤਲਾਬਾਂ, ਖੂਹਾਂ ਵਰਗੇ ਬੇਹੱਦ ਕਿਫ਼ਾਇਤੀ ਕੁਦਰਤ ਸੰਮਤ ਪ੍ਰਾਜੈਕਟਾਂ ਦੀ ਭਰਪੂਰ ਅਣਦੇਖੀ ਕਰ ਕੇ ਇਨ੍ਹਾਂ ਨੂੰ ਬੇਕਾਰ ਹੀ ਮੰਨ ਲਿਆ।

ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਬਣੀਆਂ ਤਮਾਮ ਜਲ ਨੀਤੀਆਂ ਦੀ ਪ੍ਰਮਾਣਿਕਤਾ ਦਾ ਅੰਦਾਜ਼ਾ ਸਿਰਫ਼ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਕਿਸੇ ਸਰਕਾਰ ਨੇ ਅਜਿਹਾ ਕੋਈ ਪ੍ਰਮਾਣਿਕ ਸਰਵੇਖਣ ਨਹੀਂ ਕਰਵਾਇਆ ਕਿ ਦੇਸ਼ ’ਚ ‘ਪਾਣੀ’ ਆਖ਼ਿਰ ਹੈ ਕਿੰਨਾ। ਹਰ ਸਾਲ ਵਿਗੜਦੇ ਹਾਲਾਤ ਦੇ ਬਾਵਜੂਦ ਅਸੀਂ ਕਦੇ ਆਪਣੇ ਕੁਦਰਤੀ ਜਲ ਵਸੀਲਿਆਂ ਦੀ ਚਿੰਤਾ ਨਹੀਂ ਕਰਦੇ, ਸਗੋਂ ਉਨ੍ਹਾਂ ਦੀ ਵਰਤੋਂ ਜਾਂ ਦੁਰਵਰਤੋਂ ਇੰਨੀ ਲਾਪ੍ਰਵਾਹੀ ਨਾਲ ਕਰ ਰਹੇ ਹਾਂ, ਜਿਵੇਂ ਖਜ਼ਾਨਾ ਰੂਪੀ ਇਹ ਸਰੋਤ ਕਦੇ ਖ਼ਤਮ ਹੀ ਨਹੀਂ ਹੋਣਗੇ।

ਮੋਟੇ ਹਿਸਾਬ ਨਾਲ ਦੇਖੀਏ ਤਾਂ ਦੇਸ਼ ਭਰ ’ਚ ਘਰੇਲੂ ਵਰਤੋਂ ਅਤੇ ਸਿੰਚਾਈ ਲਈ ਜਿੰਨਾ ਪਾਣੀ ਰੋਜ਼ਾਨਾ ਖ਼ਰਚ ਹੁੰਦਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਪਾਣੀ ਤਾਂ ਰੋਜ਼ਾਨਾ ਸਾਡੇ-ਤੁਹਾਡੇ ਵਾਹਨਾਂ ਦੀ ਧੁਆਈ ਸਫ਼ਾਈ ’ਚ ਵਿਅਰਥ ਹੋ ਰਿਹਾ ਹੈ, ਉਹ ਵੀ ਪੀਣ ਯੋਗ ਮਿੱਠਾ ਪਾਣੀ। ਇਸ ਲਈ ਅਸੀਂ ਜਦੋਂ ਕੋਈ ਨਿਯਮ, ਕਾਇਦਾ, ਕਾਨੂੰਨ, ਨੀਤੀ ਵਗੈਰਾ ਲੱਭਾਂਗੇ ਤਾਂ ਬੇਸ਼ਰਮੀ ਦੇ ਠੇਂਗੇ ਤੋਂ ਬਿਨਾਂ ਕਿਸੇ ਵੀ ਦਫ਼ਤਰ ਜਾਂ ਵਿਭਾਗ ’ਚ ਕੁਝ ਨਹੀਂ ਮਿਲੇਗਾ।

