ਪਟੜੀ ’ਤੇ ਪਰਤਦਾ ਰਾਜਸਥਾਨ?

08/03/2020 2:49:40 AM

ਡਾ. ਵੇਦਪ੍ਰਤਾਪ ਵੈਦਿਕ

ਰਾਜਸਥਾਨ ’ਚ ਕਾਂਗਰਸ ਪਾਰਟੀ ਦੀ ਸਿਆਸਤ ਸ਼ਾਇਦ ਫਿਰ ਪਟੜੀ ’ਤੇ ਪਰਤ ਸਕਦੀ ਹੈ। ਖਾਸ ਤੌਰ ’ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਤਾਜ਼ਾ ਬਿਆਨ ’ਚ ਅਜਿਹੀ ਭਾਵਨਾ ਬਣ ਰਹੀ ਹੈ। ਗਹਿਲੋਤ ਦਾ ਕਹਿਣਾ ਹੈ ਕਿ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਜੇਕਰ ਸਚਿਨ ਪਾਇਲਟ ਧੜੇ ਨੂੰ ਮੁਆਫ ਕਰ ਦੇਵੇ ਤਾਂ ਉਹ ਉਸ ਨੂੰ ਫਿਰ ਪ੍ਰਵਾਨ ਕਰ ਲੈਣਗੇ। ਅਜਿਹਾ ਕਹਿ ਕੇ ਗਹਿਲੋਤ ਨੇ ਇਕ ਤੀਰ ਨਾਲ ਤਿੰਨ ਸ਼ਿਕਾਰ ਕਰ ਲਏ।

ਪਹਿਲਾ, ਉਨ੍ਹਾਂ ਨੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੂੰ ਸਰਵਉੱਚ ਮਹੱਤਵ ਦੇ ਦਿੱਤਾ। ਉਨ੍ਹਾਂ ਦੀ ਡਿਗਦੀ ਹੋਈ ਸਾਖ ਨੂੰ ਥੰਮ੍ਹੀ ਲਾ ਦਿੱਤੀ। ਦੂਸਰਾ, ਉਨ੍ਹਾਂ ਨੇ ਸਚਿਨ ਪਾਇਲਟ ਨੂੰ ਜੋ ਨਿਕੰਮਾ ਅਤੇ ਨਕਾਰਾ ਕਿਹਾ ਸੀ, ਉਨ੍ਹਾਂ ਸ਼ਬਦਾਂ ’ਤੇ ਪੋਚਾ ਲਾ ਦਿੱਤਾ ਹੈ ਅਤੇ ਆਪਣਾ ਅਕਸ ਇਕ ਨਰਮ ਅਤੇ ਬਜ਼ੁਰਗ ਨੇਤਾ ਵਾਲਾ ਬਣਾ ਲਿਆ ਹੈ। ਤੀਸਰਾ, ਜੋ ਉਨ੍ਹਾਂ ਨੇ ਕਿਹਾ ਹੈ ਉਹ ਜੇਕਰ ਹੋ ਜਾਵੇ ਤਾਂ ਉਨ੍ਹਾਂ ਦੀ ਸਰਕਾਰ ਤਾਂ ਬਚੀ-ਬਚਾਈ ਹੀ ਹੈ। ਉਨ੍ਹਾਂ ਨੂੰ ਆਪਣੇ ਵਿਧਾਇਕਾਂ ਨੂੰ ਜੈਸਲਮੇਰ ’ਚ ਲੁਕੋ ਕੇ ਰੱਖਣ ਦੀ ਲੋੜ ਨਹੀਂ ਹੋਵੇਗੀ।

ਉਹ ਸਭ ਜੈਪੁਰ ਪਰਤ ਸਕਦੇ ਹਨ ਅਤੇ ਸਰਕਾਰ ਦੀ ਤਿੰਨ ਹਫਤਿਆਂ ਤੋਂ ਬੰਦ ਦੁਕਾਨ ਫਿਰ ਖੁੱਲ੍ਹ ਜਾਵੇਗੀ। ਵਿਧਾਨ ਸਭਾ ’ਚ ਬੇਭਰੋਸਗੀ ਮਤਾ ਲਿਆਉਣ ਦੀ ਲੋੜ ਨਹੀਂ ਹੋਵੇਗੀ। ਸਾਰੀਆਂ ਪਾਰਟੀਆਂ ਦੇ ਵਿਧਾਇਕ ਰਲ ਕੇ ਕੋੋਰੋਨਾ ਨਾਲ ਜੰਗ ਲੜਨਗੇ ਅਤੇ ਡਾਵਾਂਡੋਲ ਅਰਥਵਿਵਸਥਾ ਨੂੰ ਸੰਭਾਲਣਗੇ।

