ਸ਼ਾਂਤੀ, ਸਦਭਾਵਨਾ ਤੇ ਵਿਕਾਸ ਦੇ ਮਸੀਹਾ ਸਨ ਪ੍ਰਕਾਸ਼ ਸਿੰਘ ਬਾਦਲ
Friday, Dec 08, 2023 - 03:25 PM (IST)
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਾਡੇ ਵਿਚੋਂ ਗਿਆਂ ਨੂੰ ਸੱਤ ਮਹੀਨੇ ਗੁਜ਼ਰ ਚੁੱਕੇ ਹਨ ਪਰ ਉਨ੍ਹਾਂ ਦੀ ਦੂਰਅੰਦੇਸ਼ੀ ਸ਼ਖਸੀਅਤ ਦੀ ਮਹਿਕ ਅੱਜ ਵੀ ਸਾਡੇ ਵਿਚ ਹੈ ਤੇ ਉਹ ਮਹਿਕ ਖਾਲਸਾ ਪੰਥ ਅਤੇ ਪੰਜਾਬ ਨੂੰ ਸਮਰਪਿਤ ਤੇ ਪਿਆਰ ਕਰਨ ਵਾਲੇ ਹਰ ਬੱਚੇ, ਬਜ਼ੁਰਗ ਤੇ ਨੌਜਵਾਨ ਦੇ ਮਨ ਵਿਚ ਸਮਾਈ ਹੋਈ ਹੈ, ਜਿਵੇਂ ਕਿ ਅੱਜ ਵੀ ਉਹ ਸਾਡੇ ਵਿਚ ਹੀ ਹੋਣ।
ਉਨ੍ਹਾਂ ਦੇ ਬੇਸ਼ੁਮਾਰ ਚਾਹੁਣ ਵਾਲੇ ਉਨ੍ਹਾਂ ਦੇ ਜਨਮ ਦਿਨ ਦੀ ਤਿਆਰੀ ਵਿਚ ਆਪਣੇ-ਆਪਣੇ ਥਾਂ ਆਪਣੇ ਫਰਜ਼ ਵਿਚ ਰੁੱਝੇ ਹੋਏ ਹਨ ਪਰ ਮੈਂ ਇਹ ਦੇਖ ਸਕਦਾ ਹਾਂ ਕਿ ਉਹ ਸਾਰੇ ਇਕ-ਦੂਜੇ ਤੋਂ ਆਪਣੇ ਮਨ ਅੰਦਰ ਦੀ ਇਕ ਉਦਾਸੀ ਛੁਪਾ ਰਹੇ ਹਨ। ਇਕ ਲੰਬੇ ਅਰਸੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਸੀਂ ਉਨ੍ਹਾਂ ਦਾ ਜਨਮ ਦਿਨ ਇਕ ਅਜਿਹੇ ਵਕਤ ਮਨਾ ਰਹੇ ਹਾਂ ਜਦੋਂ ਉਹ ਖੁਦ ਸਾਡੇ ਵਿਚ ਨਹੀਂ ਹਨ।
ਉਨ੍ਹਾਂ ਦੇ ਜੀਵਨ ਦੀਆਂ ਕਈ ਪਰਤਾਂ ਸਨ। ਉਹ ਕਦੇ ਵੀ ਸਿਰਫ ਪ੍ਰਾਈਵੇਟ ਸ਼ਖਸੀਅਤ ਨਹੀਂ ਰਹੇ। ਮੈਂ ਹਮੇਸ਼ਾ ਲੋਕਾਂ ਨੂੰ ‘ਸਾਡੇ ਬਾਦਲ ਸਾਹਿਬ’ ਕਹਿੰਦੇ ਹੀ ਸੁਣਿਆ ਹੈ। ਸ. ਬਾਦਲ ਸਿਰਫ ਇਕ ਪਰਿਵਾਰ ਦੇ ਨਹੀਂ ਬਲਕਿ ਸਮੂਹ ਪੰਜਾਬ ਦੇ ਲੋਕਾਂ ਦੇ ਹੀ ਹਨ। ਕਿਸੇ ਦੇ ਪਿਤਾ ਸਮਾਨ ਕਿਸੇ ਦੇ ਭਰਾ ਜਾਂ ਦੋਸਤ ਜਾਂ ਕਿਸੇ ਦੇ ਪਰਿਵਾਰਕ ਮੈਂਬਰ। ਪੰਜਾਬ ਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਰਿਸ਼ਤਾ ਜਜ਼ਬਾਤੀ ਸੀ।
