ਹਰਿਆਣਾ ’ਚ ‘ਓ.ਬੀ.ਸੀ. ਵੋਟ ਬੈਂਕ’ ਨੂੰ ਲੁਭਾਉਣ ਲਈ ਭਾਜਪਾ ਨੇ ਖੇਡਿਆ ‘ਦਾਅ’

03/13/2024 2:50:45 AM

ਭਾਜਪਾ ਹਾਈਕਮਾਨ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਰਿਆਣਾ ’ਚ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਹੈ। ਸੂਬੇ ’ਚ ਕੁਝ ਸਮੇਂ ਤੋਂ ਭਾਜਪਾ ਅਤੇ ਜਜਪਾ ਦਰਮਿਆਨ ਤਲਖੀ ਦੀ ਚਰਚਾ ਸੁਣਾਈ ਦੇ ਰਹੀ ਸੀ ਜੋ 11 ਮਾਰਚ ਨੂੰ ਉਪ-ਮੁੱਖ ਮੰਤਰੀ ਅਤੇ ਜਜਪਾ ਸੁਪਰੀਮੋ ਦੁਸ਼ਯੰਤ ਚੌਟਾਲਾ ਦੀ ਨਵੀਂ ਦਿੱਲੀ ’ਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨਾਲ ਮੁਲਾਕਾਤ ਪਿੱਛੋਂ ਸਿਖਰ ’ਤੇ ਪੁੱਜ ਗਈ।

ਦੁਸ਼ਯੰਤ ਚੌਟਾਲਾ ਨੇ ਜੇ.ਪੀ. ਨੱਡਾ ਕੋਲੋਂ ਭਿਵਾਨੀ-ਮਹਿੰਦਰਗੜ੍ਹ ਅਤੇ ਹਿਸਾਰ ਦੀਆਂ ਲੋਕ ਸਭਾ ਸੀਟਾਂ ਦੀ ਮੰਗ ਕੀਤੀ ਸੀ ਪਰ ਨੱਡਾ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪਰ ਇਸ ਤੋਂ ਪਹਿਲਾਂ ਕਿ ਗੱਠਜੋੜ ਟੁੱਟਣ ਬਾਰੇ ਕੋਈ ਰਸਮੀ ਐਲਾਨ ਹੁੰਦਾ, 11 ਮਾਰਚ ਨੂੰ ਭਾਜਪਾ ਹਾਈਕਮਾਨ ਕੋਲੋਂ ਹਰੀ ਝੰਡੀ ਮਿਲਣ ਪਿੱਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਤਰੀਆਂ ਅਤੇ ਆਪਣੇ ਹਮਾਇਤੀ ਆਜ਼ਾਦ ਵਿਧਾਇਕਾਂ ਨਾਲ ਗੱਲ ਕਰ ਕੇ (ਹਮਾਇਤ ਪੱਤਰ ਲੈ ਕੇ) 12 ਮਾਰਚ ਨੂੰ ਆਪਣਾ ਅਤੇ ਆਪਣੇ ਮੰਤਰੀਆਂ ਦਾ ਸਮੂਹਿਕ ਤਿਆਗ ਪੱਤਰ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸੌਂਪ ਦਿੱਤਾ।

12 ਮਾਰਚ ਨੂੰ ਹੀ ਵਿਧਾਇਕ ਦਲ ਦੀ ਮੀਟਿੰਗ ’ਚ ਮਨੋਹਰ ਲਾਲ ਖੱਟੜ ਨੇ ਨਵੇਂ ਮੁੱਖ ਮੰਤਰੀ ਲਈ ਆਪਣੇ ਨੇੜਲੇ ਨਾਇਬ ਸਿੰਘ ਸੈਣੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨਵਾਂ ਆਗੂ ਚੁਣ ਲਿਆ ਗਿਆ। ਕੈਬਨਿਟ ਦੀ ਮੀਟਿੰਗ ਪਿੱਛੋਂ ਨਾਇਬ ਸਿੰਘ ਸੈਣੀ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕਰ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਸ਼ਾਮ 5 ਵਜੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕ ਲਈ।

ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਵਿਧਾਇਕ ਬਣੇ ਬਿਨਾਂ ਹੀ ਛੇ ਮਹੀਨੇ ਮੁੱਖ ਮੰਤਰੀ ਰਹਿ ਸਕਦੇ ਹਨ ਅਤੇ ਇਸੇ ਮਿਆਦ ’ਚ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ ਵੀ ਅਕਤੂਬਰ ਦੇ ਅਖੀਰ ’ਚ ਸਮਾਪਤ ਹੋ ਜਾਵੇਗਾ। 2019 ’ਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ 90 ਮੈਂਬਰੀ ਸਦਨ ’ਚ ਭਾਜਪਾ ਦੇ 41, ਜਜਪਾ ਦੇ 10 ਅਤੇ ਕਾਂਗਰਸ ਦੇ 30 ਵਿਧਾਇਕ ਹਨ ਜਦ ਕਿ ਭਾਜਪਾ ਨੂੰ 6 ਆਜ਼ਾਦ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਇਕ ਵਿਧਾਇਕ ਗੋਪਾਲ ਕਾਂਡਾ ਦੀ ਵੀ ਹਮਾਇਤ ਪ੍ਰਾਪਤ ਹੈ। 2 ਹੋਰ ਵਿਧਾਇਕ ਇਨੈਲੋ ਦੇ ਅਭੈ ਚੌਟਾਲਾ ਅਤੇ ਇਕ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਹਨ।

ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਨੁਸਾਰ, ‘‘ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣਾ ਨੈਤਿਕ ਆਧਾਰ ਗੁਆ ਚੁੱਕੀ ਹੈ, ਇਸ ਲਈ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਲੋੜ ਹੈ। ਭਾਜਪਾ ਅਤੇ ਜਜਪਾ ਨੇ ਸੱਤਾ ਵਿਰੋਧੀ ਮਾਹੌਲ ਤੋਂ ਬਚਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਸੀ ਮਿਲੀਭੁਗਤ ਤਹਿਤ ਇਹ ਸਭ ਕੀਤਾ ਹੈ।’’

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਪਹਿਲਾਂ ਤੋਂ ਤੈਅ ਸਕ੍ਰਿਪਟ ਦੇ ਅਨੁਸਾਰ ਇਹ ‘ਸਿਆਸੀ ਸਰਕਸ’ ਸ਼ੁਰੂ ਹੋਈ ਹੈ ਤਾਂ ਕਿ ਜਾਤੀ ਵੰਡ ਦੇ ਆਧਾਰ ’ਤੇ ਵੋਟ ਵੰਡੀ ਜਾ ਸਕੇ। ਇਹ ਸਮਾਂ ਬਦਲਾਅ ਦਾ ਹੈ ਅਤੇ ਜੋ ਹਰਿਆਣਾ ’ਚ ਦੇਖਣ ਨੂੰ ਮਿਲ ਰਿਹਾ ਹੈ ਓਹੀ ਪੂਰੇ ਦੇਸ਼ ’ਚ ਹੋਣ ਵਾਲਾ ਹੈ।’’ ਹਰਿਆਣਾ ਦੇ ‘ਆਪ’ ਆਗੂ ਸੁਸ਼ੀਲ ਗੁਪਤਾ ਨੇ ਭਾਜਪਾ-ਜਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਦੋਵਾਂ ਦਰਮਿਆਨ ਗੁਪਤ ਸਮਝੌਤਾ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ, ‘‘ਹਰਿਆਣਾ ਦੀ ਜਨਤਾ ਸਭ ਸਮਝ ਚੁੱਕੀ ਹੈ।’’ ਭਾਜਪਾ ਆਗੂ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਹੈ ਕਿ ‘‘ਮੈਂ ਤਾਂ ਪਹਿਲਾਂ ਹੀ ਭਾਜਪਾ ਨੂੰ ਜਜਪਾ ਨਾਲੋਂ ਨਾਤਾ ਤੋੜਨ ਦੀ ਨਸੀਹਤ ਦਿੱਤੀ ਸੀ। ਮੁੱਖ ਮੰਤਰੀ ਬਦਲਣ ਨਾਲ ਭਾਜਪਾ ਨੂੰ ਕੋਈ ਲਾਭ ਨਹੀਂ ਹੋਵੇਗਾ।’’

