ਵਿਆਹ ਨੂੰ ਬਚਾਉਣ ਦਾ ਕੋਰਸ

Tuesday, Nov 24, 2026 - 03:08 PM (IST)

ਵਿਆਹ ਨੂੰ ਬਚਾਉਣ ਦਾ ਕੋਰਸ

ਦੁਨੀਆ ਭਰ ’ਚ ਵਿਆਹੁਤਾ ਸਬੰਧ ਟੁੱਟ ਰਹੇ ਹਨ। ਇਸ ਦਾ ਇਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਹੁਣ ਲੜਕੀਆਂ ਪੜ੍ਹੀਆਂ-ਲਿਖੀਆਂ ਹਨ। ਵੱਡੀ ਗਿਣਤੀ ’ਚ ਆਤਮਨਿਰਭਰ ਹਨ। ਹੁਣ ਉਹ ਘਰ ਅਤੇ ਪਰਿਵਾਰ ਬਚਾਉਣ ਦੇ ਨਾਂ ’ਤੇ ਕਿਸੇ ਵੀ ਜ਼ਿਆਦਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹਨ। ਨੌਜਵਾਨਾਂ ਦੀ ਦੇਖਾ-ਦੇਖੀ ਹੁਣ ਅਜਿਹੇ ਜੋੜੇ ਵੀ ਵਿਆਹ ਤੋੜ ਕਰ ਰਹੇ ਹਨ, ਜੋ ਚਾਲੀ-ਪੰਜਾਹ ਸਾਲ ਇਕੱਠੇ ਰਹਿ ਚੁੱਕੇ ਹਨ। ਪਹਿਲਾਂ ਤਾਂ ਲੋਕ ਬੱਚਿਆਂ ਬਾਰੇ ਸੋਚ ਕੇ ਵਿਆਹ ਨਿਭਾ ਲੈਂਦੇ ਸਨ ਕਿ ਇਨ੍ਹਾਂ ਦਾ ਕੀ ਹੋਵੇਗਾ ਪਰ ਹੁਣ ਇਸ ਬਾਰੇ ਵੀ ਨਹੀਂ ਸੋਚਦੇ।

ਹਾਲਾਂਕਿ ਹੁਣ ਵੀ ਦੁਨੀਆ ਭਰ ਦੇ ਮੁਕਾਬਲੇ ਭਾਰਤ ’ਚ ਵਿਆਹ ਟੁੱਟਣਾ, ਤਲਾਕ ਹੋਣਾ ਬਹੁਤ ਘੱਟ ਹੈ। ਇਕ ਅੰਦਾਜ਼ੇ ਮੁਤਾਬਕ ਇਹ ਇਕ ਤੋਂ ਲੈ ਕੇ ਡੇਢ ਫੀਸਦੀ ਤੱਕ ਹੈ। ਬੀ.ਬੀ.ਸੀ. ਦੀ ਇਕ ਰਿਪੋਰਟ ਅਨੁਸਾਰ ਭਾਰਤ ’ਚ ਇਕ ਕਰੋੜ ਛੱਤੀ ਲੱਖ ਤਲਾਕ ਹੋ ਚੁੱਕੇ ਹਨ। ਭਾਰਤ ਦੀ ਆਬਾਦੀ ਦੇਖਦੇ ਹੋਏ ਇਹ ਅੰਕੜਾ ਬਹੁਤ ਘੱਟ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਤਲਾਕ ਦੇ ਮੁਕਾਬਲੇ ਵੱਖ ਰਹਿਣ ਵਾਲੇ ਪਤੀ-ਪਤਨੀਆਂ ਦੀ ਗਿਣਤੀ ਲਗਭਗ ਤਿੰਨ ਗੁਣਾ ਵੱਧ ਹੈ।

ਅੱਜਕੱਲ ਕਹਿੰਦੇ ਹਨ ਕਿ ਕੋਈ ਸਬੰਧ ਨਹੀਂ ਚੱਲ ਪਾ ਰਿਹਾ, ਤਾਂ ਉਸ ’ਚ ਘੁਟ-ਘੁਟ ਕੇ ਜਿਊਣ ਨਾਲੋਂ ਬਿਹਤਰ ਹੈ ਵੱਖ ਹੋ ਜਾਣਾ। ਆਮ ਤੌਰ ’ਤੇ ਇਹ ਘੁਟ-ਘੁਟ ਕੇ ਜਿਊਣਾ ਔਰਤਾਂ ਦੇ ਹਿੱਸੇ ਵੱਧ ਆਉਂਦਾ ਹੈ। ਉਨ੍ਹਾਂ ਨੂੰ ਹੀ ਤਲਾਕ ਤੋਂ ਬਾਅਦ ਸਮਾਜਿਕ ਬਦਨਾਮੀ ਝਲਣੀ ਪੈਂਦੀ ਹੈ। ਹਾਲਾਂਕਿ ਇਹ ਗੱਲਾਂ ਹੁਣ ਹੌਲੀ-ਹੌਲੀ ਘੱਟ ਵੀ ਹੋ ਰਹੀਆਂ ਹਨ।

