‘ਪੰਜਾਬੀ ਭਾਸ਼ਾ’ ਨੂੰ ਸਮਰਪਿਤ ਨਹੀਂ ਪੰਜਾਬੀ ਯੂਨੀਵਰਸਿਟੀ

Friday, Aug 09, 2024 - 06:28 PM (IST)

ਦੁਨੀਆ ਵਿਚ ਭਾਸ਼ਾ ਦੇ ਆਧਾਰ ’ਤੇ ਪਹਿਲੀ ਯੂਨੀਵਰਸਿਟੀ ਹੇਬਰਿਯੂ ਯੂਨੀਵਰਸਿਟੀ ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਵਿਖੇ ਸਥਾਪਤ ਕੀਤੀ ਗਈ ਸੀ। ਇਸ ਤੋਂ ਬਾਅਦ ਭਾਸ਼ਾ ਦੇ ਆਧਾਰ ’ਤੇ ਦੂਜੀ ਯੂਨੀਵਰਸਿਟੀ ਭਾਰਤ ਦੇ ਸੂਬੇ, ਪੰਜਾਬ ਦੇ ਸ਼ਾਹੀ ਸ਼ਹਿਰ ਦੇ ਨਾਂ ਨਾਲ ਜਾਣੇ ਜਾਂਦੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਨਾਂ ਹੇਠ ਸਥਾਪਤ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦਾ ਵਿਕਾਸ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ, ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣਾ ਅਤੇ ਪੰਜਾਬੀ ਰਾਹੀਂ ਮਾਨਵਵਾਦੀ ਅਤੇ ਵਿਗਿਆਨਿਕ ਸਿੱਖਿਆ ਪ੍ਰਦਾਨ ਕਰਨਾ ਸੀ। ਇਸ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਈ ਅਹਿਮ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਭਾਸ਼ਾ ਮਾਹਿਰਾਂ ਅਤੇ ਚਿੰਤਕਾਂ ਵੱਲੋਂ ਯੂਨੀਵਰਸਿਟੀ ਦੇ ਕੁਝ ਫੈਸਲਿਆਂ, ਜਿਨ੍ਹਾਂ ਵਿਚੋਂ ਹੁਣੇ ਜਿਹੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਲਿਖੀ ਗਈ ਚਿੱਠੀ ਦਾ ਵਿਰੋਧ ਕਰਨ ਕਰ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਪੰਜਾਬੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਐਕਟ 1961 ਦੇ ਅਧੀਨ 1962 ਵਿਚ ਹੋਂਦ ਵਿਚ ਆਈ ਸੀ। ਇਹ ਯੂਨੀਵਰਸਿਟੀ ਤਕਰੀਬਨ 600 ਏਕੜ ਖੇਤਰ ਵਿਚ ਫੈਲੀ ਹੋਈ ਹੈ ਅਤੇ ਪੰਜਾਬੀ ਥੀਏਟਰ ਅਤੇ ਟੈਲੀਵਿਜ਼ਨ ਦੀ ਪੜ੍ਹਾਈ ਤੇ ਖੋਜ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਨੌਰਾ ਰਿਚਰਡ ਦੀ ਇਕ ਵੱਡੀ ਜਾਇਦਾਦ ਦੀ ਦੇਖ-ਰੇਖ ਵੀ ਕਰ ਰਹੀ ਹੈ। ਉੱਤਰਾਖੰਡ ਦੇ ਦੇਹਰਾਦੂਨ ਵਿਚ ਬਲਬੀਰ ਸਿੰਘ ਸਾਹਿਤ ਸਦਨ ਵਿਚ ਬਲਬੀਰ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਸਾਹਿਤ ਦੀ ਖੋਜ ਦਾ ਕੰਮ ਵੀ ਕਰ ਰਹੀ ਹੈ। ਯੂਨੀਵਰਸਿਟੀ ਗੁਰੂ ਕਾਸ਼ੀ ਰਿਜਨਲ ਸੈਂਟਰ ਬਠਿੰਡਾ, ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਰਿਜਨਲ ਸੈਂਟਰ ਫਾਰ ਇਨਫਰਮੇਸ਼ਨ ਟੈਕਨਾਲੋਜੀ ਅਤੇ ਮੈਨੇਜਮੈਂਟ, ਮੋਹਾਲੀ ਅਤੇ ਨਵਾਬ ਸ਼ੇਰ ਖਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਅਤੇ ਅਰਬਿਕ, ਮਾਲੇਰਕੋਟਲਾ ਵਿਖੇ 4 ਖੇਤਰੀ ਕੈਂਪਸ ਵੀ ਚਲਾ ਰਹੀ ਹੈ। ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਂ ’ਤੇ ਇਕ ਵੱਡੀ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ, ਜਿਸ ਵਿਚ ਤਕਰੀਬਨ 5,64,000 ਪੁਸਤਕਾਂ ਹਨ।