ਇਸ ਉਦਾਸੀ ਤੋਂ ਪਾਰ ਇਕ ਹੋਰ ਜਜ਼ਬਾ ਵੀ ਹੈ ਜੋ ਬਾਦਲ ਸਾਹਿਬ ਨੇ ਹਰ ਅਕਾਲੀ ਆਗੂ, ਵਰਕਰ ਤੇ ਹਰ ਪੰਜਾਬੀ ਦੇ ਮਨਾਂ ਵਿਚ ਮਜ਼ਬੂਤ ਕੀਤਾ। ਉਨ੍ਹਾਂ ਨੇ ਆਪਣੀ ਜਵਾਨੀ ਦੇ ਲਗਭਗ ਸਾਰੇ ਸਾਲ ਸੰਘਰਸ਼ ਅਤੇ ਜੇਲਾਂ ਵਿਚ ਬਿਤਾਏ ਸਨ। ਇਸ ਦੇ ਬਾਵਜੂਦ ਮੈਂ ਜਾਂ ਕਿਸੇ ਹੋਰ ਨੇ ਕਦੇ ਉਨ੍ਹਾਂ ਦੇ ਮਨ ਵਿਚ ਕਿਸੇ ਲਈ ਵੀ ਕੋਈ ਕੁੜੱਤਣ ਨਹੀਂ ਦੇਖੀ। ਉਨ੍ਹਾਂ ਦੀ ਸ਼ਖਸੀਅਤ ਅੰਦਰ ਇਹ ਖਾਸ ਗੁਣ ਮਹਾਨ ਗੁਰੂ ਸਾਹਿਬਾਨ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਇਲਾਹੀ ਪਾਵਨ ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਦੀ ਦੇਣ ਸੀ।
ਮੇਰੇ ਪੂਰੇ ਬਚਪਨ ਤੇ ਜਵਾਨੀ ਦੌਰਾਨ ਬਾਦਲ ਸਾਹਿਬ ਦਾ ਬਹੁਤਾ ਸਮਾਂ ਜੇਲਾਂ ਵਿਚ ਤੇ ਬਾਕੀ ਅਕਾਲੀ ਸੰਘਰਸ਼ਾਂ ਤੇ ਮੋਰਚਿਆਂ ਵਿਚ ਹੀ ਗੁਜ਼ਰਿਆ। ਇਸ ਲਈ ਮੇਰਾ ਤੇ ਮੇਰੀ ਇਕਲੌਤੀ ਭੈਣ ਦਾ ਬਚਪਨ ਹੋਰ ਬੱਚਿਆਂ ਤੋਂ ਅਲੱਗ ਸੀ। ਜਦੋਂ ਸ. ਬਾਦਲ ਨੇ 1997 ਵਿਚ ਤੀਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਸੰਭਾਲੀ, ਉਸ ਵਕਤ ਪੰਜਾਬ ਬੁਰੀ ਤਰ੍ਹਾਂ ਉੱਜੜਿਆ ਪਿਆ ਸੀ। ਲਗਭਗ 20 ਸਾਲ ਲੰਬੇ ਕਾਂਗਰਸੀ ਸਰਕਾਰਾਂ ਤੇ ਗਵਰਨਰੀ ਰਾਜ ਦੇ ਸਰਕਾਰੀ ਦਮਨ ਕਾਰਨ ਪਿੰਡ-ਪਿੰਡ ਸੱਥਰ ਵਿਛੇ ਪਏ ਸਨ। ਪਹਿਲਾਂ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਦਰਦਨਾਕ ਤੇ ਵਹਿਸ਼ੀਆਨਾ ਫੌਜੀ ਹਮਲੇ ਵਿਚ ਤੇ ਬਾਅਦ ਵਿਚ ਪੰਜਾਬ ਵਿਚ ਚੱਲੇ ਅਕਹਿ ਤੇ ਅਸਹਿ ਪੁਲਸ ਦਮਨ ਵਿਚ ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ ਤੇ ਹਜ਼ਾਰਾਂ ਹੋਰਨਾਂ ਨੂੰ ਪੰਜਾਬ ਤੇ ਦੇਸ਼ ਛੱਡ ਕੇ ਬਾਹਰ ਜਾਣਾ ਪਿਆ ਸੀ। ਅਜਿਹੇ ਪੰਜਾਬ ਵਿਚ ਕੋਈ ਤਰੱਕੀ ਜਾਂ ਖੁਸ਼ਹਾਲੀ ਦੀ ਗੱਲ ਵੀ ਕਰਦਾ ਤਾਂ ਉਹ ਅਜੀਬ ਲੱਗਦੀ।
