ਖੇਤੀ ਕਾਨੂੰਨ ਵਾਪਸੀ : ਸਿੱਖ ਖੁਸ਼ ਤਾਂ ਹਨ ਪਰ ਭਰੋਸਾ ਨਹੀਂ

11/26/2021 3:34:12 AM

ਸੁਨੀਲ ਪਾਂਡੇ (ਦਿੱਲੀ ਦੀ ਸਿੱਖ ਸਿਆਸਤ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦੇ ਬਾਅਦ ਆਸ ਸੀ ਕਿ ਅੰਦੋਲਨਕਾਰੀ ਸਿੱਖ ਤੇ ਕਿਸਾਨ ਬਾਰਡਰ ਖਾਲੀ ਕਰ ਕੇ ਆਪਣੇ ਘਰਾਂ ਨੂੰ ਕੂਚ ਕਰ ਜਾਣਗੇ ਪਰ ਹੁਣ ਉਨ੍ਹਾਂ ਨੇ ਨਵੀਂ ਘੁੰਡੀ ਦੇ ਨਾਲ ਆਪਣੇ ਕਦਮ ਰੋਕ ਲਏ ਹਨ।

ਕਿਸਾਨ ਸੰਗਠਨਾਂ ਨੇ ਬਾਕੀ ਕਿਸਾਨੀ ਮੰਗਾਂ ਨੂੰ ਵੀ ਅੱਗੇ ਕਰ ਦਿੱਤਾ ਹੈ। ਅੰਦੋਲਨਕਾਰੀ ਸਿੱਖ ਬਿੱਲ ਵਾਪਸੀ ’ਤੇ ਖੁਸ਼ ਤਾਂ ਹਨ ਪਰ ਉਨ੍ਹਾਂ ਦੇ ਦਿਲ ’ਚ ਚੀਸ ਹੈ।

ਅੰਦੋਲਨ ਲੰਬਾ ਖਿੱਚਣ, ਅਣਗਿਣਤ ਕਿਸਾਨਾਂ ਦੀ ਮੌਤ ਦਾ ਦਰਦ ਉਨ੍ਹਾਂ ਨੂੰ ਅਜੇ ਵੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਅਜੇ ਵੀ ਪੂਰਾ ਭਰੋਸਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਜਿਸ ਸੰਸਦ ਨੇ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਸੀ, ਉਸੇ ਸੰਸਦ ਤੋਂ ਬਿੱਲ ਖਾਰਿਜ ਕੀਤੇ ਜਾਣ। ਇਸ ਸਭ ਦੇ ਦੌਰਾਨ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਖਿੱਚੋਤਾਣ ਅਜੇ ਵੀ ਰੁਕ ਨਹੀਂ ਰਹੀ। ਸੰਯੁਕਤ ਕਿਸਾਨ ਮੋਰਚੇ ਨੇ ਐੱਮ. ਐੱਸ. ਪੀ. ਗਾਰੰਟੀ ਦਾ ਕਾਨੂੰਨ ਬਣਾਉਣ ਦਾ ਨਵਾਂ ਦਾਅ ਖੇਡ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਸੰਗਠਨ ਤਿੰਨੇ ਖੇਤੀ ਬਿੱਲ ਵਾਪਸ ਲੈਣ ’ਤੇ ਅੜੇ ਹੋਏ ਸਨ। ਨਾਲ ਹੀ ਕਹਿ ਰਹੇ ਹਨ ਕਿ ਸਰਕਾਰ ਸੰਸਦ ’ਚ ਲਿਆਂਦੇ ਜਾ ਰਹੇ ਬਿਜਲੀ ਬਿੱਲ ’ਚ ਕਿਸਾਨ ਸਬਸਿਡੀ ਖਤਮ ਕਰਨ ਦੀ ਵਿਵਸਥਾ ਨੂੰ ਰੱਦ ਕਰੇ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਫਸਲ ਦੀ ਲਾਗਤ ਨਾਲੋਂ ਦੁੱਗਣਾ ਐੱਮ. ਐੱਸ. ਪੀ. ਦੇਣ ’ਤੇ ਸਰਕਾਰ ਮਜਬੂਰ ਹੋਵੇ।