ਯੂਨੀਵਰਸਿਟੀ ਵੱਲੋਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਲੰਬੀ ਖੋਜ ਤੋਂ ਬਾਅਦ ਇਕ ਅੰਗਰੇਜ਼ੀ-ਪੰਜਾਬੀ ਕੋਸ਼ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੋਈ ਮੁਸ਼ਕਲ ਨਾ ਆਵੇ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਾਈ ਗਈ ਇਸ ਯੂਨੀਵਰਸਿਟੀ ਦੀ ਧੁਨੀ (ਏਂਥਮ) ਵੀ ਪੰਜਾਬੀ ’ਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ‘‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’’ ਨੂੰ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਪੰਜਾਬੀ ਦੇ ਚਿੰਤਕ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਕਿਉਂ ਹਨ ਤੇ ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ।

ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਨੇ 2023 ਜੂਨ ਨੂੰ ਜਦੋਂ ਇਹ ਫੈਸਲਾ ਲਿਆ ਕਿ ਤਿੰਨ ਸਾਲਾ ਅੰਡਰ ਗ੍ਰੈਜੂਏਸ਼ਨ ਕੋਰਸਾਂ, ਬੀ. ਬੀ. ਏ., ਬੀ. ਸੀ. ਏ., ਬੀ. ਵੋਕ, ਬੀ. ਐੱਮ. ਐੱਮ. ਲਈ ਕੇਵਲ ਪਹਿਲੇ ਸਾਲ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪੜ੍ਹਾਈ ਕਰਾਈ ਜਾਵੇਗੀ ਅਤੇ ਬੀ. ਕਾਮ. ਅਤੇ ਬੀ. ਐੱਸ. ਸੀ. ਕੋਰਸਾਂ ਵਿਚ ਪਹਿਲੇ ਦੋ ਸਾਲ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਵੇਗੀ ਅਤੇ ਫਾਈਨਲ ਸਾਲ ਵਿਚ ਨਵੇਂ ਕੋਰਸ ਪੈਦਾ ਕਰ ਕੇ ਤੇ ਉਨ੍ਹਾਂ ਨੂੰ ਪੰਜਾਬੀ ਨਾਲ ਇਕੱਠਾ ਕਰ ਕੇ ਪੜ੍ਹਾਇਆ ਜਾਵੇਗਾ ਅਤੇ ਅਜਿਹੇ ਹੀ ਫੈਸਲੇ ਵਾਈਸ ਚਾਂਸਲਰ, ਅਕਾਦਮਿਕ ਡੀਨ, ਵਿਭਾਗ ਦੇ ਮੁਖੀਆਂ ਅਤੇ ਹੋਰ ਸਿੱਖਿਆ ਅਧਿਕਾਰੀਆਂ ਨੇ ਇਕ ਅਲੱਗ ਮੀਟਿੰਗ ਕਰ ਕੇ ਕੀਤੇ।

