ਰੂਸ-ਭਾਰਤ-ਚੀਨ ਮੰਚ ਫਿਰ ਤੋਂ ‘ਸਰਗਰਮ’ ਹੋ ਰਿਹਾ

Sunday, Jul 28, 2024 - 05:37 PM (IST)

ਅਜਿਹੇ ਸੰਕੇਤ ਹਨ ਕਿ ਰੂਸ-ਭਾਰਤ-ਚੀਨ ਮੰਚ ਕੁਝ ਸਾਲਾਂ ਦੇ ਵਕਫੇ ਪਿੱਛੋਂ ‘ਸਰਗਰਮ’ ਹੋ ਰਿਹਾ ਹੈ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਦੀ ਸਰਕਾਰੀ ਯਾਤਰਾ ਨੇ ਪ੍ਰਤੀਕਾਤਮਕਤਾ ’ਤੇ ਬਹੁਤ ਜ਼ੋਰ ਦਿੱਤਾ। ਇਹ ਯਾਤਰਾ ਵਾਸ਼ਿੰਗਟਨ ’ਚ ਨਾਟੋ ਦੇ ਸਿਖਰ ਸੰਮੇਲਨ ਦੇ ਨਾਲ ਹੋਈ, ਜਿਸ ਨੇ ਯਕੀਨੀ ਤੌਰ ’ਤੇ ਮੌਜੂਦਾ ਇਤਿਹਾਸ ’ਚ ਤਬਦੀਲੀਕਾਰੀ ਖੇਤਰੀ ਵਾਤਾਵਰਣ ’ਚ ਰੂਸ-ਭਾਰਤ ਸਬੰਧਾਂ ਦੇ ਕੌਮਾਂਤਰੀ ਚਰਿੱਤਰ ’ਤੇ ਧਿਆਨ ਖਿੱਚਿਆ।

ਮੁੱਖ ਰੂਪ ਨਾਲ 26 ਜੂਨ ਨੂੰ ਮਾਸਕੋ ’ਚ 10ਵੇਂ ਪ੍ਰਿਮਾਕੋਵ ਰੀਡਿੰਗਜ਼ ਫੋਰਮ ’ਚ ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਦਾ ਸੰਬੋਧਨ ਸੁਣਨ ਨੂੰ ਮਿਲਿਆ। ਮੋਦੀ ਦੀ ਯਾਤਰਾ ਤੋਂ ਮੁਸ਼ਕਲ ਨਾਲ 10 ਦਿਨ ਪਹਿਲਾਂ ਇਸ ਸਬੰਧੀ ਇਹ ਅਹਿਮ ਸੰਕੇਤ ਸੀ। ਪ੍ਰਿਮਾਕੋਵ ਰੀਡਿੰਗਜ਼ ਫੋਰਮ ਇਕ ਵੱਕਾਰੀ ਆਯੋਜਨ ਹੈ। ਸੋਵੀਅਤ ਨਾਇਕਾਂ ਦੇ ਗਰੁੱਪ ’ਚ ਯੇਵਗੇਨੀ ਪ੍ਰਿਮਾਕੋਵ ਦੀ ਇਕ ਵਿਲੱਖਣ ਥਾਂ ਹੈ। ਉਨ੍ਹਾਂ ਇਕ ਸਾਂਝੇ ਯੂਰਪੀਅਨ ਘਰ ’ਚ ਰੂਸ ਦੀ ਖੋਜ ਦੀ ਨਾਕਾਮੀ ਪਿੱਛੋਂ ਸੋਵੀਅਤ-ਬਾਅਦ ਦੇ ਮਾੜੇ ਸਬੰਧਾਂ ਨੂੰ ਖਤਮ ਕਰਨ ’ਚ ਅਹਿਮ ਭੂਮਿਕਾ ਲਈ ਆਪਣੀ ਵਰਨਣਯੋਗ ਬਹੁਮੁਖੀ ਯੋਗਤਾ ਦਾ ਪ੍ਰਦਰਸ਼ਨ ਕੀਤਾ।

ਪ੍ਰਿਮਾਕੋਵ ਦਾ ਦੂਰਦਰਸ਼ੀ ਦਿਮਾਗ ਇਸ ਸਿੱਟੇ ’ਤੇ ਪੁੱਜਾ ਕਿ ਰੂਸ-ਭਾਰਤ-ਚੀਨ (ਆਰ. ਆਈ. ਸੀ.) ‘ਕਾਲੇਜੀਅਮ’ ਠੰਡੀ ਜੰਗ ਤੋਂ ਬਾਅਦ ਉਭਰਦੀ ਵਿਸ਼ਵ ਵਿਵਸਥਾ ’ਚ ਅਹਿਮ ਹੋ ਸਕਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਪ੍ਰਿਮਾਕੋਵ ਆਪਣੇ ਸਮੇਂ ਤੋਂ ਅੱਗੇ ਦੀ ਸੋਚ ਰਹੇ ਸਨ।

ਨਿਰਪੱਖਤਾ ਨਾਲ ਕਹੀਏ ਤਾਂ ਨਾ ਤਾਂ ਨਵੀਂ ਦਿੱਲੀ, ਜੋ ਉਸ ਸਮੇਂ ਆਪਣੀ ‘ਇਕ ਧਰੁਵੀ ਸਥਿਤੀ’ ਤੋਂ ਪੀੜਤ ਸੀ ਅਤੇ ਅਮਰੀਕਾ ਦਾ ‘ਸੁਭਾਵਿਕ ਸਹਿਯੋਗੀ’ ਬਣਨ ਦੀ ਲਾਲਸਾ ਰੱਖਦੀ ਸੀ, ਨਾ ਹੀ ਬੀਜਿੰਗ ਜੋ ਅਮਰੀਕਾ ਅਤੇ ਚੀਨ (2 ਸਭ ਤੋਂ ਅਹਿਮ ਵਿਸ਼ਵ ਅਰਥਵਿਵਸਥਾਵਾਂ) ਨਾਲ ਬਣੇ ਕਾਲਪਨਿਕ ਜੀ-2 ਗਰੁੱਪ ਤੋਂ ਮੋਹਿਤ ਸੀ, ਭਰੋਸੇ ਦੀ ਇਸ ਯੁਗਾਂਤਕਾਰੀ ਛਾਲ ਮਾਰਨ ਲਈ ਤਿਆਰ ਸੀ।

ਇਸ ਮਾਮਲੇ ਦਾ ਨਿਚੋੜ ਇਹ ਹੈ ਕਿ ਨਾ ਤਾਂ ਭਾਰਤ ਅਤੇ ਨਾ ਹੀ ਚੀਨ ਪ੍ਰਿਮਾਕੋਵ ਦੀ ਬਹੁ-ਧਰੁਵੀ ਦੀ ਕ੍ਰਾਂਤੀਕਾਰੀ ਧਾਰਨਾ ਨੂੰ ਪੂਰੀ ਤਰ੍ਹਾਂ ਸਾਂਝਾ ਕਰਦੇ ਸਨ, ਜੋ ਰੂਸ ਦੇ ਪੱਛਮ ਤੋਂ ਮੋਹ ਭੰਗ ਹੋਣ ਕਾਰਨ ਪੈਦਾ ਹੋਈ ਸੀ। ਚੀਨ ਪ੍ਰਗਤੀਸ਼ੀਲ ਸੋਚ ’ਚ ਭਾਰਤ ਤੋਂ ਕੁਝ ਅੱਗੇ ਸੀ ਅਤੇ ਉਹ ਆਉਣ ਵਾਲੇ ਦਹਾਕਿਆਂ ਲਈ ਮੁੱਖ ਕੌਮਾਂਤਰੀ ਵਿਕਾਸ ਰੁਝਾਨਾਂ ਦੇ ਪ੍ਰਿਮਾਕੋਵ ਦੇ ਮੁੱਢਲੇ ਅਨੁਮਾਨਾਂ ’ਚ ਹੋਂਦ ਦੇ ਕਾਰਨ ਨੂੰ ਵੇਖ ਸਕਦਾ ਸੀ।

