ਗਰੀਬੀ ਨੂੰ ਸੱਦਾ ਦਿੰਦਾ ਹੈ ‘ਸਮਾਜਿਕ ਵੱਕਾਰ’

09/15/2020 3:53:43 AM

ਰਿਜ਼ਵਾਨ ਅੰਸਾਰੀ

ਇਸ ’ਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਹਾਲਾਤ ਨੇ ਸਾਡੀ ਜ਼ਿੰਦਗੀ ਨੂੰ ਕਈ ਰੂਪਾਂ ’ਚ ਪ੍ਰਭਾਵਿਤ ਕੀਤਾ ਹੈ। ਇਸ ਨੂੰ ਹਾਲਾਤ ਦੇ ਕਾਰਨ ਕਹੀਏ ਜਾਂ ਮਜਬੂਰੀ ਵਸ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਹਿਣ-ਸਹਿਣ ’ਚ ਕਈ ਤਰ੍ਹਾਂ ਦੀਅਾਂ ਤਬਦੀਲੀਅਾਂ ਲਿਆ ਚੁੱਕੇ ਹਾਂ। ਹਾਲਾਂਕਿ ਇਹ ਕਹਿਣਾ ਪੂਰੀ ਤਰ੍ਹਾਂ ਸੱਚ ਨਹੀਂ ਹੋਵੇਗਾ ਕਿ 100 ਫੀਸਦੀ ਲੋਕਾਂ ਦੀ ਜ਼ਿੰਦਗੀ ’ਚ ਤਬਦੀਲੀ ਆਈ ਹੋਵੇਗੀ ਪਰ ਇਸ ’ਚ ਅਤਿਕਥਨੀ ਨਹੀਂ ਕਿ ਸਾਡੇ ’ਚੋਂ ਵਧੇਰੇ ਲੋਕ ਆਪਣੀ ਜ਼ਿੰਦਗੀ ਦੇ ਰਹਿਣ ਸਹਿਣ ਦੇ ਢੰਗ ਨੂੰ ਬਦਲ ਚੁੱਕੇ ਹਨ।

ਪੜ੍ਹਾਈ-ਲਿਖਾਈ, ਦਫਤਰੀ ਕੰਮ, ਘਰ ਦੇ ਕੰਮ, ਖਾਣ-ਪੀਣ, ਖਰਚ ਦੇ ਪੱਧਰ ਆਦਿ ਕਈ ਅਜਿਹੇ ਪਹਿਲੂ ਹਨ ਜਿਨ੍ਹਾਂ ’ਚ ਤਬਦੀਲੀ ਆ ਚੁੱਕੀ ਹੈ ਪਰ ਇਨ੍ਹਾਂ ਸਾਰਿਆਂ ’ਚ ਪਰਿਵਾਰਕ ਖਰਚ ਨੂੰ ਸੰਤੁਲਿਤ ਕਰਨ ਦੀ ਕਵਾਇਦ ਸਭ ਤੋਂ ਅਹਿਮ ਹੈ। ਇਸ ਮਹਾਮਾਰੀ ਦੇ ਕਾਰਨ ਪੈਦਾ ਹੋਈ ਆਰਥਿਕ ਤੰਗੀ ਨੇ ਲੋਕਾਂ ਦੀ ਫਜ਼ੂਲ ਖਰਚੀ ਦੀ ਆਦਤ ’ਤੇ ਬ੍ਰੇਕ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਲੋਕ ਹੁਣ ਜ਼ਰੂਰੀ ਖਰਚਿਆਂ ’ਚ ਵੀ ਕਟੌਤੀ ਕਰਦੇ ਦਿਸ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਵਿਆਹ–ਸ਼ਾਦੀ ਵਰਗੇ ਪ੍ਰੋਗਰਾਮਾਂ ’ਚ ਵੀ ਲੋਕਾਂ ਦੀ ਸਾਦਗੀ ਦਿਸ ਰਹੀ ਹੈ। ਅਜਿਹੇ ਪ੍ਰੋਗਰਾਮਾਂ ’ਚ ਵਰ-ਕੰਨਿਆ ਧਿਰ ਤੋਂ ਸਿਰਫ ਪਰਿਵਾਰ ਦੇ ਲੋਕ ਸ਼ਾਮਲ ਹੋ ਰਹੇ ਹਨ। ਨਾ ਕੋਈ ਬੈਂਡ, ਨਾ ਕੋਈ ਵਾਜਾ, ਨਾ ਬਾਰਾਤ, ਨਾ ਸੈਂਕੜੇ ਪਕਵਾਨਾਂ ਦੀ ਭਰਮਾਰ , ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਬੇਲੋੜੇ ਖਰਚ ਦੀ ਧਾਰਨਾ ’ਤੇ ਰੋਕ ਲੱਗਦੀ ਨਜ਼ਰ ਆ ਰਹੀ ਹੈ।

ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਕੋਰੋਨਾ ਕਾਲ ਦਰਮਿਆਨੇ ਅਤੇ ਹੇਠਲੀ ਆਮਦਨ ਵਾਲੇ ਵਰਗਾਂ ਲਈ ਵਰਦਾਨ ਸਾਬਤ ਹੋਇਆ ਹੈ। ਵਿਆਹ ਦੀ ਇਸ ਧਾਰਨਾ ਨੂੰ ਅਮਲ ’ਚ ਲਿਆਉਣ ਲਈ ਦਹਾਕਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਕੋਰੋਨਾ ਕਾਲ ਨੇ ਉਸ ਨੂੰ ਚੁਟਕੀ ’ਚ ਸੰਭਵ ਕਰ ਦਿੱਤਾ। ਵਿਆਹਾਂ ਨੂੰ ਬੇਵਜ੍ਹਾ ‘ਯਾਦਗਾਰ’ ਬਣਾਉਣ ਦੇ ਲਈ ਦਰਮਿਆਨੇ ਅਤੇ ਹੇਠਲੀ ਆਮਦਨ ਵਰਗ ਵਾਲੇ ਪਰਿਵਾਰਾਂ ’ਤੇ ਬੇਲੋੜਾ ਦਬਾਅ ਰਹਿੰਦਾ ਸੀ ਅਤੇ ਫਿਰ ਉਨ੍ਹਾਂ ਦੀ ਆਰਥਿਕ ਕਮਰ ਹੀ ਟੁੱਟ ਜਾਂਦੀ ਸੀ।

ਪਰ ਕੋਰੋਨਾ ਕਾਲ ਦੀ ਪ੍ਰਸਥਿਤੀ ਨੇ ਬੇਲੋੜੇ ਖਰਚ ਦੀ ਰਵਾਇਤ ਦੀ ਕਮਰ ਤੋੜ ਦਿੱਤੀ ਹੈ। ਇਹ ਤ੍ਰਾਸਦੀ ਹੀ ਹੈ ਕਿ ਜੋ ਕੰਮ ਬਹੁਤ ਹੀ ਮਾਮੂਲੀ ਖਰਚ ’ਚ ਪੂਰਾ ਕੀਤਾ ਜਾ ਸਕਦਾ ਹੈ, ਉਸ ’ਚ ਲੋਕ ਫਜ਼ੂਲ ਖਰਚ ਕਰਨ ਤੋਂ ਨਹੀਂ ਖੁੰਝਦੇ। ਮੈਂ ਸਮਝਦਾ ਹਾਂ ਕਿ ਸ਼ਾਇਦ ਇਹ ਦੁਨੀਆ ਦਾ ਪਹਿਲਾ ਕੰਮ ਹੈ ਜਿਸ ’ਚ ਲੋਕ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਹੀਂ ਤਾਂ ਹਰ ਕੰਮ ’ਚ ਲੋਕਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿੰਨਾ ਉਹ ਖਰਚ ਕਰ ਸਕਣ ਦੀ ਹੈਸੀਅਤ ਰੱਖਦੇ ਹਨ ਉਸ ਤੋਂ ਵੀ ਘੱਟ ਖਰਚ ਹੋਵੇ। ਇਸਦਾ ਕਾਰਨ ਸਾਫ ਹੈ। ਦਰਅਸਲ ਵਿਆਹ ’ਚ ਵੱਧ ਤੋਂ ਵੱਧ ਖਰਚ ਕਰਨਾ ‘ਸਾਮਾਜਿਕ ਵੱਕਾਰ’ ਦਾ ਕਾਰਨ ਬਣ ਜਾਂਦਾ ਹੈ।