ਜਿੱਥੋਂ ਤੱਕ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੋਂ ਹਰਿਆਣਾ ’ਚ ਭਾਜਪਾ ਨੂੰ ਮਿਲਣ ਵਾਲੇ ਸਿਆਸੀ ਲਾਭ ਦਾ ਸਵਾਲ ਹੈ, ਇਸ ਸਮੇਂ ਸੂਬੇ ਦੀ ਜਨਤਾ ਦਾ ਇਕ ਬਹੁਤ ਵੱਡਾ ਹਿੱਸਾ ਭਾਜਪਾ ਅਤੇ ਸਰਕਾਰ ਨਾਲ ਨਾਰਾਜ਼ ਚੱਲ ਰਿਹਾ ਹੈ। ਕਿਸਾਨ ਸੜਕਾਂ ’ਤੇ ਹਨ। ਨਾਇਬ ਸੈਣੀ ਖੁਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਭਾਜਪਾ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਓ.ਬੀ.ਸੀ. ਆਗੂ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਹਰਿਆਣਾ ’ਚ ਓ.ਬੀ.ਸੀ. ਸਮਾਜ ਦੀ ਹਿੱਸੇਦਾਰੀ ਲਗਭਗ 32 ਫੀਸਦੀ ਹੈ। ਅਜਿਹੇ ’ਚ, ਭਾਜਪਾ ਨੂੰ ਲੱਗਦਾ ਹੈ ਕਿ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੀ ਕਮਾਨ ਸੌਂਪਣ ਨਾਲ ਨਾ ਸਿਰਫ ਕਿਸਾਨਾਂ ਦੇ ਤੇਵਰ ਕੁਝ ਢਿੱਲੇ ਪੈਣਗੇ, ਸਗੋਂ ਓ.ਬੀ.ਸੀ. ਸਮਾਜ ’ਚ ਵੱਡੀ ਸੰਨ੍ਹ ਲਾਉਣ ’ਚ ਵੀ ਭਾਜਪਾ ਸਫਲ ਰਹੇਗੀ।

ਹਰਿਆਣਾ ’ਚ 20 ਸਾਲ ਪਿੱਛੋਂ ਫਿਰ ਤੋਂ ਮਾਹੌਲ ਅਸਥਿਰ ਹੋ ਗਿਆ ਹੈ। 10 ਸਾਲ ਹੁੱਡਾ ਦੇ ਸਨ। ਦੋ ਕਾਰਜਕਾਲ ਉਹ ਮੁੱਖ ਮੰਤਰੀ ਰਹੇ ਅਤੇ ਦੋ ਕਾਰਜਕਾਲ ਭਾਜਪਾ ਦੇ ਸ਼ਾਸਨ ’ਚ ਨਿਕਲ ਗਏ ਅਤੇ ਹੁਣ ਇਕ ਵਾਰ ਫਿਰ ਹਰਿਆਣਾ ’ਚ ‘ਆਇਆ ਰਾਮ ਗਿਆ ਰਾਮ’ ਦੀ ਖੇਡ ਸ਼ੁਰੂ ਹੋ ਗਈ ਹੈ। ਅਜੇ ਕੁਝ ਦਿਨ ਪਹਿਲਾਂ ਭਾਜਪਾ ਦੇ ਇਕ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਕਾਂਗਰਸ ’ਚ ਚਲੇ ਗਏ ਅਤੇ ਹੁਣ ਭਾਜਪਾ ਨੇ ਜਜਪਾ ਨੂੰ ਬਾਹਰ ਕੱਢ ਕੇ ਉਸ ਦੇ ਕੁਝ ਵਿਧਾਇਕ ਖੋਹ ਲਏ। ਭਾਜਪਾ ਲਈ ਇਹ ਬਦਲਾਅ ਕਿੰਨਾ ਲਾਭਦਾਇਕ ਸਿੱਧ ਹੋਵੇਗਾ, ਇਸ ਦਾ ਪਤਾ ਤਾਂ ਭਵਿੱਖ ’ਚ ਹੀ ਲੱਗੇਗਾ। ਇਸ ਤੋਂ ਇਲਾਵਾ ਭਾਜਪਾ ਅਤੇ ਜਜਪਾ ਦਾ ਗੱਠਜੋੜ ਟੁੱਟਣਾ ਵੀ ਸੂਬੇ ’ਚ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰੇਗਾ।

-ਵਿਜੇ ਕੁਮਾਰ


Harpreet SIngh

Content Editor

Related News