ਜੇ ਅਸੀਂ ਸਿਰਫ਼ ਹਰਿਆਣਾ, ਪੰਜਾਬ ਅਤੇ ਰਾਜਧਾਨੀ ਦਿੱਲੀ ਦੀ ਜਲ ਨੀਤੀ ਸਮਝੀਏ ਤਾਂ ਰੋਣਾ ਆਉਂਦਾ ਹੈ। ਜਿਸ ਹਰਿਆਣਾ, ਪੰਜਾਬ ’ਚ ਜੰਗਲ ਅੱਜ ਨਾਮਾਤਰ ਬਚੇ ਹੋਣ, ਉੱਥੇ ਦੀ ਧਰਤੀ ਅੱਜ ਲੱਗਭਗ 30 ਲੱਖ ਸਬਮਰਸੀਬਲਾਂ ਦੀ ਸੇਜ ’ਤੇ ਟਿਕੀ ਹੈ, ਜਿਸ ’ਚੋਂ ਇਕੱਲੇ ਪੰਜਾਬ ’ਚ ਹੀ ਸਾਢੇ 18 ਲੱਖ ਸਬਮਰਸੀਬਲ ਦਿਨ-ਰਾਤ ਭੂ-ਜਲ ਕੱਢ ਰਹੇ ਹਨ। ਇਨ੍ਹਾਂ ਦੋਵਾਂ ਸੂਬਿਆਂ ਦੇ ਲੱਗਭਗ 70 ਫੀਸਦੀ ਭੂ-ਜਲ ਖੇਤਰ ਡਾਰਕ ਜ਼ੋਨ ’ਚ ਹਨ। ਰਾਜਧਾਨੀ ਦਿੱਲੀ ਦੀ ਹਾਲਤ ਤਾਂ ਹੋਰ ਵਧੇਰੇ ਤਰਸਯੋਗ ਹੈ। ਅੱਜ ਦਿੱਲੀ ਕੋਲ ਕੋਈ ਵੀ ਕੁਦਰਤੀ ਸਰੋਤ ਆਪਣਾ ਨਹੀਂ, ਜਦਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਇੱਥੇ 750 ਦੇ ਲੱਗਭਗ ਤਲਾਬ ਸਨ। ਦਿੱਲੀ ਜਾਂ ਪਾਣੀ ਚੋਰੀ ਕਰਦੀ ਹੈ ਜਾਂ ਸਰੋਤ ਖਰੀਦਦੀ ਹੈ। ਦਿੱਲੀ ਦੇ ਪਖਾਨਿਆਂ ਲਈ ਨਿੱਤ-ਕ੍ਰਮ ਮੇਰਠ ਤੋਂ ਖਿੱਚ ਕੇ ਲਿਆਂਦੀ ਗਈ ਗੰਗਾ ਮਈਆ ਨਿਪਟਾਉਂਦੀ ਹੈ। ਹਰ ਸਾਲ ਫਰਵਰੀ-ਮਾਰਚ ’ਚ ਦਿੱਲੀ ’ਚ ਪਾਣੀ ਦੀ ਖੂਬ ਕਿੱਲਤ ਹੋਣ ਲੱਗਦੀ ਹੈ। ਦਿੱਲੀ ਦੇ ਅਨੇਕ ਖੇਤਰਾਂ ’ਚ ਸਰਕਾਰਾਂ ਖਿਲਾਫ਼ ਖੂਬ ਘੜੇ-ਬਾਲਟੀਆਂ ਫੁੱਟਦੇ ਹਨ, ਪਰ ਮਜ਼ਾ ਦੇਖੀਏ ਕਿ ਦਿੱਲੀ ’ਚ ਤਲਾਬ-ਬਾਉਲੀਆਂ, ਪੋਖਰ ਭਾਵੇਂ ਨਿਪਟਾ ਦਿੱਤੇ ਹੋਣ, ਪਰ ਜ਼ਿਆਦਾਤਰ ਨੇਤਾਵਾਂ ਦੇ ਘਰਾਂ ’ਚ ਛੋਟੇ-ਵੱਡੇ ‘ਸਵੀਮਿੰਗ ਪੂਲ’ ਜ਼ਰੂਰ ਮਿਲ ਜਾਣਗੇ। ਅਤੇ ਪਾਣੀ ਦੇ ਟੈਂਕਰ ਹੁਣ ਸਰਕਾਰਾਂ ਵੱਲੋਂ ਸੁਰੱਖਿਅਤ ‘ਮਾਫ਼ੀਆ’ ਦੀ ਸ਼੍ਰੇਣੀ ’ਚ ਆਉਂਦੇ ਹਨ।

ਕੁਦਰਤ ਆਪਣੇ ਹਰੇਕ ਸੁੱਖ-ਦੁੱਖ ਦਾ ਨਿਦਾਨ ਖੁਦ ਕਰਦੀ ਹੈ। ਹਰੇਕ ਬਣਨ ਵਾਲੀ ਨੀਤੀ ਦਾ ਆਧਾਰ ਸਿਰਫ਼ ਇੰਨਾ ਭਰ ਹੋਣਾ ਚਾਹੀਦਾ ਹੈ ਕਿ ਉਹ ਕੁਦਰਤ ਸੰਮਤ ਹੋਵੇ। ਆਰਥਿਕ ਅਤੇ ਸਮਾਜਿਕ ਵਿਕਾਸ ਦਾ ਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਨੀਤੀ ਨਿਰਧਾਰਕਾਂ ਨੂੰ ਸਪੱਸ਼ਟ ਹੋਣਾ ਹੀ ਚਾਹੀਦਾ ਹੈ, ਕਿਉਂਕਿ ਇਸੇ ਸਪੱਸ਼ਟਤਾ ’ਤੇ ਨਿਰਭਰ ਹੋਵੇਗਾ ਕਿ ਸਾਡੇ ਕੁਦਰਤੀ ਜਲ ਵਸੀਲਿਆਂ ’ਚ ਸੁਧਾਰ ਹੋਵੇਗਾ ਜਾਂ ਵਿਗੜੇਗਾ।

