ਵਿਗਿਆਨਕ ਸੋਚ ਅਤੇ ਅਧਿਆਤਮ ਦਾ ਸੰਗਮ ਸਨ ਰਾਸ਼ਟਰਪਤੀ ਕਲਾਮ

Saturday, Jul 27, 2024 - 09:48 AM (IST)

ਕਿਸੇ ਵਿਅਕਤੀ ਦਾ ਸਾਧਾਰਨ, ਸੀਮਤ ਸਾਧਨ ਅਤੇ ਗਰੀਬ ਪਰਿਵਾਰ ’ਚ ਜਨਮ ਲੈਣਾ ਉਸ ਨੂੰ ਮਹਾਨ ਬਣਨ ਤੋਂ ਨਹੀਂ ਰੋਕ ਸਕਦਾ। ਇਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਜੀਵਨ, ਸ਼ਖਸੀਅਤ ਅਤੇ ਰਚਨਾਤਮਿਕਤਾ ਨੂੰ ਸਮਝਣ ’ਤੇ ਪੂਰੀ ਤਰ੍ਹਾਂ ਸਹੀ ਲੱਗਦਾ ਹੈ। 27 ਜੁਲਾਈ ਨੂੰ ਉਨ੍ਹਾਂ ਦੀ ਬਰਸੀ ਹੈ, ਇਸ ਲਈ ਇਸ ਮੌਕੇ ’ਤੇ ਇਹ ਯਾਦ ਆਉਣਾ ਸੁਭਾਵਿਕ ਹੈ ਕਿ ਅਜਿਹਾ ਕੀ ਸੀ ਜਿਸ ਨਾਲ ਉਹ ਭਾਰਤ ਰਤਨ ਅਤੇ ਪ੍ਰੇਰਕ ਵਿਅਕਤੀ ਬਣੇ?

ਵਿਗਿਆਨ ਅਤੇ ਅਧਿਆਤਮ : ਉਨ੍ਹਾਂ ਨੇ ਹਿੰਦੂ ਧਰਮ ਦੀ ਅਧਿਆਤਮਿਕ ਸੰਸਥਾ ਸਵਾਮੀ ਨਾਰਾਇਣ ਦੇ ਤਤਕਾਲੀ ਮੁਖੀ ਸਵਾਮੀ ਮਹਾਰਾਜ ਦੀ ਜ਼ਿੰਦਗੀ, ਦਰਸ਼ਨ ਅਤੇ ਉਨ੍ਹਾਂ ਰਾਹੀਂ ਆਪਣੇ ਅੰਦਰ ਹੋਈ ਤਬਦੀਲੀ ਨੂੰ ਲੈ ਕੇ ਪ੍ਰੋਫੈਸਰ ਅਰੁਣ ਤਿਵਾੜੀ ਨਾਲ ਮਿਲ ਕੇ ਇਕ ਗ੍ਰੰਥ ਦੀ ਰਚਨਾ ਕੀਤੀ। ਇਸ ’ਚ ਲਿਖਿਆ ਗਿਆ ਹੈ ਕਿ ਵਿਗਿਆਨੀ ਹੋਣ ਅਤੇ ਵਿਗਿਆਨਕ ਸੋਚ ਰੱਖਣ ਦਾ ਇਹ ਅਰਥ ਨਹੀਂ ਹੈ ਕਿ ਧਰਮ ਜਾਂ ਅਧਿਆਤਮ ਨਕਾਰ ਕੇ ਅਸੀਂ ਤਰੱਕੀ ਕਰ ਸਕਦੇ ਹਾਂ। ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਤੇ ਸਾਰੇ ਵਰਗਾਂ ਤੋਂ ਆਏ ਸਰੋਤਿਆਂ ਨੂੰ ਸੰਬੋਧਿਤ ਕਰ ਕੇ ਇਕ ਵਾਰ ਕਿਹਾ ਸੀ ਕਿ ਜਿਸ ਦਾ ਦਿਲ ਸਾਫ ਹੈ, ਉਸ ਦਾ ਚਰਿੱਤਰ ਸੁੰਦਰ ਹੈ, ਜਿਸ ਘਰ ’ਚ ਸੱਚ ਅਤੇ ਸੁੰਦਰ ਚਰਿੱਤਰ ਹੈ ਉੱਥੇ ਸਦਭਾਵ ਰਹਿੰਦਾ ਹੈ, ਸਦਭਾਵਨਾ ਨਾਲ ਰਾਸ਼ਟਰ ਸੰਚਾਲਿਤ ਹੁੰਦਾ ਹੈ ਅਤੇ ਵਿਸ਼ਵ ’ਚ ਸ਼ਾਂਤੀ ਦੀ ਸ਼ੁਰੂਆਤ ਹੁੰਦੀ ਹੈ। ਪ੍ਰਮੁੱਖ ਸਵਾਮੀ ’ਚ ਮੈਂ ਦਿਲ ਦੀ ਸੱਚਾਈ ਦੇ ਦਰਸ਼ਨ ਕੀਤੇ ਅਤੇ ਅਥਾਹ ਸ਼ਾਂਤੀ ਦਾ ਅਨੁਭਵ ਕੀਤਾ।