ਪਰ ਇਹ ਵੀ ਸੱਚ ਹੈ ਕਿ ਕਿਸੇ ਵੀ ਇਕ ਸਬੰਧ ਦੇ ਟੁੱਟਣ ’ਤੇ ਇਕ ਔਰਤ ਅਤੇ ਮਰਦ ਹੀ ਨਹੀਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ’ਤੇ ਵੀ ਬੁਰੀ ਬੀਤਦੀ ਹੈ। ਬੱਚੇ ਹੋਣ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕਹਿਣਾ ਹੀ ਕੀ। ਛੋਟੇ ਬੱਚੇ ਤਾਂ ਇਹ ਸਮਝ ਹੀ ਨਹੀਂ ਪਾਉਂਦੇ ਕਿ ਉਨ੍ਹਾਂ ਦੇ ਮਾਪੇ ਵੱਖ-ਵੱਖ ਕਿਉਂ ਰਹਿੰਦੇ ਹਨ। ਕਈ ਮਾਮਲਿਆਂ ’ਚ ਅਜਿਹਾ ਹੁੰਦਾ ਹੈ ਕਿ ਕੁਝ ਸਮਾਂ ਬੱਚਾ ਮਾਂ ਨਾਲ ਰਹਿੰਦਾ ਹੈ, ਕੁਝ ਸਮਾਂ ਪਿਤਾ ਨਾਲ। ਪਿਛਲੇ ਦਿਨੀਂ ਇਕ ਵੀਡੀਓ ਦੇਖ ਰਹੀ ਸੀ, ਜਿੱਥੇ ਤਲਾਕ ਤੋਂ ਬਾਅਦ ਅਦਾਲਤ ’ਚ ਮਾਂ ਬੱਚੇ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਹੈ ਪਰ ਉਹ ਵਾਰ-ਵਾਰ ਪਿਤਾ ਵੱਲ ਦੌੜਦਾ ਹੈ। ਬਹੁਤ ਸਾਰੇ ਸਬੰਧਾਂ ’ਚ ਕੁੜੱਤਣ ਇੰਨੀ ਵਧ ਜਾਂਦੀ ਹੈ ਕਿ ਬੱਚਾ ਕਈ ਮਾਮਲਿਆਂ ’ਚ ਮਾਂ ਨੂੰ ਤਾਂ ਕਈ ਥਾਵਾਂ ’ਤੇ ਪਿਤਾ ਨੂੰ ਮਿਲ ਹੀ ਨਹੀਂ ਪਾਉਂਦਾ। ਇਸ ਨਾਲ ਉਸ ਦੀ ਮਾਨਸਿਕ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ।

ਫਿਰ ਇਹ ਵੀ ਹੈ ਕਿ ਅੱਜ ਮੱਧਵਰਗੀ ਵਿਆਹਾਂ ’ਚ ਜਿੰਨਾ ਰੌਲਾ-ਰੱਪਾ ਹੁੰਦਾ ਹੈ, ਉਸ ’ਚ ਬਹੁਤ ਜ਼ਿਆਦਾ ਮਿਹਨਤ ਅਤੇ ਪੈਸਾ ਲੱਗਦਾ ਹੈ। ਕਈ ਵਾਰ ਤਾਂ ਨੌਜਵਾਨ ਆਪਣੇ ਵਿਆਹ ਨੂੰ ਸਭ ਤੋਂ ਵੱਖਰਾ ਦਿਖਾਉਣ ਦੇ ਨਾਂ ’ਤੇ ਭਾਰੀ- ਕਰਜ਼ਾ ਲੈ ਲੈਂਦੇ ਹਨ। ਅਜਿਹੇ ’ਚ ਜੇਕਰ ਵਿਆਹ ਨਾ ਚੱਲੇ ਤਾਂ ਕੀ ਹੋਵੇ।

