ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ ਖੁਰਨਾ?

Friday, Aug 21, 2026 - 06:40 PM (IST)

ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ ਖੁਰਨਾ?

ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਨੇ ਹਾਲ ਹੀ ’ਚ ਇਕ ਅਹਿਮ ਫ਼ੈਸਲਾ ਲਿਆ ਹੈ। 50 ਸਾਲ ਤੋਂ ਵੱਧ ਪੁਰਾਣੇ, ਨਿੱਜੀ ਪਲਾਟਾਂ ’ਤੇ ਬਣੇ ਦੋ-ਮੰਜ਼ਿਲਾ ਡੀ. ਡੀ. ਏ. ਮਕਾਨਾਂ ਦੇ ਮੁੜ-ਨਿਰਮਾਣ ਅਤੇ ਰੀਡਿਵੈੱਲਪਮੈਂਟ ਲਈ ਇਕੋ ਜਿਹੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦਿੱਲੀ ਦੀਆਂ ਕਈ ਪੁਰਾਣੀਆਂ ਕਾਲੋਨੀਆਂ ਦੇ ਵਸਨੀਕਾਂ ਲਈ ਇਹ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਦਾ ਜਵਾਬ ਹੈ। ਇਹ ਮਕਾਨ 1962 ਦੇ ਮਾਸਟਰ ਪਲਾਨ ਦੇ ਦੌਰ ’ਚ ਬਣੇ ਸਨ ਅਤੇ ਹੁਣ ਬਣਤਰ ਪੱਖੋਂ ਕਮਜ਼ੋਰ ਹੋ ਚੁੱਕੇ ਹਨ। ਮਾਲਕ ਹੁਣ ਮੌਜੂਦਾ ਮਾਸਟਰ ਪਲਾਨ, ਐੱਫ. ਏ. ਆਰ., ਗ੍ਰਾਊਂਡ ਕਵਰੇਜ, ਉਚਾਈ ਹੱਦ, ਸਟਰੱਕਚਰਲ ਸੇਫਟੀ ਅਤੇ ਫਾਇਰ ਸੇਫਟੀ ਨਿਯਮਾਂ ਤਹਿਤ ਆਪਣੇ ਪੁਰਾਣੇ ਘਰ ਨੂੰ ਢਾਹ ਕੇ ਨਵਾਂ ਬਣਾ ਸਕਣਗੇ।