ਵਿਆਹ ’ਚ ਖਾਣ-ਪੀਣ ਤੋਂ ਲੈ ਕੇ ਦਾਜ ਨੂੰ ਲੈਣ-ਦੇਣ ਸਾਰੀਅਾਂ ਚੀਜ਼ਾਂ ਇਸੇ ‘ਵੱਕਾਰ’ ਨੂੰ ਧਿਆਨ ’ਚ ਰੱਖ ਕੇ ਕੀਤੀਆਂ ਜਾਂਦੀਆਂ ਹਨ। ਸਿਰਫ ਇਕ ਦਾਅਵਤ ਅਤੇ ਇਕ ਸਮਾਰੋਹ ਨਾਲ ਕੰਮ ਚਲ ਜਾਣ ਵਾਲੇ ਵਿਆਹ ਦੇ ਕੰਮ ਨੂੰ ਕਈ ਵੱਡੇ ਪ੍ਰੋਗਰਾਮਾਂ ’ਚ ਉਲਝਾ ਕੇ ਰੱਖ ਦਿੱਤਾ ਗਿਆ ਹੈ। ਰਿੰਗ ਸੈਰੇਮਨੀ ਤੋਂ ਲੈ ਕੇ ਵਿਆਹ ਤਕ ਕਈ ਪ੍ਰੋਗਰਾਮ ਹੁੰਦੇ ਹਨ। ਜਿਨ੍ਹਾਂ ’ਚ ਲੱਖਾਂ ਰੁਪਏ ਪਾਣੀ ਵਾਂਗ ਰੋੜ੍ਹ ਦਿੱਤੇ ਜਾਂਦੇ ਹਨ।

ਵਰ-ਕੰਨਿਆ ਇਸ ਗੱਲ ਦੀ ਵੀ ਨਕਲ ਕਰਦੇ ਹਨ ਕੀ ਬਾਲੀਵੁੱਡ ਸਟਾਰ ਆਪਣੇ ਵਿਆਹ ’ਚ ਕਿਹੋ ਜਿਹੇ ਕੱਪੜੇ ਪਹਿਨਦੇ ਹਨ। ਇਥੋਂ ਤਕ ਕਿ ਫੁੱਲਾਂ ਦੀ ਸਜਾਵਟ, ਬੈਂਡ ਅਤੇ ਹੋਟਲਾਂ ਦੀ ਵੀ ਨਕਲ ਕੀਤੀ ਜਾਂਦੀ ਹੈ। ਹੁਣ ਤਕ ਤਾਂ ਲੋਕ ਸਿਰਫ ਸਮਾਜ ਅਤੇ ਰਿਸ਼ਤੇਦਾਰਾਂ ’ਚ ਹੀ ਵਿਆਹ ਦੀ ਇਸ ਚਕਾਚੌਂਧ ’ਚ ਦਿਖਾਵਾ ਕਰਦੇ ਸਨ ਪਰ ਹੁਣ ਸੋਸ਼ਲ ਮੀਡੀਆ ਦੀ ਆਦਤ ਨੇ ਇਸ ਦੇ ਘੇਰੇ ਨੂੰ ਹੋਰ ਵਧਾ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਵੀਡੀਓ ਅਤੇ ਵਿਆਹ ਦੀਆਂ ਤਸਵੀਰਾਂ ਨੂੰ ਸਾਂਝੀਆਂ ਕਰਨ ਦੇ ਰਿਵਾਜ਼ ਨੇ ਵਿਆਹ ਦੀ ਫਜ਼ੂਲ ਖਰਚੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ।