ਡਾ. ਕਲਾਮ ਨੂੰ ਆਪਣੇ ਭਾਰਤੀ ਮੁਸਲਿਮ ਹੋਣ ’ਤੇ ਮਾਣ ਸੀ, ਉਨ੍ਹਾਂ ਦੇ ਪਿਤਾ ਇਕ ਮਸੀਤ ’ਚ ਇਮਾਮ ਸਨ ਜੋ ਹਰ ਸ਼ਾਮ ਦੀ ਚਾਹ ’ਤੇ ਪ੍ਰਮੁੱਖ ਹਿੰਦੂ ਮੰਦਰ ਅਤੇ ਇਸਾਈ ਗਿਰਜਾਘਰ ਦੇ ਲੋਕਾਂ ਨਾਲ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਚਰਚਾ ਕਰਦੇ ਸਨ। ਬਚਪਨ ’ਚ ਇਸ ਮਾਹੌਲ ’ਚ ਪਲਣ ਨਾਲ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਵਿਗਿਆਨੀ ਬਣਨਗੇ। ਇਸ ਲਈ ਉਨ੍ਹਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਆਪਣੇ ਦ੍ਰਿੜ੍ਹ ਇਰਾਦੇ ਅਤੇ ਸਾਰੇ ਧਰਮਾਂ ’ਚ ਬਰਾਬਰੀ ਨੂੰ ਮੂਲ ’ਚ ਰੱਖ ਕੇ ਭਾਰਤ ਦੇ ਪਹਿਲੇ ਵਿਗਿਆਨੀ ਰਾਸ਼ਟਰਪਤੀ ਬਣੇ। ਆਪਣੀ ਮੂਲ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਪ੍ਰਮੁੱਖ ਸਵਾਮੀ ਨੂੰ ਆਪਣਾ ਗੁਰੂ ਬਣਾਇਆ ਤੇ ਉਨ੍ਹਾਂ ਦੇ ਕਹਿਣੇ ਅਤੇ ਅਗਵਾਈ ’ਚ ਜ਼ਿੰਦਗੀ ਦੇ ਅੰਤਿਮ 14 ਸਾਲ ਬਤੀਤ ਕੀਤੇ। ਪ੍ਰਮੁੱਖ ਸਵਾਮੀ ਜੀ ਦੇ ਨਾਲ ਹੋਏ ਆਪਣੇ ਅਧਿਆਤਮਿਕ ਅਨੁਭਵਾਂ ’ਤੇ ਆਧਾਰਿਤ ਪੁਸਤਕ ਦੇ ਪ੍ਰਕਾਸ਼ਨ ਦੇ ਬਾਅਦ ਨੌਜਵਾਨਾਂ ਦੀ ਇਕ ਸਭਾ ’ਚ ਭਾਸ਼ਣ ਦਿੰਦਿਆਂ ਆਖਰੀ ਸਾਹ ਲਿਆ।