ਇਸ ਲਈ ਉਨ੍ਹਾਂ ਨੂੰ ਰੂਪਾਂਤਰਨ ਫ਼ੀਸ, ਬੈਟਰਮੈਂਟ ਲੇਵੀ ਅਤੇ ਸਕਰੂਟਨੀ ਫ਼ੀਸ ਵੀ ਦੇਣੀ ਪਵੇਗੀ।

ਸਵਾਲ ਇਹ ਹੈ ਕਿ ਇਹ ਫ਼ੈਸਲਾ ਫਲੈਟ ਹੋਲਡਰਾਂ ਜਾਂ ਮਕਾਨ ਮਾਲਕਾਂ ਲਈ ਕਿੰਨਾ ਲਾਹੇਵੰਦ ਹੈ? ਜ਼ਾਹਿਰ ਹੈ, ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਪੁਰਾਣੀਆਂ ਇਮਾਰਤਾਂ ’ਚ ਦਰਾੜਾਂ, ਲੀਕੇਜ, ਜ਼ੰਗ ਲੱਗੀਆਂ ਪਾਈਪ ਲਾਈਨਾਂ ਅਤੇ ਕਮਜ਼ੋਰ ਨੀਂਹ ਆਮ ਗੱਲ ਹੋ ਗਈ ਹੈ। ਭੂਚਾਲ ਵਰਗੇ ਖਤਰਿਆਂ ਵਿਚਾਲੇ ਇਹ ਮਕਾਨ ਜਾਨਲੇਵਾ ਸਾਬਤ ਹੋ ਸਕਦੇ ਹਨ। ਰੀਡਿਵੈੱਲਪਮੈਂਟ ਨਾਲ ਆਧੁਨਿਕ, ਭੂਚਾਲ-ਰੋਧਕ, ਬਿਹਤਰ ਹਵਾਦਾਰੀ ਅਤੇ ਸਹੂਲਤਾਂ ਵਾਲੇ ਘਰ ਮਿਲਣਗੇ। ਜਾਇਦਾਦ ਦਾ ਮੁੱਲ ਵਧੇਗਾ। ਕਈ ਪਰਿਵਾਰਾਂ ਲਈ ਇਹ ਸੁਪਨਾ ਪੂਰਾ ਹੋਣ ਵਰਗਾ ਹੈ। ਪੁਰਾਣੇ ਛੋਟੇ ਘਰ ਦੀ ਜਗ੍ਹਾ ਜ਼ਿਆਦਾ ਉਪਯੋਗੀ ਥਾਂ ਮਿਲੇਗੀ ਪਰ ਇਸ ਦੇ ਨਾਲ ਹੀ ਨੁਕਸਾਨ ਵੀ ਘੱਟ ਨਹੀਂ ਹਨ। ਅੱਜ ਦੇ ਦੌਰ ਦੇ ਹਿਸਾਬ ਨਾਲ ਉਸਾਰੀ ਦੀ ਲਾਗਤ ਭਾਰੀ ਪੈ ਸਕਦੀ ਹੈ। ਹੋ ਸਕਦਾ ਹੈ ਕਿ ਨਵੇਂ ਨਿਰਮਾਣ ਲਈ ਕਈ ਮੱਧ-ਵਰਗੀ ਪਰਿਵਾਰਾਂ ਕੋਲ ਇੰਨੀ ਪੂੰਜੀ ਨਾ ਹੋਵੇ। ਉਸਾਰੀ ਦੌਰਾਨ ਅਸਥਾਈ ਰਿਹਾਇਸ਼ ਦੀ ਸਮੱਸਿਆ ਖੜ੍ਹੀ ਹੋ ਜਾਵੇਗੀ। ਉਸਾਰੀ ਨੂੰ ਲੈ ਕੇ ਗੁਆਂਢੀਆਂ ’ਚ ਵਿਵਾਦ ਵਧ ਸਕਦੇ ਹਨ। ਜੇਕਰ ਕੋਈ ਮਕਾਨ ਉੱਚਾ ਬਣ ਗਿਆ ਤਾਂ ਦੂਜੇ ਦੀ ਰੌਸ਼ਨੀ ਅਤੇ ਹਵਾ ਪ੍ਰਭਾਵਿਤ ਹੋਵੇਗੀ। ਜੇਕਰ ਕਈ ਮਕਾਨ ਇਕੱਠੇ ਟੁੱਟ ਜਾਣ ਤਾਂ ਪੂਰੇ ਇਲਾਕੇ ’ਚ ਧੂੜ, ਰੌਲਾ ਅਤੇ ਟਰੈਫਿਕ ਦਾ ਸੰਕਟ ਡੂੰਘਾ ਹੋ ਜਾਵੇਗਾ। ਗੌਰਤਲਬ ਹੈ ਕਿ ਇਹ ਨੀਤੀ ਨਿੱਜੀ ਪਲਾਟਾਂ ਤੱਕ ਸੀਮਤ ਹੈ, ਸਮੂਹ ਆਵਾਸ ਜਾਂ ਸੁਸਾਇਟੀਆਂ ਉੱਤੇ ਨਹੀਂ। ਇਸ ਲਈ ਇਸ ਯੋਜਨਾ ਤੋਂ ਸਾਰੇ ਪੁਰਾਣੇ ਡੀ. ਡੀ. ਏ. ਵਾਸੀ ਇਕੋ ਜਿਹੇ ਲਾਭਵੰਦ ਨਹੀਂ ਹੋਣਗੇ।

