ਅੰਮ੍ਰਿਤ ਕਾਲ ’ਚ ‘ਸਵਦੇਸ਼ੀ ਦੀ ਪ੍ਰਾਸੰਗਿਕਤਾ’
Wednesday, Sep 13, 2023 - 11:45 PM (IST)
ਹਾਲ ਹੀ ’ਚ ਸੰਪੰਨ ਹੋਏ 9ਵੇਂ ਰਾਸ਼ਟਰੀ ਹੈਂਡਲੂਮ ਦਿਵਸ ਨੇ 1905 ’ਚ ਆਰੰਭ ਹੋਏ ਸਵਦੇਸ਼ੀ ਅੰਦੋਲਨ ਨਾਲ ਜੁੜੇ ਸਾਰੇ ਰੌਚਕ ਤੱਥਾਂ ਨੂੰ ਇਕ ਵਾਰ ਫਿਰ ਆਮ ਲੋਕਾਂ ਦੇ ਮਨ ’ਚ ਪੁਨਰ-ਜੀਵਤ ਕਰ ਦਿੱਤਾ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ 20ਵੀਂ ਸਦੀ ਦੇ ਸ਼ੁਰੂ ’ਚ ਹੋਏ ਇਸ ਮਹਾਨ ਅੰਦੋਲਨ ਨੂੰ 75ਵੇਂ ਸਾਲ ’ਚ ਅਸੀਂ ਕਿਵੇਂ ਦੇਖਦੇ ਹਾਂ ਅਤੇ 100ਵੇਂ ਸਾਲ ਦੀ ਆਜ਼ਾਦੀ ਦੇ ਭਾਰਤ ਦਾ ਸੁਨਹਿਰੀ ਯੁੱਗ ਬਣਾਉਣ ਲਈ ਇਸ ਦੀ ਕੀ ਭੂਮਿਕਾ ਹੋ ਸਕਦੀ ਹੈ।
ਭਾਰਤ ’ਚ ਹੈਂਡਲੂਮ ਦਾ ਇਤਿਹਾਸ ਸਿੰਧੂ ਘਾਟੀ ਸੱਭਿਅਤਾ ਨਾਲ ਮਿਲਦਾ ਹੈ। ਸਿੰਧੂ ਘਾਟੀ ਦੇ ਕਿਸਾਨ ਕਪਾਹ ਦੀ ਕਤਾਈ ਤੇ ਬੁਣਾਈ ਕਰਨ ਵਾਲੀ ਪਹਿਲੀ ਸੱਭਿਅਤਾ ਦੇ ਲੋਕ ਸਨ। 1929 ’ਚ ਆਰਕੀਓਲਾਜਿਸਟ ਨੂੰ ਮੋਹਨਜੋਦੜੋ (ਪਾਕਿਸਤਾਨ) ’ਚ ਸੂਤੀ ਕੱਪੜਿਆਂ ਦੇ ਟੁਕੜੇ ਮਿਲੇ ਸਨ, ਜੋ 3250 ਅਤੇ 2750 ਈਸਾ ਪੂਰਵ ਦੇ ਸਨ। ਇਸ ਤੋਂ ਇਲਾਵਾ 1500 ਅਤੇ 1200 ਈਸਾ ਪੂਰਵ ਦਰਮਿਆਨ ਲਿਖੇ ਗਏ ਵੈਦਿਕ ਗ੍ਰੰਥਾਂ ’ਚ ਵੀ ਕਪਾਹ ਦੀ ਕਤਾਈ ਤੇ ਬੁਣਾਈ ਦਾ ਜ਼ਿਕਰ ਮਿਲਦਾ ਹੈ। ਭਾਰਤ ਦਾ ਹੈਂਡਲੂਮ ਉਦਯੋਗ ਬੇਹੱਦ ਵਿਸ਼ਾਲ ਹੋਣ ਦੇ ਨਾਲ ਹਜ਼ਾਰਾਂ ਸਾਲ ਪੁਰਾਣਾ ਵੀ ਹੈ। ਇਸ ਦੇ ਸਬੂਤ ਰਾਮਾਇਣ ਤੋਂ ਲੈ ਕੇ ਮਹਾਭਾਰਤ ਤਕ ’ਚ ਮਿਲਦੇ ਹਨ।
