ਰੀਅਲ ਲਾਈਫ ’ਤੇ ਹਾਵੀ ਹੁੰਦੀਆਂ ਰੀਲਜ਼

Wednesday, Jul 03, 2024 - 03:22 PM (IST)

ਰੀਅਲ ਲਾਈਫ ’ਤੇ ਹਾਵੀ ਹੁੰਦੀਆਂ ਰੀਲਜ਼

ਭਾਰਤ ’ਚ ਟਿਕਟਾਕ ’ਤੇ ਪਾਬੰਦੀ ਲੱਗਣ ਉਪਰੰਤ ਰੀਲਜ਼/ਮੀਮਜ਼ ਬਣਾਉਣ ਦੇ ਲਗਾਤਾਰ ਵਧ ਰਹੇ ਰੁਝਾਨ ਨੇ ਜਿਵੇਂ ਦ੍ਰਿਸ਼ ਹੀ ਬਦਲ ਕੇ ਰੱਖ ਦਿੱਤਾ ਹੈ। ਹਾਸਰਸ, ਜਾਣਕਾਰੀ, ਪ੍ਰੇਰਣਾ, ਮਨੋਰੰਜਨ ਆਦਿ ਵੰਨ-ਸੁਵੰਨੇ ਵਿਸ਼ਿਆਂ ਨਾਲ ਸਬੰਧਤ ਢੇਰ ਸਾਰੀਆਂ ਰੀਲਜ਼ ਅੱਜ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਮਿਲ ਜਾਣਗੀਆਂ। ਰਾਤੋ-ਰਾਤ ਦੌਲਤ-ਸ਼ੋਹਰਤ ਹਾਸਲ ਕਰਨ ਦੇ ਜਨੂੰਨ ਨੇ ਮਨੁੱਖੀ ਲਾਲਸਾ ਨੂੰ ਅਜਿਹੇ ਮੋਡ ’ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਸਭ ਤੋਂ ਹਟ ਕੇ ਦਿਸਣ ਦੀ ਰੀਝ ’ਚ ਲੋਕ ਆਪਣੀ ਜ਼ਿੰਦਗੀ ਨੂੰ ਦਾਅ ’ਤੇ ਲਗਾਉਣ ਤੋਂ ਨਹੀਂ ਖੁੰਝਦੇ। ਦਲੇਰੀ ਭਰੇ ਕਾਰੇ ਦਿਖਾਉਣ ਦੇ ਨਾਂ ’ਤੇ ਬਣੀਆਂ ਰੀਲਜ਼ ਦੇਖ ਕੇ ਕਈ ਵਾਰ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਹਾਲ ਹੀ ’ਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਮੀਂਹ ਦੌਰਾਨ ਛੱਤ ’ਤੇ ਨੱਚਦਿਆਂ ਦੋਸਤ ਕੋਲੋਂ ਵੀਡੀਓ ਬਣਵਾ ਰਹੀ ਲੜਕੀ ਅਚਾਨਕ ਹੀ ਨੇੜੇ ਬਿਜਲੀ ਡਿੱਗਣ ਨਾਲ ਵਾਲ-ਵਾਲ ਬਚ ਗਈ। ਮਹਾਰਾਸ਼ਟਰ ’ਚ ਡਰਾਈਵਿੰਗ ਦੌਰਾਨ ਇਕ ਲੜਕੀ ’ਤੇ ਰੀਲ ਬਣਾਉਣ ਦਾ ਫਿਤੂਰ ਇੰਨਾ ਹਾਵੀ ਹੋਇਆ ਕਿ ਬੈਕ ਗੀਅਰ ’ਚ ਗੱਡੀ ਚਲਾ ਰਹੀ ਲੜਕੀ ਨੇ ਬ੍ਰੇਕ ਦੀ ਥਾਂ ਐਕਸੀਲੇਟਰ ਦਬਾ ਦਿੱਤਾ। ਕਾਰ ਸਮੇਤ 300 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।