1997 ਦੇ ਰੂਸੀ-ਚੀਨੀ ਦਸਤਾਵੇਜ਼, ਜਿਸ ਦਾ ਸਿਰਲੇਖ ਸੀ ‘ਬਹੁ-ਧਰੁਵੀ ਵਿਸ਼ਵ ’ਤੇ ਸਾਂਝਾ ਐਲਾਨ ਅਤੇ ਇਕ ਨਵੀਂ ਕੌਮਾਂਤਰੀ ਵਿਵਸਥਾ ਦੀ ਸਥਾਪਨਾ’ ਨੇ ਇਸ ਦਾ ਸੰਕੇਤ ਦਿੱਤਾ ਪਰ ਭਾਰਤ ਇਕ ਨਿਰਾਸ਼ਾਜਨਕ ਪੱਛੜਿਆ ਹੋਇਆ ਦੇਸ਼ ਸੀ ਜੋ ਵਾਸ਼ਿੰਗਟਨ ਦੀ ਸਹਿਮਤੀ ’ਚ ਫਸ ਗਿਆ ਸੀ।

ਹੁਣ, 25 ਸਾਲ ਬਾਅਦ ਚੀਜ਼ਾਂ ਬੇਮਿਸਾਲ ਢੰਗ ਨਾਲ ਬਦਲ ਗਈਆਂ ਹਨ। ਨਾਟੋ ਦੇ ਪਸਾਰ ਨੂੰ ਲੈ ਕੇ ਪੱਛਮ ਨਾਲ ਖਿਚਾਅ ਦੇ ਜਵਾਲਾਮੁਖੀ ਧਮਾਕੇ ਪਿੱਛੋਂ ਯੂਕ੍ਰੇਨ ’ਚ ਜ਼ਮੀਨ ’ਤੇ ਨਵੇਂ ਤੱਥ ਬਣਾਉਣ ਲਈ ਫਰਵਰੀ 2022 ’ਚ ਰੂਸ ਦਾ ਕਦਮ, ਪੱਛਮੀ ਦੁਨੀਆ ਦੇ ਬਾਹਰ ਸ਼ਕਤੀ ਅਤੇ ਵਿਕਾਸ ਲਈ ਨਵੇਂ ਕੇਂਦਰਾਂ ਦਾ ਉਦੈ, ਵਿਆਪਕ ਅਤੇ ਬਰਾਬਰ ਸਹਿਯੋਗ ’ਤੇ ਕੌਮਾਂਤਰੀ ਸਬੰਧ ਬਣਾਉਣ ਦੀ ਵਿਆਪਕ ਇੱਛਾ, ਕੌਮਾਂਤਰੀਕਰਨ ਤੋਂ ਖੇਤਰੀ ਸਹਿਯੋਗ ’ਤੇ ਧਿਆਨ ਕੇਂਦ੍ਰਿਤ ਕਰਨ ਵਰਗੇ ਪ੍ਰਮੁੱਖ ਰੁਝਾਨ ਬਣ ਗਏ ਹਨ।

ਇਹ ਕਹਿਣਾ ਢੁੱਕਵਾਂ ਹੈ ਕਿ ਪ੍ਰਿਮਾਕੋਵ ਦੇ ਵਿਚਾਰ ਲਈ ਸਮਾਂ ਆ ਗਿਆ ਹੈ ਕਿ ਆਰ. ਆਈ. ਸੀ. ਤ੍ਰਿਕੋਣ ਬਹੁ-ਧਰੁਵੀ ਦੁਨੀਆ ਅਤੇ ਉਸ ਦਾ ਪ੍ਰਤੀਕ ਬਣ ਜਾਣਾ ਚਾਹੀਦਾ ਹੈ।

ਲਾਵਰੋਵ ਨੇ ਪ੍ਰਿਮਾਕੋਵ ਫੋਰਮ ਦੀ ਬੈਠਕ ’ਚ ਕਿਹਾ ਕਿ ਲਗਭਗ ਇਕ ਸਾਲ ਪਹਿਲਾਂ ਅਸੀਂ ਇਕ ਆਰ. ਆਈ. ਸੀ. ਤ੍ਰਿਕੋਣ ਰੂਪੀ ਖਰੜਾ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ। ਕੁਝ ਦਿਨ ਪਹਿਲਾਂ ਅਸੀਂ ਮੁੜ ਤੋਂ ਇਸ ’ਤੇ ਵਿਚਾਰ ਕੀਤਾ ਪਰ ਅਜੇ ਤੱਕ ਸਾਡੇ ਭਾਰਤੀ ਦੋਸਤਾਂ ਦਾ ਮੰਨਣਾ ਹੈ ਕਿ ਸਰਹੱਦ ਦੀ ਸਥਿਤੀ (ਚੀਨ ਨਾਲ) ਨੂੰ ਪਹਿਲਾਂ ਪੂਰੀ ਤਰ੍ਹਾਂ ਹੱਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਸ ਗੱਲ ਨੂੰ ਸਮਝਦੇ ਹਾਂ।

