ਪੰਜਾਬੀਆਂ ਦੀ ਪ੍ਰਾਹੁਣਚਾਰੀ: ਲੋਕ ਖੋਲ੍ਹ ਦਿੰਦੇ ਨੇ ਦਿਲਾਂ ਦੇ ਬੂਹੇ

12/06/2016 11:37:18 AM

ਜਲੰਧਰ /(ਜੁਗਿੰਦਰ ਸੰਧੂ)—ਸੰਸਾਰ ਦੇ ਵੱਖ-ਵੱਖ ਦੇਸ਼ਾਂ ''ਚ ਵੱਸਦੇ ਲੋਕਾਂ ਦੇ ਆਪਸੀ ਰਿਸ਼ਤਿਆਂ ਦੀ ਵੱਡੀ ਪਛਾਣ ਅਤੇ ਸਾਂਝ ਉਨ੍ਹਾਂ ਦੀ ਪ੍ਰਾਹੁਣਚਾਰੀ ਦੀ ਭਾਵਨਾ ਤੋਂ ਪ੍ਰਗਟ ਹੁੰਦੀ ਹੈ। ਦਿਲਾਂ ਦੀ ਸਾਂਝ ਉਦੋਂ ਤੱਕ ਬਣ ਹੀ ਨਹੀਂ ਸਕਦੀ ਜਦੋਂ ਤੱਕ ਆਪਸ ''ਚ ਅਪੱਣਤ ਦੀ ਭਾਵਨਾ ਨਾ ਹੋਵੇ। ਇਕ-ਦੂਜੇ ਦੇ ਕੰਮ ਆਉਣਾ ਅਤੇ ਖਾਸ ਕਰਕੇ ਇਕ-ਦੂਜੇ ਦਾ ਦੁੱਖ-ਸੁੱਖ ਵੰਡਾਉਣਾ ਇਨਸਾਨ ਦੀ ਆਦਿ-ਕਾਲ ਤੋਂ ਫਿਤਰਤ ਰਹੀ ਹੈ। ਸ਼ਾਇਦ ਇਸ ਕਾਰਨ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਰਹਿਣ ਵਾਲੇ ਵੱਖ-ਵੱਖ ਜਾਤੀਆਂ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ''ਚ ਕਿਤੇ ਨਾ ਕਿਤੇ ਸਾਂਝ ਦਾ ਦੀਵਾ ਜਗ ਰਿਹਾ ਹੈ। ਇਸ ਨਜ਼ਰੀਏ ਤੋਂ ਪੰਜਾਬੀਆਂ ਦੀ ਪ੍ਰਾਹੁਣਚਾਰੀ ਦੀ ਕੋਈ ਮਿਸਾਲ ਨਹੀਂ ਹੈ। ਜਿਹੜੇ ਮਿਲਣ ਵਾਲਿਆਂ ਦੇ ਸੇਵਾ-ਸਤਿਕਾਰ ''ਚ ਆਪਣੇ ਦਿਲਾਂ ਦੇ ਬੂਹੇ ਖੋਲ੍ਹ ਦਿੰਦੇ ਹਨ। ਵਾਹਗੇ ਵਾਲੀ ਸਰਹੱਦ ਦੇ ਦੋਹੀਂ ਪਾਸੀ ਵੱਸਦੇ ਪੰਜਾਬੀਆਂ ਦੀ ਇਹ ਖਾਸੀਅਤ ਰਹੀ ਹੈ ਕਿ ਉਹ ਪ੍ਰਾਹੁਣਚਾਰੀ ''ਚ ਕੋਈ ਕਸਰ ਨਹੀਂ ਛੱਡਦੇ। ਪ੍ਰਾਹੁਣਚਾਰੀ ਦੀ ਇਸ ਭਾਵਨਾ ''ਚ ਸਿਰਫ ਪਿਆਰ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਹੀ ਨਹੀਂ, ਸਗੋਂ ਵੱਡੀ ਹੱਦ ਤੱਕ ਭਾਵਕਤਾ ਵੀ ਸ਼ਾਮਲ ਹੁੰਦੀ ਹੈ। ਪੰਜਾਬੀ ਲੋਕ ਇਕ-ਦੂਜੇ ਦਾ ਆਦਰ-ਮਾਣ ਕਰਨ ਵੇਲੇ ਵਿਛਣ ਦੀ ਹੱਦ ਤੱਕ ਚਲੇ ਜਾਂਦੇ ਹਨ।  ਆਪਣੇ ਘਰ ਜਾਂ ਰਸੋਈ ''ਚ ਕੋਈ ਚੀਜ਼ ਹੋਵੇ ਜਾਂ ਨਾ ਪ੍ਰਾਹੁਣੇ ਦੀ ਸੇਵਾ ਕਰਨ ਵੇਲੇ ਸਭ ਕੁਝ ਪੈਦਾ ਕੀਤਾ ਜਾਂਦਾ ਹੈ। 