ਇਸੇ ਟਕਰਾਅ ਦੌਰਾਨ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਤਿੰਨਾਂ ਬਿੱਲਾਂ ਨੂੰ ਖਾਰਿਜ ਕਰਨ ਦਾ ਮਤਾ ਮਨਜ਼ੂਰ ਕਰ ਦਿੱਤਾ। 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਰਾਸ਼ਟਰਪਤੀ ਕੋੋਲੋਂ ਇਸ ਦੀ ਮਨਜ਼ੂਰੀ ਲਈ ਜਾਵੇਗੀ। ਹਰਿਆਣਾ ਅਤੇ ਪੰਜਾਬ ’ਚ ਕਿਸਾਨਾਂ ਤੋਂ ਕਣਕ ਅਤੇ ਚੌਲ ਖਰੀਦਣ ਲਈ ਸਰਕਾਰੀ ਮੰਡੀ ਹੈ ਪਰ ਹੋਰਨਾਂ ਉਪਜਾਂ ਦੀ ਖਰੀਦ ਸਰਕਾਰ ਐੱਮ. ਐੱਸ. ਪੀ. ਨਿਰਧਾਰਤ ਕਰਨ ਦੇ ਬਾਵਜੂਦ ਨਹੀਂ ਕਰਦੀ। ਇਨ੍ਹਾਂ ’ਚ ਬਾਜਰਾ, ਕਪਾਹ ਆਦਿ ਸ਼ਾਮਲ ਹੈ। ਕਿਸਾਨ ਚਾਹੁੰਦੇ ਹਨ ਕਿ ਜਿਹੜੀਆਂ ਵਸਤਾਂ ਦਾ ਐੱਮ. ਐੱਸ. ਪੀ. ਸਰਕਾਰ ਨਿਰਧਾਰਿਤ ਕਰਦੀ ਹੈ, ਉਨ੍ਹਾਂ ਲਈ ਕਿਸਾਨ ਨੂੰ ਗਾਰੰਟੀ ਦਿੱਤੀ ਜਾਵੇ ਕਿ ਬਾਜ਼ਾਰ ’ਚ ਐੱਮ. ਐੱਸ. ਪੀ. ਤੋਂ ਘੱਟ ਖਰੀਦ ਨਹੀਂ ਹੋਵੇਗੀ ਅਤੇ ਘੱਟ ’ਤੇ ਖਰੀਦਣ ਵਾਲੇ ਵਪਾਰੀ ’ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਦੀ ਮੰਗ ਹੈ ਕਿ ਸਰਕਾਰੀ ਮੰਡੀਆਂ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਸਰਕਾਰ ਦੇ ਐੱਮ. ਐੱਸ. ਪੀ. ਐਲਾਨ ਦੇ ਬਾਵਜੂਦ ਮਜਬੂਰੀਵੱਸ ਆਪਣੀ ਫਸਲ ਨੂੰ ਬੜੇ ਘੱਟ ਭਾਅ ’ਤੇ ਬਾਜ਼ਾਰ ’ਚ ਵੇਚਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ।

ਪੰਜਾਬ ਤੋਂ ਸ਼ੁਰੂ ਹੋਈ ਕਿਸਾਨ ਅੰਦੋਲਨ ਦੀ ਅੱਗ ਹੁਣ ਹਰਿਆਣਾ, ਯੂ. ਪੀ., ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਦੱਖਣ ਦੇ ਕਈ ਰਾਜਾਂ ਤੱਕ ਫੈਲ ਚੁੱਕੀ ਹੈ, ਜਿਸ ਕਾਰਨ ਕਿਸਾਨ ਸੰਗਠਨ ਸਰਕਾਰ ਨਾਲ ਆਰ-ਪਾਰ ਦਾ ਰਸਤਾ ਤਿਆਰ ਕਰ ਕੇ ਖੜ੍ਹੇ ਹਨ। ਸਿਆਸੀ ਪਾਰਟੀਆਂ ਚਾਹ ਕੇ ਵੀ ਕਿਸਾਨ ਸੰਗਠਨਾਂ ਦਾ ਵਿਰੋਧ ਨਹੀਂ ਕਰ ਪਾ ਰਹੀਆਂ।