ਇਨ੍ਹਾਂ ਗੱਲਾਂ ’ਤੇ ਸਾਡੇ ਸਮਾਜ ’ਚ ਲਗਾਤਾਰ ਮੰਥਨ ਚੱਲ ਰਿਹਾ ਹੈ, ਸੋਚ-ਵਿਚਾਰ ਹੋ ਰਿਹਾ ਹੈ ਕਿ ਭਾਰਤੀ ਪਰਿਵਾਰ ਸੰਸਥਾ ਨੂੰ ਕਿਵੇਂ ਬਚਾਇਆ ਜਾਵੇ, ਕਿਉਂਕਿ ਪਰਿਵਾਰ ਹੁਣ ਵੀ ਵੱਡੀ ਤਾਕਤ ਦਾ ਸੋਮਾ ਹੈ। ਇਕ ਸਮੂਹ ਦੇ ਰੂਪ ’ਚ ਪਰਿਵਾਰ ਤੋਂ ਵੱਡੀ ਤਾਕਤ ਕੋਈ ਹੋਰ ਨਹੀਂ ਹੈ। ਵਿਆਹ ਭਾਵੇਂ ਸੱਤ ਜਨਮਾਂ ਦਾ ਬੰਧਨ ਨਾ ਰਹੇ ਪਰ ਇਕ ਜਨਮ ’ਚ ਤਾਂ ਠੀਕ ਤਰ੍ਹਾਂ ਨਿਭ ਜਾਵੇ, ਇਸ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।

ਇਸੇ ਲਈ ਪਿਛਲੇ ਦਿਨੀਂ ਇਕ ਖ਼ਬਰ ਨੇ ਧਿਆਨ ਖਿੱਚਿਆ। ਗੋਆ ਦੇ ਪਣਜੀ ’ਚ ਹੈ ਕਾਲਜ ਆਫ਼ ਹੋਮ ਸਾਇੰਸ। ਇੱਥੇ ਮਨੁੱਖੀ ਵਿਕਾਸ ਅਤੇ ਅਧਿਐਨ ਵਿਭਾਗ ਹੈ। ਇਹ ਪੰਦਰਾਂ ਦਿਨਾਂ ਦਾ ਕੋਰਸ ਸ਼ੁਰੂ ਕਰ ਰਿਹਾ ਹੈ। ਜਿਸ ਦਾ ਵਿਸ਼ਾ ਹੈ—ਮੈਰਿਜ ਰੈਡੀਨੈੱਸ, ਪ੍ਰੀਪੇਅਰਿੰਗ ਫਾਰ ਹੈਲਦੀ ਐਂਡ ਲਾਸਟਿੰਗ ਰਿਲੇਸ਼ਨਸ਼ਿਪਸ। ਇਸ ਵਾਰ ਇਹ ਦੋ ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ’ਚ ਦੱਸਿਆ ਜਾਵੇਗਾ ਕਿ ਵਿਆਹੁਤਾ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਸਮਝਿਆ ਜਾਵੇ। ਇਸ ਕੋਰਸ ਦੇ ਵੱਖ-ਵੱਖ ਸੈਸ਼ਨਾਂ ’ਚ ਡੇਟਿੰਗ ਦੇ ਉਦੇਸ਼ ਅਤੇ ਗਤੀਸ਼ੀਲਤਾ, ਆਤਮ-ਜਾਗਰੂਕਤਾ ਅਤੇ ਆਪਣੇਪਣ ਦੀ ਲੋੜ, ਰਿਸ਼ਤਿਆਂ ’ਤੇ ਮਰਦਾਨਗੀ ਅਤੇ ਨਾਰੀਵਾਦ/ਨਾਰੀਤਵ ਦਾ ਪ੍ਰਭਾਵ, ਵਿਆਹ ਸਮਾਗਮ ਅਤੇ ਵਿਆਹੁਤਾ ਜੀਵਨ ਵਿਚਾਲੇ ਅੰਤਰ ਆਦਿ।

ਇਨ੍ਹਾਂ ਸੈਸ਼ਨਾਂ ਦੇ ਵਿਸ਼ੇ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਨੂੰ ਅੱਜ ਦੇ ਮਾਹੌਲ ਦੇ ਅਨੁਕੂਲ ਹੀ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨ ਜੋ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਬੰਧ ਚੱਲੇ, ਉਸ ’ਚ ਸਥਿਰਤਾ ਹੋਵੇ, ਉਹ ਜੀਵਨ ਦਾ ਆਨੰਦ ਲੈ ਸਕਣ, ਇਕ ਮਜ਼ਬੂਤ ਰਿਸ਼ਤੇ ਦੀ ਨੀਂਹ ਰੱਖ ਸਕਣ, ਪਰਿਵਾਰ ਦੇ ਸਾਰੇ ਮੈਂਬਰਾਂ ਵਿਚਾਲੇ ਤਾਲਮੇਲ ਹੋਵੇ, ਉਨ੍ਹਾਂ ਦੀ ਦਿਲਚਸਪੀ ਇਸ ਕੋਰਸ ’ਚ ਹੋ ਸਕਦੀ ਹੈ। ਇਹ ਕੋਰਸ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਹੈ।