ਕੁਝ ਸਬੂਤ ਇਹ ਵੀ ਦੱਸਦੇ ਹਨ ਕਿ ਭਾਰਤੀ ਹੈਂਡਲੂਮ ਉਦਯੋਗ ਲਗਭਗ 5000 ਸਾਲ ਪੁਰਾਣਾ ਹੈ ਭਾਵ ਪਿਛਲੇ 5000 ਸਾਲਾਂ ਤੋਂ ਦੇਸ਼ ’ਚ ਹੈਂਡਲੂਮ ਦੀ ਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ ਭਾਰਤ ਦਾ ਕੁਝ ਵੱਡੇ ਦੇਸ਼ਾਂ ਨੂੰ ਹੈਂਡਲੂਮ ਕੱਪੜਿਆਂ ਦੀ ਬਰਾਮਦ ਦਾ ਵੀ ਇਤਿਹਾਸ ਰਿਹਾ ਹੈ ਜਿਸ ਦਾ ਸਬੂਤ ਓਡਿਸ਼ਾ ਅਤੇ ਦੱਖਣ-ਪੂਰਬ ਏਸ਼ੀਆਈ ਦੇਸ਼ ਇੰਡੋਨੇਸ਼ੀਆ ਦੇ ਇਕਤ ਪੈਟਰਨ ’ਚ ਮਿਲਦਾ ਹੈ। ਇਸ ਤਰ੍ਹਾਂ ਅਜੰਤਾ (ਮਹਾਰਾਸ਼ਟਰ ’ਚ) ਦੀਆਂ ਲਗਭਗ 2000 ਸਾਲ ਪੁਰਾਣੀਆਂ ਪੇਂਟਿੰਗਜ਼ ’ਚ ਬੁਣਾਈ, ਕੱਪੜੇ ਦੀ ਅਲੰਕਰਨ ਤਕਨੀਕ ਅਤੇ ਰੂਪਾਂਕਣਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਜੋ ਅੱਜ ਵੀ ਭਾਰਤ ’ਚ ਵਰਤੋਂ ’ਚ ਹੈ ਜਿਵੇਂ ਕਿ ਬੰਗਾਲ ’ਚ ਕਾਂਥਾ ਅਤੇ ਗੁਜਰਾਤ ਅਤੇ ਰਾਜਸਥਾਨ ਦੀ ਬੰਧਨੀ।
ਇੰਨੇ ਸਾਰੇ ਵਿਦੇਸ਼ੀ ਹਮਲਿਆਂ, ਸਖਤ ਬਸਤੀਵਾਦੀ ਨਿਯਮਾਂ ਅਤੇ ਆਰਥਿਕ ਦਮਨ ਦੇ ਬਾਵਜੂਦ ਭਾਰਤ ’ਚ ਬੁਣਾਈ ਬਚੀ ਰਹੀ। ਹਿੰਦੂ ਸ਼ਾਸਕਾਂ ਦੇ ਅਧੀਨ ਬੁਣਕਰਾਂ ਨੂੰ ਇਕ ਕਲਾਕਾਰ ਦਾ ਦਰਜਾ ਪ੍ਰਾਪਤ ਸੀ। ਅਰਥਸ਼ਾਸਤਰ ਅਨੁਸਾਰ ਉਨ੍ਹਾਂ ਦੇ ਆਪਣੇ ਖੁਦ ਦੇ ਸੰਘ ਜਾਂ ਸ਼੍ਰੇਣੀ ਸੀ ਅਤੇ ਇੱਥੋਂ ਤੱਕ ਕਿ ਰਾਜੇ ਨੂੰ ਵੀ ਬੁਣਕਰ ਸੰਘਾਂ ਨਾਲ ਢੁੱਕਵੇਂ ਸਨਮਾਨ ਨਾਲ ਵਿਵਹਾਰ ਕਰਨਾ ਪੈਂਦਾ ਸੀ। ਇਸਲਾਮੀ ਹਮਲਿਆਂ ਨੇ ਬੁਣਕਰਾਂ ਦੀ ਖੁਦਮੁਖਤਾਰੀ ਖਤਮ ਕਰ ਿਦੱਤੀ। ਬੁਣਕਰ ਸਿਰਫ ਦਿਹਾੜੀਦਾਰ ਮਜ਼ਦੂਰ ਬਣ ਕੇ ਰਹਿ ਗਏ ਪਰ ਮੁਸਲਮਾਨ ਸ਼ਾਸਕਾਂ ਨੇ ‘ਮਲਮਲ’ ਬਨਾਰਸੀ ਬੋਕੇਡ ਅਤੇ ‘ਜਾਮਾਵਾਰ’ ਵਰਗੇ ਨਵੇਂ ਵਸਤਰਾਂ ਨੂੰ ਉਤਸ਼ਾਹਿਤ ਕੀਤਾ। 17ਵੀਂ ਸ਼ਤਾਬਦੀ ਤਕ ਭਾਰਤ ਦੁਨੀਆ ਦੇ 25 ਫੀਸਦੀ ਵਸਤਰਾਂ ਦਾ ਉਤਪਾਦਨ ਕਰਦਾ ਸੀ, ਜਿਸ ’ਚ 50 ਫੀਸਦੀ ਤੋਂ ਵੱਧ ਵਸਤਰ ਅਤੇ 80 ਫੀਸਦੀ ਰੇਸ਼ਮ ਦਾ ਯੋਗਦਾਨ ਬੰਗਾਲ ’ਚ ਹੁੰਦਾ ਸੀ, ਜੋ ਏਸ਼ੀਆ ਤੋਂ ਡੱਚਾਂ ਵੱਲੋਂ ਦਰਾਮਦ ਕੀਤਾ ਜਾਂਦਾ ਸੀ।
ਭਾਰਤ ਦੇ ਹੈਂਡਲੂਮ ਉਦਯੋਗ ਦਾ ਪਤਨ 19ਵੀਂ ਸਦੀ ’ਚ ਸ਼ੁਰੂ ਹੋਇਆ ਜਦ ਅੰਗਰੇਜ਼ਾਂ ਵੱਲੋਂ ਇਸ ਦਾ ਗਿਣੇ-ਮਿੱਥੇ ਢੰਗ ਨਾਲ ਸ਼ੋਸ਼ਣ ਕੀਤਾ ਗਿਆ। ਅੰਗਰੇਜ਼ਾਂ ਦੀ ਹਕੂਮਤ ਨੇ ਦੇਸ਼ ਦੇ ਹੈਂਡਲੂਮ ਸੈਕਟਰ ਨੂੰ ਖਤਮ ਕਰਨ ’ਚ ਕੋਈ ਕਸਰ ਨਹੀਂ ਛੱਡੀ। ਬਰਤਾਨੀਆ ਨੇ ਭਾਰਤ ਤੋਂ ਸਸਤੀਆਂ ਦਰਾਂ ’ਤੇ ਕਪਾਹ ਦਰਾਮਦ ਕੀਤੀ ਅਤੇ ਮੈਨਚੈਸਟਰ ਦੀਆਂ ਮਿੱਲਾਂ ਤੋਂ ਮਸ਼ੀਨ ਨਾਲ ਬਣੇ ਕੱਪੜੇ ਭਾਰਤ ’ਚ ਸੁੱਟ ਦਿੱਤੇ। ਬਰਤਾਨਵੀ ਅਧਿਕਾਰੀ ਦੇਸ਼ ’ਚ ਮਸ਼ੀਨ ਤੋਂ ਤਿਆਰ ਹੋਣ ਵਾਲਾ ਸੂਟ ਲਿਆਏ ਅਤੇ ਬੁਣਕਰਾਂ ਨੂੰ ਆਪਣਾ ਉਤਪਾਦਨ ਬੰਦ ਕਰਨ ਲਈ ਮਜਬੂਰ ਕੀਤਾ। ਇਸ ਵਜ੍ਹਾ ਨਾਲ ਦੇਸ਼ ਦੇ ਕਈ ਬੁਣਕਰਾਂ ਦੀ ਆਮਦਨੀ ਦਾ ਜ਼ਰੀਆ ਬੰਦ ਹੋ ਗਿਆ। ਹੌਲੀ-ਹੌਲੀ ਹੈਂਡਲੂਮ ਉਦਯੋਗ ਦੀ ਥਾਂ ਸਿੰਥੈਟਿਕ ਕੱਪੜੇ ਨੇ ਲੈ ਲਈ।
