PM ਮੋਦੀ ਦਾ ''ਇਸਾਈਆਂ ਲਈ ਜਾਗਿਆ ਪਿਆਰ
Friday, Jan 12, 2024 - 05:25 PM (IST)
ਇਸ ਕ੍ਰਿਸਮਸ ਦਿਵਸ ’ਤੇ ਪੀ. ਐੱਮ. ਨਰਿੰਦਰ ਮੋਦੀ ਨੇ ਦਿੱਲੀ ਦੇ ਇਸਾਈ ਭਾਈਚਾਰੇ ਦੇ ਚੋਣਵੇਂ ਮੈਂਬਰਾਂ ਲਈ ਆਪਣਾ ਘਰ ਖੋਲ੍ਹ ਦਿੱਤਾ। ਦਿੱਲੀ ਦੇ ਕੈਥੋਲਿਕ ਆਰਕਬਿਸ਼ਪ ਅਨਿਲ ਕੂਟੋ ਨੂੰ ਸੱਦਿਆ ਗਿਆ ਸੀ ਅਤੇ ਯਕੀਨੀ ਤੌਰ ’ਤੇ, ਉਨ੍ਹਾਂ ਨੇ ਇਸ ਨੂੰ ਮਨਜ਼ੂਰ ਕਰ ਲਿਆ। ਕੈਥੋਲਿਕ ਬਿਸ਼ਪ ਕਾਨਫਰੰਸ (ਭਾਰਤ) ਦੇ ਪ੍ਰਧਾਨ ਓਸਵਾਲਡ ਕਾਰਡੀਨਲ ਗ੍ਰੇਸੀਅਸ ਸੱਦੇ ’ਤੇ ਹਾਜ਼ਰ ਸਨ। ਪ੍ਰਧਾਨ ਮੰਤਰੀ ਨੂੰ ਮਿਲਣ ਦੀ ਅਪੀਲ ਨੂੰ ਨਾਮਨਜ਼ੂਰ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਸਿਆਣਪ। ਇਸ ਨੇ ਜ਼ਿਆਦਾਤਰ ਇਸਾਈਆਂ ਦੇ ਸਮੂਹਿਕ ਨਜ਼ਰੀਏ ਨੂੰ ਪ੍ਰਗਟ ਕਰਨ ਦਾ ਇਕ ਸੁਨਹਿਰਾ ਮੌਕਾ ਪੇਸ਼ ਕੀਤਾ ਕਿ ਨਵੇਂ ਭਾਰਤ ’ਚ ਇਸਾਈਆਂ ਦੀ ਕਿਸਮਤ ਬਹੁਤ ਬੇਯਕੀਨੀ ਹੈ। ਕੀ ਚਰਚ ਦੇ ਆਗੂਆਂ ਨੇ ਅਜਿਹਾ ਕੀਤਾ?
ਮੋਦੀ ਨੇ ਆਪਣਾ ਹਿੰਦੂਤਵ-ਗ੍ਰਸਤ ਸਨੇਹ ਕਿਵੇਂ ਅਤੇ ਕਿਉਂ ਬਦਲਿਆ? ਕੀ ਉਨ੍ਹਾਂ ਨੂੰ ਅਚਾਨਕ ਅਹਿਸਾਸ ਹੋਇਆ ਕਿ ਸਾਰੇ ਧਰਮਾਂ ਦੀ ਕਲਪਨਾ ਅਤੇ ਨਿਰਮਾਣ ਮਨੁੱਖਾਂ ਵੱਲੋਂ ਅਗਿਆਤ ਦੀ ਵਿਆਖਿਆ ਵਜੋਂ ਕੀਤਾ ਗਿਆ ਸੀ ਜਾਂ ਇਹ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਮਜਬੂਰੀ ਸੀ? ਜਾਂ ਕੀ ਇਹ ਘੱਟਗਿਣਤੀਆਂ ਪ੍ਰਤੀ ਸਪੱਸ਼ਟ ਤੌਰ ’ਤੇ ਦੁਸ਼ਮਣੀ ਹੋਣ ਕਾਰਨ ਵਿਦੇਸ਼ੀ ਪ੍ਰੈੱਸ ’ਚ ਉਨ੍ਹਾਂ ਦੀ ਆਲੋਚਨਾ ਸੀ? ਕੀ ਅਮਰੀਕਾ ਦੇ ਰਾਸ਼ਟਰਪਤੀ ਜਾਂ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਜੋ ਖੁਦ ਇਕ ਹਿੰਦੂ ਧਾਰਮਿਕ ਪੈਰੋਕਾਰ ਹਨ, ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਸੀ ਕਿ ਦਿਲ ਬਦਲਣ ਨਾਲ ਉਨਾਂ ਦਾ ਅਕਸ ਖਰਾਬ ਹੋ ਜਾਵੇਗਾ?