ਅਪ੍ਰੈਲ ਮਹੀਨੇ ਦੌਰਾਨ ਲਖਨਊ ’ਚ ਰੀਲ ਬਣਾਉਣ ਦੀ ਲਾਲਸਾ ਨਾਲ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਇਕ ਨੌਜਵਾਨ ਪੈਰ ਤਿਲਕਣ ਕਾਰਨ ਟੈਂਕੀ ’ਚ ਜਾ ਡਿੱਗਿਆ। ਜਾਂਚ ਉਪਰੰਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਪਰੋਕਤ ਉਦਾਹਰਣਾਂ ਸਪੱਸ਼ਟ ਸੰਕੇਤ ਹਨ ਕਿ ਰੀਲਜ਼ ਮੇਕਿੰਗ ਨੂੰ ਬੇਸ਼ੱਕ ਹੀ ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਵਰਗੀਆਂ ਸੋਸ਼ਲ ਸਾਈਟਸ ਦੀ ਦੁਨੀਆ ’ਚ ਇਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਮੰਨੀਏ ਪਰ ਹਨੇਰੇ ਵਾਲੇ ਪਾਸੇ ਵਜੋਂ ਇਸ ਦਾ ਜਨੂੰਨੀ ਹੱਦ ਤੱਕ ਪਹੁੰਚਣਾ ਚਿੰਤਾਜਨਕ ਹੈ।

ਰੋਹਤਕ ਦੇ ਭਾਰਤੀ ਪ੍ਰਬੰਧਨ ਸੰਸਥਾਨ (ਆਈ. ਆਈ. ਐੱਮ.) ਦੇ ਇਕ ਸਰਵੇਖਣ ਅਨੁਸਾਰ, ਨੌਜਵਾਨ ਰੋਜ਼ਾਨਾ ਔਸਤਨ 7 ਘੰਟੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਮਰਦਾਂ ਦੀ ਤੁਲਨਾ ’ਚ ਔਰਤਾਂ ਦੀ ਸਰਗਰਮੀ ਲੱਗਭਗ 20 ਮਿੰਟ ਵੱਧ ਮਿੱਥੀ ਗਈ ਹੈ। ਅੰਕੜਿਆਂ ਅਨੁਸਾਰ ਇਕ ਦਿਨ ਵਿਚ ਫੇਸਬੁੱਕ, ਇੰਸਟਾਗ੍ਰਾਮ ’ਤੇ 140 ਬਿਲੀਅਨ ਤੋਂ ਵੱਧ ਰੀਲਜ਼ ਚੱਲਦੀਆਂ ਹਨ, ਹਾਲਾਂਕਿ ਉਨ੍ਹਾਂ ’ਚੋਂ ਸਾਰੀਆਂ ਵਾਇਰਲ ਨਹੀਂ ਹੁੰਦੀਆਂ।

ਸ਼ੌਕ ਜਦੋਂ ਜਨੂੰਨ ਬਣ ਕੇ ਸਿਰ ਚੜ੍ਹ ਜਾਏ ਤਾਂ ਤਰਕਸ਼ੀਲਤਾ ਅਲੋਪ ਹੋਈ ਲੱਗਦੀ ਹੈ, ਲੋਕ ਨਿਯਮ-ਕਾਨੂੰਨ ਦੀਆਂ ਧੱਜੀਆਂ ਤੱਕ ਉਡਾਉਣ ਤੋਂ ਨਹੀਂ ਖੁੰਝਦੇ। ਮੁੰਦਰਾ ’ਚ ਭਦਰੇਸ਼ਵਰ ਦੇ ਨੇੜੇ ਰਾਧ ਬੰਦਰ ’ਚ ਸਮੁੰਦਰ ਦੇ ਕੰਢੇ ’ਤੇ ਥਾਰ ’ਤੇ ਸਟੰਟ ਕਰਦੇ ਹੋਏ ਰੀਲ ਬਣਾਉਣੀ ਨੌਜਵਾਨਾਂ ਨੂੰ ਮਹਿੰਗੀ ਪੈ ਗਈ। ਨਾ ਸਿਰਫ ਉਨ੍ਹਾਂ ਦੀਆਂ ਕਾਰਾਂ ਸਮੁੰਦਰ ’ਚ ਫਸ ਗਈਆਂ ਸਗੋਂ ਇੰਸਟਾਗ੍ਰਾਮ ’ਤੇ ਪੋਸਟ ਵੀਡੀਓ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਦੋਵਾਂ ਡਰਾਈਵਰਾਂ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ।

ਰੀਲ ਬਣਾਉਣ ਦਾ ਸਰੂਰ ਔਰਤਾਂ ’ਚ ਸਭ ਤੋਂ ਵੱਧ ਦੇਖਿਆ ਗਿਆ। ਇਸ ਸੰਦਰਭ ’ਚ ਪੇਂਡੂ ਤੇ ਸ਼ਹਿਰੀ ਔਰਤਾਂ ਵੀ ਪਿੱਛੇ ਨਹੀਂ ਹਨ। ਕੋਈ ਖੂਹ ’ਚ ਝੂਲਦੀ ਮੰਜੀ ’ਤੇ ਅਖੌਤੀ ਦਲੇਰੀ ਦਾ ਪ੍ਰਗਟਾਵਾ ਕਰ ਰਹੀ ਹੈ ਤਾਂ ਕੋਈ ਊਟਪਟਾਂਗ ਅਦਾਵਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਲਗਨ ’ਚ ਮਗਨ ਹੈ। ਜਿਸ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰ ਕੇ ਔਰਤਾਂ ਸ਼ਕਤੀਸ਼ਾਲੀ ਬਣ ਸਕਦੀਆਂ ਹਨ, ਨਕਲੀ ਗਲੈਮਰ ਅਤੇ ਆਭਾਸੀ ਪ੍ਰਸਿੱਧੀ ਦੇ ਸਨਕੀਪਣ ’ਚ ਉਹ ਉਨ੍ਹਾਂ ਦਾ ਮਾਣ ਧੁੰਦਲਾ ਕਰਨ ਸਮੇਤ ਉਨ੍ਹਾਂ ਨੂੰ ਅਸੁਰੱਖਿਆ, ਨਿਰਾਦਰ, ਅਪਰਾਧ ਆਦਿ ਦੇ ਰਾਹ ’ਤੇ ਧੱਕਣ ਦਾ ਸਬੱਬ ਬਣ ਰਿਹਾ ਹੈ।

ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਸਿਰਫ ਔਰਤਾਂ ਤੇ ਧੀਆਂ ਲਈ ਉਲਟੇ ਹਾਲਾਤ ਪੈਦਾ ਕਰਨ ’ਚ ਦੋਸ਼ੀ ਹੈ ਸਗੋਂ ਅਪਰਾਧਿਕ ਘਟਨਾਵਾਂ ’ਚ ਅਣਕਿਆਸਾ ਵਾਧਾ ਹੋਣ ਦਾ ਇਕ ਕਾਰਨ ਵੀ ਹੈ। ਰੀਲ ਦੇ ਰੀਅਲ ਲਾਈਫ ’ਤੇ ਹਾਵੀ ਹੋਣ ਕਾਰਨ ਪਰਿਵਾਰਕ ਰਿਸ਼ਤੇ ਟੁੱਟ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਘਰੇਲੂ ਕਲੇਸ਼ ਦੇ 8000 ਪੈਂਡਿੰਗ ਮਾਮਲਿਆਂ ’ਚੋਂ 40 ਫੀਸਦੀ ਰੀਲਜ਼ ਦੇ ਜਨੂੰਨ ਨਾਲ ਸਬੰਧਤ ਹਨ। ਰੀਲ ਬਣਾਉਣ ਦਾ ਦਬਾਅ ਪਾਉਣ ਦੇ ਕਾਰਨ ਮੱਧ ਪ੍ਰਦੇਸ਼ ’ਚ ਇਕ ਪਤੀ ਵੱਲੋਂ ਖੁਦ ਨੂੰ ਪਤਨੀ ਤੋਂ ਬਚਾਉਣ ਲਈ ਅਪੀਲ ਕਰਦੇ ਹੋਏ ਫੈਮਿਲੀ ਕੋਰਟ ’ਚ ਤਲਾਕ ਦੀ ਅਰਜ਼ੀ ਤੱਕ ਦਾਖਲ ਕਰਨੀ ਪਈ। ਪਤੀ ਅਨੁਸਾਰ ਪਤਨੀ ਦੇ ਰੀਲਜ਼ ਬਣਾਉਣ ਦੀ ਸਨਕ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ।