ਹਾਲਾਂਕਿ ਇਨ੍ਹਾਂ ਸਾਰਿਆਂ ਖਰਚਿਆਂ ਦੇ ਪਿੱਛੇ ਕਈ ਤਰਕ ਵੀ ਦਿੱਤੇ ਜਾਂਦੇ ਹਨ। ਜਿਨ੍ਹਾਂ ’ਚ ਸਭ ਤੋਂ ਵੱਡਾ ਤਰਕ ਹੈ ਕਿ ਵਿਆਹ ਇਕ ਵਾਰ ਹੀ ਹੁੰਦਾ ਹੈ ਪਰ ਤਲਾਕ ਦੀ ਵਧਦੀ ਪ੍ਰਵਿਰਤੀ ਦੇ ਦੌਰ ’ਚ ਇਹ ਤਰਕ ਖੁਦ ਆਪਣੀ ਪ੍ਰਾਸੰਗਿਕਤਾ ਦਾ ਪ੍ਰਮਾਣ ਲੱਭ ਰਿਹਾ ਹੈ। ਕਹਿਣ ਦੀ ਲੋੜ ਨਹੀਂ ਇਕ ਤਲਾਕਸ਼ੁਦਾ ਵਿਅਕਤੀ ਆਪਣੇ ਦੂਜੇ ਵਿਆਹ ’ਚ ਵੀ ਇਸ ਦਿਖਾਵੇ ਤੋਂ ਨਹੀਂ ਬਚ ਸਕਦਾ ਅਤੇ ਦੁਬਾਰਾ ਬੇਲੋੜਾ ਖਰਚ ਕਰਨ ’ਤੇ ਮਜਬੂਰ ਹੋ ਜਾਂਦਾ ਹੈ।

ਇਸ ਵਿਚਾਰ ਵਟਾਂਦਰੇ ’ਚ ਇਕ ਗੱਲ ਜੋ ਬਹੁਤ ਹੀ ਆਮ ਹੈ ਉਹ ਇਹ ਹੈ ਕਿ ਇਨ੍ਹਾਂ ਖਰਚਿਆਂ ਦੀ ਸਭ ਤੋਂ ਵੱਡੀ ਮਾਰ ਕੰਨਿਆ ਦੇ ਪਰਿਵਾਰ ਨੂੰ ਸਹਿਣੀ ਪੈਂਦੀ ਹੈ, ਜੋ ਸਮਾਜਿਕ ਦਬਾਅ ਕਾਰਨ ਹੈਸੀਅਤ ਤੋਂ ਵੱਧ ਖਰਚ ਕਰਨ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਤਰਸਯੋਗ ਹੋ ਜਾਂਦੀ ਹੈ। ਇਸ ਦਬਾਅ ਕਾਰਨ ਹੇਠਲੇ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੇ ਸਾਹਮਣੇ ਵਿਆਹਾਂ ਦੇ ਲਈ ਵਿਆਜ ’ਤੇ ਕਰਜ਼ਾ ਲੈਣ ਦੀ ਨੌਬਤ ਆ ਜਾਂਦੀ ਹੈ। ਕੁਝ ਗਰੀਬ ਪਰਿਵਾਰ ਕਰਜ਼ੇ ਦੇ ਜਾਲ ’ਚ ਇੰਨੇ ਫਸ ਜਾਂਦੇ ਹਨ ਕਿ ਉਹ ਇਸ ’ਚੋਂ ਜ਼ਿੰਦਗੀ ਭਰ ਨਹੀਂ ਨਿਕਲ ਸਕਦੇ। ਨਤੀਜੇ ਵਜੋਂ ਗਰੀਬ ਵਿਅਕਤੀ ਹੋਰ ਗਰੀਬ ਹੋ ਜਾਂਦਾ ਹੈ।