ਹੁਣ ਉਨ੍ਹਾਂ ਨੇ ਆਪਣੇ ਖੁਦ ਦੇ ਵਿਕਾਸ ਪ੍ਰੋਗਰਾਮ ਨੂੰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਵਜੋਂ ਪ੍ਰਚਾਰਿਤ ਮਾਡਲ ਵਜੋਂ ਉਜਾਗਰ ਕੀਤਾ ਹੈ। ਨਿੱਜੀ ਤੌਰ ’ਤੇ ਮੈਂ ਧਰਮ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਹਰੇਕ ਧਰਮ ਦੇ ਧਾਰਮਿਕ ਪ੍ਰਚਾਰਕਾਂ ਲਈ ਧਰਮ ਦੀ ਸੱਚੀ ਭਾਵਨਾ, ਜੋ ਕਿ ‘ਸੱਚ, ਨਿਆਂ, ਕਰੁਣਾ ਅਤੇ ਸੇਵਾ’ ਹੈ, ਨੂੰ ਉਜਾਗਰ ਕਰਨਾ ਵੱਧ ਜ਼ਰੂਰੀ ਹੈ। ਸਾਰੇ ਧਾਰਮਿਕ ਪ੍ਰਚਾਰਕਾਂ ਨੂੰ ਲੋਕਾਂ ਨੂੰ ਬਿਹਤਰ ਇਨਸਾਨ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਭਗਵਾਨ ਬਦਲਣਾ ਕੋਈ ਜ਼ਰੂਰੀ ਨਹੀਂ ਹੈ।
ਨਰਿੰਦਰ ਮੋਦੀ ਨੇ ਆਪਣੇ ਕ੍ਰਿਸਮਸ ਸੰਦੇਸ਼ (ਜੇ ਮੈਂ ਇਸ ਨੂੰ ਅਜਿਹਾ ਕਹਿ ਸਕਦਾ ਹਾਂ) ’ਚ ਪ੍ਰਵਾਨ ਕੀਤਾ ਕਿ ਈਸਾ ਮਸੀਹ ਇਕ ਸੇਵਕ ਸਨ। ਅਸਲ ’ਚ, ਚਰਚ ’ਚ ਹਫਤਾਵਾਰੀ ਸੇਵਾ ’ਚ ਮੇਰਾ ਪਸੰਦੀਦਾ ਭਜਨ ਹੈ : ‘ਹੇ ਪ੍ਰਭੂ ਮੁਝੇ ਅਪਨੇ ਜੈਸਾ ਬਨਾਓ, ਪ੍ਰਭੂ ਮੁਝੇ ਅਪਨੇ ਜੈਸਾ ਬਨਾ ਦੋ, ਆਪ ਏਕ ਸੇਵਕ ਹੈਂ, ਮੁਝੇ ਵੀ ਏਕ ਬਨਾਓ।’ ਜਦੋਂ ਵੀ ਮੈਂ ਇਨ੍ਹਾਂ ਸ਼ਬਦਾਂ ਨੂੰ ਸੁਣਦਾ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ‘ਸਾਰੇ ਸਰਕਾਰੀ ਅਧਿਕਾਰੀ ਇਸ ਸੌਖੇ ਵਿਚਾਰ ਤੋਂ ਜਾਣੂ ਕਿਉਂ ਨਹੀਂ ਹਨ?’ ਮੈਂ ਇਹ ਪ੍ਰਸਤਾਵ ਕਰਨ ਦੀ ਹਿੰਮਤ ਕੀਤੀ ਕਿਉਂਕਿ ਸੰਘ ਪਰਿਵਾਰ ਤੋਂ ਕਿਸੇ ਨੇ ਵੀ ਉਨ੍ਹਾਂ ਦੇ ‘ਕ੍ਰਿਸਮਸ ਸੰਦੇਸ਼’ ’ਤੇ ਅਸਹਿਮਤੀ ਨਹੀਂ ਪ੍ਰਗਟਾਈ।