ਗੋਆ ’ਚ ਵੀ ਹੋਰ ਸੂਬਿਆਂ ਵਾਂਗ ਵਿਆਹ ਟੁੱਟ ਰਹੇ ਹਨ। ਇਸ ਨਾਲ ਉੱਥੇ ਸਮਾਜ ਦੇ ਇਕ ਵੱਡੇ ਵਰਗ ’ਚ ਸੋਚ-ਵਿਚਾਰ ਚੱਲ ਰਿਹਾ ਹੈ। ਪਿਛਲੇ ਦਿਨੀਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਧਦੇ ਤਲਾਕ ਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਪ੍ਰੀ-ਮੈਰਿਜ ਕਾਊਂਸਲਿੰਗ ਦੀ ਬਹੁਤ ਲੋੜ ਹੈ। ਸੰਭਵ ਹੈ ਕਿ ਇਹ ਕੋਰਸ ਇਸ ਲੋੜ ਨੂੰ ਪੂਰਾ ਕਰ ਸਕੇ।

ਜੇਕਰ ਨੌਜਵਾਨਾਂ ਨੇ ਇਸ ਕੋਰਸ ’ਚ ਦਿਲਚਸਪੀ ਦਿਖਾਈ ਤਾਂ ਹੋ ਸਕਦਾ ਹੈ ਕਿ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਵੀ ਇਸ ਤਰ੍ਹਾਂ ਦੇ ਕੋਰਸ ਸ਼ੁਰੂ ਹੋ ਜਾਣ। ਵੈਸੇ ਵੀ ਕਿਸੇ ਰਿਸ਼ਤੇ ਦੇ ਟੁੱਟਣ ਦੇ ਜਿਨ੍ਹਾਂ ਕਾਰਨਾਂ ਕਰਕੇ ਅਜਿਹਾ ਹੁੰਦਾ ਹੈ, ਜੇਕਰ ਉਨ੍ਹਾਂ ਨੂੰ ਪਹਿਲਾਂ ਹੀ ਸਮਝ ਲਿਆ ਜਾਵੇ ਤਾਂ ਰਿਸ਼ਤਿਆਂ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਵੈਸੇ ਵੀ ਰਿਸ਼ਤਾ ਟੁੱਟਣਾ ਕਿਸ ਨੂੰ ਪਸੰਦ ਆਉਂਦਾ ਹੈ। ਤੋੜਨ ਦੇ ਮੁਕਾਬਲੇ ਜੋੜਨ ’ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਹ ਸਾਰੇ ਮਾਧਿਅਮ ਜਿਨ੍ਹਾਂ ਨੂੰ ਨੌਜਵਾਨ ਦੇਖਦੇ ਹਨ—ਮੀਡੀਆ, ਸੋਸ਼ਲ ਮੀਡੀਆ ਆਦਿ ’ਤੇ ਅਜਿਹੀ ਮੁਹਿੰਮ ਚਲਾਈ ਜਾ ਸਕਦੀ ਹੈ।

ਉਹ ਲੋਕ ਜੋ ਰਿਸ਼ਤਿਆਂ ਨੂੰ ਤੋੜਨ ਦੀ ਵਕਾਲਤ ਹਰ ਸਮੇਂ ਕਰਦੇ ਹਨ, ਉਨ੍ਹਾਂ ਨਾਲ ਵੀ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ। ਕਿਉਂਕਿ ਸਮਾਜ ’ਚ ਨਾਂਹ-ਪੱਖੀ ਸੋਚ ਨੂੰ ਇਸ ਦੇ ਬਾਵਜੂਦ ਜ਼ਿਆਦਾ ਥਾਂ ਮਿਲਦੀ ਹੈ ਕਿ ਨਾਂਹ-ਪੱਖੀ ਸੋਚ ਨਾਲ ਕਦੇ ਕਿਸੇ ਦਾ ਫਾਇਦਾ ਨਹੀਂ ਹੁੰਦਾ। ਇਕ ਘਰ ਦੀ ਛੱਤ ’ਚ ਜੇਕਰ ਤਰੇੜ ਪੈ ਜਾਵੇ ਤਾਂ ਉਸ ਨੂੰ ਜਲਦੀ ਤੋਂ ਜਲਦੀ ਭਰਨਾ ਪੈਂਦਾ ਹੈ, ਵਰਨਾ ਉਹ ਵਧਦੀ ਹੀ ਜਾਂਦੀ ਹੈ।

-ਸ਼ਮਾ ਸ਼ਰਮਾ


author

Harpreet SIngh

Content Editor

Related News