ਇਹ ਜਗ ਜ਼ਾਹਿਰ ਹੈ ਕਿ ਵਿਆਹ ਦੇ ਖਰਚਿਆਂ ’ਚ ਸਭ ਤੋਂ ਵੱਡਾ ਹਿੱਸਾ ਮਹਿਮਾਨਾਂ ਦੀ ਮਹਿਮਾਨਨਿਵਾਜ਼ੀ ਅਤੇ ਦਾਜ ਦੇ ਖਰਚੇ ਦਾ ਹੁੰਦਾ ਹੈ। ਦਾਜ ਤਾਂ ‘ਸਮਾਜਿਕ ਵੱਕਾਰ’ ਦਾ ਸਭ ਤੋਂ ਵੱਡਾ ਕਾਰਨ ਹੈ। ਤ੍ਰਾਸਦੀ ਤਾਂ ਦੇਖੋ ਕਿ ਇਕ ਪਿਤਾ ਧੀ ਦੇ ਵਿਆਹ ’ਚ ਜ਼ਿੰਦਗੀ ਭਰ ਦੀ ਕਮਾਈ ਲਗਾ ਦਿੰਦਾ ਹੈ ਪਰ ਲੋਕਾਂ ਦੀ ਸ਼ਿਕਾਇਤ ਦਾ ਸਿਲਸਿਲਾ ਕਦੀ ਖਤਮ ਨਹੀਂ ਹੁੰਦਾ। ਦੂਸਰੀ ਚਿੰਤਾ ਦੀ ਗੱਲ ਹੈ ਕਿ ਪੜ੍ਹੀ-ਲਿਖੀ ਨਵੀਂ ਪੀੜ੍ਹੀ ’ਚ ਵੀ ਸਮਾਜ ’ਚ ਨਾਸੂਰ ਬਣ ਚੁੱਕੀ ਇਸ ਪ੍ਰੰਪਰਾ ਦੇ ਪ੍ਰਤੀ ਵਿਰੋਧ ਦਿਖਾਈ ਨਹੀਂ ਦਿੰਦਾ। ਸਮਾਜ ’ਚ ਦਿਖਾਵੇ ਦੀ ਅਜਿਹੀ ਹੋੜ ਲੱਗੀ ਹੈ ਕਿ ਸਾਦਗੀ ਕਿਸੇ ਨੂੰ ਵੀ ਨਹੀਂ ਭਾਉਂਦੀ।

