ਪ੍ਰਸ਼ਾਂਤ ਕਿਸ਼ੋਰ ਨੇ ਮਾਰੀ ਬਿਹਾਰ ਦੀ ਸਿਆਸਤ ’ਚ ਛਾਲ, ਸੱਤਾ ਮਿਲਣ ’ਤੇ ਖਤਮ ਕਰਨਗੇ ਸ਼ਰਾਬਬੰਦੀ
Friday, Oct 04, 2024 - 02:57 AM (IST)
2013 ਤੋਂ ‘ਸਿਟੀਜ਼ਨਜ਼ ਫਾਰ ਅਕਾਊਂਟੇਬਲ ਗਵਰਨੈਂਸ’ ਨਾਂ ਦੀ ਆਪਣੀ ਮੀਡੀਆ ਅਤੇ ਪ੍ਰਚਾਰ ਕੰਪਨੀ ਚਲਾਉਣ ਵਾਲੇ ਅਤੇ ਵੱਖ-ਵੱਖ ਸਿਆਸੀ ਦਲਾਂ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਨੇ 2 ਅਕਤੂਬਰ ਨੂੰ ਆਪਣੀ ‘ਜਨ ਸੁਰਾਜ ਪਾਰਟੀ’ ਬਣਾਉਣ ਦਾ ਐਲਾਨ ਕਰ ਕੇ ਬਿਹਾਰ ਦੀ ਸਿਆਸਤ ’ਚ ਐਂਟਰੀ ਮਾਰ ਦਿੱਤੀ ਹੈ।
ਬਿਹਾਰ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਆਪਣੀ ਪਾਰਟੀ ਦੇ ਤਸੱਲੀਬਖਸ਼ ਪ੍ਰਦਰਸ਼ਨ ਨੂੰ ਲੈ ਕੇ ਆਸਵੰਦ ਪ੍ਰਸ਼ਾਂਤ ਕਿਸ਼ੋਰ ਨੇ ਉਕਤ ਪ੍ਰੋਗਰਾਮ ’ਚ ਹਾਜ਼ਰ ਲੋਕਾਂ ਨੂੰ ਵਿਵਸਥਾ ਤਬਦੀਲੀ ਦਾ ਸੰਕਲਪ ਦਿਵਾਉਂਦਿਆਂ ਦਾਅਵਾ ਕੀਤਾ ਕਿ ਸੂਬੇ ’ਚ 2025 ਦੇ ਚੋਣ ਨਤੀਜਿਆਂ ਦੀ ਝਲਕ ਤਾਂ ਛੇਤੀ ਹੀ 4 ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਨਜ਼ਰ ਆ ਜਾਵੇਗੀ।
ਪਹਿਲਾਂ ਤੋਂ ਹੀ ਸਿਆਸਤ ’ਚ ਕਦਮ ਰੱਖਣ ਦੀ ਤਿਆਰੀ ਕਰ ਰਹੇ ਪ੍ਰਸ਼ਾਂਤ ਕਿਸ਼ੋਰ ਅਨੁਸਾਰ ਇਹ ਪਾਰਟੀ ਬਣਾਉਣ ਦਾ ਉਨ੍ਹਾਂ ਦਾ ਮੰਤਵ ਬਿਹਾਰ ਦੇ ਲੋਕਾਂ ਨੂੰ ਸੂਬੇ ’ਚ ਇਕ ਨਵਾਂ ਸਿਆਸੀ ਬਦਲ ਦੇ ਕੇ ਉਨ੍ਹਾਂ ਨੂੰ ਸੰਗਠਿਤ ਕਰਨਾ ਹੈ।
ਵਰਨਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 2022 ’ਚ ਪੱਛਮੀ ਚੰਪਾਰਣ ਤੋਂ ‘ਜਨ ਸੁਰਾਜ ਮੁਹਿੰਮ’ ਦੀ ਸ਼ੁਰੂਆਤ ਕਰ ਕੇ ਬਿਹਾਰ ਦੀ 3000 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਦੌਰਾਨ ਲੋਕਾਂ ਨੂੰ ਦੱਸਿਆ ਕਿ ਅਜੇ ਤਕ ਬਿਹਾਰ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਇਸ ਲਈ ਨਹੀਂ ਮਿਲ ਸਕੇ ਹਨ ਕਿਉਂਕਿ ਉਨ੍ਹਾਂ ਨੇ ਕਦੇ ਇਨ੍ਹਾਂ ਮੁੱਦਿਆਂ ’ਤੇ ਵੋਟ ਹੀ ਨਹੀਂ ਪਾਈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ‘‘ਸੂਬੇ ’ਚ ਸਿੱਖਿਆ ਦਾ ਪੱਧਰ ਸੁਧਾਰਨ ਲਈ ਸਾਨੂੰ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਲੋੜ ਹੋਵੇਗੀ। ਇਸ ਦੇ ਲਈ ਅਸੀਂ ਸੂਬੇ ’ਚ ਲਾਗੂ ਸ਼ਰਾਬਬੰਦੀ ਕਾਨੂੰਨ, ਜਿਸ ਨਾਲ ਹਰ ਸਾਲ 20,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਨੂੰ ਖਤਮ ਕਰ ਕੇ ਧਨ ਮੁਹੱਈਆ ਕਰਵਾਵਾਂਗੇ। ਇਸ ਲਈ ਸਾਡੀ ਸਰਕਾਰ ਆਉਂਦਿਆਂ ਹੀ ਇਕ ਘੰਟੇ ਦੇ ਅੰਦਰ ਸੂਬੇ ’ਚ ਸ਼ਰਾਬਬੰਦੀ ਖਤਮ ਕਰ ਦਿੱਤੀ ਜਾਵੇਗੀ।’’
ਸ਼ਰਾਬ ਦੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਐਲਾਨ ਕੀਤਾ ਸੀ ਕਿ, ‘‘ਜੇ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਮੇਰੇ ਹੱਥ ’ਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਸਾਰੀਆਂ ਡਿਸਟਿੱਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ।’’
ਪਰ ਅੱਜ ਪ੍ਰਸ਼ਾਂਤ ਕਿਸ਼ੋਰ ਸ਼ਰਾਬ ਦਾ ਸਹਾਰਾ ਲੈ ਕੇ ਹੀ ਬਿਹਾਰ ’ਚ ਸੱਤਾ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਦੀ ਇਹ ਰਣਨੀਤੀ ਕਿੰਨੀ ਸਫਲ ਹੁੰਦੀ ਹੈ।
–ਵਿਜੇ ਕੁਮਾਰ