ਚੜ੍ਹਦੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ''ਚ ਲੋਕ ਹਰ ਸਾਲ ਵੱਖ-ਵੱਖ ਮਨੋਰਥਾਂ ਨਾਲ ਪਾਕਿਸਤਾਨੀ  ਪੰਜਾਬ ਦੀ ਧਰਤੀ ''ਤੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਲੋਕ ਵੀ ਵੱਡੀ ਗਿਣਤੀ ''ਚ ਹਰ ਸਾਲ ਭਾਰਤੀ ਪੰਜਾਬ ਦੀ ਯਾਤਰਾ ਕਰਦੇ ਹਨ। ਇਨ੍ਹਾਂ ''ਚ ਬਹੁਤ ਸਾਰੇ ਲੋਕ ਅਜਿਹੇ ਧਾਰਮਿਕ ਸ਼ਰਧਾਲੂ ਹੁੰਦੇ ਹਨ ਜਿਹੜੇ ਪੱਵਿਤਰ ਅਸਥਾਨਾਂ ਦੀ ਯਾਤਰਾ ਲਈ ਸਰਹੱਦ ਦੇ ਦੋਹੀਂ ਪਾਸੀਂ ਆਉਂਦੇ ਜਾਂਦੇ ਰਹਿੰਦੇ ਹਨ। ਇਸ ਨਾਲ ਜਿੱਥੇ ਦਿਲਾਂ ''ਚ ਆਪਸੀ ਸਾਂਝ ਦੀ ਭਾਵਨਾ ਮਜ਼ਬੂਤ ਹੁੰਦੀ ਹੈ, ਉੱਥੇ ਲਕੀਰ ਦੇ ਦੋਹੀਂ ਪਾਸੀਂ ਵੰਡ ਦਿੱਤੇ ਗਏ ਲੋਕਾਂ ਦੇ ਆਪਸੀ ਰਿਸ਼ਤੇ ਵੀ ਗੂੜ੍ਹੇ ਹੁੰਦੇ ਹਨ। ਪਿਛਲੇ ਦਿਨੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੰਸਾਰ ਭਰ ''ਚ ਬੜੇ ਉਤਸ਼ਾਹ ਅਤੇ ਸ਼ਰਧਾਭਾਵਨਾ ਨਾਲ ਮਨਾਇਆ ਗਿਆ।  ਇਸ ਮੌਕੇ ''ਤੇ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਲੋਕ ਪਾਕਿਸਤਾਨ ਦੇ ਗੁਰਧਾਮਾਂ ''ਚ ਗੁਰਪੁਰਬ ਮਨਾਉਣ ਲਈ ਗਏ ਸਨ। ਇਨ੍ਹਾਂ ਲੋਕਾਂ ਨੇ ਵਤਨ ਵਾਪਸੀ ਉਪਰੰਤ ਆਪਣੇ ਨਾਲ ਵਾਪਰੇ ਜਿਸ ਤਰ੍ਹਾਂ ਦੇ ਤਜ਼ਰਬੇ ਅਤੇ ਘਟਨਾਵਾਂ ਦੱੱਸੀਆਂ ਉਹ ਬਹੁਤ ਹੈਰਾਨੀਜਨਕ ਸਨ। ਕੁਝ ਸ਼ਰਧਾਂਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਪੰਜਾਬੀਆਂ ਦਾ ਸੁਭਾਅ ਬਹੁਤ ਅਪੱਣਤ ਭਰਿਆ ਹੈ। ਉਹ ਹਰ ਵੇਲੇ ਮਿਠਾਸ ਭਰੀ ਅਤੇ ਮੋਹ ਵਾਲੀ ਭਾਸ਼ਾ ''ਚ ਗੱਲਬਾਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਕਿਸੇ ਵੀ ਪੰਜਾਬੀ ਨੂੰ ਗੁੱਸੇ ''ਚ ਲਾਲ-ਪੀਲਾ ਹੁੰਦਾ, ਗਾਲ੍ਹਾਂ ਕੱਢਦਾ, ਝਿੜਕਾਂ ਮਾਰਦਾ ਜਾਂ ਉੱਚੀ ਆਵਾਜ਼ ''ਚ ਗੱਲ ਕਰਦਾ ਨਹੀਂ ਵੇਖਿਆ। ਸੜਕਾਂ ''ਤੇ ਗੱਡੀਆਂ ਦੇ ਹਾਰਨ ਕਦੇ ਵੀ ਉੱਚੀ ਆਵਾਜ਼ ''ਚ ਨਹੀਂ ਵੱਜਦੇ। ਕਿਸੇ ਨੂੰ ਰਸਤਾ ਦੇਣ ਵੇਲੇ, ਪਾਰਕਿੰਗ ਵੇਲੇ ਜਾਂ ਇੱਥੋਂ ਤੱਕ ਕਿ ਕਿਸੇ ਹਾਦਸੇ ਵੇਲੇ ਵੀ ਲੋਕਾਂ ''ਚ ਬੋਲ-ਬੁਲਾਰਾ ਨਹੀਂ ਹੁੰਦਾ। ਜੇ ਕਿਸੇ ਸਮੇਂ ਕੋਈ ਵਿਅਕਤੀ ਫਿੱਕੀ ਗੱਲ ਕਰਦਾ ਵੀ ਹੈ ਤਾਂ ਕੋਲ ਖੜ੍ਹੇ ਹੋਰ ਲੋਕ ਅੱਗੇ ਵਧ ਕੇ ਮੁਆਫੀ ਮੰਗਣ ਲੱਗਦੇ ਹਨ। 
ਪਾਕਿਸਤਾਨੀ ਪੰਜਾਬ ''ਚ ਬਣੇ ਸਿੱਖ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਜਾਂ ਹੋਰ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਦੇਖ-ਰੇਖ ਲਈ ਸਰਕਾਰ ਨੇ ਇਕ ਵਕਫ ਬੋਰਡ ਦੀ ਸਥਾਪਨਾ ਕੀਤੀ ਹੈ। ਇਸ ਬੋਰਡ ਦੇ ਅਧਿਕਾਰੀ ਇਨ੍ਹਾਂ ਅਸਥਾਨਾਂ ਪ੍ਰਤੀ ਜ਼ਿੰਮੇਵਾਰੀ ਤਾਂ ਨਿਭਾਉਂਦੇ ਹੀ ਹਨ, ਸਗੋਂ ਉੱਥੇ ਆਉਣ ਵਾਲੇ ਸ਼ਰਧਾਲੂਆਂ ਦੇ ਸੇਵਾ-ਸਤਿਕਾਰ ਲਈ ਵੀ ਪੂਰੀ ਵਾਹ ਲਾਉਂਦੇ ਹਨ। ਭਾਰਤੀ ਪੰਜਾਬ ਤੋਂ ਗਏ ਯਾਤਰੂਆਂ ਪ੍ਰਤੀ ਉਨ੍ਹਾਂ ਦਾ ਵਤੀਰਾ ਦੇਖਣ ਵਾਲਾ ਸੀ। ਉਹ ਹਰ ਵਿਅਕਤੀ ਦੇ ਖਾਣ-ਪੀਣ ਅਤੇ ਰਹਿਣ ਦਾ ਖਾਸ ਖਿਆਲ ਰੱਖਦੇ ਹਨ। ਕਿਸੇ ਸ਼ਰਧਾਲੂ ਨੂੰ ਕੋਈ ਦੁੱਖ-ਦਰਦ ਜਾਂ ਕੋਈ ਹੋਰ ਸਮੱਸਿਆ ਹੋ ਜਾਵੇ ਤਾਂ ਵੀ ਉਹ ਝੱਟ ਸੇਵਾ ਅਤੇ ਮਦਦ ਲਈ ਆ ਬਹੁੜਦੇ ਹਨ। ਕੁਝ ਯਾਤਰੂਆਂ ਨੇ ਤਾਂ ਇਹ ਵੀ ਦੱਸਿਆ ਕਿ ਕਿ ਲਹਿੰਦੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਅਤੇ ਖਾਸ ਕਰਕੇ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਤਾਂ ਵਿਸ਼ੇਸ਼ ਤਹਿਜ਼ੀਬ ਨਾਲ ਪੇਸ਼ ਆਉਂਦੇ ਹਨ। ਉਹ ਆਪਣੀਆਂ ਸਵਾਰੀਆਂ ਨਾਲ ਝੱਟ ਰਿਸ਼ਤੇ ਗੰਢ ਲੈਂਦੇ ਹਨ। ਟੈਕਸੀਆਂ ਵਾਲੇ ਤਾਂ ਯਾਤਰੂਆਂ ਦਾ ਸਾਮਾਨ ਵੀ ਖੁਦ ਹੀ ਚੁੱਕ ਕੇ ਰੱਖਦੇ ਹਨ। ਜੇਕਰ ਕਿਸੇ ਸਮੇਂ ਕੋਈ ਵਿਅਕਤੀ ਮਰਿਆਦਾ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਆਸ-ਪਾਸ ਦੇ ਲੋਕ ਉਸ ਨੂੰ ਝੱਟ ਅਜਿਹਾ ਕਰਨ ਤੋਂ ਰੋਕ ਦਿੰਦੇ ਹਨ ਅਤੇ ਸਮਝਾ ਵੀ ਦਿੰਦੇ ਹਨ ਕਿ ਅਜਿਹੀ ਮਰਿਆਦਾ ਹੀਣਤਾ ਹਰਗਿਜ਼ ਨਹੀਂ ਹੋਣੀ ਚਾਹੀਦੀ। ਲੜਾਈ-ਝਗੜੇ ਵਾਲੇ ਲੋਕਾਂ ਜਾਂ ਅਪਰਾਧਕ ਪ੍ਰਵਿਰਤੀ ਵਾਲਿਆਂ ਦੀ ਹੋਦ ਸਰਹੱਦ ਦੇ ਦੋਹੀਂ ਪਾਸੀਂ ਰੜਕਦੀ ਹੈ ਪਰ ਚੰਗੇ ਲੋਕਾਂ ਦੀ ਗਿਣਤੀ ਇੰਨੀਂ ਵਧ ਹੈ ਕਿ ਉਸ ਦੀ ਆੜ ਹੇਠ ਸਭ ਊਣਤਾਈਆਂ ਲੁਕ ਜਾਂਦੀਆਂ ਹਨ। ਚੰਗੇ ਲੋਕਾਂ ਦੀ ਮੌਜੂਦਗੀ ਸਦਕਾ ਹੀ ਵਾਹਗੇ ਦੇ ਆਰ-ਪਾਰ ਰਿਸ਼ਤਿਆਂ ਚੋਂ ਅਪੱਣਤ ਝਲਕਦੀ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ।
ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ''ਚ ਵੱਸਣ ਵਾਲੇ ਲੋਕਾਂ ਦਾ ਸੁਭਾਅ, ਖਾਣ-ਪੀਣ, ਗੀਤ-ਸੰਗੀਤ, ਰੀਤੀ-ਰਿਵਾਜ਼, ਪਹਿਰਾਵਾ, ਕੰਮ-ਧੰਦੇ ਕਾਫੀ ਹੱਦ ਤੱਕ ਮਿਲਦੇ-ਜੁਲਦੇ ਹਨ। ਇਸ ਤੋਂ ਇਲਾਵਾ ਧਾਰਮਿਕ ਨਜ਼ਰੀਏ ਤੋਂ ਵੀ ਆਪਸ ''ਚ ਗੂੜ੍ਹੀਆਂ ਸਾਂਝਾ ਹਨ। ਭਾਰਤੀ ਪੰਜਾਬ ''ਚ ਵੱਸਦੇ ਸਿੱਖਾਂ ਅਤੇ ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਪਾਕਿਸਤਾਨੀ ਪੰਜਾਬ ''ਚ ਸਥਿਤ ਹਨ। ਹਰ ਸਾਲ ਹਜ਼ਾਰਾਂ ਦੀ ਗਿਣਤੀ ''ਚ ਸ਼ਰਧਾਲੂ ਇਨ੍ਹਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ। ਇਕ ਅੰਦਾਜ਼ੇ ਅਨੁਸਾਰ ਪਾਕਿਸਤਾਨੀ ਪੰਜਾਬ ''ਚ ਛੋਟੇ-ਵੱਡੇ 130 ਦੇ ਕਰੀਬ ਗੁਰਦੁਆਰੇ ਹਨ, ਜਿਨ੍ਹਾਂ ''ਚੋਂ ਬਹੁਤ ਸਾਰੇ ਇਤਿਹਾਸਕ ਗੁਰਧਾਮ ਹਨ। ਸ਼੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪ੍ਰਕਾਸ਼ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ, ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਹੋਰ ਬਹੁਤ ਸਾਰੇ ਪਾਵਨ ਅਸਥਾਨ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ''ਚ ਗੁਰੂ ਨਾਨਕ ਨਾਂਮ ਲੇਵਾ ਸੰਗਤਾਂ ਉੱਥੇ ਪਹੁੰਚਦੀਆਂ ਹਨ। ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ਅਤੇ ਰਾਜਾਂ ''ਚ ਦਰਜਨਾਂ ਮੰਦਰ ਵੀ ਸਥਿਤ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਭਾਰਤੀ ਪੰਜਾਬ ਦੇ ਲੋਕ ਬੜੀ ਸ਼ਰਧਾਭਾਵਨਾਂ ਨਾਲ ਜਾਂਦੇ ਹਨ।
ਭਾਰਤ ''ਚ ਵੀ ਇਸਲਾਮ ਨਾਲ ਸੰਬੰਧਤ ਬਹੁਤ ਸਾਰੇ ਇਤਿਹਾਸਕ ਸਥਾਨ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਪਾਕਿਸਤਾਨੀ ਪੰਜਾਬ ਦੇ ਲੋਕ ਵਾਹਗੇ ਦੀ ਸਰਹੱਦ ਰਾਹੀਂ ਭਾਰਤ ਪਹੁੰਚਦੇ ਹਨ। ਦੋਹਾਂ ਪਾਸਿਆਂ ਦੇ ਇਹ ਯਾਤਰੂ ਇਕ ਤਰ੍ਹਾਂ ਨਾਲ ਦੂਤਾਂ ਦੀ ਭੂਮਿਕਾ ਨਿਭਾਉਂਦੇ ਹਨ, ਜਿਹੜੇ ਨਾ ਸਿਰਫ ਮਹੱਤਵਪੂਰਨ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਕਰਦੇ ਹਨ, ਸਗੋਂ ਆਪਸੀ ਪਿਆਰ-ਮੁਹੱਬਤ ਵਾਲੇ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਅਤੇ ਅੱਗੇ ਵਧਾਉਂਦੇ ਹਨ।  ਇਨ੍ਹਾਂ ਰਿਸ਼ਤਿਆਂ ਦੀ ਬੁਨਿਆਦ ''ਤੇ ਹੀ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਟਿਕੇ ਹਨ। ਆਮ ਲੋਕਾਂ ਦੀ ਇਹ ਦਿਲੀ ਇੱਛਾ ਹੈ ਕਿ ਇਹ ਰਿਸ਼ਤੇ ਨਾ ਸਿਰਫ ਸਦੀਵੀ ਬਣ ਜਾਣ ਸਗੋਂ ਨਫਰਤ, ਈਰਖਾ ਅਤੇ ਲੜਾਈਆਂ-ਝਗੜਿਆਂ ਦੀ ਹੋਦ ਨੂੰ ਹੀ ਖਤਮ ਕਰ ਦੇਣ।

Related News