ਚੀਨ ਦੇ ਕਈ ਸੂਬਿਆਂ ’ਚ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ’ਚ ਹੋਵੇਗੀ ਕਟੌਤੀ
Tuesday, Jul 25, 2023 - 01:57 PM (IST)

ਚੀਨ ਦੇ ਕਵਾਂਗਤੁੰਗ ਸੂਬੇ ਦੇ ਪ੍ਰਸ਼ਾਸਨਿਕ ਅਧਿਾਕਾਰੀਆਂ ਦੀ ਤਨਖਾਹ ਨੂੰ ਚੀਨ ਸਰਕਾਰ ਨੇ 25 ਫੀਸਦੀ ਘਟਾਇਆ ਹੈ। ਇਸ ਐਲਾਨ ਪਿੱਛੋਂ ਚੀਨ ’ਚ ਲੋਕ ਸੋਸ਼ਲ ਮੀਡੀਆ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਚੀਨ ਸਰਕਾਰ ਨੇ ਅਜਿਹਾ ਚੀਨ ਦੇ ਸਭ ਤੋਂ ਅਮੀਰ ਸੂਬੇ ਦੇ ਮੁਲਾਜ਼ਮਾਂ ਨਾਲ ਕੀਤਾ ਹੈ। ਕਵਾਂਗਤੁੰਗ ਸੂਬਾ ਹੀ ਪੂਰੇ ਚੀਨ ’ਚ ਵਪਾਰ-ਵਣਜ, ਦਰਾਮਦ-ਬਰਾਮਦ ਅਤੇ ਵਿੱਤੀ ਲੈਣ-ਦੇਣ ਦਾ ਕੇਂਦਰ ਹੈ। ਵਿਨਿਰਮਾਣ ਅਤੇ ਸੇਵਾ ਦਾ ਕੇਂਦਰ ਵੀ ਕਵਾਂਗਤੁੰਗ ਸੂਬਾ ਹੀ ਹੈ ਜਿੱਥੋਂ ਚੀਨ ਦਾ ਬਹੁਤ ਵੱਡੀ ਮਾਤਰਾ ’ਚ ਵਪਾਰ ਹੁੰਦਾ ਹੈ। ਅਜੇ ਤਨਖਾਹ ’ਚ ਕਟੌਤੀ ਦਾ ਫਰਮਾਨ ਕਵਾਂਗਤੁੰਗ ਸੂਬੇ ’ਚ ਜਾਰੀ ਹੋਇਆ ਵੀ ਨਹੀਂ ਸੀ ਕਿ ਤੁਰੰਤ ਹੀ ਚਚਯਾਂਗ ਅਤੇ ਫੂਚਯੇਨ ਸੂਬੇ ਨੇ ਵੀ ਆਪਣੇ ਨੌਕਰਸ਼ਾਹਾਂ ਦੀ ਤਨਖਾਹ ’ਚ ਕਟੌਤੀ ਦਾ ਐਲਾਨ ਕਰ ਦਿੱਤਾ । ਭਾਵ ਚੀਨ ਦੇ ਤਿੰਨ ਸੂਬੇ ਹੁਣ ਇਸੇ ਰਾਹ ’ਤੇ ਚੱਲਣਗੇ। ਜਿਨ੍ਹਾਂ ਅਧਿਕਾਰੀਆਂ ਦੀ ਤਨਖਾਹ ਘੱਟ ਕੀਤੀ ਗਈ ਹੈ ਓਨੀ ਤਨਖਾਹ ’ਚ ਹੁਣ ਉਨ੍ਹਾਂ ਦਾ ਖਰਚ ਚਲਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਜਿਸ ਨੂੰ 12 ਹਜ਼ਾਰ ਯੁਆਨ ਤਨਖਾਹ ਮਿਲ ਰਹੀ ਸੀ ਉਸ ਨੂੰ ਹੁਣ ਸਿਰਫ 9 ਹਜ਼ਾਰ ਯੁਆਨ ਹੀ ਤਨਖਾਹ ਮਿਲੇਗੀ। ਉੱਥੇ ਹੀ ਜਿਸ ਨੂੰ 15 ਹਜ਼ਾਰ ਮਿਲਦਾ ਸੀ, ਹੁਣ ਉਸ ਨੂੰ ਸਿਰਫ 11 ਹਜ਼ਾਰ ਹੀ ਮਿਲਿਆ ਕਰੇਗਾ।