ਵਿਗਿਆਨ ਦੀ ਆਤਮਾ : ਅਜਿਹਾ ਨਹੀਂ ਹੈ ਕਿ ਉਹ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਵਿਗਿਆਨ ਅਤੇ ਅਧਿਆਤਮ ਦੀ ਏਕਤਾ ਨੂੰ ਸਿੱਧ ਤੇ ਪ੍ਰਚਾਰਿਤ ਕੀਤਾ ਸਗੋਂ ਪਾਇਥਾਗੋਰਸ, ਗੈਲੀਲਿਓ, ਆਇੰਸਟਾਈਨ, ਰਾਮਾਨੁਜਮ, ਜਗਦੀਸ਼ ਚੰਦਰ ਬੋਸ, ਚੰਦਰਸ਼ੇਖਰ, ਫਰਾਂਸਿਸ ਕਾਲਿੰਸ ਵਰਗੇ ਵਿਚਾਰਕਾਂ ਅਤੇ ਵਿਗਿਆਨੀਆਂ ਨੇ ਵੀ ਇਸੇ ਸਿਧਾਂਤ ਨੂੰ ਮੰਨਿਆ ਅਤੇ ਇਸ ਨੂੰ ਮਨੁੱਖੀ ਜ਼ਿੰਦਗੀ ਦਾ ਲਾਜ਼ਮੀ ਅੰਗ ਮੰਨਿਆ। ਇਨ੍ਹਾਂ ਦੋਵਾਂ ਤੱਤਾਂ ਦਾ ਸੰਗਮ ਹੀ ਮਨੁੱਖਤਾ ਹੈ। ਵਿਗਿਆਨ ਨੇ ਸਾਨੂੰ ਬੜਾ ਕੁਝ ਦਿੱਤਾ ਪਰ ਉਸ ਦੀ ਆਤਮਾ ਅਧਿਆਤਮ ਹੈ। ਇਕ ਉਦਾਹਰਣ ਹੈ; ਜਦੋਂ ਡਾ. ਕਲਾਮ ਆਪਣੀ ਪੁਸਤਕ ਲਿਖਣ ਤੋਂ ਪਹਿਲਾਂ ਉਸ ਦੇ 5 ਅਧਿਆਇਆਂ ਦੀ ਚਰਚਾ ਸਵਾਮੀ ਮਹਾਰਾਜ ਨਾਲ ਕਰ ਰਹੇ ਸਨ ਤਾਂ ਗੁਰੂ ਨੇ ਕਿਹਾ ਕਿ ਇਸ ’ਚ ਛੇਵਾਂ ਅਧਿਆਏ ‘ਈਸ਼ਵਰ ’ਚ ਆਸਥਾ’ ਵੀ ਸ਼ਾਮਲ ਕਰੋ, ਉਦੋਂ ਹੀ ਪੁਸਤਕ ਮੁਕੰਮਲ ਹੋਵੇਗੀ। ਵਿਗਿਆਨ ਅਤੇ ਧਰਮ ਜਾਂ ਅਧਿਆਤਮ ਨੂੰ 2 ਵੱਖ-ਵੱਖ ਰੂਪਾਂ ’ਚ ਦੇਖਣਾ ਨਾ ਸਿਰਫ ਭੁੱਲ ਹੈ ਸਗੋਂ ਇਕ ਹੀ ਸਿੱਕੇ ਦੇ ਦੋ ਪਹਿਲੂ ਹੋਣ ਨੂੰ ਨਕਾਰਨਾ ਹੈ।