ਜੇ ਨਰਿੰਦਰ ਮੋਦੀ ਦੇ ਦਿਲ ’ਚ ਅਸਲ ਤਬਦੀਲੀ ਹੈ ਤੇ ਉਹ ਚਾਹੁੰਦੇ ਹਨ ਕਿ ਇਸਾਈਆਂ ਨੂੰ ਇਹ ਮਹਿਸੂਸ ਹੋਵੇ ਕਿ ਨਵੇਂ ਭਾਰਤ ’ਚ ਉਨ੍ਹਾਂ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ, ਤਾਂ ਉਨ੍ਹਾਂ ਨੂੰ ਜਨਤਕ ਤੌਰ ’ਤੇ ਮੋਹਰੀ ਭਾਜਪਾ ਨੂੰ ਸਲਾਹ ਦੇ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ। ਹੇਮੰਤ ਬਿਸਵਾ ਸਰਮਾ ਵਰਗੇ ਸਿਆਸਤਦਾਨਾਂ ਨੂੰ ਆਸਾਮ ਦੇ ਸੀ. ਐੱਮ. ਵਾਂਗ ਭਰਮਾਊ ਬਿਆਨ ਨਹੀਂ ਦੇਣੇ ਚਾਹੀਦੇ। ਅਜਿਹਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਵੱਕਾਰੀ ਮਾਨਵ ਵਿਗਿਆਨੀ ਵੈਰੀਅਰ ਐਲਵਿਨ ’ਤੇ ਉੱਤਰ-ਪੂਰਬ ਦੇ ਆਦਿਵਾਸੀਆਂ ਦਾ ਧਰਮ ਤਬਦੀਲ ਕਰਨ ਅਤੇ ਉਸ ਖੇਤਰ ਚ ਪੈਟ੍ਰੋਸਿਮ ਉਦਯੋਗ ਦੀ ਸਥਾਪਨਾ ਕਰਨ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ। ਉਹ ਬਿਆਨ ਸਪੱਸ਼ਟ ਤੌਰ ’ਤੇ ਪੱਖਪਾਤਪੂਰਨ ਅਤੇ ਝੂਠਾ ਸੀ।
ਸੁਪਰੀਮ ਕੋਰਟ ਦੇ ਜਸਟਿਸ ਕੇ. ਐੱਮ. ਜੋਸੇਫ ਵਰਗੇ ਸ਼ਾਨਦਾਰ ਜੱਜ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰੀ ਦੇਣ ’ਚ ਝਿਜਕ ਮੋਦੀ ਸਰਕਾਰ ਵੱਲੋਂ ਇਸਾਈਆਂ ਪ੍ਰਤੀ ਦਿਖਾਏ ਗਏ ਪੂਰਵਾਗ੍ਰਹਿ ਦੀ ਇਕ ਹੋਰ ਸਪੱਸ਼ਟ ਉਦਾਹਰਣ ਹੈ। ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਜੋਸੇਫ ਨੂੰ ਬਾਅਦ ’ਚ ਸੁਪਰੀਮ ਕੋਰਟ ਦੀ ਬੈਂਚ ’ਚ ਨਿਯੁਕਤ ਕੀਤਾ ਗਿਆ, ਜਦੋਂ ਇਹ ਯਕੀਨੀ ਸੀ ਕਿ ਉਹ ਕਿਸੇ ਦਿਨ ਭਾਰਤ ਦੇ ਚੀਫ ਜਸਟਿਸ ਬਣਨ ਦੀ ਆਸ ਨਹੀਂ ਕਰ ਸਕਦੇ।