ਚੀਨ ’ਚ ਅਜਿਹਾ ਹੀ ਸੰਕਟ ਸਾਲ 2016 ’ਚ ਵੀ ਆਇਆ ਸੀ ਜਦੋਂ ਸਾਰੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਪਹਿਲਾਂ ਦਿੱਤਾ ਹੋਇਆ ਬੋਨਸ ਵੀ ਵਾਪਸ ਮੰਗ ਲਿਆ ਗਿਆ ਸੀ ਅਤੇ ਪਹਿਲਾਂ ਦੀ ਵਧੀ ਤਨਖਾਹ ਵੀ , ਜਿਨ੍ਹਾਂ ਲੋਕਾਂ ਨੇ ਆਪਣਾ ਪੈਸਾ ਕਿਤੇ ਨਿਵੇਸ਼ ਕਰ ਦਿੱਤਾ ਸੀ ਉਨ੍ਹਾਂ ਕੋਲੋਂ ਉਸ ਨਿਵੇਸ਼ ’ਚੋਂ ਪੈਸਾ ਕਢਵਾ ਕੇ ਸਰਕਾਰੀ ਖਾਤੇ ’ਚ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਸਨ। ਅਜਿਹਾ ਨਾ ਕਰਨ ’ਤੇ ਬਹੁਤ ਸਖਤ ਸਜ਼ਾ ਦੀ ਵਿਵਸਥਾ ਹੈ, ਜੋ ਕੋਈ ਵੀ ਚੀਨੀ ਪਾਉਣੀ ਨਹੀਂ ਚਾਹੁੰਦਾ ਸੀ ਪਰ ਇਸ ਸਮੇਂ ਤਾਂ ਉਸ ਤੋਂ ਵੀ ਬਹੁਤ ਬੁਰਾ ਸਮਾਂ ਚੀਨ ’ਤੇ ਆ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਦੂਜੇ ਚੀਨੀ ਸੂਬੇ ਆਪਣੇ-ਆਪਣੇ ਪੱਧਰ ’ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਨਖਾਹ ਨੂੰ ਘੱਟ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਦੇ ਸੂਬਾਈ ਖਜ਼ਾਨੇ ’ਚ ਖਰਚ ਚਲਾਉਣ ਲਈ ਪੈਸਾ ਵੀ ਨਹੀਂ ਬਚਿਆ ਹੈ। ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਨਖਾਹ ’ਚ ਕਟੌਤੀ ਉਨ੍ਹਾਂ ਸੂਬਿਆਂ ’ਚ ਹੋ ਰਹੀ ਹੈ ਜੋ ਸਿਰਫ ਤਿੰਨ ਸਾਲ ਪਹਿਲਾਂ ਚੀਨ ਦੇ ਸਭ ਤੋਂ ਖੁਸ਼ਹਾਲ ਅਤੇ ਅਮੀਰ ਸੂਬਿਆਂ ’ਚ ਗਿਣੇ ਜਾਂਦੇ ਸਨ। ਇਸ ਸਮੇਂ ਅਰਥਵਿਵਸਥਾ ਦੀ ਸੁਸਤ ਰਫਤਾਰ ਨੇ ਸੂਬਾ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਨਖਾਹ ’ਚ ਕਟੌਤੀ ਕਰਨ। ਚਚਯਾਂਗ ਸੂਬੇ ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ’ਚ 25 ਫੀਸਦੀ ਦੀ ਕਟੌਤੀ ਕੀਤੀ ਹੈ ਜਦਕਿ ਚਯਾਂਗਸੂ ਸੂਬੇ ਨੇ 15 ਫੀਸਦੀ ਕਟੌਤੀ ਕੀਤੀ, ਉੱਥੇ ਹੀ ਫੂਚਯੇਨ ਸੂਬੇ ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ’ਚ 20 ਫੀਸਦੀ ਕਟੌਤੀ ਕੀਤੀ ਹੈ। ਇਨ੍ਹਾਂ ਸੂਬਿਆਂ ਤੋਂ ਇਲਾਵਾ ਚੀਨ ਦੇ ਮੁੱਖ ਇਲਾਕੇ ਜਿਨ੍ਹਾਂ ’ਚ ਬੀਜਿੰਗ, ਸ਼ੰਘਾਈ, ਕਵਾਂਚੋ ਅਤੇ ਸ਼ਨਛਨ ਸ਼ਾਮਲ ਹਨ। ਉਹ ਵੀ ਆਰਥਿਕ ਤੰਗੀ ਦਾ ਡੰਗ ਝੱਲ ਰਹੇ ਹਨ ਅਤੇ ਆਪਣੇ ਮਾਲੀਏ ਨੂੰ ਜ਼ਿਆਦਾ ਬੋਝ ਤੋਂ ਬਚਾਉਣ ਲਈ ਆਪਣੇ ਮੁਲਾਜ਼ਮਾਂ ਦੀ ਤਨਖਾਹ ’ਚ ਇਹ ਵੀ ਕਟੌਤੀ ਕਰਨ ਲਈ ਮਜਬੂਰ ਹਨ ।
ਚੀਨ ਦੇ ਹਰ ਸੂਬੇ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਹੈ ਪ੍ਰਾਪਰਟੀ ਬਾਜ਼ਾਰ ਦਾ ਬੈਠ ਜਾਣਾ ਜਿਸ ਕਾਰਨ ਇਨ੍ਹਾਂ ਦੇ ਸਰਕਾਰੀ ਖਜ਼ਾਨੇ ’ਚ ਪੈਸਾ ਨਹੀਂ ਆ ਰਿਹਾ ਸੀ ਪਰ ਇਨ੍ਹਾਂ ਦੇ ਖਰਚ ਪਹਿਲਾਂ ਵਾਂਗ ਜ਼ਿਆਦਾ ਸਨ। ਇਸ ਪਿੱਛੋਂ ਨੈਟੀਜ਼ਨਾਂ ਨੇ ਸੋਸ਼ਲ ਮੀਡੀਆ ’ਤੇ ਕਵਾਂਗਤੁੰਗ ਸੂਬੇ ’ਚ 25 ਫੀਸਦੀ ਦੀ ਤਨਖਾਹ ਕਟੌਤੀ ਦਾ ਖਦਸ਼ਾ ਪ੍ਰਗਟਾਉਣ ਲੱਗੇ ਅਤੇ ਸਰਕਾਰ ਨੂੰ ਸੁਝਾਅ ਵੀ ਦੇਣ ਲੱਗੇ। ਇਹ ਖਬਰ ਬਹੁਤ ਤੇਜ਼ੀ ਨਾਲ ਚੀਨ ਦੇ ਲਗਭਗ ਸਾਰੇ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ’ਚ ਸੀਨਾ ਬੇਈਬੋ ਅਤੇ ਸ਼ੀਹੂ ਵੀ ਸ਼ਾਮਲ ਹਨ। ਉੱਥੇ ਹੀ ਦੂਜੇ ਬੰਨ੍ਹੇ ਸੂਬਾ ਸਰਕਾਰਾਂ ਨੇ ਅਜੇ ਤੱਕ ਜਨਤਕ ਤੌਰ ’ਤੇ ਇਸ ਗੱਲ ਦਾ ਐਲਾਨ ਨਹੀਂ ਕੀਤਾ ਸੀ ਪਰ ਦੂਜੇ ਪਾਸੇ ਨੈਟਇਜ਼ ਨਾਂ ਦੀ ਵੈੱਬਸਾਈਟ ’ਤੇ ਇਸ ਬਾਰੇ ਲਿਖਿਆ ਗਿਆ ਲੇਖ ਚੁੱਪਚਾਪ ਹਟਾ ਲਿਆ ਗਿਆ ਤਾਂ ਕਿ ਜਨਤਾ ’ਚ ਹੋਰ ਰੌਲਾ ਨਾ ਪਵੇ।
ਚੀਨ ਦੇ ਸ਼ਾਨਤੁੰਗ ਸੂਬੇ ਦੀ ਮਾਲੀ ਹਾਲਤ ਇੰਨੀ ਖਰਾਬ ਹੈ ਕਿ ਉੱਥੇ ਨੌਕਰਸ਼ਾਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਇਹ ਲੋਕ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ। ਬੇਈਫਾਂਗ ’ਚ ਬਹੁਤ ਸਾਰੀਆਂ ਕਾਊਂਟੀਆਂ ਦਿਵਾਲੀਆ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਸਾਹਮਣੇ ਵੀ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੀ ਜ਼ਿੰਮੇਵਾਰੀ ਬਣੀ ਹੋਈ ਹੈ। ਕੁਝ ਸੂਬਿਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ’ਚ ਬਸੰਤ ਉਤਸਵ ਦੇ ਸਮੇਂ ਤੋਂ ਹੀ ਤਨਖਾਹ ਨਹੀਂ ਮਿਲੀ ਹੈ ਅਤੇ ਉਹ ਲੋਕ ਆਪਣੇ ਘਰ ਦਾ ਖਰਚ ਉਧਾਰ ਲੈ ਕੇ ਚਲਾ ਰਹੇ ਹਨ ਪਰ ਇਹ ਉਧਾਰ ਉਹ ਚੁਕਾਉਣਗੇ ਕਿਵੇਂ, ਇਹ ਵੀ ਉਨ੍ਹਾਂ ਨੂੰ ਪਤਾ ਨਹੀਂ ਹੈ ਪਰ ਆਰਥਿਕ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨੌਕਰਸ਼ਾਹਾਂ ਕੋਲ ਕਾਲਾ ਧਨ ਬਹੁਤ ਹੁੰਦਾ ਹੈ। ਇਸ ਲਈ ਉਹ ਅਜਿਹੀ ਸਥਿਤੀ ’ਚ ਵੀ ਗੁਜ਼ਾਰਾ ਕਰਦੇ ਰਹਿਣਗੇ ਕਿਉਂਕਿ ਭਾਵੇਂ ਹੀ ਉਨ੍ਹਾਂ ਨੂੰ ਤਨਖਾਹ ਨਾ ਮਿਲੇ ਪਰ ਉੱਪਰਲੀ ਆਮਦਨ ਨਾਲ ਉਨ੍ਹਾਂ ਦਾ ਘਰ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਹੈ।
ਚੀਨ ’ਚ ਬਹੁਤ ਸਾਰੇ ਲੋਕ ਇਸ ਗੱਲ ਤੋਂ ਡਰੇ ਹੋਏ ਹਨ ਕਿ ਜੇ ਇਸ ਤਰ੍ਹਾਂ ਤਨਖਾਹ ’ਚ ਕਟੌਤੀ ਹੁੰਦੀ ਰਹੀ ਤਾਂ ਭਵਿੱਖ ’ਚ ਕਈ ਹੋਰ ਲੋਕਾਂ ਦੀ ਤਨਖਾਹ ਵੀ ਘੱਟ ਜਾਵੇਗੀ ਅਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਵੇਗਾ। ਕੁੱਝ ਨੈਟੀਜ਼ਨ ਇਸ ਗੱਲ ’ਤੇ ਚਿੰਤਾ ਪ੍ਰਗਟ ਕਰ ਰਹੇ ਸਨ ਕਿ ਅਧਿਆਪਕ ਘੱਟ ਪੈਸਿਆਂ ’ਚ ਕੰਮ ਨਹੀਂ ਕਰ ਸਕਣਗੇ ਅਤੇ ਨਾ ਹੀ ਮਕਾਨ ਦੀਆਂ ਕਿਸ਼ਤਾਂ ਘਟੀਆਂ ਹਨ ਅਤੇ ਨਾ ਹੀ ਮਕਾਨਾਂ ਦੀਆਂ ਕੀਮਤਾਂ ਘਟੀਆਂ ਹਨ। ਇਸ ਸਮੇਂ ਚੀਨ ’ਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਨਾ ਤਾਂ ਪਹਿਲਾਂ ਮਕਾਨ ਖਰੀਦ ਸਕਦੇ ਸਨ ਅਤੇ ਨਾ ਹੀ ਹੁਣ। ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਵੇਂ ਤਨਖਾਹ ’ਚ ਕਟੌਤੀ ਅਤੇ ਉਸ ਪਿੱਛੋਂ ਨੌਕਰੀ ਤੋਂ ਕੱਢੇ ਜਾਣ ਦੀਆਂ ਸਥਿਤੀਆਂ ਬਣਨਗੀਆਂ ਉਸ ਨਾਲ ਆਉਣ ਵਾਲੇ ਦਹਾਕਿਆਂ ’ਚ ਵੀ ਚੀਨ ਉਸ ਤਰ੍ਹਾਂ ਵਾਪਸ ਤਰੱਕੀ ਨਹੀਂ ਕਰ ਸਕੇਗਾ ਜਿਵੇਂ ਉਸ ਨੇ ਪਹਿਲਾਂ ਕੀਤੀ ਸੀ।