ਜੇਕਰ ਅਜਿਹਾ ਨਹੀਂ ਹੁੰਦਾ ਹੈ ਤੇ ਧੜਾ ਆਪਣੀ ਅੜੀ ’ਤੇ ਅੜਿਆ ਰਹਿੰਦਾ ਹੈ ਤਾਂ ਅਗਲੇ 10-12 ਦਿਨ ਰਾਜਸਥਾਨ ਦੀ ਸਿਆਸਤ ਲਈ ਕਾਫੀ ਉਲਝਣ ਭਰੇ ਹੋ ਸਕਦੇ ਹਨ। ਭਾਜਪਾ ਕੋਸ਼ਿਸ਼ ਕਰੇਗੀ ਕਿ ਵਿਰੋਧੀ ਵਿਧਾਇਕਾਂ ਦੀ ਗਿਣਤੀ 100 ਤੋਂ ਵੱਧ ਹੋ ਜਾਵੇ। ਉਹ ਸਚਿਨ ਧੜੇ ਨੂੰ ਤਾਂ ਉਕਸਾਏਗੀ ਹੀ, ਉਹ ਹੋਰ ਕਾਂਗਰਸੀ ਵਿਧਾਇਕਾਂ ਨੂੰ ਵੀ ਤੋੜਨ ਦੀ ਪੂਰੀ ਕੋਸ਼ਿਸ਼ ਕਰੇਗੀ। ਗਹਿਲੋਤ ਨੇ ਦੋਸ਼ ਲਾਇਆ ਕਿ ਦਲ-ਬਦਲ ਕਰਨ ਦਾ ਮਿਹਨਤਾਨਾ ਅੱਜਕਲ ਪਹਿਲਾਂ ਨਾਲੋਂ ਵੀ ਵਧ ਗਿਆ ਹੈ।

ਅਸਪੱਸ਼ਟ ਖਬਰ ਇਹ ਹੈ ਕਿ ਕਾਂਗਰਸੀ ਵਿਧਾਇਕਾਂ ਨੂੰ ਦਲ-ਬਦਲ ਲਈ ਹੁਣ 25-30 ਕਰੋੜ ਰੁਪਏ ਤਕ ਦੇਣ ਦੀ ਤਜਵੀਜ਼ ਹੈ। ਇਸ ਡਰ ਦੇ ਮਾਰੇ ਉਨ੍ਹਾਂ ਨੂੰ ਜੈਸਲਮੇਰ ਦੇ ਦੜਬੇ ’ਚ ਬੰਦ ਕੀਤਾ ਗਿਆ ਹੈ ਪਰ ਭਾਜਪਾ ਦੇ ਲਈ ਨਿਰਾਸ਼ਾ ਦੇ ਵੀ ਕੁਝ ਸੰਕੇਤ ਹਨ। ਸਚਿਨ ਪਾਇਲਟ ਨੇ ਰਾਜਸਥਾਨ ਦੇ ਨਵੇਂ ਕਾਂਗਰਸ ਪ੍ਰਧਾਨ ਨੂੰ ਵਧਾਈ ਦਿੱਤੀ ਹੈ। ਸਚਿਨ ਨੇ ਆਪਣੇ ਕੁਰਸੀ ’ਤੇ ਬੈਠਣ ਵਾਲੇ ਨਵੇਂ ਪ੍ਰਧਾਨ ਦਾ ਸਵਾਗਤ ਕੀਤਾ ਹੈ, ਇਸ ਦਾ ਅਰਥ ਕੀ ਹੈ? ਸਚਿਨ ’ਚ ਪ੍ਰਪੱਕਤਾ ਆ ਰਹੀ ਹੈ ਅਤੇ ਉਹ ਕਾਂਗਰਸ ’ਚ ਟਿਕੇ ਰਹਿਣਾ ਚਾਹੁੰਦੇ ਹਨ। ਰਾਜਸਥਾਨ ਦੀ ਵਿਧਾਨ ਸਭਾ ਦੇ ਸਪੀਕਰ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵੀ ਸਚਿਨ ਨੇ ਵਧਾਈ ਦਿੱਤੀ ਹੈ। ਇਹ ਸਾਰੇ ਸੰਕੇਤ ਹਨ ਕਾਂਗਰਸ ’ਚ ਉਨ੍ਹਾਂ ਦੇ ਟਿਕੇ ਰਹਿਣ ਦੇ। ਜੇਕਰ ਰਾਜਸਥਾਨ ਦੀ ਸਰਕਾਰ ਡਿਗੇਗੀ ਤਾਂ ਉਹ ਸੂਬੇ ’ਚ ਨਵੀਂ ਅਸਥਿਰਤਾ ਨੂੰ ਜਨਮ ਦੇਵੇਗੀ ਅਤੇ ਭਾਰਤੀ ਲੋਕਤੰਤਰ ਦੇ ਮੱਥੇ ’ਤੇ ਕਾਲਾ ਟਿਕਾ ਲਾ ਦੇਵੇਗੀ।


Bharat Thapa

Content Editor

Related News