ਇਸਾਈਆਂ ਵਿਰੁੱਧ ਸੰਘ ਪਰਿਵਾਰ ਦੀ ਮੁੱਖ ਸ਼ਿਕਾਇਤ ਇਹ ਹੈ ਕਿ ਉਹ ਹੇਠਲੀ ਜਾਤੀ ਦੇ ਹਿੰਦੂਆਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਇਸਾਈ ਧਰਮ ’ਚ ਤਬਦੀਲ ਕਰਦੇ ਹਨ ਅਤੇ ਇਸ ਤਰ੍ਹਾਂ ‘ਵਰਣ’ ਪ੍ਰਣਾਲੀ ਵੱਲੋਂ ਨਿਰਧਾਰਿਤ ਹਿੰਦੂ ਸਮਾਜਿਕ ਵਿਵਸਥਾ ਨੂੰ ਵਿਕ੍ਰਤ ਕਰਦੇ ਹਨ। ਸਮਾਜਿਕ ਵਿਵਸਥਾ ਦੀਆਂ ਅਜਿਹੀਆਂ ਵਿਕ੍ਰਤੀਆਂ ਉਦੋਂ ਹੁੰਦੀਆਂ ਹਨ ਜਦੋਂ ਵੱਡੇ ਪੱਧਰ ’ਤੇ ਧਰਮ ਤਬਦੀਲ ਹੁੰਦੇ ਹਨ ਜਿਵੇਂ ਕਿ ਫ੍ਰਾਂਸਿਸਕਨ, ਡੋਮਿਨੀਕਨ ਅਤੇ ਜੇਸੂਇਟ ਹੁਕਮਾਂ ਦੇ ਪੁਰਤਗਾਲੀ ਮਿਸ਼ਨਰੀਆਂ ਵੱਲੋਂ 15ਵੀਂ ਅਤੇ 16ਵੀਂ ਸ਼ਤਾਬਦੀ ’ਚ ਗੋਆ ’ਚ ਸਮੁੰਦਰੀ ਯਾਤਰਾ ਕਰਨ ਵਾਲੇ ਹਮਵਤਨ ਲੋਕਾਂ ਨਾਲ ਗੋਆ ’ਚ ਹੋਇਆ ਸੀ। ਅਜਿਹੀਆਂ ਸਮੂਹਿਕ ਧਰਮ ਤਬੀਦੀਲੀਆਂ ਅੱਜ ਅਸੰਭਵ ਹਨ। ਇਨ੍ਹਾਂ ਨੂੰ ਨਾ ਤਾਂ ਬਰਦਾਸ਼ਤ ਕੀਤਾ ਜਾਵੇਗਾ, ਨਾ ਹੀ ਯਤਨ ਕੀਤਾ ਜਾਵੇਗਾ।
ਨਿੱਜੀ ਤਬਦੀਲੀਆਂ ਹੁੰਦੀਆਂ ਹਨ, ਉਨ੍ਹਾਂ ’ਚੋਂ ਵਧੇਰੇ ਅੰਤਰ-ਧਾਰਮਿਕ ਵਿਆਹ ਪਿੱਛੋਂ ਹੁੰਦੀਆਂ ਹਨ। ਕੈਥੋਲਿਕ ਚਰਚ ਹੁਣ ਮਿਸ਼ਰਿਤ ਵਿਆਹ ਤੋਂ ਪਹਿਲਾਂ ਧਰਮ ਤਬਦੀਲੀ ’ਤੇ ਜ਼ੋਰ ਨਹੀਂ ਦਿੰਦਾ। ਮੇਰੇ ਆਪਣੇ ਪਰਿਵਾਰ ’ਚ ਸਭ ਤੋਂ ਹਾਲੀਆ ਵਿਆਹ, ਲੜਕੀਆਂ ਅਤੇ ਲੜਕਿਆਂ ਦੋਵਾਂ ਦੇ ਵਿਆਹ ਅੰਤਰ-ਧਾਰਮਿਕ ਹੋਏ ਹਨ। ਕੋਈ ਧਰਮ ਤਬਦੀਲੀ ਨਹੀਂ ਹੋਈ ਹੈ। ਕਿਸੇ ਵੀ ਵਿਅਕਤੀ ਨੇ ਬਦਲਾਅ ਬਾਰੇ ਨਹੀਂ ਸੋਚਿਆ। ਘੱਟ ਪੜ੍ਹੇ-ਲਿਖੇ ਅਤੇ ਧਾਰਮਿਕ ਤੌਰ ’ਤੇ ਕਮਜ਼ੋਰ ਲੋਕਾਂ ਦੇ ਅੰਤਰ-ਧਾਰਮਿਕ ਵਿਆਹਾਂ ਦੇ ਨਤੀਜੇ ਵਜੋਂ ਕਦੀ-ਕਦੀ ਧਰਮ ਤਬਦੀਲੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਨਿੱਜੀ ਧਰਮ ਤਬਦੀਲੀ ਨਾਲ ਹਿੰਦੂ ਸਮਾਜਿਕ ਵਿਵਸਥਾ ’ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ।