ਇਸ ਲਈ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਦੁਖੜੇ ਸਮਝਣ ਅਤੇ ਦੂਰ ਕਰਨ ’ਤੇ ਜ਼ੋਰ ਦਿੱਤਾ ਤੇ ਘਰ-ਘਰ ਜਾ ਕੇ ਉਨ੍ਹਾਂ ਦੇ ਹਿਰਦਿਆਂ ਉੱਤੇ ਮਰਹਮ ਲਾਉਣ ਲਈ ਸਿੱਖ ਇਤਿਹਾਸ ਵਿਚੋਂ ਪ੍ਰੇਰਨਾ ਲੈ ਕੇ ‘ਸੰਗਤ ਦਰਸ਼ਨ’ ਸ਼ੁਰੂ ਕੀਤੇ। ਪੰਜਾਬੀਆਂ ਦਾ ਇਸ ਕਦਰ ਹੌਸਲਾ ਟੁੱਟ ਚੁੱਕਾ ਸੀ ਕਿ ਉਹ ਆਪਣੇ ਮਸਲੇ ਹੱਲ ਕਰਵਾਉਣ ਲਈ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਨੂੰ ਮਿਲਣ ਦੇ ਵੀ ਸਾਧਨ ਤੇ ਬਲ ਨਹੀਂ ਰੱਖਦੇ ਸਨ। ਸੰਗਤ ਦਰਸ਼ਨ ਤੋਂ ਬਾਅਦ ਪੰਜਾਬੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਦਰਦ ਨੂੰ ਸਮਝਣ ਵਾਲਾ, ਉਨ੍ਹਾਂ ਦੇ ਦੁਖੜੇ ਸੁਣਨ ਵਾਲਾ ਕੋਈ ਵਿਅਕਤੀ ਹੈ ਤਾਂ ਇਸ ਵਕਤ ਉਨ੍ਹਾਂ ਦਾ ਮੁੱਖ ਮੰਤਰੀ ਹੈ।
ਦੂਜਾ ਸਭ ਤੋਂ ਨਾਜ਼ੁਕ ਤੇ ਅਹਿਮ ਕੰਮ ਪੰਜਾਬ ਅੰਦਰ ਅਮਨ ਤੇ ਭਾਈਚਾਰਕ ਸਾਂਝ ਮੁੜ ਕਾਇਮ ਕਰਨ ਦਾ ਸੀ। ਪੰਜਾਬ ਵਿਚ ਸਿਰਫ ਸੱਤ ਹਥਿਆਉਣ ਦੀ ਗਰਜ਼ ਨਾਲ ਕਈ ਸਿਆਸੀ ਸਾਜ਼ਿਸ਼ਾਂ ਰਾਹੀਂ ਇਕ ਪਾਸੇ ਤਾਂ ਪੰਜਾਬੀਆਂ ਅੰਦਰ ਹਿੰਦੂ-ਸਿੱਖ ਫਿਰਕੂ ਨਫਰਤ ਦੇ ਬੀਜ ਬੀਜੇ ਗਏ ਸਨ ਤੇ ਦੂਜੇ ਪਾਸੇ ਸਿੱਖ ਕੌਮ ਨੂੰ ਖੇਰੂੰ-ਖੇਰੂੰ ਕਰ ਕੇ ਬਰਬਾਦ ਕਰਨ ਲਈ ਖਾਲਸਾ ਪੰਥ ਅੰਦਰ ਹੀ ਭਰਾ ਮਾਰੂ ਜੰਗ ਸ਼ੁਰੂ ਕੀਤੀ ਹੋਈ ਸੀ। ਬਾਦਲ ਸਾਹਿਬ ਨੇ ਹਿੰਦੂ-ਸਿੱਖਾਂ ਦਰਮਿਆਨ ਭਾਈਚਾਰਕ ਸਾਂਝ ਮੁੜ ਸਥਾਪਿਤ ਕਰਨ ਦਾ ਬੀੜਾ ਉਠਾਇਆ। ਸ਼ਾਂਤੀ, ਭਾਈਚਾਰਕ ਸਾਂਝ ਤੇ ਸਦਭਾਵਨਾ ਦੇ ਇਸ ਮਾਹੌਲ ਕਰਨ ਹੀ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ’ਤੇ ਤੁਰਨ ਲੱਗਿਆ।