ਉਂਝ ਵੀ ਬੀਜਿੰਗ ਅਤੇ ਨਵੀਂ ਦਿੱਲੀ ਦੋਵੇਂ ਤਿੰਨ ਪਾਸੜ ਸਹਿਯੋਗ ਰੂਪੀ ਖਰੜੇ ਨੂੰ ਸੁਰੱਖਿਅਤ ਰੱਖਣ ’ਚ ਸਪੱਸ਼ਟ ਦਿਲਚਸਪੀ ਦਿਖਾ ਰਹੇ ਹਨ। ਮੈਨੂੰ ਯਕੀਨ ਹੈ ਕਿ ਤਿੰਨਾਂ ’ਚੋਂ ਹਰ ਇਕ ਨੂੰ ਸਾਂਝਾ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਯੂਰੇਸ਼ੀਅਨ ਅਤੇ ਕੌਮਾਂਤਰੀ ਏਜੰਡੇ ’ਤੇ ਪ੍ਰਮੁੱਖ ਮੁੱਦਿਆਂ ’ਤੇ ਢੁੱਕਵਾਂ ਰੁਖ ਅਪਣਾਉਣ ਨਾਲ ਲਾਭ ਹੋਵੇਗਾ।

ਬੇਸ਼ੱਕ, ਪੱਛਮ ਨੂੰ ਆਰ. ਆਈ. ਸੀ. ਵੱਲੋਂ ਆਪਣੀ ਇਕਮੁੱਠਤਾ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਸਥਿਤੀ ਨਾਲ ਗੱਲਬਾਤ ਕਰਨ ਦੇ ਕਿਸੇ ਵੀ ਸੰਕੇਤ ਨਾਲ ਨਫਰਤ ਹੈ। ਮੋਦੀ ਦੀ ਮਾਸਕੋ ਯਾਤਰਾ ਦੇ ਸੰਦਰਭ ’ਚ ਅਮਰੀਕਾ ਦਾ ਭੰਨ-ਤੋੜੂ ਯਤਨ ਖੁਦ ਸਪੱਸ਼ਟ ਹੈ।

ਅਸਲ ’ਚ, ਆਰ. ਆਈ. ਸੀ. ਖਰੜੇ ’ਚ ਕਈ ਉਲਟ-ਪੁਲਟ ਗੱਲਾਂ ਹਨ ਜਿਨ੍ਹਾਂ ਦਾ ਅਮਰੀਕਾ ਲਾਭ ਉਠਾਉਣਾ ਜਾਰੀ ਰੱਖੇਗਾ। ਕਵਾਡ ਇਸ ਦੀ ਇਕ ਵਧੀਆ ਉਦਾਹਰਣ ਹੈ। ਇਸ ਤੋਂ ਇਲਾਵਾ, ਨਾ ਤਾਂ ਚੀਨ ਅਤੇ ਨਾ ਹੀ ਭਾਰਤ ਅਮਰੀਕੀਆਂ ਵੱਲੋਂ ਨਿਰਧਾਰਤ ਕੌਮਾਂਤਰੀਕਰਨ ਦੀ ਨੀਂਹ ਅਤੇ ਪ੍ਰਣਾਲੀ ’ਤੇ ਸਵਾਲ ਉਠਾਉਣ ਲਈ ਤਿਆਰ ਹਨ ਅਤੇ ਨਾ ਹੀ ਰੂਸ ਡੀ-ਡਾਲਰੀਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜਨੂੰਨੀ ਮੁਹਿੰਮ ਨੂੰ ਸਾਂਝਾ ਕਰਨ ਲਈ ਤਿਆਰ ਹੈ।