ਅੱਜ ਅਸੀਂ ਆਪਣੇ ਆਸ-ਪਾਸ ਕਥਿਤ ਵਿਕਾਸ ਦੇ ਨਾਂ ’ਤੇ ਕੁਝ ਅਜਿਹਾ ਢਾਂਚਾ ਰਚ ਲਿਆ ਹੈ, ਜੋ ਸਾਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਨਾਲ ਜੋੜਨ ਦੀ ਬਜਾਏ ਤੋੜਦਾ ਜ਼ਿਆਦਾ ਹੈ। ਵਿਗਿਆਨ ਅਤੇ ਤਕਨੀਕ ’ਚ ਵਧਦੀ ਸਾਡੀ ਯੋਗਤਾ ਨੇ ਭਾਵੇਂ ਸਾਨੂੰ ਤਕਨੀਕੀ ਰੂਪ ਨਾਲ ਸਾਖ਼ਰ ਬਣਾਇਆ ਹੋਵੇ ਪਰ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਮਾਮਲੇ ’ਚ ਅਸੀਂ ਲਗਾਤਾਰ ਅਨਪੜ੍ਹ ਹੁੰਦੇ ਚਲੇ ਗਏ ਹਾਂ।

ਇਕ ਸਮਾਂ ਪੰਜਾਬ ’ਚ 1700 ਤਲਾਬਾਂ ਦਾ ਜ਼ਿਕਰ ਮਿਲਦਾ ਹੈ ਪਰ ਅੱਜ ਪੰਜਾਬ ਦੀ ਹਾਲਤ ਦੇਖੀਏ! ਅੱਜ ਪੰਜਾਬ ਆਪਣੇ ਸਾਰੇ ਕੁਦਰਤੀ ਸਰੋਤ ਯਾਨੀ ਮਿੱਟੀ, ਪਾਣੀ, ਪਸ਼ੂ-ਪੰਛੀ ਸਭ ਗੁਆ ਚੁੱਕਾ ਹੈ! ਜੇ ਪੰਜਾਬ ’ਚ ਤਲਾਬ ਹੁੰਦੇ ਤਾਂ ਬੀਤੇ ਸਾਲ ਪੰਜਾਬ ’ਚ ਆਈ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ ਪਰ ਨਹੀਂ, ਤਲਾਬਾਂ ’ਤੇ ਕਬਜ਼ਾ ਕਰ ਕੇ ਸਭ ਨੂੰ ਮੈਰਿਜ ਪੈਲੇਸ ਚਾਹੀਦੇ ਹਨ, ਨਵੇਂ-ਨਵੇਂ ਮਾਲ ਚਾਹੀਦੇ ਹਨ।

ਵਿਕਾਸ ਦਾ ਮਤਲਬ ਸਿਰਫ਼ ਪਲਾਸਟਿਕ, ਲੋਹਾ ਲੰਗੜ ਜਾਂ ਵਿਅਰਥ ਚੀਜ਼ਾਂ ਨਾਲ ਘਰ ਭਰਨਾ ਨਹੀਂ, ਸਗੋਂ ਵਿਕਾਸ ਦਾ ਵਿਆਪਕ ਅਤੇ ਵਿਰਾਟ ਅਰਥ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਲਗਾਤਾਰ ਖੁਸ਼ਹਾਲ ਕਰਦੇ ਰਹਿਣਾ ਹੈ। ਵਿਕਾਸ ਉਹ ਨਿਰੰਤਰ ਵਹਿਣ ਵਾਲੀ ਪ੍ਰਕਿਰਿਆ ਹੈ, ਜੋ ਸਮਾਜ ਦੇ ਹਰ ਪੱਧਰ ਨੂੰ ਪਹਿਲਾਂ ਨਾਲੋਂ ਵਧੇਰੇ ਸਵੈ-ਨਿਰਭਰ, ਸਹਿਜ, ਸਰਲ ਅਤੇ ਤਣਾਅ ਰਹਿਤ ਬਣਾਏ। ਸਮਾਜ ਅਤੇ ਦੇਸ਼ ਦਾ ਸਵੈ-ਨਿਰਭਰ ਹੋਣਾ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅੰਦਰ-ਬਾਹਰ ਦੇ ਪੰਜ ਤੱਤ ਖੁਸ਼ਹਾਲ ਨਹੀਂ ਹੁੰਦੇ।

-ਸੁਰਿੰਦਰ ਬਾਂਸਲ


author

Anmol Tagra

Content Editor

Related News