ਸਭ ਤੋਂ ਪਹਿਲਾਂ ਬਾਦਲ ਸਾਹਿਬ ਪੰਜਾਬ ਵਿਚ 22500 ਕਰੋੜ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਲੈ ਕੇ ਆਏ ਜੋ ਕਿ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਵਾਲਾ ਪ੍ਰਾਜੈਕਟ ਹੈ। ਫਿਰ ਬਾਦਲ ਸਾਹਿਬ ਨੇ ਉਸ ਵੇਲੇ ਦੇਸ਼ ਦੇ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਰਾਹੀਂ ਪੰਜਾਬ ਸਿਰ ਚੜ੍ਹਿਆ 8500 ਕਰੋੜ ਰੁਪਏ ਦਾ ਲੱਕ-ਤੋੜਵਾਂ ਕਰਜ਼ਾ ਇਕ ਹੀ ਝਟਕੇ ਨਾਲ ਮੁਆਫ ਕਰਵਾ ਦਿੱਤਾ ਜੋ ਕਿ ਅਸੰਭਵ ਸੀ। ਇਸ ਵਾਸਤੇ ਪੰਜਾਬ ਹਮੇਸ਼ਾ ਗੁਜਰਾਲ ਸਾਹਿਬ ਦਾ ਸ਼ੁਕਰਗੁਜ਼ਾਰ ਰਹੇਗਾ।
ਫਿਰ ਵਿਕਾਸ ਦੇ ਪਹੀਏ ਤੇਜ਼ੀ ਨਾਲ ਘੁੰਮਣ ਲੱਗੇ। ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਬਾਦਲ ਸਾਹਿਬ ਨੇ ਕੈਬਨਿਟ ਦੀ ਪਹਿਲੀ ਹੀ ਮੀਟਿੰਗ ਵਿਚ ਮੁਆਫ ਕਰ ਦਿੱਤੇ। ਪੰਜਾਬ ਵਿਚ ਪੰਜਾਬੀ ਬੋਲੀ ਨੂੰ ਮਾਂ ਬੋਲੀ ਦਾ ਦਰਜਾ ਦੇਣਾ ਤੇ ਲਾਗੂ ਕਰਨਾ ਸ. ਬਾਦਲ ਤੇ ਅਕਾਲੀ ਦਲ ਦੀ ਪਹਿਲੀ ਤਰਜੀਹ ਸੀ। ਅੱਜ ਕਿਸਾਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚਿੰਤਾ ਹੈ ਕਿ ਫਸਲਾਂ ਦੀ ਐੱਮ. ਐੱਸ. ਪੀ. ਖਤਮ ਨਾ ਕਰ ਦਿੱਤੀ ਜਾਵੇ। ਇਹ ਐੱਮ. ਐੱਸ. ਪੀ. ਸ. ਬਾਦਲ ਨੇ ਹੀ ਲਾਗੂ ਕਾਰਵਾਈ ਸੀ। ਉਨ੍ਹਾਂ ਨੇ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾਇਆ, ਜਿਸ ਨਾਲ ਹਰ ਖੇਤ ਨੂੰ ਪਾਣੀ ਲੱਗਦਾ ਹੋਇਆ। ਸਿੱਖਿਆ ਤੇ ਸਿਹਤ ਖੇਤਰ ਵਿਚ ਪੰਜਾਬ ਨੂੰ 19ਵੀਂ ਸਦੀ ਵਿਚੋਂ ਕੱਢ ਕੇ 20ਵੀਂ ਸਦੀ ਵਿਚ ਦਾਖਿਲ ਕਰਨਾ, ਇਹ ਸਭ ਰਿਕਾਰਡ ਦੀ ਗੱਲ ਹੈ।