ਰੂਸ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ, ਉਸ ਨੂੰ ਪੱਛਮੀ ਬੈਂਕਿੰਗ ਪ੍ਰਣਾਲੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂ ਕਿ ਭਾਰਤ ਅਤੇ ਚੀਨ ਨੂੰ ਡਾਲਰ ਦੀ ਵਰਤੋਂ ’ਤੇ ਨਿਰਭਰ ਰਹਿਣ ’ਚ ਕੋਈ ਸਮੱਸਿਆ ਨਹੀਂ ਹੈ। ਇਸੇ ਤਰ੍ਹਾਂ ਚੀਨ ਤੇ ਭਾਰਤ ਆਪਣੇ ਵਿੱਤੀ, ਨਿਵੇਸ਼ ਅਤੇ ਵਪਾਰ ਸਮਝੌਤਿਆਂ, ਸਪਲਾਈ ਲੜੀਆਂ ਅਤੇ ਉਨ੍ਹਾਂ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਟੈਕਨਾਲੋਜੀ ਦੇ ਤਬਾਦਲੇ ਦੀ ਮਾਤਰਾ ਦੇ ਸੰਦਰਭ ’ਚ ਕੌਮਾਂਤਰੀਕਰਨ ਦੀ ਪੱਛਮੀ ਪ੍ਰਣਾਲੀ ’ਚ ਡੂੰਘਾਈ ਨਾਲ ਸ਼ਾਮਲ ਹਨ।

ਸਿੱਧੇ ਸ਼ਬਦਾਂ ’ਚ ਕਹੀਏ ਤਾਂ ਭਾਰਤ ਨੂੰ ਉਮੀਦ ਹੈ ਕਿ ਚੀਨੀ ਨਿਵੇਸ਼ ਭਾਰਤ ’ਚ ਪੈਸਾ ਲਿਆ ਸਕਦਾ ਹੈ ਅਤੇ ਭਾਰਤੀ ਉਦਯੋਗਾਂ ਦੇ ਉੱਥਾਨ ਅਤੇ ਉਸ ਦੇ ਆਰਥਿਕ ਢਾਂਚੇ ਨੂੰ ਹੱਲਾਸ਼ੇਰੀ ਦੇ ਸਕਦਾ ਹੈ।

ਆਰਥਿਕ ਸਹਿਯੋਗ ਰਾਹੀਂ ਭਾਰਤ ਅਤੇ ਚੀਨ ਆਪਸੀ ਲਾਭ ਦੇ ਆਧਾਰ ’ਤੇ ਸਮਝ ਅਤੇ ਭਰੋਸੇ ਨੂੰ ਉਤਸ਼ਾਹ ਦੇ ਸਕਦੇ ਹਨ। ਹੌਲੀ-ਹੌਲੀ ਸਿਆਸੀ ਮਤਭੇਦਾਂ ਅਤੇ ਗੈਰ-ਯਕੀਨੀ ਵਾਲੇ ਮਾਹੌਲ ਨੂੰ ਹੱਲ ਕਰ ਸਕਦੇ ਹਨ।

ਇਸ ਭਾਈਵਾਲੀ ਨਾਲ ਦੋਹਾਂ ਦੇਸ਼ਾਂ ਦੀ ਆਰਥਿਕ ਸਥਿਤੀ ਨੂੰ ਲਾਭ ਹੋਵੇਗਾ ਅਤੇ ਖੇਤਰੀ ਤੇ ਕੌਮਾਂਤਰੀ ਸ਼ਾਂਤੀ ’ਚ ਯੋਗਦਾਨ ਪਏਗਾ। ਇਹ ਇਕ ਉਸਾਰੂ ਸੰਕੇਤ ਹੈ। ਭਾਰਤ-ਚੀਨ ਸਬੰਧਾਂ ’ਚ ਸੂਤਰਧਾਰ ਬਣਨਾ ਰੂਸ ਦੇ ਹਿੱਤ ’ਚ ਹੈ। ਸ਼ਾਇਦ ਮੋਦੀ ਅਤੇ ਪੁਤਿਨ ਨੇ ਪਿਛਲੇ ਮਹੀਨੇ ਮਾਸਕੋ ’ਚ ਆਪਣੀ ਗੈਰ-ਰਸਮੀ ਗੱਲਬਾਤ ਦੌਰਾਨ ਇਸ ਸਬੰਧੀ ਵਿਚਾਰ ਸਾਂਝੇ ਕੀਤੇ ਹੋਣ।

(ਲੇਖਕ ਸਾਬਕਾ ਡਿਪਲੋਮੈਟ ਹਨ) (ਐਕਸਪ੍ਰੈੱਸ ਨਿਊਜ਼ ਤੋਂ ਧੰਨਵਾਦ ਸਹਿਤ) ਐੱਮ. ਕੇ. ਭਦਰਕੁਮਾਰ


Rakesh

Content Editor

Related News