ਮੈਂ ਅਜਿਹੇ ਕਈ ਹਿੰਦੂ ਮਰਦਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਇਸਾਈ ਜਾਂ ਮੁਸਲਿਮ ਔਰਤਾਂ ਨਾਲ ਵਿਆਹ ਕੀਤਾ ਹੈ। ਸੰਘ ਪਰਿਵਾਰ ਨੇ ਉਸ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਤਾਂ ਉਨ੍ਹਾਂ ਨੂੰ ਕਿਸੇ ਇਸਾਈ ਜਾਂ ਮੁਸਲਿਮ ਮਰਦ ਦੇ ਹਿੰਦੂ ਮਹਿਲਾ ਨਾਲ ਪ੍ਰੇਮ ’ਤੇ ਇਤਰਾਜ਼ ਕਿਉਂ ਹੋਣਾ ਚਾਹੀਦਾ ਹੈ? ਇਸ ਦਾ ਇਕੋ-ਇਕ ਸਪੱਸ਼ਟੀਕਰਨ ਗਿਣਾਤਮਕ ਤੌਰ ’ਤੇ ਕਮਜ਼ੋਰ ਸਮੂਹਾਂ ਪ੍ਰਤੀ ਬਹੁਗਿਣਤੀਵਾਦੀ ਵਤੀਰਾ ਅਤੇ ਇਕ ਅਜੀਬ ਸਮਾਜ ’ਚ ਆਪਣੀ ਉੱਤਮਤਾ ਦਾ ਦਾਅਵਾ ਕਰਨ ਦੀ ਲੋੜ ਹੋ ਸਕਦੀ ਹੈ।
ਭਾਜਪਾ ਦੀ ਲੀਡਰਸ਼ਿਪ ਵਾਲੀਆਂ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਬਣਾਏ ਗਏ ਧਰਮ-ਤਬਦੀਲੀ ਵਿਰੋਧੀ ਕਾਨੂੰਨ ਇਕ ਖਿਝ ਅਤੇ ਆਧਾਰਹੀਣ ਜਨੂੰਨ ਦੇ ਸੰਕੇਤ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਇਨ੍ਹਾਂ ਨੂੰ ਢਹਿ-ਢੇਰੀ ਕਰਨ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕ੍ਰਿਸਮਸ ਦੇ ਦਿਨ ਆਪਣੀ ਰਿਹਾਇਸ਼ ’ਤੇ ਇਕੱਠੇ ਹੋਏ ਇਸਾਈ ਆਗੂਆਂ ਨੂੰ ਕਿਹਾ, ‘‘ਦੇਸ਼ ਇਸਾਈਆਂ ਦੇ ਯੋਗਦਾਨ ਨੂੰ ਮਾਣ ਨਾਲ ਪ੍ਰਵਾਨ ਕਰਦਾ ਹੈ।’’ ਉਨ੍ਹਾਂ ਨੇ ਵਰਨਣ ਕੀਤਾ, ਜਿਵੇਂ ਕਿ ਮੈਂ ਕੁਝ ਸਾਲ ਪਹਿਲਾਂ ਆਪਣੇ ਪਹਿਲੇ ਲੇਖਾਂ ’ਚ ਕੀਤਾ ਸੀ ਕਿ ਇਸਾਈ ਭਾਈਚਾਰੇ ਨੇ ਗਰੀਬਾਂ ਅਤੇ ਲੋੜਵੰਦਾਂ ਲਈ ਸਿੱਖਿਆ, ਸਿਹਤ ਅਤੇ ਸੇਵਾ ਦੇ ਖੇਤਰ ’ਚ ਆਪਣੀ ਪਹੁੰਚ ਤੋਂ ਕਿਤੋਂ ਵੱਧ ਅੱਗੇ ਵਧ ਕੇ ਕੰਮ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਇਹ ਪ੍ਰਵਾਨ ਕੀਤਾ। ਬਹੁਤ ਵਾਰ, ਸੰਘ ਪਰਿਵਾਰ ਦੇ ਤੱਤ ਇਸਾਈਆਂ ’ਤੇ ਬੇਸਹਾਰਿਆਂ ਨੂੰ ਆਪਣੇ ਧਰਮ ’ਚ ਤਬਦੀਲ ਕਰਨ ਦੇ ਇਰਾਦੇ ਨਾਲ ਇਹ ਸੇਵਾਵਾਂ ਕਰਨ ਦਾ ਦੋਸ਼ ਲਾਉਂਦੇ ਹਨ। ਉਨ੍ਹਾਂ ਨੇ ਸੰਤ ਮਦਰ ਟੈਰੇਸਾ ’ਤੇ ਉਨ੍ਹਾਂ ਨਿਆਸਰਿਆਂ ਦਾ ਧਰਮ ਤਬਦੀਲ ਕਰਨ ਦਾ ਵੀ ਦੋਸ਼ ਲਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਅੰਤਿਮ ਸਾਹ ਲੈਣ ਤੋਂ ਠੀਕ ਪਹਿਲਾਂ ਆਪਣੀ ਦੇਖ-ਰੇਖ ’ਚ ਲਿਆ ਸੀ।
ਸੰਘ ਪਰਿਵਾਰ ਨੂੰ ਤਣਾਅ ਪੈਦਾ ਕਰਨ ਦੀ ਬਜਾਏ ਅਜਿਹੇ ਦਿਆਲੂ ਇਸਾਈਆਂ ਦੀ ਸੇਵਾ ਭਾਵਨਾ ਦਾ ਅਨੁਕਰਨ ਕਰਨਾ ਚਾਹੀਦਾ ਹੈ। ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਆਦਿਵਾਸੀ ਖੇਤਰਾਂ ’ਚ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।
ਅਖੀਰ, ਕੀ ਭਾਰਤ ਦੇ ਇਸਾਈਆਂ ਨੂੰ ਸੱਚ, ਕਰੁਣਾ, ਨਿਆਂ ਅਤੇ ਸੇਵਾ ਦੀਆਂ ਆਪਣੀਆਂ ਕਦਰਾਂ-ਕੀਮਤਾਂ ਲਈ ਪ੍ਰਧਾਨ ਮੰਤਰੀ ਦੀ ਨਵੀਂ ਪ੍ਰਸ਼ੰਸਾ ’ਤੇ ਖੁਸ਼ੀ ਮਨਾਉਣੀ ਚਾਹੀਦੀ ਹੈ? ਮੈਂ ਚੌਕਸ ਰੁਖ ਅਪਣਾਉਣ ਦੀ ਸਲਾਹ ਦੇਵਾਂਗਾ। ਸਾਨੂੰ ਉਡੀਕ ਕਰਨੀ ਹੋਵੇਗੀ ਅਤੇ ਦੇਖਣਾ ਪਵੇਗਾ। ਮੇਰੇ ਸ਼ਹਿਰ ਮੁੰਬਈ ’ਚ ਆਮ ਹਿੰਦੂ ਦਾ ਆਪਣੇ ਇਸਾਈ ਗੁਆਂਢੀਆਂ ਪ੍ਰਤੀ ਵਤੀਰਾ ਹਮੇਸ਼ਾ ਦੋਸਤਾਨਾ ਰਿਹਾ ਹੈ। ਇਹ ਮੋਦੀ-ਸ਼ਾਹ ਸਰਕਾਰ ਹੈ ਜਿਸ ਨੂੰ ਉਨ੍ਹਾਂ ਨੂੰ ਹਾਂ-ਪੱਖੀ ਢੰਗ ਨਾਲ ਦੇਖਣ ਦੀ ਲੋੜ ਹੈ, ਜਿਵੇਂ ਕਿ ਮੋਦੀ ਕਹਿੰਦੇ ਹਨ ਕਿ ਉਹ ਹੁਣ ਕਰ ਰਹੇ ਹਨ।