ਪਰ ਕੋਰੋਨਾ ਕਾਲ ਨੇ ਸਾਨੂੰ ਸਾਦਗੀ ਦੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਹੈ। ਇਸ ਹਾਲਾਤ ਨੇ ਸਾਨੂੰ ਸਮਝਾਇਆ ਹੈ ਕਿ ਵਿਆਹ ਬਿਨਾਂ ਲੱਖਾਂ ਰੁਪਏ ਦੇ ਖਰਚ ਦੇ ਵੀ ਹੋ ਸਕਦਾ ਹੈ। ਇਸ ਲਈ ਕਿਸੇ ਵੀ ਫਜ਼ੂਲ ਦਿਖਾਵੇ ਦੀ ਲੋੜ ਨਹੀਂ, ਇਹ ਸਾਡੇ ਸਮਾਜ ਦੀ ਬਦਕਿਸਮਤੀ ਹੈ ਕਿ ਕਿਸੇ ਖਾਸ ਵਿਅਕਤੀ ਦੇ ਨਿੱਜੀ ਫੈਸਲਿਆਂ ਨੂੰ ਹੀ ਅਸੀਂ ਮਾਡਲ ਸਮਝ ਬੈਠਦੇ ਹਾਂ। ਬਿਨਾਂ ਇਹ ਦੇਖੇ ਕਿ ਉਸ ਵਿਅਕਤੀ ਦੀ ਕੀ ਹੈਸੀਅਤ ਹੈ। ਜਿਸ ਤਰ੍ਹਾਂ ਇਕ ਬੂਟਾਂ ਦਾ ਜੋੜਾ ਖਰੀਦਣ ਨੂੰ ਲੈ ਕੇ ਲੋਕ ਆਪਣੀ ਜੇਬ ਦਾ ਭਾਰ ਦੇਖਦੇ ਹਨ, ਉਸੇ ਤਰ੍ਹਾਂ ਸਾਨੂੰ ਵਿਆਹ ਵਰਗੇ ਪ੍ਰੋਗਰਾਮਾਂ ’ਤੇ ਵੀ ਇਸ ਪਹਿਲੂ ’ਤੇ ਸੰਜੀਦਗੀ ਨਾਲ ਗੌਰ ਕਰਨਾ ਹੋਵੇਗਾ। ਇਸ ਮੁਹਿੰਮ ’ਚ ਸਮਾਜ ਦੇ ਹਰ ਆਮਦਨ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਕਿ ਵਿਆਹ ਵਰਗਾ ਕਾਰਜ ਹਰ ਵਰਗ ਦੇ ਪਰਿਵਾਰ ਲਈ ਕਿਵੇਂ ਸੌਖਾ ਬਣੇ। ਅਮੀਰ ਆਦਮੀ ਵੀ ਆਪਣੇ ਵਿਆਹਾਂ ’ਚ ਸਾਦਗੀ ਲਿਆ ਕੇ ਉਦਾਹਰਣ ਪੇਸ਼ ਕਰੇ ਤਾਂ ਕਿ ਸਮਾਜ ਦੇ ਗਰੀਬ ਤਬਕੇ ਤਕ ਇਕ ਸੰਦੇਸ਼ ਪਹੁੰਚੇ।

ਹਾਲਾਂਕਿ ਕਈ ਆਈ.ਏ.ਐੱਸ.-ਆਈ.ਪੀ.ਐੱਸ ਦੀਆਂ ਕਈ ਅਜਿਹੀਆਂ ਪਾਰਟੀਆਂ ਖਬਰਾਂ ’ਚ ਰਹੀਆਂ ਹਨ। ਜਿਨ੍ਹਾਂ ਨੂੰ ਬੜੀ ਸਾਦਗੀ ਨਾਲ ਨਿਭਾਇਆ ਗਿਆ ਹੈ ਪਰ ਲੋੜ ਹੈ ਕਿ ਅਜਿਹੇ ਵਿਆਹਾਂ ਦੇ ਬਾਰੇ ’ਚ ਲੋਕਾਂ ਨੂੰ ਦੱਸਿਆ ਜਾਵੇ। ਪੜ੍ਹੇ-ਲਿਖੇ ਨੌਜਵਾਨ ਵਰਗ ਨੂੰ ਵਿਆਹ ਦੇ ਇਨ੍ਹਾਂ ਫਜ਼ੂਲ ਖਰਚਿਆਂ ਦੇ ਵਿਰੁੱਧ ਬਿਗੁਲ ਵਜਾਉਣ ਦੀ ਲੋੜ ਹੈ। ਸਮੇਂ ਦੀ ਮੰਗ ਹੈ ਕਿ ਕੋਰੋਨਾ ਕਾਲ ’ਚ ਜਿਸ ਸਾਦਗੀ ਦੀ ਸ਼ੁਰੂਆਤ ਹੋ ਗਈ ਹੈ, ਉਸਨੂੰ ਹਮੇਸ਼ਾ ਲਈ ਕਾਇਮ ਰੱਖਣ ਲਈ ਗੰਭੀਰਤਾ ਪੂਰਵਕ ਪਹਿਲ ਹੋਵੇ।


Bharat Thapa

Content Editor

Related News