ਹੁਣ ਸਿੱਖਾਂ ਦੇ ਨਿਸ਼ਾਨੇ ’ਤੇ ਕੰਗਨਾ ਰਣੌਤ : ਕਿਸਾਨ ਅੰਦੋਲਨ ਦੀ ਸ਼ੁਰੂ ਤੋਂ ਹੀ ਆਲੋਚਕ ਰਹੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਹੁਣ ਸਿੱਖਾਂ ਦੇ ਨਿਸ਼ਾਨੇ ’ਤੇ ਹੈ। ਪ੍ਰਧਾਨ ਮੰਤਰੀ ਦੇ ਖੇਤੀ ਬਿੱਲਾਂ ਦੇ ਵਾਪਸੀ ਦੇ ਐਲਾਨ ’ਤੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਉਸ ਨੇ ਆਪਣੇ ਵਿਰੁੱਧ ਐੱਫ. ਆਈ. ਆਰ. ਕਰਵਾ ਲਈ ਹੈ। ਮੁੰਬਈ ਦੇ ਖਾਰ ਪੁਲਸ ਥਾਣੇ ’ਚ ਸਿੱਖ ਸੰਗਠਨਾਂ ਨੇ ਕੰਗਨਾ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਦੇ ਦੋਸ਼ ’ਚ ਕੇਸ ਦਰਜ ਕਰਵਾ ਦਿੱਤਾ ਹੈ। ਕੰਗਨਾ ਰਣੌਤ ਨੇ ਪਹਿਲਾਂ ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਨੂੰ 100 ਰੁਪਏ ਦਿਹਾੜੀ ’ਤੇ ਆਉਣ ਦੀ ਗੱਲ ਕਹੀ ਸੀ। ਇਸ ਦੇ ਬਾਅਦ ਲਗਾਤਾਰ ਕਿਸਾਨ ਵਿਰੋਧੀ ਟਿੱਪਣੀਆਂ ਕਰਦੀ ਰਹੀ। ਸਿੱਖ ਸੰਗਠਨਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੰਗਨਾ ਕੋਲੋਂ ਪਦਮਸ਼੍ਰੀ ਪੁਰਸਕਾਰ ਵਾਪਸ ਲੈਣ ਲਈ ਚਿੱਠੀ ਲਿਖੀ ਹੈ। ਓਧਰ, ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਵੀ ਉਸ ਦੇ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਾਂ ਨੂੰ ਮੱਛਰ ਦੱਸਣ ਵਾਲੀ ਕੰਗਨਾ ਦੀ ਗ੍ਰਿਫਤਾਰੀ ਕਦੋਂ ਹੋਵੇਗੀ।

ਤਿੰਨ ਮਹੀਨੇ ਬਾਅਦ ਵੀ ਗੁਰਦੁਆਰਾ ਕਮੇਟੀ ਦਾ ਗਠਨ ਨਹੀਂ, ਸਥਿਤੀ ਸਪੱਸ਼ਟ ਨਹੀਂ : 25 ਅਗਸਤ, 2021 ਨੂੰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਨੂੰ ਅੱਜ ਪੂਰੇ 3 ਮਹੀਨੇ ਹੋ ਗਏ ਹਨ ਪਰ ਸਥਿਤੀ ਸਪੱਸ਼ਟ ਨਹੀਂ ਹੈ। ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਪੱਸ਼ਟ ਬਹੁਮਤ ਮਿਲ ਚੁੱਕਾ ਹੈ ਪਰ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਯੋਗਤਾ ਦਾ ਮਸਲਾ ਉਲਝਾਉਣ ਦੇ ਚੱਕਰ ’ਚ ਨਵੀਂ ਕਮੇਟੀ ਦਾ ਗਠਨ ਨਹੀਂ ਹੋ ਪਾ ਰਿਹਾ। ਸਿਰਸਾ ਆਪਣੀ ਰਵਾਇਤੀ ਸੀਟ ਤੋਂ ਹਾਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਐੱਸ. ਜੀ. ਪੀ. ਸੀ. ਕੋਟੇ ਦੀ ਸੀਟ ਤੋਂ ਨਾਮਜ਼ਦ ਕੀਤਾ ਗਿਆ ਸੀ ਪਰ ਵਿਰੋਧੀਆਂ ਦੀ ਦਖਲਅੰਦਾਜ਼ੀ ਕਾਰਨ ਉਨ੍ਹਾਂ ਦੀ ਦਾਅਵੇਦਾਰੀ ਅਦਾਲਤ ’ਚ ਉਲਝ ਗਈ ਅਤੇ ਤਰੀਕ ’ਤੇ ਤਰੀਕ ਪੈਂਦੀ ਜਾ ਰਹੀ ਹੈ। ਹੁਣ ਅਗਲੀ ਮਿਤੀ 9 ਦਸੰਬਰ ਨਿਰਧਾਰਿਤ ਹੈ। ਹਾਈ ਕੋਰਟ ਦੇ ਫੈਸਲੇ ਦੇ ਬਾਅਦ ਹੀ ਨਵੀਂ ਕਮੇਟੀ ਦਾ ਗਠਨ ਹੋ ਜਾਵੇਗਾ।