ਜੇਕਰ ਇਹ ਯੋਜਨਾ ਕਾਮਯਾਬ ਰਹੀ ਤਾਂ ਕੀ ਇਹ ਯੋਜਨਾ ਹੋਰ ਸ਼ਹਿਰਾਂ ’ਚ ਦੁਹਰਾਈ ਜਾਣੀ ਚਾਹੀਦੀ ਹੈ? ਹਾਂ ਪਰ ਸਾਵਧਾਨੀ ਨਾਲ। ਮੁੰਬਈ, ਕੋਲਕਾਤਾ, ਚੇਨਈ ਵਰਗੇ ਸ਼ਹਿਰਾਂ ’ਚ ਵੀ 50-60 ਸਾਲ ਪੁਰਾਣੀਆਂ ਸਰਕਾਰੀ ਜਾਂ ਨਿੱਜੀ ਕਾਲੋਨੀਆਂ ਖਸਤਾ ਹਾਲਤ ’ਚ ਹਨ। ਰੀਡਿਵੈੱਲਪਮੈਂਟ ਨਾਲ ਰਿਹਾਇਸ਼ੀ ਸੰਕਟ ਘੱਟ ਹੋ ਸਕਦਾ ਹੈ ਅਤੇ ਜ਼ਮੀਨ ਦੀ ਬਿਹਤਰ ਵਰਤੋਂ ਵੀ ਸੰਭਵ ਹੈ ਪਰ ਹਰ ਸ਼ਹਿਰ ਦਾ ਆਪਣਾ ਭੂਗੋਲ, ਜਲਵਾਯੂ ਅਤੇ ਸਮਾਜਿਕ ਬਣਤਰ ਹੈ। ਦਿੱਲੀ ’ਚ ਜ਼ਮੀਨ ਦੀ ਘਾਟ ਅਤੇ ਸੰਘਣੀ ਆਬਾਦੀ ਕਾਰਨ ਇਹ ਜ਼ਰੂਰੀ ਹੋ ਸਕਦਾ ਹੈ। ਹੋਰ ਥਾਵਾਂ ’ਤੇ ਜੇਕਰ ਹਰੇ ਖੇਤਰ ਜ਼ਿਆਦਾ ਹੋਣ ਜਾਂ ਸੱਭਿਆਚਾਰਕ ਵਿਰਾਸਤ ਮਜ਼ਬੂਤ ਹੋਵੇ ਤਾਂ ਜਲਦਬਾਜ਼ੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਨੀਤੀ ’ਚ ਸਥਾਨਕ ਲੋੜਾਂ, ਵਾਤਾਵਰਣ ਪ੍ਰਭਾਵ ਮੁਲਾਂਕਣ ਅਤੇ ਵਾਸੀਆਂ ਦੀ ਸਹਿਮਤੀ ਨੂੰ ਲਾਜ਼ਮੀ ਬਣਾਉਣਾ ਚਾਹੀਦਾ ਹੈ। ਬਿਨਾਂ ਲੋੜੀਂਦੇ ਬੁਨਿਆਦੀ ਢਾਂਚੇ (ਜਿਵੇਂ ਪਾਣੀ, ਸੀਵਰ, ਬਿਜਲੀ, ਸੜਕ) ਦੇ ਅਜਿਹੀ ਰੀਡਿਵੈੱਲਪਮੈਂਟ ਸਿਰਫ਼ ਭੀੜ ਹੀ ਵਧਾਏਗੀ।

ਅਜਿਹੇ ’ਚ ਟਾਊਨ ਪਲਾਨਰਾਂ ਅਤੇ ਮਾਹਿਰਾਂ ਦਾ ਨਜ਼ਰੀਆ ਮਿਲਿਆ-ਜੁਲਿਆ ਹੈ। ਕਈ ਟਾਊਨ ਪਲਾਨਰਾਂ ਦਾ ਮੰਨਣਾ ਹੈ ਕਿ ਪੁਰਾਣੀਆਂ ਇਮਾਰਤਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੈ। ਦਿੱਲੀ ਦੀ ਆਬਾਦੀ 2047 ਤੱਕ ਹੋਰ ਵਧੇਗੀ। ਮਾਸਟਰ ਪਲਾਨ-2047 ਵੀ ਇਸੇ ਦਿਸ਼ਾ ’ਚ ਸੋਚਦਾ ਹੈ। ਮਾਹਿਰ ਮੰਨਦੇ ਹਨ ਕਿ ਰੀਡਿਵੈੱਲਪਮੈਂਟ ਨਾਲ ਘਣਤਾ ਨੂੰ ਕੰਟਰੋਲ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ, ਬਸ਼ਰਤੇ ਐੱਫ. ਏ. ਆਰ. ਅਤੇ ਉਚਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ। ਨਾਲ ਹੀ, ਪਾਰਕਿੰਗ, ਖੁੱਲ੍ਹੇ ਸਥਾਨਾਂ ਅਤੇ ਭਾਈਚਾਰਕ ਸਹੂਲਤਾਂ ਦਾ ਪ੍ਰਬੰਧ ਵੀ ਜ਼ਰੂਰੀ ਹੈ। ਕੁਝ ਪਲਾਨਰ ਚਿਤਾਵਨੀ ਦਿੰਦੇ ਹਨ ਕਿ ਬਿਨਾਂ ਯੋਜਨਾ ਦੇ ਰੀਡਿਵੈੱਲਪਮੈਂਟ ਨਾਲ ‘ਕੰਕਰੀਟ ਦੇ ਜੰਗਲ’ ਦਾ ਵਿਸਥਾਰ ਹੋਵੇਗਾ। ਪੁਰਾਣੀਆਂ ਕਾਲੋਨੀਆਂ ਮੁਕਾਬਲਤਨ ਘੱਟ ਘਣਤਾ ਵਾਲੀਆਂ ਸਨ, ਰੁੱਖ-ਪੌਦੇ ਜ਼ਿਆਦਾ ਸਨ, ਗਲੀਆਂ ਚੌੜੀਆਂ ਸਨ ਅਤੇ ਭਾਈਚਾਰਕ ਭਾਵਨਾ ਮਜ਼ਬੂਤ ਸੀ। ਨਵੀਆਂ ਇਮਾਰਤਾਂ ਜੇਕਰ ਉੱਚੀਆਂ ਅਤੇ ਸੰਘਣੀਆਂ ਹੋਈਆਂ ਤਾਂ ਇਹ ਵਿਸ਼ੇਸ਼ਤਾਵਾਂ ਖਤਮ ਹੋ ਜਾਣਗੀਆਂ। ਟਰੈਫਿਕ ਜਾਮ ਵਧੇਗਾ, ਹਵਾ ਪ੍ਰਦੂਸ਼ਣ ਅਤੇ ਗਰਮੀ ਦਾ ਪ੍ਰਭਾਵ ਹੋਰ ਗੰਭੀਰ ਹੋਵੇਗਾ। ਮਾਹਿਰ ਸੁਝਾਅ ਦਿੰਦੇ ਹਨ ਕਿ ਰੀਡਿਵੈੱਲਪਮੈਂਟ ਦੇ ਨਾਲ ਗ੍ਰੀਨ ਬਿਲਡਿੰਗ ਮਾਪਦੰਡਾਂ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਸੌਰ ਊਰਜਾ ਨੂੰ ਲਾਜ਼ਮੀ ਕੀਤਾ ਜਾਵੇ। ਨਾਲ ਹੀ, ਵਿਰਾਸਤੀ ਖੇਤਰਾਂ ’ਚ ਵਿਸ਼ੇਸ਼ ਕੰਟਰੋਲ ਰੱਖਿਆ ਜਾਵੇ।

ਹੁਣ ਸਭ ਤੋਂ ਮਹੱਤਵਪੂਰਨ ਸਵਾਲ, ਇਹ ਨੀਤੀ ਦਿੱਲੀ ਦੀ ਪੁਰਾਣੀ ਸੰਸਕ੍ਰਿਤੀ ਅਤੇ ਥੀਮ ਨਾਲ ਕਿਵੇਂ ਮੇਲ ਖਾਏਗੀ? ਦਿੱਲੀ ਸਿਰਫ਼ ਇਮਾਰਤਾਂ ਦਾ ਸ਼ਹਿਰ ਨਹੀਂ, ਯਾਦਾਂ, ਮੁਹੱਲਿਆਂ ਅਤੇ ਭਾਈਚਾਰਕ ਜੀਵਨ ਦਾ ਸ਼ਹਿਰ ਹੈ। ਦਿੱਲੀ ਦੀਆਂ ਪੁਰਾਣੀਆਂ ਕਾਲੋਨੀਆਂ ’ਚ ਦਹਾਕਿਆਂ ਤੋਂ ਇਕੱਠੇ ਰਹਿਣ ਵਾਲੇ ਪਰਿਵਾਰ, ਗੁਆਂਢੀ ਰਿਸ਼ਤੇ, ਸਥਾਨਕ ਬਾਜ਼ਾਰ ਅਤੇ ਛੋਟੇ-ਛੋਟੇ ਪਾਰਕ ਸ਼ਹਿਰ ਦੀ ਪਛਾਣ ਹਨ। ਦੋ-ਮੰਜ਼ਿਲਾ ਘਰਾਂ ਦੀ ਸਾਦਗੀ, ਵਿਹੜਾ ਅਤੇ ਛੱਤ ਦੀ ਸੰਸਕ੍ਰਿਤੀ ਮੱਧ-ਵਰਗੀ ਦਿੱਲੀ ਦੀ ਆਤਮਾ ਰਹੀ ਹੈ। ਰੀਡਿਵੈੱਲਪਮੈਂਟ ਜੇਕਰ ਸਿਰਫ਼ ਉੱਚੀਆਂ ਇਮਾਰਤਾਂ ਅਤੇ ਆਧੁਨਿਕ ਡਿਜ਼ਾਈਨ ਤੱਕ ਸੀਮਤ ਰਹੀ ਤਾਂ ਇਹ ਸੰਸਕ੍ਰਿਤੀ ਖਤਮ ਹੋ ਸਕਦੀ ਹੈ। ਨਵੀਆਂ ਇਮਾਰਤਾਂ ਅਕਸਰ ਦੂਰੀ ਪੈਦਾ ਕਰਦੀਆਂ ਹਨ।