20ਵੀਂ ਸਦੀ ਦੀ ਸ਼ੁਰੂਆਤ ’ਚ ਸ਼ੁਰੂ ਕੀਤਾ ਗਿਆ ਸਵਦੇਸ਼ੀ ਅੰਦੋਲਨ ਬਰਤਾਨਵੀ-ਭਾਰਤ ਸਰਕਾਰ ਦੇ ਬੰਗਾਲ ਦੀ ਵੰਡ ਦੇ ਫੈਸਲੇ ਦਾ ਸਿੱਧਾ ਨਤੀਜਾ ਸੀ ਅਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ ਅਤੇ ਵਿਦੇਸ਼ ’ਚ ਬਣੀਆਂ ਵਸਤੂਆਂ ਦਾ ਬਾਈਕਾਟ ਇਸ ਅੰਦੋਲਨ ਦੇ ਦੋ ਮੁੱਖ ਮੰਤਵ ਸਨ।
ਪਹਿਲੀ ਵਾਰ ਔਰਤਾਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲੀਆਂ ਅਤੇ ਇੰਨੇ ਵੱਡੇ ਪੈਮਾਨੇ ’ਤੇ ਜਨ-ਅੰਦੋਲਨ ਦਾ ਿਹੱਸਾ ਬਣੀਆਂ ਜਿਸ ਦੇ ਸਿੱਟੇ ਵਜੋਂ ਮਹਾਤਮਾ ਗਾਂਧੀ ਨੇ ਹਰ ਭਾਰਤੀ ਨੂੰ ਚਰਖੇ ਦੀ ਵਰਤੋਂ ਕਰਨ ਅਤੇ ਆਪਣਾ ਸੂਤ ਕੱਤਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਨਾਲ ਉਸ ਸਮੇਂ ਦੀ ਅਰਥਵਿਵਸਥਾ ’ਤੇ ਬਹੁਤ ਪ੍ਰਭਾਵ ਪਿਆ ਅਤੇ ਅੰਗਰੇਜ਼ੀ ਹਕੂਮਤ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਸੀ।
1918 ’ਚ ਆਤਮਨਿਰਭਰਤਾ ਪ੍ਰਾਪਤ ਕਰਨ ਤੇ ਬਰਤਾਨਵੀ ਵਸਤਰਾਂ ਤੋਂ ਮੁਕਤ ਹੋਣ ਦੇ ਉਦੇਸ਼ ਨਾਲ ਅਣਵੰਡੇ ਭਾਰਤ ਦੇ ਲੋਕਾਂ ਲਈ ਮਹਾਤਮਾ ਗਾਂਧੀ ਨੇ ਖਾਦੀ ਦੀ ਸ਼ੁਰੂਆਤ ਕੀਤੀ ਸੀ। ਖਾਦੀ ਅੰਦੋਲਨ ਇਕ ਸਮਾਜਿਕ-ਸੱਭਿਆਚਾਰਕ ਪਹਿਲ ਨਾਲ ਆਰਥਿਕ ਆਜ਼ਾਦੀ ਲਈ ਮਹਾਤਮਾ ਗਾਂਧੀ ਦੇ ਸੱਦੇ, ਪੇਂਡੂ ਭਾਈਚਾਰਿਆਂ ਨੂੰ ਰੋਜ਼ੀ ਪ੍ਰਦਾਨ ਕਰਨ ਦਾ ਇਕ ਸਾਧਨ ਅਤੇ ਸਾਡੇ ਸ਼ਿਲਪ ਹੁਨਰ ਨੂੰ ਸੁਰੱਖਿਅਤ ਕਰਨ ਦਾ ਮਾਧਿਅਮ ਸੀ।