ਪੰਜਾਬੀ ਭਾਸ਼ਾ ਦੇ ਮਾਹਿਰਾਂ ਤੇ ਚਿੰਤਕਾਂ ਨੇ ਯੂਨੀਵਰਸਿਟੀ ਦੇ ਇਨ੍ਹਾਂ ਫੈਸਲਿਆਂ ਦਾ ਭਾਰੀ ਵਿਰੋਧ ਕੀਤਾ ਤੇ ਇਲਜ਼ਾਮ ਲਾਇਆ ਕਿ ਯੂਨੀਵਰਸਿਟੀ ਸਬੰਧਤ ਕੋਰਸਾਂ ਦੇ ਨਾਂ ’ਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪੜ੍ਹਾਈ ਨੂੰ ਹਟਾ ਰਹੀ ਹੈ। ਇਸ ਕਾਰਨ ਪੰਜਾਬੀ ਲੇਖਕਾਂ, ਚਿੰਤਕਾਂ ਅਤੇ ਮਾਹਿਰਾਂ ਦਾ ਇਕ ਵਫ਼ਦ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਮਿਲਿਆ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਫੈਸਲਿਆਂ ਨੂੰ 7 ਜੁਲਾਈ ਦੀ ਮੀਟਿੰਗ ਵਿਚ ਮੁੜ ਵਿਚਾਰਿਆ ਜਾਵੇਗਾ। 7 ਜੁਲਾਈ ਦੀ ਇਕੱਤਰਤਾ ਵਿਚ ਪਹਿਲੇ ਫੈਸਲੇ ਪਲਟ ਕੇ ਇਹ ਫੈਸਲਾ ਲਿਆ ਗਿਆ ਕਿ ਬੀ. ਬੀ. ਏ. , ਬੀ. ਸੀ. ਏ., ਬੀ.ਵੋਕ. ਅਤੇ ਬੀ. ਐੱਮ. ਐੱਮ. ਕੋਰਸਾਂ ਦੇ 6 ਦੇ 6 ਸਮੈਸਟਰਾਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ। 5 ਸਾਲਾਂ ਦੀ ਕਾਨੂੰਨ ਦੀ ਪੜ੍ਹਾਈ ਵਿਚ 2 ਦੀ ਥਾਂ ’ਤੇ 3 ਸਮੈਸਟਰਾਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ। ਬੀ. ਟੈੱਕ. ਅਤੇ ਬੀ. ਫਾਰਮੇਸੀ ਲਈ ਪਹਿਲਾਂ ਪੜ੍ਹਾਈ ਜਾਂਦੀ ਪੰਜਾਬੀ ਤੋਂ ਇਲਾਵਾ ਪੰਜਾਬੀ ਕੰਪਿਊਟਿੰਗ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਇਸ ਤੋਂ ਇਲਾਵਾ ਅੰਡਰ ਗ੍ਰੈਜੂਏਸ਼ਨ ਕੋਰਸਾਂ ਲਈ ਪੰਜਾਬੀ ਦਾ ਪਾਠਕ੍ਰਮ ਪੰਜਾਬੀ ਵਿਭਾਗ ਦੇ ਬੋਰਡ ਆਫ ਸਟੱਡੀਜ਼ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਨਵੀਆਂ ਤਕਨੀਕਾਂ, ਸਾਫਟਵੇਅਰ ਅਤੇ ਕੰਪਿਊਟਿੰਗ ਸਬੰਧੀ ਪੰਜਾਬੀ ਦੇ ਕੋਰਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਫੈਸਲੇ ਨਾਲ ਮਾਹੌਲ ਇਕ ਵਾਰ ਸ਼ਾਂਤ ਹੋ ਗਿਆ ਸੀ।

ਪ੍ਰੰਤੂ ਹੁਣ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਵੱਲੋਂ ਲਿਖੀ ਗਈ ਚਿੱਠੀ ਨੇ ਇਕ ਵਾਰ ਫਿਰ ਮਾਹੌਲ ਗਰਮਾ ਦਿੱਤਾ ਹੈ ਤੇ ਪੰਜਾਬੀ ਲੇਖਕ, ਚਿੰਤਕ ਅਤੇ ਮਾਹਿਰ ਯੂਨੀਵਰਸਿਟੀ ’ਤੇ ਪੰਜਾਬੀ ਵਿਰੋਧੀ ਹੋਣ ਦਾ ਦੋਸ਼ ਲਾ ਰਹੇ ਹਨ। ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਜੌਹਲ ਦਾ ਕਹਿਣਾ ਹੈ ਕਿ ਜਦੋਂ ਅਕਾਦਮਿਕ ਕੌਂਸਲ ਪਹਿਲਾਂ ਹੀ ਫੈਸਲੇ ਕਰ ਚੁੱਕੀ ਹੈ ਤਾਂ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕਿਸ ਅਧਿਕਾਰ ਰਾਹੀਂ ਪੰਜਾਬੀ ਨੂੰ ਕੰਪਿਊਟਿੰਗ ਸਾਇੰਸ ਦੀ ਪੜ੍ਹਾਈ ’ਚੋਂ ਖਤਮ ਕਰਨ ਲਈ ਚਿੱਠੀਆਂ ਕੱਢ ਕੇ ਸਹਿਮਤੀ ਮੰਗ ਰਹੇ ਹਨ। ਇਸ ਵਰਤਾਰੇ ਤੋਂ ਇਹ ਜਾਪਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਸ ਦੀ ਸਥਾਪਨਾ ਪੰਜਾਬੀ ਦੇ ਵਿਕਾਸ ਲਈ ਕੀਤੀ ਗਈ ਸੀ, ਉਹ ਉਸ ਕਲਪਨਾ ਅਤੇ ਪੰਜਾਬੀ ਪ੍ਰਤੀ ਸਮਰਪਣ ਤੋਂ ਦੂਰ ਜਾ ਰਹੀ ਹੈ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


Rakesh

Content Editor

Related News