ਵਿਗਿਆਨ ਦੇ ਖੇਤਰ ’ਚ ਡਾ. ਕਲਾਮ ਦਾ ਯੋਗਦਾਨ ਬੜਾ ਸ਼ਾਨਦਾਰ ਹੈ। ਉਨ੍ਹਾਂ ਨੂੰ ਮਿਜ਼ਾਈਲ ਮੈਨ ਕਿਹਾ ਗਿਆ, ਪੁਲਾੜ ਵਿਗਿਆਨ ਉਨ੍ਹਾਂ ਦੇ ਬਿਨਾਂ ਅਧੂਰਾ ਰਹਿੰਦਾ। ਅਗਨੀ ਵਰਗੀ ਖੋਜ ਦੇਸ਼ ਨੂੰ ਆਤਮਨਿਰਭਰ ਅਤੇ ਮਜ਼ਬੂਤ ਰਾਸ਼ਟਰ ਬਣਾਉਣ ’ਚ ਮਹੱਤਵਪੂਰਨ ਹੈ। ਦੇਸ਼ ਨੂੰ ਨਿਊਕਲੀਅਰ ਊਰਜਾ ਦੀ ਵਰਤੋਂ ਨਾਲ ਵਿਕਾਸ ਦੀਆਂ ਬੁਲੰਦੀਆਂ ਤੱਕ ਲਿਜਾਣ ਦਾ ਸੰਕਲਪ ਉਨ੍ਹਾਂ ਦਾ ਸੀ। ਉਹ ਸੰਨ 2020 ਤੱਕ ਭਾਰਤ ਨੂੰ ਵਿਸ਼ਵ ਦੀਆਂ 4 ਆਰਥਿਕ ਮਹਾਸ਼ਕਤੀਆਂ ਦੇ ਰੂਪ ’ਚ ਦੇਖਣਾ ਚਾਹੁੰਦੇ ਸਨ।

ਵਿਗਿਆਨਕ ਸੋਚ ਕੀ ਹੈ? : ਵਿਗਿਆਨਕ ਅਤੇ ਧਾਰਮਿਕ ਤੇ ਅਧਿਆਤਮਿਕ ਸੋਚ ਵਾਲਾ ਵਿਅਕਤੀ ਕੋਈ ਵੀ ਅਜਿਹਾ ਕੰਮ ਕਰਨ ਤੋਂ ਪਹਿਲਾਂ 10 ਵਾਰ ਇਸ ਗੱਲ ਬਾਰੇ ਸੋਚੇਗਾ ਕਿ ਉਸ ਨਾਲ ਕਿਸੇ ਨੂੰ ਠੇਸ ਤਾਂ ਨਹੀਂ ਪੁੱਜੇਗੀ। ਇਸ ਦੇ ਉਲਟ ਜਦੋਂ ਸੋਚ ਇਹ ਹੋਵੇ ਕਿ ਭਾਵੇਂ ਮੇਰਾ ਲਾਭ ਹੋਵੇ ਜਾਂ ਨਾ ਪਰ ਦੂਜੇ ਦਾ ਨੁਕਸਾਨ ਜ਼ਰੂਰ ਹੋਵੇ, ਉਦੋਂ ਉਸ ਸਮਾਜ ਦਾ ਭਵਿੱਖ ਭਾਵੇਂ ਭੌਤਿਕ ਖੁਸ਼ਹਾਲੀ ਦੇ ਦਰਸ਼ਨ ਕਰਵਾ ਦੇਵੇ ਪਰ ਸ਼ਾਂਤੀ ਦੀ ਸਥਾਪਨਾ ਨਹੀਂ ਹੋ ਸਕਦੀ। ਇਕ ਵਾਰ ਡਾ. ਕਲਾਮ ਨੇ ਵਿਦਿਆਰਥੀਆਂ ਦੇ ਸਾਹਮਣੇ ਬੋਲਦੇ ਹੋਏ ਪੁੱਛਿਆ ਕਿ ‘ਸਾਡਾ ਦੁਸ਼ਮਣ ਕੌਣ ਹੈ’, ਇਸ ’ਤੇ ਕਈ ਜਵਾਬ ਮਿਲੇ ਪਰ ਇਕ ਵਿਦਿਆਰਥੀ ਸਨੇਹਲ ਠੱਕਰ ਨੇ ਕਿਹਾ ਕਿ ‘ਦੁਸ਼ਮਣ ਸਿਰਫ ਗਰੀਬੀ ਹੈ’।