ਕੁਦਰਤੀ ਫਾਈਬਰ ਦੇ ਭਾਅ ਵਧਣ ਦੀ ਵਜ੍ਹਾ ਨਾਲ ਆਮ ਆਦਮੀ ’ਚ ਇਸ ਨੂੰ ਖਰੀਦਣ ਦੀ ਰੁਚੀ ਕਾਫੀ ਘੱਟ ਦਿਸਦੀ ਹੈ। ਜਿਸ ਤੇਜ਼ੀ ਨਾਲ ਸਿੰਥੈਟਿਕ ਫਾਈਬਰ ਨੇ ਭਾਰਤੀ ਬਾਜ਼ਾਰ ’ਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕੀਤੀ, ਬੁਣਕਰ ਵੀ ਸਮੇਂ ਨਾਲ ਪੋਲਿਸਟਰ ਵਰਗੇ ਸਿੰਥੈਟਿਕ ਫਾਈਬਰ ਅਪਣਾਉਂਦੇ ਚਲੇ ਗਏ। ਪਾਲਿਸਟਰ ਪਾਣੀ ਨੂੰ ਪ੍ਰਦੂਸ਼ਿਤ ਬਣਾਉਣ ਲਈ ਜਾਣਿਆ ਜਾਂਦਾ ਹੈ, ਜਿਸ ਨਾਲ ਪਾਣੀ ਪ੍ਰਦੂਸ਼ਣ ਹੁੰਦਾ ਹੈ ਤੇ ਇਹ ਊਰਜਾ ਵਧੇਰੇ ਉਤਪਾਦਨ ਕਾਰਨ ਵਿਸ਼ਵ ਗ੍ਰੀਨ ਹਾਊਸ ਗੈਸ ਨਿਕਾਸੀ ’ਚ ਲਗਭਗ 10 ਫੀਸਦੀ ਦਾ ਯੋਗਦਾਨ ਦਿੰਦਾ ਹੈ, ਇਸ ਲਈ ਅਸੀਂ ਸਸਟੇਨੇਬਲ ਫੈਸ਼ਨ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਹੈ।
ਅੱਜ ਜਦ ਅਸੀਂ ਵੋਕਲ ਫਾਰ ਲੋਕਲ ਤੇ ਆਤਮਨਿਰਭਰਤਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਹੈਂਡਲੂਮ ਉਦਯੋਗ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਾਅਨੇ ਹਨ। ਭਾਰਤ ’ਚ ਖੇਤੀਬਾੜੀ ਪਿੱਛੋਂ ਹੈਂਡਲੂਮ ਉਦਯੋਗ ਸਭ ਤੋਂ ਵੱਡੇ ਰੋਜ਼ਗਾਰ ਪ੍ਰਦਾਨ ਕਰਨ ਵਾਲਿਆਂ ’ਚੋਂ ਇਕ ਹੈ। ਦੇਸ਼ ’ਚ ਇਹ ਖੇਤਰ ਲਗਭਗ 23.77 ਲੱਖ ਹੈਂਡਲੂਮ ਨਾਲ ਜੁੜੇ 43.31 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਜਿਸ ’ਚ 70 ਫੀਸਦੀ ਤੋਂ ਵੱਧ ਹੈਂਡਲੂਮ ਬੁਣਕਰ ਅਤੇ ਸਬੰਧਤ ਕਿਰਤੀ ਔਰਤਾਂ ਹਨ।
ਕੋਵਿਡ ਪਿੱਛੋਂ ਦੇ ਹਾਲਾਤ ਨੇ ਸਾਨੂੰ ਇਸ ਦੋਰਾਹੇ ’ਤੇ ਖੜ੍ਹੀ ਕੀਤਾ ਹੈ ਜਿੱਥੇ ਵਿਸ਼ਵ ਸ਼ਕਤੀਆਂ ਵਿਸ਼ਵੀਕਰਨ ਦਾ ਰੁਖ ਕਰ ਰਹੀਆਂ ਹਨ। ਅਜਿਹੇ ’ਚ ਜ਼ਰੂਰੀ ਹੈ ਭਾਰਤ ਆਪਣੇ ਹਿੱਤ ਦੀ ਰੱਖਿਆ ਕਰੇ ਅਤੇ ਵਿਸ਼ਵ ਸ਼ਕਤੀਆਂ ਲਈ ਨਾ ਸਿਰਫ ਇਕ ਉਪਭੋਗਤਾ ਬਾਜ਼ਾਰ ਬਣ ਕੇ ਰਹਿ ਜਾਵੇ ਸਗੋਂ ਵਿਸ਼ਵ ਮੰਚ ’ਤੇ ਆਪਣੇ ਸਾਮਾਨ ਦੀ ਗੁਣਵੱਤਾ ਬਰਕਰਾਰ ਰੱਖਣ ਦੀ ਚੁਣੌਤੀ ਵੀ ਸੰਭਾਲਣੀ ਚਾਹੀਦੀ ਹੈ।
ਭਾਰਤੀ ਹੈਂਡਲੂਮ ’ਚ ਮੌਜੂਦ ਕਲਾ ਅਤੇ ਸ਼ਿਲਪ ਦਾ ਤੱਤ ਇਸ ਨੂੰ ਘਰੇਲੂ ਅਤੇ ਵਿਸ਼ਵ ਬਾਜ਼ਾਰ ਦੇ ਉਪਰਲੇ ਫੈਸ਼ਨ ਉਪਭੋਗਤਾ ਲਈ ਸੰਭਾਵਿਤ ਖੇਤਰ ਬਣਾਉਂਦਾ ਹੈ। ਹਾਲਾਂਕਿ ਇਹ ਖੇਤਰ ਗੈਰ-ਪ੍ਰਚੱਲਿਤ ਤਕਨਾਲੋਜੀ, ਗੈਰ-ਸੰਗਠਿਤ ਉਤਪਾਦਨ ਪ੍ਰਣਾਲੀ, ਘੱਟ ਉਤਪਾਦਿਕਤਾ, ਨਾਕਾਫੀ ਕਾਰਜਸ਼ੀਲ ਪੂੰਜੀ, ਰਵਾਇਤੀ ਉਤਪਾਦ ਲੜੀ, ਕਮਜ਼ੋਰ ਮਾਰਕੀਟਿੰਗ ਲਿੰਕ, ਉਤਪਾਦਨ ਅਤੇ ਵਿਕਰੀ ’ਚ ਸਮੁੱਚੇ ਤੌਰ ’ਤੇ ਠਹਿਰਾਅ ਅਤੇ ਸਭ ਤੋਂ ਉਪਰ, ਪਾਵਰਲੂਮ ਅਤੇ ਮਿੱਲ ਖੇਤਰ ’ਚ ਮੁਕਾਬਲੇਬਾਜ਼ੀ ਵਰਗੀਆਂ ਕਈ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਵਿੱਤੀ ਸਹਾਇਤਾ ਅਤੇ ਵੱਖ-ਵੱਖ ਵਿਕਾਸਾਤਮਕ ਅਤੇ ਭਲਾਈ ਯੋਜਨਾਵਾਂ ਦੇ ਕਾਰਜਸ਼ੀਲ ਹੋਣ ਨਾਲ ਪ੍ਰਭਾਵੀ ਸਰਕਾਰੀ ਦਖਲਅੰਦਾਜ਼ੀ ਦੇ ਨਤੀਜੇ ਵਜੋਂ ਹੈਂਡਲੂਮ ਖੇਤਰ ਕੁਝ ਹੱਦ ਤੱਕ ਇਨ੍ਹਾਂ ਨੁਕਸਾਨਾਂ ਨਾਲ ਨਜਿੱਠਣ ’ਚ ਸਮਰੱਥ ਰਿਹਾ ਹੈ ਪਰ ਹੁਣ ਵੀ ਬਹੁਤ ਕੁਝ ਕਰਨਾ ਬਾਕੀ ਹੈ।
ਸਾਡੇ ’ਤੇ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਮਰਨ ਨਾ ਦੇਈਏ। ਹੈਂਡਲੂਮ ਬੁਣਕਰਾਂ ਨੂੰ ਜਿੰਨੀ ਸਰਕਾਰੀ ਸੰਸਥਾਵਾਂ ਤੋਂ ਢੁੱਕਵੀਂ ਤਨਖਾਹ ਅਤੇ ਹੁਲਾਰਾ ਚਾਹੀਦਾ ਹੈ, ਉਸ ਤੋਂ ਕਿਤੇ ਜ਼ਿਆਦਾ ਦੇਸ਼ਵਾਸੀਆਂ ਕੋਲੋਂ ਉਨ੍ਹਾਂ ਨੂੰ ਸਨਮਾਨ ਅਤੇ ਮਾਣ-ਤਾਣ ਦੀ ਲੋੜ ਹੈ, ਜੋ ਉਨ੍ਹਾਂ ਨੂੰ ਪ੍ਰਾਚੀਨ ਭਾਰਤ ’ਚ ਪ੍ਰਾਪਤ ਸੀ।
ਜਦ ਅੱਜ ਤੋਂ 25 ਸਾਲ ਬਾਅਦ ਆਜ਼ਾਦੀ ਦੇ 100ਵੇਂ ਸਾਲ ’ਚ ਦਾਖਲ ਹੋਵਾਂਗੇ ਤਾਂ ਇਸ ਮੰਤਰ ਨਾਲ ਕਿ ਹੈਂਡਲੂਮ/ਖਾਦੀ ਇਕ ਵਿਸ਼ੇਸ਼ ਵਰਗ ਤਕ ਸੀਮਤ ਨਾ ਰਹੇ, ਸਗੋਂ ਵਿਸ਼ਵ ਵੀ ਦੇਸ਼ ਦੀ ਕੀਰਤੀ ਦੀ ਨਵੀਂ ਗਾਥਾ ਬਣ ਰਿਹਾ ਹੋਵੇ। ਜਿਸ ਤਰ੍ਹਾਂ ਪਿਛਲੀ ਸ਼ਤਾਬਦੀ ’ਚ ਸਵਦੇਸ਼ੀ ਅੰਦੋਲਨ ਨੇ ਸਾਨੂੰ ਆਤਮਨਿਰਭਰ ਹੋਣਾ ਸਿਖਾਇਆ ਸੀ, ਲੋੜ ਹੈ ਹੁਣ ਇਕ ਵਾਰ ਫਿਰ ਸਵਦੇਸ਼ੀ ਨੂੰ ਅੰਦੋਲਨ ਬਣਾ ਕੇ ਆਪਣੇ ਚੇਤਨ ਮਨ ’ਚ ਜੀਵਤ ਕਰਨ ਦੀ ਅਤੇ ਆਪਣੇ ਸੱਭਿਆਚਾਰ ’ਤੇ ਮਾਣ ਕਰ ਕੇ ਆਤਮਨਿਰਭਰ ਬਣਨ ਦੀ।
-ਅਨੁਭਾ ਮਿਸ਼ਰਾ