ਕਾਂਗਰਸ ਪੰਜਾਬ ਦੀ ਸਮੱਸਿਆ ਨੂੰ ਪੁਲਸ ਤੇ ਫੌਜ ਰਾਹੀਂ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਨੂੰ ਕੁਚਲ ਕੇ ਕਰਨ ਵਿਚ ਯਕੀਨ ਰੱਖਦੀ ਸੀ। ਬਾਦਲ ਸਾਹਿਬ ਨੇ ਪੁਲਸ ਜਬਰ ਨੂੰ ਨੱਥ ਪਾਈ, ਜਿਸ ਨਾਲ ਸਿੱਖ ਹਿਰਦਿਆਂ ’ਤੇ ਮਰਹਮ ਲੱਗੀ। ਲੰਬੇ ਸਮੇਂ ਤੋਂ ਸਿੱਖਾਂ ਵਿਰੁੱਧ ਬਣਾਈਆਂ ਕਾਲੀਆਂ ਸੂਚੀਆਂ ਖਤਮ ਕਰਵਾਈਆਂ। ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਰਾਜੋਆਣਾ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਫਾਂਸੀ ਦੀਆਂ ਸਜ਼ਾਵਾਂ ’ਤੇ ਰੋਕ ਲਗਵਾਈ ਤੇ ਹੁਣ ਉਨ੍ਹਾਂ ਦੀ ਸਥਾਈ ਰਿਹਾਈ ਦੇ ਯਤਨ ਜਾਰੀ ਹਨ।
ਸ. ਬਾਦਲ ਇਕ ਸ਼ਾਂਤ, ਅਮਨਪੂਰਵਕ ਤੇ ਭਾਈਚਾਰਕ ਸਾਂਝ ਦੀਆਂ ਲੀਹਾਂ ’ਤੇ ਚੱਲਦਿਆਂ ਅਗਾਂਹਵਧੂ ਤੇ ਉੱਨਤ ਪੰਜਾਬ ਦਾ ਸੁਪਨਾ ਹਰ ਪਲ ਲੈਂਦੇ ਰਹਿੰਦੇ ਸਨ ਤੇ ਇਸ ਲਈ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਸਮਰਪਿਤ ਰਹੇ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸੁਪਨਿਆਂ ਦੀ ਪੂਰਤੀ ਦਾ ਜ਼ਾਮਨ ਹੈ। ਸਾਡੇ ਵੱਲੋਂ ਸ. ਬਾਦਲ ਨੂੰ ਸ਼ਰਧਾਂਜਲੀ ਦੇਣ ਦਾ ਇਹ ਹੀ ਅਸਲੀ ਤੇ ਸਭ ਤੋਂ ਵਧੀਆ ਤਰੀਕਾ ਹੈ। ਆਓ ਰਲ ਮਿਲ ਕੇ ਆਪਣੇ ਪੰਜਾਬ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਸਾਜ਼ਿਸ਼ਾਂ ਨੂੰ ਪਛਾਣੀਏ ਤੇ ਉਨ੍ਹਾਂ ਨੂੰ ਅਸਫਲ ਕਰੀਏ ਜੋ ਕਿ ਬਿਗਾਨਿਆਂ ਨੇ ਸਾਡੇ ਹੀ ਵਿਰੁੱਧ ਰਚੀਆਂ ਹੋਈਆਂ ਹਨ।