ਇਕ ਵਾਰ ਉਨ੍ਹਾਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਚਮਤਕਾਰੀ ਢੰਗ ਨਾਲ ਸਾਰੇ ਬਚ ਗਏ। ਜ਼ਖਮੀ ਹਾਲਤ ’ਚ ਨੀਂਦ ਦਾ ਟੀਕਾ ਦਿੱਤਾ ਗਿਆ ਤਾਂ ਸੁਪਨੇ ’ਚ ਉਨ੍ਹਾਂ ਨੂੰ ਵਿਸ਼ਵ ਦੀਆਂ ਮਹਾਨ ਸ਼ਖਸੀਅਤਾਂ ਆਪਣੇ ਨੇੜੇ-ਤੇੜੇ ਦਿਖਾਈ ਦਿੱਤੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਆਪਣੀ ਪੁਸਤਕ ’ਚ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਸੁਪਨੇ, ਸੁਪਨੇ ਅਤੇ ਸਿਰਫ ਸੁਪਨੇ ਹੀ ਉਨ੍ਹਾਂ ਵਿਚਾਰਾਂ ਨੂੰ ਜਨਮ ਦਿੰਦੇ ਹਨ ਜੋ ਸਾਨੂੰ ਆਪਣੇ ਟੀਚੇ ਤੱਕ ਲਿਜਾ ਸਕਦੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿਆਣਪ ਹੀ ਉਹ ਸ਼ਸਤਰ ਹੈ ਜੋ ਤਬਾਹੀ ਤੋਂ ਰੱਖਿਆ ਕਰ ਸਕਦਾ ਹੈ। ਕੋਈ ਵੀ ਦੁਸ਼ਮਣ ਸਾਨੂੰ ਹਰਾ ਨਹੀਂ ਸਕਦਾ ਜੇਕਰ ਅਸੀਂ ਆਪਣੀ ਅਕਲ, ਸੂਝ-ਬੂਝ ਦੀ ਵਰਤੋਂ ਕਰ ਕੇ ਅਜਿਹਾ ਤਾਣਾ-ਬਾਣਾ ਤਿਆਰ ਕਰੀਏ ਜਿਸ ਨੂੰ ਤੋੜਨਾ ਅਸੰਭਵ ਹੋਵੇ। ਜੇਕਰ ਇਹੀ ਸਿਆਣਪ ਭ੍ਰਿਸ਼ਟ ਹੋ ਜਾਵੇ ਤਾਂ ਭ੍ਰਿਸ਼ਟਾਚਾਰੀ ਬਣਨ ਅਤੇ ਨੈਤਿਕਤਾ ਦਾ ਪਤਨ ਤੇ ਅੰਧਕਾਰ ’ਚ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ।

ਈਸ਼ਵਰ ਹੀ ਕਰਤਾ ਅਤੇ ਕੰਟ੍ਰੋਲਰ ਹੈ, ਇਸ ਨੂੰ ਨਜ਼ਰਅੰਦਾਜ਼ ਕਰ ਕੇ ਜਦੋਂ ਅਸੀਂ ਖੁਦ ਨੂੰ ਇਹ ਦਰਜਾ ਦੇਣ ਲੱਗਦੇ ਹਾਂ ਉਦੋਂ ਹੀ ਹਿਟਲਰ, ਮੁਸੋਲਿਨੀ ਵਰਗੇ ਲੋਕ ਤਾਨਾਸ਼ਾਹ ਹੋ ਕੇ ਜ਼ੁਲਮ ਕਰਨ ’ਚ ਸਫਲ ਹੋ ਪਾਉਂਦੇ ਹਨ। ਭਾਰਤ ਦੀ ਅਧਿਆਤਮਿਕਤਾ ਅਤੇ ਸਾਰੇ ਧਰਮਾਂ, ਜਾਤੀਆਂ, ਵਰਗਾਂ, ਫਿਰਕਿਆਂ ਪ੍ਰਤੀ ਬਰਾਬਰ ਦੀ ਭਾਵਨਾ ਰੱਖਣਾ ਹੀ ਉਸ ਦੀ ਪਛਾਣ ਹੈ।

ਪੂਰਨ ਚੰਦ ਸਰੀਨ


Tanu

Content Editor

Related News