ਆਭਾਸੀ ਸਰਗਰਮੀ ਅਤੇ ਅਸਲੀ ਜ਼ਿੰਦਗੀ ’ਚ ਵਧਦੀ ਦੂਰੀ ਨੇ ਅਣਗਿਣਤ ਸਰੀਰਕ-ਮਾਨਸਿਕ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਰੀਅਲ ਲਾਈਫ ਤੋਂ ਦੂਰ ਕਰਦੀਆਂ ਰੀਲਜ਼ ਹੋਣ ਜਾਂ ਇੰਸਟਾਗ੍ਰਾਮ, ਵ੍ਹਟਸਐਪ ਅਤੇ ਫੇਸਬੁੱਕ ਦੇ ਅਪਡੇਟਸ ਅਤੇ ਲਾਈਕ-ਕੁਮੈਂਟ ਦੇਖਣ ਦੀ ਲਲਕ, ਮਾਨਸਿਕ ਸਿਹਤ ’ਤੇ ਇਸ ਦਾ ਉਲਟ ਅਸਰ ਦੇਖਣ ’ਚ ਆ ਰਿਹਾ ਹੈ। ਵਿਦਿਆਰਥੀ ਪੜ੍ਹਾਈ ’ਤੇ ਲੋੜੀਂਦਾ ਧਿਆਨ ਕੇਂਦ੍ਰਿਤ ਨਹੀਂ ਕਰ ਰਹੇ। ਲਗਾਤਾਰ ਰੀਲਜ਼ ਦੇਖਣ ਕਾਰਨ ਬੱਚਿਆਂ ਦੀ ਇਕਾਗਰਤਾ ਭੰਗ ਹੋ ਰਹੀ ਹੈ । ਉਨ੍ਹਾਂ ਦੀ ਯਾਦਸ਼ਕਤੀ ਘਟ ਰਹੀ ਹੈ। ਮਾਹਿਰਾਂ ਦੇ ਅਨੁਸਾਰ, ਰੀਲਜ਼ ਬਣਾਉਣਾ ਇਕ ਕਿਸਮ ਦਾ ਨਸ਼ਾ ਹੈ। ਰੀਲਜ਼ ਦੇ ਫਾਲੋਅਰਜ਼ ਨੂੰ ਅਸਲੀ ਮਿੱਤਰ ਸਮਝਣਾ ਮਹਿੰਗਾ ਪੈ ਸਕਦਾ ਹੈ।

ਰੀਲ ਬਣਾਉਣਾ ਕੁਝ ਕੁ ਲੋਕਾਂ ਲਈ ਸ਼ੌਕ ਹੋ ਸਕਦਾ ਹੈ, ਜਦਕਿ ਕੁਝ ਇਸ ਵਿਚ ਭਵਿੱਖ ਦੀਆਂ ਸੰਭਾਵਨਾਵਾਂ ਲੱਭਦੇ ਹਨ। ਤਕਨੀਕੀ ਤਰੱਕੀ ਦਾ ਮਕਸਦ ਸਮਾਜ ਨੂੰ ਬਿਹਤਰ ਬਣਾਉਣਾ ਹੀ ਰਿਹਾ ਹੈ। ਹਾਲਾਂਕਿ ਨਤੀਜੇ ਹਮੇਸ਼ਾ ਇਸ ਦੇ ਹਾਂ-ਪੱਖੀ ਜਾਂ ਨਾਂਹ-ਪੱਖੀ ਵਰਤੋਂ ’ਤੇ ਹੀ ਨਿਰਭਰ ਕਰਦੇ ਹਨ। ਸ਼ੌਕੀਆ ਜਾਂ ਕਿਸੇ ਮਕਸਦ ਲਈ ਰੀਲ ਬਣਾਉਣ ’ਚ ਕੋਈ ਬੁਰਾਈ ਨਹੀਂ, ਸਮੱਸਿਆ ਉਦੋਂ ਪੇਸ਼ ਆਉਂਦੀ ਹੈ ਜਦੋਂ ਤਰਕਸ਼ੀਲ ਬੁੱਧੀ ਹੀ ਕਾਬੂ ’ਚ ਨਾ ਰਹਿ ਸਕੇ; ਕਾਨੂੰਨੀ, ਮਨੁੱਖੀ, ਸਮਾਜਿਕ ਮਰਿਆਦਾਵਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ ਆਪਣੀ ਜ਼ਿੰਦਗੀ ਤੱਕ ਨੂੰ ਖਤਰੇ ’ਚ ਪਾ ਦਿੱਤਾ ਜਾਵੇ। ਜੋਸ਼-ਜਨੂੰਨ ਹਾਂ-ਪੱਖੀ ਦਾ ਪ੍ਰਤੀਕ ਹੈ ਪਰ ਫੁਕਰਪੁਣੇ ਦੀ ਲਾਲਸਾ ਸ਼ਖਸੀਅਤ ’ਤੇ ਭਾਰੀ ਪੈ ਸਕਦੀ ਹੈ। ਰੀਲ ਬਣਾਓ ਪਰ ਖੁਦ ’ਤੇ ਕੰਟਰੋਲ ਗੁਆਏ ਬਗੈਰ। ਰੀਲ ਨੂੰ ਰੀਅਲ ਲਾਈਫ ’ਚ ਪਹਿਲ ਦੇਣੀ ਕੋਈ ਸਿਆਣਪ ਨਹੀਂ ਹੈ।

ਦੀਪਿਕਾ ਅਰੋੜਾ
 


author

Tanu

Content Editor

Related News