ਪੁਰਾਣੀਆਂ ਕਾਲੋਨੀਆਂ ’ਚ ਬੱਚੇ ਗਲੀਆਂ ’ਚ ਖੇਡਦੇ ਸਨ, ਬਜ਼ੁਰਗ ਸ਼ਾਮ ਨੂੰ ਪਾਰਕ ’ਚ ਬੈਠਦੇ ਸਨ। ਕੀ ਨਵੀਆਂ ਬਣਤਰਾਂ ਇਸ ਨੂੰ ਬਣਾਈ ਰੱਖ ਸਕਣਗੀਆਂ? ਟਾਊਨ ਪਲਾਨਿੰਗ ’ਚ ‘ਹੈਰੀਟੇਜ ਸੈਂਸਟਿਵ’ ਨਜ਼ਰੀਆ ਜ਼ਰੂਰੀ ਹੈ। ਜਿੱਥੇ ਸੰਭਵ ਹੋਵੇ, ਪੁਰਾਣੀ ਵਾਸਤੂਕਲਾ ਦੇ ਤੱਤਾਂ, ਜਿਵੇਂ ਬਾਲਕੋਨੀਆਂ, ਵਿਹੜੇ ਜਾਂ ਸਥਾਨਕ ਸਮੱਗਰੀ ਨੂੰ ਨਵੇਂ ਡਿਜ਼ਾਈਨ ’ਚ ਸ਼ਾਮਲ ਕੀਤਾ ਜਾਵੇ। ਰੁੱਖਾਂ ਨੂੰ ਬਚਾਉਣ ਅਤੇ ਖੁੱਲ੍ਹੇ ਸਥਾਨ ਵਧਾਉਣ ’ਤੇ ਜ਼ੋਰ ਦਿੱਤਾ ਜਾਵੇ। ਰੀਡਿਵੈੱਲਪਮੈਂਟ ਸਿਰਫ਼ ਇਮਾਰਤ ਬਦਲਣ ਦਾ ਨਹੀਂ, ਭਾਈਚਾਰਕ ਜੀਵਨ ਨੂੰ ਮਜ਼ਬੂਤ ਕਰਨ ਦਾ ਮਾਧਿਅਮ ਬਣੇ।

ਕੁੱਲ ਮਿਲਾ ਕੇ, ਡੀ. ਡੀ. ਏ. ਦੀ ਇਹ ਨੀਤੀ ਸਮੇਂ ਦੀ ਮੰਗ ਹੈ। ਫਲੈਟ ਹੋਲਡਰਾਂ ਜਾਂ ਮਕਾਨ ਮਾਲਕਾਂ ਨੂੰ ਲਾਭ ਮਿਲੇਗਾ, ਬਸ਼ਰਤੇ ਲਾਗਤ ਅਤੇ ਪ੍ਰਕਿਰਿਆ ਸੌਖੀ ਰੱਖੀ ਜਾਵੇ। ਟਾਊਨ ਪਲਾਨਰ ਸਹੀ ਕਹਿੰਦੇ ਹਨ ਕਿ ਕੰਟਰੋਲ ਅਤੇ ਸੰਤੁਲਿਤ ਰੀਡਿਵੈੱਲਪਮੈਂਟ ਹੀ ਟਿਕਾਊ ਹੋਵੇਗੀ। ਦਿੱਲੀ ਦੀ ਪੁਰਾਣੀ ਸੰਸਕ੍ਰਿਤੀ ਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਬਜਾਏ, ਉਸ ਨੂੰ ਨਵੇਂ ਰੂਪ ’ਚ ਜਿਊਂਦਾ ਰੱਖਣ ਦਾ ਯਤਨ ਹੋਣਾ ਚਾਹੀਦਾ ਹੈ। ਨਹੀਂ ਤਾਂ, ਆਧੁਨਿਕ ਘਰ ਤਾਂ ਮਿਲ ਜਾਣਗੇ ਪਰ ਉਹ ਦਿੱਲੀ ਗੁਆਚ ਜਾਵੇਗੀ। ਸ਼ਹਿਰ ਦਾ ਵਿਕਾਸ ਜ਼ਰੂਰੀ ਹੈ ਪਰ ਉਸ ਦੀ ਆਤਮਾ ਦੀ ਰੱਖਿਆ ਵੀ ਓਨੀ ਹੀ ਜ਼ਰੂਰੀ ਹੈ।

—ਰਜਨੀਸ਼ ਕਪੂਰ


author

Anmol Tagra

Content Editor

Related News