ਭਾਜਪਾ ਕੀ ਅਕਾਲੀ ਦਲ ਨੂੰ ਛੋਟਾ ਭਰਾ ਬਣਾਵੇਗੀ : ਪੰਜਾਬ ’ਚ ਆਪਣੀ ਜ਼ਮੀਨ ਲੱਭ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨਾ ਇਸ ਵਾਰ ਸ਼ਹਿਰੀ ਹਿੰਦੂ ਵੋਟਰਾਂ ’ਤੇ ਸੀ। ਇਸ ਦੇ ਲਈ ਬਕਾਇਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸਰਕਾਰ ਬਣਨ ’ਤੇ ਕਿਸੇ ਹਿੰਦੂ ਨੂੰ ਡਿਪਟੀ ਸੀ. ਐੱਮ. ਬਣਾਇਆ ਜਾਵੇਗਾ। ਉਸ ਸਮੇਂ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਇਹ ਮੰਨ ਕੇ ਚੱਲ ਰਹੀ ਸੀ ਕਿ ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਦੇ ਵਿਰੁੱਧ ਪੈਦਾ ਹੋਏ ਗੁੱਸੇ ਦੇ ਬਾਅਦ ਸ਼ਹਿਰੀ ਹਿੰਦੂਆਂ ਦੀ ਵੋਟ ਅਕਾਲੀ ਦਲ ਵੱਲ ਟਰਾਂਸਫਰ ਹੋ ਸਕਦੀ ਹੈ ਪਰ ਇਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਟਰ ਸਟ੍ਰੋਕ ਦੇ ਬਾਅਦ ਭਾਜਪਾ ਸਾਹਮਣੇ ਆ ਗਈ ਹੈ ਅਤੇ ਆਪਣੇ ਰਵਾਇਤੀ ਸ਼ਹਿਰੀ ਹਿੰਦੂ ਵੋਟਰਾਂ ਨੂੰ ਜੋੜਨ ’ਚ ਜੁੱਟ ਗਈ ਹੈ। ਭਾਜਪਾ ਪਹਿਲਾਂ ਹੀ ਇਕੱਲੀ ਪੰਜਾਬ ’ਚ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ। ਬਦਲੇ ਹਾਲਾਤ ਦੇ ਦਰਮਿਆਨ ਭਾਜਪਾ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਸਮਰਥਨ ਮਿਲ ਸਕਦਾ ਹੈ।

ਇਸ ਦਰਮਿਆਨ ਇਹ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਾਪਸ ਭਾਜਪਾ ਦੇ ਨਾਲ ਗਠਜੋੜ ਕਰ ਸਕਦਾ ਹੈ। ਭਾਜਪਾ ਦੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਨੇ ਇਸ ਸੰਭਾਵਨਾ ਨੂੰ ਖਾਰਿਜ ਵੀ ਨਹੀਂ ਕੀਤਾ ਹੈ ਪਰ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਜੇਕਰ ਗਠਜੋੜ ਹੋਇਆ ਤਾਂ ਭਾਜਪਾ ਪੰਜਾਬ ’ਚ ਵੱਡੇ ਭਰਾ ਦੀ ਭੂਮਿਕਾ ਨਿਭਾਵੇਗੀ, ਜਿਸ ਦਾ ਸਿੱਧਾ ਅਰਥ ਹੋਵੇਗਾ ਕਿ ਪੰਜਾਬ ’ਚ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ। ਇਸ ਸਭ ਦੇ ਦਰਮਿਆਨ ਬਾਦਲ ਦਾ ਵੀ ਬਿਆਨ ਆਇਆ ਹੈ ਕਿ ਅਸੀਂ ਜਿਸ ਦੀ ਬਾਂਹ ਫੜ ਲੈਂਦੇ ਹਾਂ ਉਸ ਨੂੰ ਛੱਡਦੇ ਨਹੀਂ ਅਤੇ ਅਸੀਂ ਬਸਪਾ ਦੇ ਨਾਲ ਖੁਸ਼ ਹਾਂ ਅਤੇ ਗਠਜੋੜ ਠੀਕ ਹੈ। ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਯੂ. ਪੀ. ਅਤੇ ਉੱਤਰਾਖੰਡ ਦੇ ਤਰਾਈ ਵਾਲੇ ਇਲਾਕੇ ’ਚ ਸਿੱਖ ਵੋਟਰਾਂ ਦੇ ਦਰਮਿਆਨ ਪ੍ਰਚਾਰ ਕਰੇਗੀ।


Bharat Thapa

Content Editor

Related News